ਮੈਂ ਸ਼ਾਹਰੁਖ਼ ਖ਼ਾਨ ਦੀ ਬਦੌਲਤ ਅਦਾਕਾਰ ਬਣਿਆ: ਰਾਜਕੁਮਾਰ ਰਾਓ
ਮੁੰਬਈ:
ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਆਖਿਆ ਕਿ ਉਸ ਲਈ ਸਿਨੇ ਜਗਤ ਵਿੱਚ ਆਉਣ ਦਾ ਵੱਡਾ ਕਾਰਨ ਸ਼ਾਹਰੁਖ਼ ਖ਼ਾਨ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਸ਼ਾਹਰੁਖ਼ ਖ਼ਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਉਹ ਰਾਜਕੁਮਾਰ ਰਾਓ ਵਾਂਗ ‘ਵਿੱਕੀ ਪਲੀਜ਼’ ਬੋਲਦਾ ਸੁਣਾਈ ਦੇ ਰਿਹਾ ਹੈ। ਰਾਜਕੁਮਾਰ ਰਾਓ ਨੇ ਆਖਿਆ, ‘‘ਇਹ ਬਹੁਤ ਸ਼ਾਨਦਾਰ ਅਹਿਸਾਸ ਹੈ। ਮੈਂ ਸਾਰੀ ਜ਼ਿੰਦਗੀ, ਇੱਥੋਂ ਤੱਕ ਅੱਜ ਵੀ ਸ਼ਾਹਰੁਖ਼ ਖ਼ਾਨ ਦੇ ਡਾਇਲਾਗ ਬੋਲਦਾ ਹਾਂ। ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ।’’ ਜਾਣਕਾਰੀ ਅਨੁਸਾਰ ਰਾਜਕੁਮਾਰ ਰਾਓ ਨੇ ਫ਼ਿਲਮ ‘ਸਤ੍ਰੀ-1’ ਅਤੇ ‘ਸਤ੍ਰੀ-2 ਵਿੱਚ ਅਹਿਮ ਭੂਮਿਕਾ ਨਿਭਾਈ ਸੀ।’’ ਰਾਜਕੁਮਾਰ ਰਾਓ ਨੇ ਆਖਿਆ, ‘‘ਜਦੋਂ ਕੋਈ ਤੁਹਾਡੇ ਵਾਂਗ ਤੁਹਾਡਾ ਕੋਈ ਫਿਕਰਾ ਬੋਲਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਮੇਰੇ ਲਈ ਅਦਾਕਾਰ ਬਣਨ ਦਾ ਇਕ ਵੱਡਾ ਕਾਰਨ ਹਨ।’’ ਰਾਜਕੁਮਾਰ ਰਾਓ ਨੇ ਕਿਹਾ, ‘‘ਉਹ ਹਮੇਸ਼ਾ ਮੇਰਾ ਸਟਾਰ ਰਹੇਗਾ। ਜੇ ਕੋਈ ਸਕਰੀਨ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ ਜਾਂ ਕੋਈ ਮੈਨੂੰ ਪ੍ਰੇਰਿਤ ਕਰਨ ਦੇ ਨਾਲ ਮੇਰੇ ਦਿਲ ਨੂੰ ਛੂਹ ਸਕਦਾ ਹੈ ਉਹ ਹੈ ਮੇਰਾ ਸਟਾਰ।’’ ਜ਼ਿਕਰਯੋਗ ਹੈ ਰਾਜਕੁਮਾਰ ਦੀ ਫਿਲਮ ‘ਸਤ੍ਰੀ-2’ ਹਾਲ ਵਿੱਚ ਰਿਲੀਜ਼ ਹੋਈ ਸੀ, ਜਿਸ ਨੂੰ ਫਿਲਮਸਾਜ਼ ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਸਤ੍ਰੀ 2 ਇਸ ਸਾਲ ਦੀ ਮਹਿਜ਼ 11 ਦਿਨਾਂ ਵਿੱਚ 510 ਕਰੋੜ ਰੁਪਏ ਕਮਾਈ ਕਰਨ ਵਾਲੀ ਦੂਜੀ ਫ਼ਿਲਮ ਹੈ। -ਆਈਏਐੱਨਐੱਸ