ਲਿਖ ਲਿਖ ਲਿਖਾਰੀ ਬਣਿਆ ਮੈਂ
ਸੁਖ਼ਨ ਭੋਇੰ 30
ਮੈਂ ਜਮਾਂਦਰੂ ਲੇਖਕ ਨਹੀਂ। ਮੈਂ ਆਪਣੇ ਕਲਮੀ ਸਫ਼ਰ ਦੌਰਾਨ ਅਨੁਭਵ ਕੀਤਾ ਕਿ ਕੁਦਰਤ ਨੇ ਹਰ ਸ਼ਖ਼ਸ ਨੂੰ ਕਰਤਾਰੀ ਅੰਸ਼ਾਂ ਦੀ ਬਖ਼ਸ਼ਿਸ਼ ਕੀਤੀ ਹੁੰਦੀ ਹੈ। ਉਵੇਂ ਹੀ ਜਵਿੇਂ ਹਰ ਬੀਜ ਵਿੱਚ ਜੰਮਣ ਦੀ ਤਾਕਤ ਉਸ ਵਿੱਚ ਸਮੋਈ ਹੁੰਦੀ ਹੈ। ਉਸ ਨੂੰ ਜਦੋਂ ਜ਼ਮੀਨ ਮਿਲਦੀ ਹੈ, ਕੁਝ ਵੱਤਰ ਤੇ ਲੋੜੀਂਦੀ ਗਰਮਾਇਸ਼ ਵੀ, ਤਦ ਉਸ ਦੀ ਆਪਾ ਪ੍ਰਗਟਾਉਣ ਲਈ ਅੰਦਰ ਛਿਪੀ ਊਰਜਾ ਜਾਗ ਪੈਂਦੀ ਹੈ। ਮਨੁੱਖ ਦੇ ਕਰਤਾਰੀ ਅੰਸ਼ ਵੀ ਅਨੁਕੂਲ ਹਾਲਤਾਂ ਮਿਲਣ ਉੱਤੇ ਆਪਣੀ ‘ਜ਼ਾਤ’ ਦਾ ਸੁਹਜ ਜੱਗ-ਜ਼ਾਹਰ ਕਰਨ ਲਈ ਬਿਹਬਲ ਹੋ ਜਾਂਦੇ ਹਨ। ‘ਆਪਣੀ ਜ਼ਾਤ ਵਿਖਾਲਣ ਬਦਲੇ ਰੱਬ ਨੇ ਹੁਸਨ ਬਣਾਇਆ’ (ਪ੍ਰੋ. ਮੋਹਨ ਸਿੰਘ)।
ਗਭਰੀਟ ਹੋਣ ਤੱਕ ਪਿੰਡ ਵਿੱਚ ਰਹਿਣ ਕਰਕੇ ਮੇਰਾ ਮੁੱਢਲਾ ਜੀਵਨ ਅਨੁਭਵ ਪਿੰਡ ਦਾ ਰਿਹਾ ਹੈ। ਸ਼ਬਦਾਵਲੀ, ਮੁਹਾਵਰੇ, ਅਖਾਉਤਾਂ, ਪਖਾਣੇ, ਬਿੰਬ, ਪ੍ਰਤੀਕ ਅਕਸਰ ਮੇਰੇ ਇਸੇ ਪਿਛੋਕੜ ਦੇ ਹੁੰਦੇ ਹਨ। ਪਿੱਛੋਂ ਕਸਬਿਆਂ ਅਤੇ ਕਈ ਛੋਟੇ-ਵੱਡੇ ਸ਼ਹਿਰਾਂ ਵੀ ਵਿੱਚ ਰਿਹਾ ਹਾਂ। ਮਹਾਂਨਗਰਾਂ ਦੀਆਂ ਕੁਝ ਝਾਤਾਂ ਹੀ ਮੇਰੇ ਅੰਦਰ ਵਸ ਸਕੀਆਂ ਹਨ।
ਪਿੰਡ ਰਹਿੰਦਿਆਂ ਬਰਸਾਤਾਂ ਅਤੇ ਸਿਆਲਾਂ ਨੂੰ ਛੱਡ ਕੇ ਲੋਕ ਰਾਤ ਨੂੰ ਬਾਹਰ ਵਿਹੜਿਆਂ ਜਾਂ ਘਰਾਂ ਦੇ ਕੋਠਿਆਂ ਉੱਤੇ ਹੀ ਸੌਂਦੇ ਸਨ। ਰਾਤ ਨੂੰ ਅੰਬਰ ਉੱਤੇ ਤਾਰਿਆਂ ਨੂੰ ਤੱਕਦਿਆਂ ਤੇ ਇਨ੍ਹਾਂ ਦੀ ਮੱਧਮ ਚਾਲ ਨੂੰ ਮਹਿਸੂਸ ਕਰਦਿਆਂ; ਚਾਨਣ ਪੱਖ ਵਿੱਚ ਚੰਦ ਨੂੰ ਵੇਖਦਿਆਂ ਵੇਖਦਿਆਂ ਵਿਸਮਤ ਹੋਏ, ਪਤਾ ਹੀ ਨਾ ਲੱਗਦਾ ਕਦੋਂ ਸੌਂ ਗਏ। ਜਦੋਂ ਅੱਖ ਖੁੱਲ੍ਹਣੀ ਤਾਂ ਪਹਿਲਾਂ ਅਸਮਾਨ ਉੱਤੇ ਹੀ ਨਜ਼ਰ ਪੈਣੀ। ਹਵਾ ਦੇ ਰੁਖ਼ ਦਾ ਪਤਾ ਲੱਗਣਾ ਕਿ ਪੱਛੋਂ (ਪਛਵਾ) ਹੈ ਜਾਂ ਪੁਰਾ ਹੈ। ਸਵੇਰ ਦੀ ਲੋਅ ਪਾਟਣ ਦੇ ਪਲ ਪਲ ਬਦਲਦੇ ਨਜ਼ਾਰੇ ਵੀ ਨਜ਼ਰੀਂ ਪੈਂਦੇ। ਪੰਛੀਆਂ ਦੀਆਂ ਆਵਾਜ਼ਾਂ ਸੁਣਨਾ, ਉਨ੍ਹਾਂ ਨੂੰ ਉੱਡਦੇ ਤੱਕਣਾ, ਬਿਰਖਾਂ-ਬੂਟਿਆਂ ਤੇ ਹੋਰ ਬਨਸਪਤੀ ਨੂੰ ਵੇਖਦਿਆਂ ਆਨੰਦਿਤ ਹੋ ਜਾਣਾ। ਰਾਹਾਂ ਉੱਤੇ ਪੈਦਲ ਚੱਲਦਿਆਂ ਦੀਆਂ ਬਿੜਕਾਂ ਅਤੇ ਸੁਵਖਤੇ ਹਾਲੀਆਂ-ਪਾਲੀਆਂ ਦੇ ਕਦਮਾਂ ਦੀ ਕਾਹਲ ਸੁਣਦੀ। ਖੂਹਾਂ ਜਾਂ ਖੂਹੀਆਂ ਉੱਤੇ ਡੋਲ ਖੜਕਣੇ, ਹਲਟੀਆਂ ਦੇ ਗਿੜਨ ਦੀ ਧੁਨੀ ਕੰਨੀਂ ਪੈਂਦੀ।
ਪੇਂਡੂ ਜੀਵਨ ਸਦਾ ਕੁਦਰਤ ਨਾਲ ਇਕਮਿਕ ਰਿਹਾ ਹੈ। ਕੱਚੇ ਰਾਹਾਂ ਦੀ ਧੂੜ, ਬਰਸਾਤਾਂ ਦੇ ਗਾਰੇ-ਚਿੱਕੜ ਵਾਲੇ ਰਾਹ, ਘਰ ਵੀ ਕੱਚੇ, ਵਗਲ਼ ਵੀ ਕੱਚੇ, ਕੱਚੀ ਮਿੱਟੀ ਦੀ ਗੰਧ ਰੂਹ ਨੂੰ ਠਾਰ ਦਿੰਦੀ। ਹਵਾ, ਪਾਣੀ ਤੋਂ ਲੈ ਕੇ ਹਰ ਵਸਤ ਤਾਜ਼ੀ ਤੇ ਨਿਰਮਲ। ਬਾਸੀ ਵਸਤਾਂ ਸ਼ਹਿਰ ਵੱਸਦਿਆਂ ਹੀ ਖਾਣੀਆਂ ਸ਼ੁਰੂ ਕੀਤੀਆਂ। ਵਰਨਾ, ਗੰਨੇ, ਛੱਲੀਆਂ (ਕੁਕੜੀਆਂ), ਛੋਲੀਆ, ਕੱਕੜੀਆਂ, ਖ਼ਰਬੂਜ਼ੇ, ਦੁੱਧ-ਮੱਖਣ, ਅੰਬ, ਜਾਮਣਾਂ, ਲਸੂੜੇ (ਨਸੂੜੇ); ਸਾਗ ਦੇ ਰਿੱਝਣ ਤੇ ਅਜਿਹੇ ਹੋਰ ਕਿੰਨੇ ਕੁਝ ਦੀਆਂ ਮਹਿਕਾਂ, ਹੋਰ ਤਾਂ ਹੋਰ, ਨਵੇਂ ਵਾਹੇ ਅਤੇ ਸਿੰਜੇ ਜਾ ਰਹੇ ਖੇਤਾਂ ਦੀ ਗੰਧ, ਮੱਝਾਂ-ਗਾਵਾਂ ਦੇ ਦੁੱਧ ਚੋਣ ਦਾ ਸੁਗੰਧਿਤ ਸੰਗੀਤ, ਤਰ੍ਹਾਂ ਤਰ੍ਹਾਂ ਦੇ ਮੀਂਹ ਦਾ ਰਾਗ, ਵਗਦੇ ਪਾਣੀਆਂ ਦੀਆਂ ਲਹਿਰਾਂ, ਟੋਭੇ ਵਿੱਚ ਬੈਠੀਆਂ ਮੱਝਾਂ ਦਾ ਦ੍ਰਿਸ਼, ਚੌਣਿਆਂ ਦਾ ਚਰਾਂਦਾਂ ਵਿੱਚੋਂ ਚਰ ਕੇ ਘਰਾਂ ਵੱਲ ਨੂੰ ਮੁੜਨਾ; ਪੱਕੀਆਂ ਫ਼ਸਲਾਂ, ਵਾਢੀਆਂ ਤੋਂ ਪਿੱਛੋਂ ਵੱਢਾਂ ਖੇਤਾਂ ਦੇ ਦ੍ਰਿਸ਼, ਅਜਿਹੇ ਸਹਿਸਰਾਂ ਨਜ਼ਾਰੇ ਜ਼ਿਹਨ ਵਿੱਚ ਵੱਸੇ ਹੋਏ ਹਨ। ਪਥਵਾੜੇ, ਗੁਹਾਰੇ, ਤੂੜੀ ਦੇ ਕੁੱਪ, ਪਿੜਾਂ ਵਿੱਚ ਗਾਹੀ ਜਾਣ ਵਾਲੀਆਂ ਕਣਕ-ਭਰੀਆਂ ਦੀਆਂ ਦੂਰੋਂ ਦਿਸਦੀਆਂ ਉੱਚੀਆਂ ਧਲੀਆਂ; ਜਾਂ ਵੇਲਣੇ (ਘੁਲਾੜੀ) ਦੇ ਨੇੜੇ ਗੰਨਿਆਂ ਦੀਆਂ ਭਰੀਆਂ, ਅਣਗਿਣਤ ਰੂਹ-ਰੱਜ ਦੇਣ ਵਾਲੇ ਦ੍ਰਿਸ਼ ਅੱਜ ਵੀ ਯਾਦ ਹਨ।
ਘਰਾਂ ਦੇ ਅਕਸਰ ਖੁੱਲ੍ਹੇ ਰਹਿੰਦੇ ਬੂਹੇ ਅੰਦਰ ਧੜਕਦੇ ਜੀਵਨ ਦੀ ਗਵਾਹੀ ਦਿੰਦੇ। ਕੁੱਤੇ-ਬਿੱਲੀ ਤੋਂ ਬਸ ਫਾਟਕੀ ਜਿਹੀ, ਰਾਤ ਨੂੰ ਸੌਣ ਤੋਂ ਪਹਿਲਾਂ ਕੇਵਲ ਕੁੰਡਾ ਲਾ ਲੈਣਾ, ਜੰਦਰਾ ਜਾਣੋ ‘ਗਰੌਂ-ਘੋਹੀ’ ਜਾਣ ਵੇਲੇ ਹੀ। ਸਾਡਾ ਮਹਾਨ ਸਾਹਿਤ ਪੇਂਡੂ ਜੀਵਨ ਦੇ ਅਜਿਹੇ ਦ੍ਰਿਸ਼ਾਂ ਅਤੇ ਅਨੇਕ ਭਾਂਤ ਦੀਆਂ ਖ਼ੁਸ਼ਬੂਆਂ ਨਾਲ ਭਰਿਆ ਪਿਆ ਹੈ। ਸ਼ਹਿਰ ਵੱਸਦਿਆਂ ਜਦੋਂ ਕਦੇ ਬੱਦਲ ਚੜ੍ਹ ਚੜ੍ਹ ਆਉਂਦੇ ਹਨ ਤਾਂ ਮੈਂ ਆਪਣੀ ਕਲਪਨਾ ਵਿੱਚ ਪਿੰਡ ਦੇ ਮੀਹਾਂ ਦੇ ਨਜ਼ਾਰੇ ਵੇਖਣ ਲੱਗ ਪੈਂਦਾ ਹਾਂ। ਸ਼ਹਿਰ ਵਿੱਚ ਮੀਂਹ ਗਰਮੀ ਤੋਂ ਰਾਹਤ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ, ਪਿੰਡ ਲਈ ਮੀਂਹ ਜੀਵਨ ਦੇ ਪ੍ਰਸੰਗ ਵਿੱਚ ਵਰ੍ਹਦਾ ਹੈ। ਮੇਰੇ ਬਚਪਨ ਦੇ ਦਨਿੀਂ ਪਿੰਡ ਤੋਂ ਬਾਹਰ ਖੁੱਲ੍ਹੀ ਥਾਂ, ਅਕਸਰ ਟੋਭੇ ਦੇ ਕੋਲ, ਡੰਗਰਾਂ ਦਾ ਚੌਣਾ ਖੜ੍ਹਨਾ। ਲੋਕੀਂ ਆਪਣੇ ਡੰਗਰਾਂ ਨੂੰ ਚਰਾਂਦਾਂ ਵਿੱਚ ਚਰਾਏ ਜਾਣ ਲਈ ਇੱਥੇ ਪਾਲੀ ਦੇ ਹਵਾਲੇ ਕਰਦੇ। ਪਾਲੀ ਨੂੰ ਹਰ ਗਾਂ, ਮੱਝ, ਝੋਟੀ, ਕੱਟੀ-ਵੱਛੀ ਦੀ ਪਛਾਣ ਹੁੰਦੀ। ਚੌਣਾ ਛਿੜਦਾ ਤਾਂ ਕੱਚੇ ਪਹਿਆਂ ਦੀ ਧੂੜ ਉੱਡਦੀ। ਸੰਝ ਵੇਲੇ ਜਦੋਂ ਚੌਣੇ ਦੇ ਡੰਗਰ ਬਾਹਰ ਦੀ ਖੁੱਲ੍ਹ ਮਾਣ ਆਏ ਤੇ ਢਿੱਡੋਂ-ਰੂਹੋਂ ਰੱਜੇ ਬੜੇ ਪਿਆਰੇ ਲੱਗਦੇ। ਪੇਂਡੂ ਜੀਵਨ ਦੇ ਪ੍ਰਭਾਵ ਕਈ ਪ੍ਰਕਾਰ ਦੀਆਂ ਥੁੜ੍ਹਾਂ ਦੇ ਬਾਵਜੂਦ ਬੜੇ ਅਮੀਰ ਸਨ। ਹਰ ਕਾਸੇ ਵਿੱਚ ਨਿੱਜੀ ਸਾਂਝ ਜਾਪਦੀ। ਓਪਰਾ ਬੰਦਾ, ਕੋਈ ਜਾਨਵਰ ਜਾਂ ਪੰਛੀ ਕਦੇ-ਕਦਾਈਂ ਹੀ ਵੇਖੀਦੇ। ਸ਼ਹਿਰ ਵਿੱਚ ਸਾਂਝਾਂ ਸੀਮਤ, ਲਗਾਉ ਘੱਟ ਤੇ ਬੰਦਾ ਇਕੱਲਾ ਤੇ ਅਜਨਬੀ ਮਹਿਸੂਸ ਕਰੇ।
ਮਾੜੇ-ਚੰਗੇ ਬਦਲਾਉ ਬੜੇ ਵੇਖੇ, ਦੇਸ-ਵੰਡ ਦੇ ਸੰਤਾਪ ਸਮੇਤ। ਪੇਂਡੂ ਜੀਵਨ ਦੇ ਅਨੇਕ ਭਾਂਤ ਦੇ ਸੰਕਟ ਹੱਡੀਂ ਹੰਢਾਏ। ਸੁਰਤ ਸੰਭਾਲਣ ਵੇਲੇ ਘਰ ਦੀ ਮਾਲੀ ਹਾਲਤ ਬੜੀ ਮਾੜੀ ਸੀ। ਨੇੜਿਓਂ ਤੱਕੇ ਪੇਂਡੂ ਜੀਵਨ ਦੀ ਰੰਗਤ ਮੇਰੀਆਂ ਲਿਖਤਾਂ ਵਿੱਚ ਵੀ ਆਈ। ਪਿੰਡ ਵਿਚਲੇ ਬਾਬੇ-ਦਾਦਿਆਂ ਦੇ ਸਾਂਝੇ ਵਸੇਬੇ ਨੂੰ ਛੱਡ ਵੱਸੋਂ ਤੋਂ ਜ਼ਰਾ ਬਾਹਰ ਵੱਲ ਜਗ੍ਹਾ ਲੈ ਕੇ ਛੱਤਿਆ ਨਵਾਂ ਘਰ ਗਲੀ ਦੇ ਅਖ਼ੀਰ ਉੱਤੇ ਹੋ ਗਿਆ। ਉੱਥੋਂ ਪਿੰਡ ਦੇ ਬੇਜ਼ਮੀਨੇ ਕਿਰਤੀਆਂ ਦੇ ਘਰ ਨਜ਼ਰੀਂ ਪੈਂਦੇ। ਕਿਰਸਾਣਾਂ ਦੇ ਸਾਂਝੀ-ਸੀਰੀ ਤੇ ਹੋਰ ਦਿਹਾੜੀ-ਦੱਪੇ ਨੂੰ ਜਾਂਦੇ ਇਹ ਲੋਕ ਸਾਡੇ ਘਰ ਅੱਗਿਓਂ ਲੰਘਦੇ। ਉਨ੍ਹਾਂ ਦੀਆਂ ਸੁਆਣੀਆਂ ਖੇਤਾਂ ਦੀਆਂ ਵੱਟਾਂ-ਡੌਲਾਂ ਤੋਂ ਘਾਹ ਖੋਤਣ ਲਈ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਜਾਂਦੀਆਂ। ਛੋਟੀ ਕਿਰਸਾਣੀ ਦੇ ਦੁਖੜੇ ਬੜੇ ਹੁੰਦੇ ਪਰ ਬੇਜ਼ਮੀਨੇ ਲੋਕਾਂ ਦੇ ਦਸੌਂਟੇ ਹੋਰ ਵੀ ਬਹੁਤ।
‘ਫ਼ੁਰਸਤ ਦੇ ਪਲ’ ਪੁਸਤਕ ਦਾ ਇਸੇ ਨਾਂ ਦਾ ਨਬਿੰਧ ਲਿਖਦਿਆਂ ਮੇਰੇ ਜ਼ਿਹਨ ਵਿੱਚ ਅਕਸਰ ਵੇਖਿਆ ਚਿਤਰ ਆਇਆ ਸੀ। ਘਾਹ ਖੋਤ ਕੇ ਘਰ ਨੂੰ ਪਰਤਦੀਆਂ ਬੇਜ਼ਮੀਨੇ ਕਾਮਿਆਂ ਦੀਆਂ ਔਰਤਾਂ ਕਿਸੇ ਰੁੱਖ ਦੀ ਛਾਵੇਂ ਆਪਣੀਆਂ ਪੰਡੋਕਲੀਆਂ ਨੂੰ ਸੁੱਟ ਘੜੀ-ਪਲ ਸੁਸਤਾਉਂਦੀਆਂ ਹਨ। ਮਜ਼ਦੂਰ ਦੀ ਜ਼ਿੰਦਗੀ ਵਿੱਚ ਅਜਿਹੇ ਫ਼ੁਰਸਤ ਦੇ ਪਲਾਂ ਦਾ ਹਾਸਲ ਮੈਨੂੰ ਬੜਾ ਕੀਮਤੀ ਲੱਗਿਆ ਸੀ। ਇਨ੍ਹਾਂ ਦੇ ਘਰ ਅਕਸਰ ਛੋਟੇ ਹੁੰਦੇ ਸਨ। ਗਲ਼ੀ ਵਿੱਚੋਂ ਲੰਘਦੇ ਬੰਦੇ ਨੂੰ ਘਰ ਅੰਦਰ ਤੀਕ ਦਿੱਸਦਾ ਸੀ। ਮੈਨੂੰ ਮੁੜ ਮੁੜ ਸੋਚ ਆਉਂਦੀ ਸੀ ਕਿ ਸਖ਼ਤ ਮਿਹਨਤ ਕਰਦਿਆਂ ਵੀ ਇਨ੍ਹਾਂ ਲੋਕਾਂ ਨੂੰ ਰੁੱਖੀ-ਸੁੱਖੀ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਤੋਂ ਮੇਰੀ ਧਾਰਨਾ ਬਣੀ ਕਿ ਕੇਵਲ ਸਖ਼ਤ ਮਿਹਨਤ ਕਰਨਾ ਹੀ ਘੋਰ ਗ਼ਰੀਬੀ ਦਾ ਹੱਲ ਨਹੀਂ ਹੈ। ਪਿੱਛੋਂ ਮੈਂ ਜੀਵਨ ਦੀਆਂ ਕਦਰਾਂ-ਕੀਮਤਾਂ ਬਾਰੇ ਡੂੰਘਾਈ ਨਾਲ ਪੜ੍ਹਿਆ ਸੀ। ਉਦੋਂ ਲਿਖੇ ਨਬਿੰਧਾਂ ਦੇ ਪਿਛੋਕੜ ਵਿੱਚ ਹਾਸ਼ੀਏ ਉੱਤੇ ਜੀਵਨ ਬਸਰ ਕਰਦੇ ਇਨ੍ਹਾਂ ਲੋਕਾਂ ਦੇ ਜੀਵਨ ਦਾ ਕੌੜਾ ਸੱਚ ਪਿਆ ਹੋਇਆ ਸੀ। ਠੀਕ ਹੈ, ਜੀਵਨ ਵਿੱਚ ਮਿਹਨਤ ਕਰਨੀ ਜ਼ਰੂਰੀ ਹੈ ਪਰ ਉਸ ਦਾ ਵਾਜਬ ਇਵਜ਼ਾਨਾ ਮਿਲਣਾ/ਲੈਣਾ ਹੋਰ ਵੀ ਲੋੜੀਂਦਾ ਹੈ।
ਮੈਂ ਬਹੁਤ ਸਾਰੇ ਨਬਿੰਧ ਸੰਕਲਪਾਂ ਨੂੰ ਲੈ ਕੇ ਲਿਖੇ ਜਵਿੇਂ ਸੁੰਦਰਤਾ, ਖ਼ੁਸ਼ੀ, ਖ਼ੁਸ਼ਹਾਲੀ, ਗ਼ਰੀਬੀ, ਸਬਰ-ਸੰਤੋਖ, ਸਿਦਕ, ਸਿਰੜ,ਆਚਰਣ, ਮਿਹਨਤ, ਦ੍ਰਿੜ੍ਹਤਾ, ਸਚਿਆਰਾ ਜੀਵਨ। ਇਨ੍ਹਾਂ ਦੀ ਰੂੜ੍ਹੀਗਤ ਵਿਆਖਿਆ ਮੈਨੂੰ ਮੌਜੂਦਾ ਸਮੇਂ ਦੇ ਅਨੁਕੂਲ ਨਾ ਜਾਪਦੀ। ਤਦ ਮੈਂ ਇਨ੍ਹਾਂ ਦੀ ਪੁਨਰ-ਵਿਆਖਿਆ ਕੀਤੀ। ਹੋਰ ਲੁਪਤ ਪੱਖਾਂ ਨੂੰ ਵੀ ਉਜਾਗਰ ਕੀਤਾ। ਬਲ ਇਸ ਗੱਲ ਉੱਤੇ ਸੀ ਕਿ ਵਿਅਕਤੀ ਆਪਣੀ ਬੁੱਧ ਤੇ ਵਵਿੇਕ ਨਾਲ ਆਪ ਨਿਰਣਾ ਕਰੇ ਕਿ ਸਹੀ ਕੀ ਤੇ ਗ਼ਲਤ ਕੀ ਹੈ। ਇਸਤਰੀ ਦੀ ਬਣਦੀ ਮਹਿਮਾ, ਧੀਆਂ ਦੇ ਬਣਦੇ ਹੱਕ ਦੀ ਗੱਲ, ਆਮ ਆਦਮੀ ਦੀ ਸਮਰੱਥਾ ਵੱਲ ਮੁੜ ਮੁੜ ਧਿਆਨ ਦਿਵਾਉਨਾ, ਅਜਿਹੇ ਵਿਸ਼ੇ ਮੇਰੀਆਂ ਲਿਖਤਾਂ ਵਿੱਚ ਸੁਭਾਵਿਕ ਹੀ ਆਉਂਦੇ ਰਹੇ। ਸ਼ਹਿਰਾਂ ਵਿੱਚ ਵੀ ਵੱਸੋਂ ਦਾ ਵੱਡਾ ਭਾਗ ਅਨੇਕਾਂ ਪਛੜੇਵਿਆਂ ਦੀ ਮਾਰ ਹੇਠ ਹੈ। ਸਮੱਸਿਆਵਾਂ ਵੀ ਬੜੀਆਂ ਗੁੰਝਲਦਾਰ ਹਨ। ਇਨ੍ਹਾਂ ਦਾ ਜ਼ਿਕਰ ਮੇਰੇ ਨਬਿੰਧਾਂ ਵਿੱਚ ਆਇਆ ਹੈ, ਪਰ ਪੇਂਡੂ ਜੀਵਨ ਦੇ ਮੁਕਾਬਲੇ ਨਿਗੂਣਾ ਹੀ।
ਮੈਨੂੰ ਵਾਰਤਕ ਆਪਣੇ ਅਨੁਭਵ ਤੇ ਸੋਚ ਦੇ ਬਹੁਤ ਅਨੁਕੂਲ ਜਾਪੀ। ਮੈਂ ਸਿਧਾਂਤਕ ਤੌਰ ’ਤੇ ਵੀ ਵਾਰਤਕ ਬਾਰੇ ਆਪਣੀ ਸਮਝ ਪੱਕੀ ਕੀਤੀ। ਅਸਲ ਵਿੱਚ ਜਿਹੜੇ ਜਿਹੜੇ ਖੇਤਰ ਨੂੰ ਮੈਂ ਲਿਖਣ ਲਈ ਚੁਣਿਆ, ਜਵਿੇਂ ਬਾਲ-ਸਾਹਿਤ, ਪਾਠ-ਪੁਸਤਕਾਂ, ਵਾਰਤਕ, ਇਨ੍ਹਾਂ ਬਾਰੇ ਮੈਂ ਬਾਕਾਇਦਾ ਨਬਿੰਧ ਵੀ ਲਿਖੇ। ਮੈਂ ਵਿਸ਼ੇ ਨੂੰ ਅਨੇਕ ਪਹਿਲੂਆਂ ਤੋਂ ਫਰੋਲਦਾ ਹਾਂ, ਉਵੇਂ ਹੀ ਜਵਿੇਂ ਮੁਰਗੀ ਆਪਣੇ ਚੂਚਿਆਂ ਨੂੰ ਨਾਲ ਲੈ ਕੇ ਨਿੱਕ-ਸੁੱਕ ਫਰੋਲਦੀ ਹੈ। ਪਾਠਕ ਨੂੰ ਸਿੱਖਿਆ ਜਾਂ ਨਸੀਹਤ ਦੇਣੀ ਬੀਤ ਚੁੱਕੇ ਦੀ ਕਹਾਣੀ ਹੈ। ਪਾਠਕ ਦੀ ਸਮਝ ਨੂੰ ਘਟਾ ਕੇ ਵੇਖਣਾ ਸਹੀ ਨਹੀਂ ਹੈ। ਉਹ ਜਗਤ ਤੇ ਇਸ ਦੇ ਵਰਤਾਰਿਆਂ ਨੂੰ ਆਪ ਘੋਖਣ ਵੱਲ ਤੁਰੇ। ਲਿਖਤ ਸਿਰਫ਼ ਉਸ ਨੂੰ ਟੁੰਬਣ ਦਾ ਕੰਮ ਕਰੇਗੀ।
ਕਿਸੇ ਨਬਿੰਧ ਨੂੰ ਲਿਖਣ ਦਾ ਖ਼ਿਆਲ ਮੈਨੂੰ ਉਸ ਦੀ ਇੱਕ ਝਲਕ ਜਿਹੀ ਦੇ ਰੂਪ ਵਿੱਚ ਆਉਂਦਾ ਹੈ। ਫਿਰ ਕੋਈ ਅੱਚਵੀਂ ਜਿਹੀ ਲਿਖਣ ਲਈ ਪ੍ਰੇਰਦੀ ਹੈ। ਉਸ ਵਿਚਾਰ ਜਾਂ ਖ਼ਿਆਲ ਦਾ ਆਧਾਰ ਵੀ ਮੇਰਾ ਕੋਈ ਜੀਵਨ-ਅਨੁਭਵ ਹੁੰਦਾ ਹੈ। ਨਬਿੰਧ ਲਿਖਦਿਆਂ ਅਚੇਤ ਮਨ ਵਿੱਚ ਪਿਆ ਬੜਾ ਕੁਝ ਬਹੁੜੀ ਜਾਂਦਾ ਹੈ। ਨਾਲੇ ਜੋ ਕੁਝ ਪ੍ਰਗਟਾਇਆ ਜਾਣਾ ਹੁੰਦਾ ਹੈ ਉਹ ਆਪਣਾ ਸਰੂਪ ਆਪ ਬਣਾਉਂਦਾ ਹੈ। ਸੁਚੇਤ ਘਾੜਤ ਕੇਵਲ ਸ਼ਬਦ-ਚੋਣ, ਵਿਆਕਰਨਿਕ ਸ਼ੁੱਧਤਾ, ਤੱਥਾਂ ਦੀ ਪੜਤਾਲ, ਸ਼ਬਦ-ਜੋੜਾਂ ਬਾਰੇ ਤਸੱਲੀ ਆਦਿ ਪੱਖਾਂ ਤੋਂ ਹੁੰਦੀ ਹੈ।
ਮੈਂ ਆਪਣੀ ਸਮਰੱਥਾ ਮੁਤਾਬਿਕ ਵੱਧ ਤੋਂ ਵੱਧ ਪੜ੍ਹਿਆ ਤੇ ਵਿਚਾਰਿਆ। ਜੀਵਨ-ਵਰਤਾਰਿਆਂ ਨੂੰ ਸਮਝਣ ਲਈ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀਆਂ। ਆਪਣੀ ਨਿਵੇਕਲੀ ਦ੍ਰਿਸ਼ਟੀ ਤੋਂ ਹੀ ਮੈਂ ਆਪਣੀਆਂ ਧਾਰਨਾਵਾਂ ਨਬਿੰਧਾਂ ਵਿੱਚ ਪ੍ਰਗਟਾਈਆਂ ਹਨ। ਕਿਤੇ ਨਹੀਂ ਕਿਹਾ ਕਿ ਮੇਰੀਆਂ ਧਾਰਨਾਵਾਂ ਹੀ ਠੀਕ ਹਨ। ਇਸ ਜਗਤ ਵਿੱਚ ਵਿਚਰਦਿਆਂ ਹਰੇਕ ਨੂੰ ਬੜੀਆਂ ‘ਅਕਲਾਂ’ ਸੁਝਦੀਆਂ ਹਨ। ਸਭ ਦਾ ਆਪਣਾ ਅਨੁਭਵ ਹੁੰਦਾ ਹੈ। ਇਹੋ ਸੱਚਾ ਗਿਆਨ ਹੈ।
ਲੇਖਕ ਵਜੋਂ ਮੈਂ ਆਪਣੀ ਜੀਵਨ-ਦ੍ਰਿਸ਼ਟੀ ਨੂੰ ਮੋਕਲਾ ਰੱਖਣ ਦਾ ਜਤਨ ਕੀਤਾ। ਬੜਾ ਕੁਝ ਗ੍ਰਹਿਣ ਵੀ ਕੀਤਾ। ਸੰਤਾਪ, ਰੋਸੇ, ਪਛਤਾਵੇ, ਚਿੰਤਾਵਾਂ, ਤੇ ਤਰ੍ਹਾਂ ਤਰ੍ਹਾਂ ਦੇ ਦੁੱਖ ਮਨ ਨੂੰ ਬਹੁਤਾ ਪ੍ਰੇਸ਼ਾਨ ਨਹੀਂ ਕਰਦੇ। ‘ਸ਼ਬਦ’ ਦੀ ਮਹਿਮਾ ਅਕੱਥ ਹੈ। ਭਾਵੇਂ ਲੇਖਕ ਹੋਵੇ ਜਾਂ ਪਾਠਕ, ਉਸ ਲਈ ਇਹ ਜੀਵਨ ਹਰ ਪ੍ਰਕਾਰ ਦੀਆਂ ਔਕੜਾਂ ਦੇ ਬਾਵਜੂਦ ਅਨੋਖਾ ਅਨੁਭਵ ਬਣਦਾ ਹੈ। ਆਪਣੇ ਵਿਰਸੇ ਤੋਂ ਊਰਜਿਤ ਵੀ ਇਸੇ ਵਿਧ ਹੋਇਆ ਜਾਂਦਾ ਹੈ। ਇਹ ਜੀਵਨ ਯਕੀਨਨ ਦੁਰਲੱਭ ਹੈ। ਦੁਨੀਆਂ ਦੀ ਕੋਈ ਚੀਜ਼ ਇਸ ਨਾਲ ਤੁਲਨਾਈ ਨਹੀਂ ਜਾ ਸਕਦੀ।
ਮੈਂ ਇਸ ਪੱਖੋਂ ਖ਼ੁਸ਼ਕਿਸਮਤ ਰਿਹਾ ਕਿ ਭਾਵੇਂ ਦੇਰ ਨਾਲ ਹੀ ਸਹੀ, ਉਸ ਰਾਹ ਪੈ ਗਿਆ ਜਿਸ ’ਤੇ ‘ਨਾਲੇ ਪੁੰਨ ਨਾਲੇ ਫਲੀਆਂ’ ਦੀ ਕਹਾਵਤ ਢੁਕਦੀ ਹੈ। ਇਹ ਰਾਹ ਸਿੱਖਿਆ ਅਤੇ ਅੱਗੋਂ ਸਾਹਿਤ ਨਾਲ ਜੁੜਿਆ ਹੋਇਆ ਸੀ। ਰੁਜ਼ਗਾਰ ਲਈ ਪਹਿਲਾਂ ਅਧਿਆਪਕ ਬਣਿਆ, ਫਿਰ ਰਾਜ ਪੱਧਰ ਦੀ ਸਿੱਖਿਆ ਸੰਸਥਾ ਵਿੱਚ ਪਹਿਲਾਂ ਬਤੌਰ ਭਾਸ਼ਾ ਮਾਹਿਰ ਤੇ ਫਿਰ ਸਹਾਇਕ ਡਾਇਰੈਕਟਰ ਵਜੋਂ ਕੰਮ ਕਰਨ ਦਾ ਮੌਕਾ ਬਣਿਆ। ਮੇਰੀ ਰੈਗੂਲਰ ਪੜ੍ਹਾਈ ਦਸਵੀਂ ਤੱਕ ਹੀ ਹੋਈ, ਫਿਰ ਭਲੇ ਸੱਜਣਾਂ-ਮਿੱਤਰਾਂ ਦੀ ਪ੍ਰੇਰਨਾ ਨਾਲ ਪੰਜਾਬੀ ਤੇ ਹਿੰਦੀ ਦੀ ਐਮ.ਏ. ਅਤੇ ਪੀ-ਐਚ.ਡੀ. ਕਰ ਲਈ। ਓ.ਟੀ. ਤੇ ਬੀ.ਐੱਡ. ਕਰਨ ਲਈ ਦੋ ਵਾਰੀ ਕਾਲਜਾਂ ਦਾ ਮੂੰਹ ਵੀ ਵੇਖ ਲਿਆ।
ਜੀਵਨ ਦੀਆਂ ਤਲਖ਼ੀਆਂ ਕਾਰਨ ਬੜਾ ਕੁਝ ਅੰਦਰ ਭਰਿਆ ਪਿਆ ਸੀ। ਸਾਹਿਤ ਤੇ ਹੋਰ ਚੰਗੀਆਂ ਪੁਸਤਕਾਂ ਪੜ੍ਹਨ ਦੇ ਸਬੱਬ ਲਿਖਣ ਵੱਲ ਝੁਕਾਅ ਹੋ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਮਾਂ-ਬੋਲੀ ਪੰਜਾਬੀ ਦੀਆਂ ਪਾਠ-ਪੁਸਤਕਾਂ ਨੂੰ ਲਿਖਣ ਤੇ ਸੰਪਾਦਨ ਦੇ ਕਾਰਜ ਨੇ ਮੇਰੇ ਲਈ ਦੋ ਰਾਹ ਖੋਲ੍ਹ ਦਿੱਤੇ। ਇੱਕ ਸੀ ਕਿ ਬਾਲ-ਸਾਹਿਤ ਲਿਖਣਾ ਸ਼ੁਰੂ ਹੋ ਗਿਆ। ਦੂਜਾ ਵਾਰਤਕ ਲਿਖਣ ਵੱਲ ਝੁਕਾਅ ਹੋ ਗਿਆ। ਕਈ ਹੋਰ ਕਾਰਕ ਵੀ ਸਹਾਈ ਹੋਏ। ਪੀ-ਐਚ.ਡੀ. ਕਰਦਿਆਂ ਇੱਕ ਇੱਕ ਸ਼ਬਦ ਨੂੰ ਘੋਖਣਾ ਤੇ ਵੇਖਣਾ ਕਿ ਲਿਖੇ ਹਰ ਵਾਕ ਜਾਂ ਸ਼ਬਦ ਦਾ ਕੋਈ ਆਧਾਰ ਜ਼ਰੂਰ ਹੋਵੇ। ਦੂਜਾ, ਵਿਆਕਰਨ ਦੀਆਂ ਪਾਠ-ਪੁਸਤਕਾਂ ਲਿਖਦਿਆਂ ਵਿਸ਼ੇ ਦੀਆਂ ਬਾਰੀਕੀਆਂ ਤੋਂ ਜਾਣੂੰ ਹੋਣ ਦੀ ਆਦਤ ਪਈ। ਤੀਜਾ, ਚੰਗੇ ਪ੍ਰਬੀਨ ਅਧਿਆਪਕਾਂ, ਪੰਜਾਬੀ ਦੇ ਉੱਘੇ ਵਿਦਵਾਨਾਂ ਅਤੇ ਨਾਮੀ ਸਾਹਿਤਕਾਰਾਂ ਨਾਲ ਸੰਪਰਕ ਹੁੰਦੇ ਰਹਿਣ ਨਾਲ ਬੜਾ ਕੁਝ ਅਨਮੋਲ ਗ੍ਰਹਿਣ ਕੀਤਾ। ਇਸ ਖੇਤਰ ਵਿੱਚ ਸੇਵਾ ਨਿਭਾਉਣ ਲਈ ਜ਼ਰੂਰੀ ਸੀ ਕਿ ਚੰਗਾ ਪੜ੍ਹਦੇ ਰਹਿਣਾ ਅਤੇ ਆਪਣੀ ਜਾਣਕਾਰੀ ਨੂੰ ਬਾਸੀ ਨਾ ਹੋਣ ਦੇਣਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਮੇਰੇ ਸਹਿਕਰਮੀ ਸਨ। ਉਸ ਸੰਸਥਾ ਦੀ ਵੱਡੀ ਲਾਇਬਰੇਰੀ ਤੇ ਨਾਲ ਚੰਡੀਗੜ੍ਹ ਦੀਆਂ ਹੋਰ ਲਾਇਬ੍ਰੇਰੀਆਂ ਤੋਂ ਬਹੁਤ ਲਾਭ ਮਿਲਿਆ। ਮੈਂ ਕਹਿ ਸਕਦਾ ਹਾਂ ਕਿ ਲਿਖਣ ਦੇ ਰਾਹ ਪੈ ਕੇ ਮੇਰੀ ਆਪਣੀ ਜੂਨੀ ਸੰਵਰੀ ਹੈ, ਬਹੁਤ ਆਨੰਦਿਤ ਮਹਿਸੂਸ ਕੀਤਾ ਹੈ। ਇਸੇ ਲਈ ਮੈਂ ਹਰ ਨਵਾਂ ਲਿਖਣ ਵਾਲੇ ਨੂੰ ਲਿਖਣ ਤੇ ਬਿਹਤਰ ਲਿਖਣ ਲਈ ਪ੍ਰੇਰਿਤ ਕਰਦਾ ਹਾਂ। ਉਸ ਦੇ ਲਿਖੇ ਦੀ ਸਿਫ਼ਤ ਕਰਦਾ ਹਾਂ। ਪੰਜਾਬੀ ਮਾਂ ਆਪਣੇ ਕਿਸੇ ਵੀ ਧੀ-ਪੁੱਤਰ ਨੂੰ ਨਿਰਾਸ਼ ਨਹੀਂ ਕਰਦੀ। ਮੈਂ ਆਪਣੇ ਅਨੁਭਵ ਤੋਂ ਕਹਿੰਦਾ ਹਾਂ ਕਿ ਮੇਰੀ ਝੋਲੀ ਤਾਂ ਸਦਾ ਭਰੀ ਰਹੀ ਹੈ।
ਪਹਿਲਾਂ ਮੈਂ ਕਾਗਜ਼ ਉੱਤੇ ਪੈੱਨ ਨਾਲ ਲਿਖਦਾ ਸਾਂ। ਫਿਰ ਸਰੀਰਿਕ ਅਵਸਥਾ ਇਹ ਬਣੀ ਕਿ ਮੇਰਾ ਹੱਥ ਕੰਬਣ ਲੱਗ ਪਿਆ। ਦਸਤਖ਼ਤ ਵੀ ਝਰੀਟਾਂ ਹੀ ਹੁੰਦੀਆਂ। ਤਦ ਲਿਖਣ ਲਈ ਪਹਿਲਾਂ ਕੰਪਿਊਟਰ ਤੇ ਫਿਰ ਲੈਪਟਾਪ ਉੱਤੇ ਟਾਈਪ ਕਰਨਾ ਇੰਨਾ ਕੁ ਸਿੱਖ ਲਿਆ ਕਿ ਆਪਣੇ ਲਿਖੇ ਨੂੰ ਸੁਧਾਰ ਸਕਾਂ, ਜ਼ਰੂਰਤ ਅਨੁਸਾਰ ਵਿਉਂਤ ਕਰ ਸਕਾਂ, ਫੌਂਟ ਤਬਦੀਲ ਕਰ ਲਵਾਂ ਤੇ ਜਦੋਂ ਚਾਹਾਂ ਕਿਤੇ ਵੀ ਆਪਣਾ ਲਿਖਿਆ ਈ-ਮੇਲ ਕਰਕੇ ਭੇਜ ਸਕਾਂ। ਇਸ ਮਾਮਲੇ ਵਿੱਚ ਮੇਰੀ ਛੋਟੀ ਧੀ ਜੋ ਇਸ ਖੇਤਰ ਦੀ ਮਾਹਿਰ ਹੈ, ਨੇ ਬੜਾ ਸਹਿਯੋਗ ਦਿੱਤਾ। ਇਹ ਕਹਾਣੀ ਪਾਉਣ ਦਾ ਮੰਤਵ ਇਹ ਦੱਸਣਾ ਹੈ ਕਿ ਕੰਮ ਕਰਨ ਵਾਲੇ ਲਈ ਨਵੇਂ ਤੋਂ ਨਵੇਂ ਜੁਗਾੜ ਨਜ਼ਰੀਂ ਪੈਂਦੇ ਰਹਿੰਦੇ ਹਨ।
ਵਿਗਿਆਨ ਅਤੇ ਤਕਨੀਕੀ ਵਿਕਾਸ ਨੇ ਨਵੇਂ ਕ੍ਰਿਸ਼ਮੇ ਕੀਤੇ ਹਨ। ਅਨੇਕਾਂ ਕੋਸ਼, ਮਹਾਂਕੋਸ਼ ਸਾਡੇ ਲੈਪਟਾਪ ਜਾਂ ਮੋਬਾਈਲ ਫੋਨ ਉੱਤੇ ਡਾਊਨਲੋਡ ਹੋ ਜਾਂਦੇ ਹਨ। ਗੁਰਬਾਣੀ ਦੇ ਸ਼ੁੱਧ ਪਾਠ ਪੜ੍ਹਨ ਲਈ ਮਿਲ ਜਾਂਦੇ ਹਨ। ਸ਼ਬਦ ਜੋੜਾਂ ਅਤੇ ਵਿਆਕਰਨ ਪੱਖੋਂ ਸੁਧਾਈ ਕਰਨ ਲਈ ਵੀ ਇਹ ਯੰਤਰ ਤੇ ਤਕਨੀਕਾਂ ਬੜੀਆਂ ਸਹਾਈ ਹੁੰਦੀਆਂ ਹਨ। ਫੋਟੋਸਟੈਟ, ਸਕੈਨਿੰਗ ਆਦਿ ਕਿੰਨੀਆਂ ਹੀ ਸਹੂਲਤਾਂ ਹਨ। ਇਹ ਮੌਜਾਂ ਕੁਝ ਦਹਾਕੇ ਪਹਿਲਾਂ ਤੱਕ ਲੇਖਕਾਂ ਦੀ ਆਮ ਪਹੁੰਚ ਵਿੱਚ ਨਹੀਂ ਸਨ। ਅੱਗੋਂ ਕਿਹੜੇ ਕਿਹੜੇ ਕ੍ਰਿਸ਼ਮੇ ਹੋਣੇ ਹਨ, ਕਿਹਾ ਨਹੀਂ ਜਾ ਸਕਦਾ। ਐਪਰ ਲੇਖਕ ਦੇ ਆਪਣੇ ਜਤਨ ਇਨ੍ਹਾਂ ਸਭਨਾਂ ਤੋਂ ਉੱਪਰ ਹਨ। ਉੱਦਮ, ਮਿਹਨਤ, ਅਭਿਆਸ, ਲਗਨ, ਦਿਆਨਤਦਾਰੀ, ਸੰਗੀਤ ਵਾਲੇ ਜਵਿੇਂ ‘ਰਿਆਜ਼’ ਸ਼ਬਦ ਵਰਤਦੇ ਹਨ, ਅਜਿਹਾ ਕੁਝ ਲੇਖਕ ਲਈ ਵੀ ਜ਼ਰੂਰੀ ਮੰਨਿਆ ਜਾ ਸਕਦਾ ਹੈ। ਭਾਸ਼ਾ ਪੱਖੋਂ ਅਮੀਰੀ ਲਈ ਆਪਣੀ ਮਾਂ-ਬੋਲੀ ਦੇ ਸਾਹਿਤ ਨੂੰ ਪੜ੍ਹਨਾ ਤੇ ਆਤਮਸਾਤ ਕਰਨਾ, ਇੱਕ ਦੋ ਹੋਰ ਭਾਸ਼ਾਵਾਂ ਦਾ ਚੰਗਾ ਅਭਿਆਸ ਹੋਣਾ, ਵਿਆਕਰਨ ਦੀ ਸੋਹਣੀ ਸਮਝ ਰੱਖਣਾ, ਆਪਣੇ ਸੱਭਿਆਚਾਰ ਤੇ ਇਤਿਹਾਸ ਦੀ ਤਕੜੀ ਜਾਣਕਾਰੀ ਹੋਣਾ, ਬਹੁਤ ਕੁਝ ਗਿਣਾਇਆ ਜਾ ਸਕਦਾ ਹੈ। ਇਸ ਰਾਹ ਸ਼ਖ਼ਸੀ ਵਿਕਾਸ ਹੋਣ ਤਾਂ ਹੁੰਦਾ ਹੀ ਹੈ, ਮਾਨਸਿਕ ਰੱਜ ਵੀ ਮਿਲਦਾ ਹੈ। ਨਵੇਂ ਤੋਂ ਨਵਾਂ ਸਿੱਖਦੇ ਰਹਿਣ ਸਦਕਾ ਮੇਰੀ ਲਿਖਣ ਕਲਾ ਵੀ ਨਿਖਰਦੀ ਗਈ। ਸੇਵਾਮੁਕਤੀ ਪਿੱਛੋਂ ਮੈਂ ਪੂਰਾ ਸਮਾਂ ਇਸੇ ਲੇਖੇ ਲਾਇਆ। ਇੰਜ ਵਾਰਤਕ 13, ਜੀਵਨੀਆਂ 4, ਸਵੈ-ਜੀਵਨੀ 1, ਸਫ਼ਰਨਾਮਾ 1 ਅਤੇ ਬਾਲ ਸਾਹਿਤ ਦੀਆਂ ਲਗਪਗ 40 ਪੁਸਤਕਾਂ ਛਪ ਗਈਆਂ।
ਸੰਪਰਕ: 98141-57137