ਮੈਂ ਐਸੀ-ਵੈਸੀ ਕੁੜੀ ਹਾਂ
ਰੰਜੀਵਨ ਸਿੰਘ
ਹਾਂ…
ਮੈਂ ਐਸੀ-ਵੈਸੀ ਕੁੜੀ ਹਾਂ
ਜੋ ਸਿਰ ਢਕ ਕੇ ਨਹੀਂ
ਸਿਰ ਉੱਚਾ ਕਰਕੇ ਤੁਰਦੀ ਹਾਂ
ਅੱਖਾਂ ਮੀਟ ਕੇ ਗੱਲ ਨਹੀਂ ਮੰਨਦੀ
ਵਿਚਾਰ-ਵਟਾਂਦਰਾ ਅਤੇ ਤਰਕ ਕਰਦੀ ਹਾਂ
ਕਿਉਂ ਜੋ
ਮੈਂ ਐਸੀ-ਵੈਸੀ ਕੁੜੀ ਹਾਂ
ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ
ਆਪਣੇ ਦਿਸਹੱਦੇ ਆਪ ਤਲਾਸ਼ਦੀ ਹਾਂ
ਮੈਂ ਮਰਦ ਨਾਲ ਮੁਕਾਬਲੇ ਵਿੱਚ ਨਹੀਂ
ਪੂਰਕ ਹਾਂ ਇੱਕ ਦੂਜੇ ਦੇ ਅਸੀਂ
ਬਸ, ਆਪਣੀ ਹੋਂਦ ਦੇ ਨਕਸ਼ ਉਘਾੜਦੀ ਹਾਂ
ਕਿਉਂ ਜੋ
ਮੈਂ ਐਸੀ-ਵੈਸੀ ਕੁੜੀ ਹਾਂ
ਮੈਂ ਧਰਤ ਦੀ ਥਾਹ ਜਾਣਦੀ ਹਾਂ
ਅੰਬਰ ਦੀ ਉਚਾਈ ਨਾਪਦੀ ਹਾਂ
ਪਰਬਤ ਜਿਹਾ ਜੇਰਾ ਰੱਖਦੀ ਹਾਂ
ਸਾਗਰ ਦੀ ਗਹਿਰਾਈ ਮਹਿਸੂਸਦੀ ਹਾਂ
ਕਿਉਂ ਜੋ
ਮੈਂ ਐਸੀ-ਵੈਸੀ ਕੁੜੀ ਹਾਂ
ਹਾਂ…
ਮੈਂ ਐਸੀ-ਵੈਸੀ ਕੁੜੀ ਹਾਂ
ਸੰਪਰਕ: 98150-68816
* * *
ਇਹ ਤਾਂ
ਮਨਜੀਤ ਪਾਲ ਸਿੰਘ
ਇਹ ਤਾਂ ਬੋਲ ਨੇ ਪਰਿੰਦਿਆਂ ਦੇ, ਕਦੋਂ ਹੁੰਗਾਰੇ ਤਲਾਸ਼ਦੇ।
ਸਵਾਰ ਹੋ ਪੌਣ ਦੇ ਪਰਾਂ ‘ਤੇ, ਅੰਬਰ ਦੇ ਹੁਲਾਰੇ ਤਲਾਸ਼ਦੇ।
ਇਹ ਤਾਂ ਵਹਿਣ ਨੇ ਨਿਰੰਤਰ, ਬੇਖ਼ਬਰ ਮੰਜ਼ਿਲ ਦੇ ਰੂਪ ਤੋਂ
ਬੇੜੀਆਂ ‘ਤੇ ਹੋ ਸਵਾਰ, ਕਦੋਂ ਇਹ ਕਿਨਾਰੇ ਤਲਾਸ਼ਦੇ।
ਪਿਆਸ ਨੇ ਕਿੱਥੇ ਬੁਝਾਉਂਦੇ, ਦਰਿਆਵਾਂ ਝਰਨਿਆਂ ਦੇ ਜਲ
ਇਸ਼ਕ ਹੈ ਸਾਗਰ ਦਾ ਕੇਵਲ, ਤੇ ਪਾਣੀ ਖਾਰੇ ਤਲਾਸ਼ਦੇ।
ਫ਼ਕੀਰੀ ਦੀ ਅਯਾਸ਼ੀ ਨਹੀਂ, ਅੱਖਰਾਂ ਤੋਂ ਪਾਰ ਨੇ ਮੁਕੱਦਰ
ਮਹਿਲ, ਨਾ ਛੱਤਾਂ ਦੀਵਾਰਾਂ, ਨਾ ਝੁੱਗੀਆਂ, ਢਾਰੇ ਤਲਾਸ਼ਦੇ।
ਲਿਸ਼ਕਦੇ ਨੇ ਜ਼ਿਹਨ ਅੰਦਰ, ਖੰਡਾਂ ਬ੍ਰਹਿਮੰਡਾਂ ਦੇ ਜਲੌਅ
ਚੁੱਕ ਕੇ ਨਜ਼ਰਾਂ ਕਦੋਂ, ਕੋਈ ਨਜ਼ਾਰੇ ਤਲਾਸ਼ਦੇ।
ਸੰਪਰਕ: 96467-13135
* * *
ਗ਼ਜ਼ਲ
ਰਾਕੇਸ਼ ਕੁਮਾਰ
ਨਾ ਕਰ ਪਿਆਰ ਦਾ ਦਿਖਾਵਾ,
ਮਨ ਵਿੱਚੋਂ ਨਫ਼ਰਤਾਂ ਟਾਲ ਦੇ।
ਤੋੜ ਦੇ ਲਾਲਚ ਦੀਆਂ ਬੇੜੀਆਂ,
ਕਦਮਾਂ ਨੂੰ ਇੱਕ ਨਵੀਂ ਚਾਲ ਦੇ।
ਸੁੱਟ ਨਾ ਕਦੇ ਚਿੱਕੜ ਦੂਜਿਆਂ ‘ਤੇ,
ਖ਼ੁਦ ਨੂੰ ਵੀ ਦਾਗ਼ ਤਾਂ ਲੱਗਦੇ ਨੇ,
ਵਸਲ ਦੀ ਗੱਲ ਬਾਤ ਕਰੀਏ,
ਇੱਕ ਨਵਾਂ ਰੂਪ ਹਰ ਹਾਲ ਦੇ।
ਜੰਮਣ ਮਰਨ ਦਾ ਇੱਕ ਚੱਕਰ,
ਪੁਤਲਾ ਹੱਡ ਮਾਸ ਦਾ ਮਿੱਟੀ,
ਹੌਸਲਿਆਂ ਨਾਲ ਲੈ ਉਡਾਰੀ
ਵਹਿੰਦੇ ਖ਼ੂਨ ਨੂੰ ਉਬਾਲ਼ ਦੇ।
ਜਦੋਂ ਜਾਗੋ ਉਦੋਂ ਹੀ ਸਵੇਰਾ,
ਉੱਜਲ ਨਸੀਬ ਤੇਰਾ ਹੱਥ ਤੇਰੇ,
ਹੋਵੇ ਖ਼ਿਆਲਾਂ ਦੀ ਨਵੀਂ ਦਿਸ਼ਾ
ਜ਼ਿੰਦਗੀ ਨੂੰ ਸੰਗੀਤਮਈ ਤਾਲ ਦੇ।
ਸੰਪਰਕ: 94630-24455
* * *
ਗ਼ਜ਼ਲ
ਗੁਰਮੀਤ ਸਿੰਘ ਸੋਹੀ
ਅੰਬਰਾਂ ਵਿੱਚ ਤਾਰਾ ਕੋਈ ਮੇਰਾ ਵੀ ਹੋਵੇਗਾ
ਲੱਗਾਂ ਜਿਸ ਨੂੰ ਪਿਆਰਾ ਕੋਈ ਮੇਰਾ ਵੀ ਹੋਵੇਗਾ
ਟਾਹਣੀ ‘ਤੇ ਬੈਠੇ ਪੰਛੀਆਂ ਨੂੰ ਨਾ ਡਿੱਗਣ ਦੇਵੇ
ਤਿਣਕੇ ਵਾਂਗ ਸਹਾਰਾ ਕੋਈ ਮੇਰਾ ਵੀ ਹੋਵੇਗਾ
ਇਸ਼ਕ ਵਿੱਚ ਅਮਰ ਹੋਇਆਂ ਨੂੰ ਜੱਗ ਪੂਜਦਾ
ਇੱਕ ਤਖਤ ਹਜ਼ਾਰਾ ਕੋਈ ਮੇਰਾ ਵੀ ਹੋਵੇਗਾ
ਸਾਗਰਾਂ ਦੀ ਗਹਿਰਾਈ ਦਾ ਤਾਂ ਅੰਦਾਜ਼ਾ ਨਹੀਂ
ਕਿਸੇ ਪੱਤਣ ਦਾ ਕਿਨਾਰਾ ਕੋਈ ਮੇਰਾ ਵੀ ਹੋਵੇਗਾ
ਵਕਤ ਤਾਂ ਚੰਗੇ ਚੰਗਿਆਂ ਦਾ ਵਕਤ ਬਦਲ ਦਿੰਦਾ
ਵਕਤ ਦਾ ਇੱਕ ਇਸ਼ਾਰਾ ਕੋਈ ਮੇਰਾ ਵੀ ਹੋਵੇਗਾ
ਚਲਦੇ ਰਹਿਣ ਨਾਲ ਹੀ ਪੈਂਡੇ ਘੱਟਦੇ ‘ਸੋਹੀ’
ਸਿਖਰਾਂ ਛੂਹਣ ਦਾ ਨਜ਼ਾਰਾ ਕੋਈ ਮੇਰਾ ਵੀ ਹੋਵੇਗਾ
ਸੰਪਰਕ: 92179-81404
* * *
ਅਸੀਂ ਮਜ਼ਦੂਰ
ਸ਼ੀਲੂ
‘ਅਸੀਂ ਮਜ਼ਦੂਰ’ ਕਰ ਕੇ ਮਿਹਨਤ ਤੇ ਮਜ਼ਦੂਰੀ,
ਕਰਦੇ ਲੋੜ ਟੱਬਰ ਦੀ ਪੂਰੀ।
ਹੱਕ ਤੇ ਸੱਚ ਦੀ ਅਸੀਂ ਕਰਦੇ ਕਮਾਈ,
ਮਿਹਨਤ ਹੀ ਹੈ ਸਾਡੇ ਜ਼ਖ਼ਮਾਂ ਦੀ ਦਵਾਈ।
ਝੂਠ, ਫਰੇਬ ਤੋਂ ਦੂਰ ਹਾਂ ਰਹਿੰਦੇ,
ਮੰਦੇ ਬੋਲ ਅਸੀਂ ਨਾ ਕਹਿੰਦੇ।
ਸਾਡੇ ਬਿਨਾਂ ਦੁਨੀਆ ਅਧੂਰੀ,
ਹਰ ਕੰਮ ਲਈ ਅਸੀਂ ਜ਼ਰੂਰੀ।
ਸਾਡੀ ਮਿਹਨਤ ਦੇਵੇ ਸਭਨਾਂ ਨੂੰ ਸੁੱਖ,
ਕਿਉਂ ਕੋਈ ਸਮਝੇ ਨਾ ਸਾਡੇ ਦੁੱਖ।
ਕਿਰਤ ਸਾਡੀ ਦੀ ਹੁੰਦੀ ਲੁੱਟ,
ਕਾਮਿਆਂ ਵਿੱਚ ਜਦੋਂ ਪੈਂਦੀ ਫੁੱਟ।
ਹੱਕਾਂ ਦੀ ਗੱਲ ਸਭ ਨੇ ਕਰਦੇ,
ਸਮਾਜਵਾਦ ਦੀ ਹਾਮੀ ਭਰਦੇ,
ਹਰ ਜਾਂਦੇ ਜਦੋਂ ਜੋਕਾਂ ਵਰਗੇ ਲੋਕੀਂ,
ਪੂੰਜੀਵਾਦ ਦਾ ਪਾਣੀ ਭਰਦੇ।
ਭਾਵੇਂ ਅਸੀਂ ਮਾਇਆ ਤੇਰੀ ਤੋਂ ਦੂਰ
ਪਰ ਰਹਿੰਦੇ ਹਾਂ ਚਿੰਤਾ ਰਹਿਤ ਜ਼ਰੂਰ।
ਸੁੱਖ-ਚੈਨ ਨਾਲ ਅਸੀਂ ਹਾਂ ਸੌਂਦੇ,
‘ਸਰਮਾਏਦਾਰੀ’ ਨੂੰ ਫਿਰ ਨਾ ਭਾਉਂਦੇ।
ਰਲ ਮਿਲ ਮਜ਼ਦੂਰਾਂ ਦਾ ਵੀ ਤਿਓਹਾਰ ਮਨਾਓ,
ਕਿਰਤ ਦੀ ਲੁੱਟ ਹਟੇ, ਸੁੱਤੀ ਖਲਕਤ ਨੂੰ ਜਗਾਓ।
ਏਕੇ ਵਿੱਚ ਹੁੰਦੀ ਹੈ ਬਰਕਤ,
ਕੰਮੀਆਂ ਵਿੱਚ ਇਹ ਅਲਖ ਜਗਾਓ।
* * *
ਮੇਰੀ ਮਾਂ ਮੇਰਾ ਰੱਬ
ਰਜਨੀਸ਼ ਗਰਗ
ਮੈਂ ਨਾਸਤਿਕ ਹਾਂ ਅਖੌਤੀ ਰੱਬ ਨੂੰ ਨਹੀਂ ਮੰਨਦਾ
ਪਰ ਪੁੂਜਦਾ ਹਾਂ ਰੋਜ਼ ਉਸ ਰੱਬ ਰੂਪੀ ਬਾਪ ਨੂੰ
ਯਕੀਨ ਨਹੀਂ ਰੱਖਦਾ ਮੈਂ ਕਿਸੇ ਵੀ ਅੰਧ-ਵਿਸ਼ਵਾਸ ‘ਚ
ਪਰ ਮੰਨਦਾ ਹਾਂ ਬੇਵੱਸ ਲਾਚਾਰ ਇਨਸਾਨ ਦੇ ਸਰਾਪ ਨੂੰ
ਹਾਸਾ ਜਿਹਾ ਆਉਂਦਾ ਮੈਨੂੰ ‘ਸ਼ਕਤੀਆਂ’ ਬਾਰੇ ਸੁਣ ਕੇ
ਪਰ ਮਹਿਸੂਸ ਕੀਤਾ ਕਈ ਵਾਰ ਦੁਆਵਾਂ ਦੇ ਚਮਤਕਾਰ ਨੂੰ
ਲਾਇਆ ਨਹੀਂ ਪੈਰਾਂ ਨੂੰ ਹੱਥ ਹੁਣ ਕਿਸੇ ‘ਸਿਆਣੇ’ ਦੇ
ਸਿਰ ਹੈ ਝੁਕਾਇਆ ਹਰ ਵਾਰ ਵੱਡਿਆਂ ਦੇ ਸਤਿਕਾਰ ਨੂੰ
ਨਰਕਾਂ ਸਵਰਗਾਂ ‘ਚ ਵੀ ਯਕੀਨ ਨਾ ਰੱਖਿਆ
ਪਰ ਵਰ੍ਹਦਾ ਵੇਖਿਆ ਮੈਂ ਕੁਦਰਤ ਦੇ ਕਾਲ ਨੂੰ
ਸਭ ਜ਼ਾਤਾਂ ਪਾਤਾਂ ਦੇ ਲੋਕਾਂ ਨੂੰ ਇੱਕ ਮੰਨਦਾ
ਇੱਕ ਮੰਨਦਾ ਹਰ ਧਾਰਮਿਕ ਸਥਾਨ ਨੂੰ
ਨਾਸਤਿਕ ਹੁੰਦਿਆਂ ਵੀ ਰਜਨੀਸ਼ ਆਸਤਿਕ ਹੈ
ਹੱਥ ਜੋੜ ਅਰਦਾਸ ਕਰਦਾ ਆਪਣੀ ਮਾਂ ਨੂੰ।
ਸੰਪਰਕ: 90412-50087
* * *
ਤਿੰਨ ਮਾਵਾਂ
ਪਰਮਿੰਦਰ ਕੌਰ
ਦੁਨੀਆਂ ‘ਤੇ ਤਿੰਨ ਮਾਵਾਂ, ਤਿੰਨੋਂ ਹੀ ਮਹਾਨ।
ਚੁਕਾ ਨਹੀਂ ਸਕਦਾ ਕੋਈ, ਇਨ੍ਹਾਂ ਦਾ ਅਹਿਸਾਨ।
ਪਹਿਲੀ ਮਾਂ ਔਰਤ ਹੈ, ਕਹਿੰਦੇ ਜਿਸ ਨੂੰ ਜੱਗ ਜਣਨੀ।
ਬੇਅੰਤ ਪੀੜਾਂ ਸਹਿ ਕੇ, ਸਾਨੂੰ ਦੁਨੀਆ ਵਿੱਚ ਲਿਆਉਂਦੀ।
ਚੰਗੇ-ਮੰਦੇ ਵਿਚਲਾ ਫ਼ਰਕ, ਸਾਨੂੰ ਹੈ ਸਮਝਾਉਂਦੀ।
ਜ਼ਿੰਦਗੀ ਸਾਡੀ ਸਵਰਗ ਬਣਾਉਂਦੀ, ਪਰ ਨਹੀਂ ਕਦੇ ਜਤਾਉਂਦੀ।
ਐਸੀ ਹਰ ਇੱਕ ਮਾਂ ਦੇ ਲਈ, ਮੇਰਾ ਦਿਲੋਂ ਸਲਾਮ।
ਦੁਨੀਆਂ ‘ਤੇ ਤਿੰਨ ਮਾਵਾਂ, ਤਿੰਨੋਂ ਹੀ ਮਹਾਨ।
ਦੂਜੀ ਮਾਂ ਹੈ ਮਾਂ ਬੋਲੀ, ਜੋ ਸਿੱਖੀ ਮਾਂ ਦੀ ਝੋਲੀ।
ਇਹ ਹੈ ਸਭ ਦੀ ਖੇਤਰੀ ਭਾਸ਼ਾ, ਮੇਰੀ ਹੈ ਪੰਜਾਬੀ ਬੋਲੀ।
ਬੋਲਣ ਵਿੱਚ ਕਿਉਂ ਸ਼ਰਮ ਕਰਾਂ, ਹੈ ਇਸ ਦੀ ਟੌਹਰ ਨਵਾਬੀ।
ਕੌਮ ਹੈ ਓਹੀਓ ਬਚਦੀ, ਜਿਸ ਦੀ ਮਾਂ ਬੋਲੀ ਹੈ ਜਿਉਂਦੀ।
ਮਾਂ ਬੋਲੀ ਜਾਨ ਹੈ ਸਾਡੀ, ਕਰੀਏ ਇਸ ਦਾ ਸਨਮਾਨ।
ਦੁਨੀਆਂ ‘ਤੇ ਤਿੰਨ ਮਾਵਾਂ, ਤਿੰਨੋਂ ਹੀ ਮਹਾਨ।
ਤੀਜੀ ਮਾਂ ਹੈ ਧਰਤੀ ਮਾਂ, ਜੋ ਹੈ ਸਭ ਦੀ ਪਾਲਣਹਾਰ।
ਰੁੱਖ, ਮਨੁੱਖ, ਹਵਾ ਤੇ ਪਾਣੀ, ਸਭ ਇਸਦੇ ਕਰਜ਼ਦਾਰ।
ਕੁੱਲ ਦੁਨੀਆ ‘ਤੇ ਨਹੀਂ ਸੰਭਵ, ਇਸ ਬਿਨ ਜੀਵਨ ਕਿਸੇ ਦਾ।
ਜੇ ਮਾਂ ਧਰਤੀ ਰੁੱਸ ਜਾਵੇ ਤਾਂ, ਜਿਉਣਾ ਦੱਸੋ ਕਿਸ ਤਰ੍ਹਾਂ?
ਉਪਕਾਰੀ ਧਰਤੀ ਕਰ ਬੰਜਰ, ਨਾ ਕਰੀਏ ਅਪਮਾਨ।
ਦੁਨੀਆਂ ‘ਤੇ ਤਿੰਨ ਮਾਵਾਂ ਪਰਮ, ਤਿੰਨੋਂ ਹੀ ਮਹਾਨ।
ਚੁਕਾ ਨਹੀਂ ਸਕਦਾ ਕੋਈ, ਇਨ੍ਹਾਂ ਦਾ ਅਹਿਸਾਨ।
ਸੰਪਰਕ: 98773-46150
* * *
ਗ਼ਜ਼ਲ
ਜਸਵੰਤ ਧਾਪ
ਫ਼ਿਕਰ ਬਣੇ ਜਦ ਹਾਦਸਾ ਪਲ ਵਿੱਚ ਟੁੱਟੇ ਧੀਰ
ਵਾਂਗੂੰ ਬੁੱਢੇ ਬਿਰਖ ਦੇ ਝੁਰਦਾ ਰਹੇ ਸਰੀਰ
ਦੁੱਖ ਦੀਆਂ ਰਾਤਾਂ ਲੰਮੀਆਂ ਮੁੱਕਣ ਵਿੱਚ ਨਾ ਆਉਣ
ਆਸਾਂ ਹੋਈਆਂ ਕੁੱਬੀਆਂ ਨਿੱਤ ਵਹਾਵਣ ਨੀਰ
ਚਾਨਣ ਦੂਰ ਦੁਰਾਡਿਓਂ ਕੌਣ ਲਿਆਵੇ ਘੇਰ
ਸੱਜਣ ਬੇਲੀ ਵਿਟਰੇ ਬੈਠੇ ਪਕੜ ਲਕੀਰ
ਵਸਤਰ ਮੰਗ ਕੇ ਜ਼ਿੰਦਗੀ ਕੀਤੀ ਵੱਡੀ ਭੁੱਲ
ਉਲਟਾ ਲਾਹ ਕੇ ਲੈ ਗਿਆ ਚੁੰਨੀ ਫੇਰ ਅਮੀਰ
ਮੱਲ੍ਹਮ ਸਹੇੜੇ ਜ਼ਖ਼ਮ ਤੇ ਕੀਹਨੂੰ ਕਹੀਏ ਲਾ
ਧਾਪ ਅਸਾਥੋਂ ਜ਼ਖ਼ਮ ਖਾ ਸੱਜਣ ਹੋਇਆ ਫ਼ਕੀਰ
ਸੰਪਰਕ: 98551-45330
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਤੁਰ ਗਏ ਪੁੱਤ ਪਰਦੇਸੀਂ ਵੇਖੋ, ਸੱਖਣੇ ਹੋ ਗਏ ਵਿਹੜੇ
ਢਿੱਡੋਂ ਜੰਮੇ ਦੂਰ ਤੋਰ ਕੇ, ਸੁੱਖ ਲੱਭਦੈਂ ਤੂੰ ਕਿਹੜੇ?
ਬਿਨ ਬੱਚਿਆਂ ਦੇ ਕਾਹਦਾ ਜੀਣਾ, ਵਕਤ ਨੂੰ ਦੇਵੇਂ ਧੱਕੇ
ਆਪਣੇ ਹੱਥੀਂ ਬਾਗ਼ ਉਜਾੜੇਂ, ਲੱਭਦੈਂ ਖ਼ੁਸ਼ੀਆਂ ਖੇੜੇ?
ਪੈਸੇ ਖੱਟੇ ਧੀ ਪੁੱਤ ਗੁਆਇਆ, ਕਰ ਕੇ ਵੇਖ ਵਿਚਾਰਾਂ
ਤੇਰੇ ਪੱਲੇ ਪੈ ਗਏ ਝੱਲਿਆ, ਰੈਣ ਦਿਵਸ ਦੇ ਗੇੜੇ।
ਮੁੱਕ ਜਾਣੀ ਏ ਹਿਰਸ ਉਦੋਂ, ਜਦ ਆਏ ਲੈਣ ਫ਼ਰਿਸ਼ਤੇ
ਵੇਖੀਂ ਭਲਿਆ ਮੁੱਕ ਜਾਣੇ ਨੇ ਇਹ ਸਭ ਝਗੜੇ-ਝੇੜੇ।
ਛਾਵਾਂ ਜੇ ਤੂੰ ਠੰਢੀਆਂ ਚਾਹਵੇਂ, ਕਿਉਂ ਨਾ ਸਾਂਭੇਂ ਬੂਟੇ?
ਜਿਸ ਜਿਸ ਨੇ ਵੀ ਸਾਂਭ ਲਏ ਨੇ, ਟਹਿਕਣ ਉਸ ਦੇ ਵਿਹੜੇ।
ਸੰਪਰਕ: 97816-46008
* * *
ਤਕਰਾਰ ਵਿੱਚ
ਵਿਸ਼ਵਿੰਦਰ ਰਾਮਪੁਰ
ਲੁੱਟ ਲੈ ਹੱਸ ਕੇ ਨਜ਼ਾਰੇ,
ਰੰਗਲੇ ਸੰਸਾਰ ਵਿੱਚ।
ਰੁੱਸਿਆਂ ਮਿਲਦਾ ਨਹੀਂ ਕੁਝ,
ਨਾ ਹੀ ਮਿਲੇ ਤਕਰਾਰ ਵਿੱਚ।
ਈਰਖਾ ਫਲ਼ਦੀ ਸੁਣੀ ਨਾ,
ਉਗਲਣੀ ਛੱਡ ਜ਼ਹਿਰ ਹੁਣ।
ਫੁੱਲਿਆ ਮੁੱਖ ਸ਼ੋਭਦਾ ਨਾ,
ਘਰ ਅਤੇ ਪਰਿਵਾਰ ਵਿੱਚ।
ਠੋਕਰਾਂ ਵਿੱਚ ਰੋਲ਼ ਦੇਵੇਂ,
ਰਿਸ਼ਤਿਆਂ ਦੇ ਨਿੱਘ ਨੂੰ।
ਜਾਪਦਾ ਫਿਰ ਡੁੱਬਿਆ ਤੂੰ,
ਸੱਜਣਾ ਹੰਕਾਰ ਵਿੱਚ।
ਬਦਲਣੀ ਤਾਸੀਰ ਸੀ ਤੇ,
ਬਦਲ ਜਾਣੀ ਸੀ ਫਿਜ਼ਾ।
ਰੱਖਦਾ ਜੇਕਰ ਭਰੋਸਾ,
ਯਾਰ ਜੇ ਦਿਲਦਾਰ ਵਿੱਚ।
ਸਿੱਖ ਲਈ ਬੋਲੀ ਜਦੋਂ ਤੂੰ,
ਜੋੜਨਾ ਦੱਸਦੀ ਹੈ ਜੋ।
ਦੇਖ ਲਈਂ ਸਿਰ ਝੁਕਣਗੇ ਫਿਰ,
ਅਦਬ ਤੇ ਸਤਿਕਾਰ ਵਿੱਚ।
ਲੁੱਟ ਲੈ ਹੱਸ ਕੇ ਨਜ਼ਾਰੇ,
ਰੰਗਲੇ ਸੰਸਾਰ ਵਿੱਚ।
ਰੁੱਸਿਆਂ ਮਿਲਦਾ ਨਹੀਂ ਕੁਝ,
ਨਾ ਹੀ ਮਿਲੇ ਤਕਰਾਰ ਵਿੱਚ।
ਸੰਪਰਕ: 88722-01201
* * *
ਬਾਪੂ ਦੀ ਕਮਾਈ
ਹਰਪ੍ਰੀਤ ਪੱਤੋ
ਬਾਪੂ ਕੁੱਬਾ ਹੋ ਗਿਆ
ਕਰਦਾ ਕਮਾਈਆਂ ਨੂੰ,
ਕਦੇ ਨਾ ਆਰਾਮ ਆਇਆ
ਪਾਟੀਆਂ ਬਿਆਈਆਂ ਨੂੰ।
ਰੋਟੀ ਖਾਣ ਲੱਗਿਆਂ ਹੱਥ
ਵੀ ਨਾ ਧੋਤੇ ਕਦੇ,
ਝੱਗੇ ਨਾਲ ਪੂੰਝ ਖਾਂਦਾ
ਪੋਣੇ ਵਿੱਚ ਪਾਈਆਂ ਨੂੰ।
ਗੰਢਾ ਤੇ ਅਚਾਰ ਰੱਖ
ਮਿੱਸੀ ਰੋਟੀ ਉੱਤੇ,
ਮੱਥੇ ਨਾਲ ਲਾਉਂਦਾ,
ਹੱਥ ‘ਤੇ ਟਿਕਾਈਆਂ ਨੂੰ।
ਦਿਨ ਚੜ੍ਹਦਾ ਤੇ ਛਿਪਦਾ,
ਘੜੀ ਦੀ ਨਾ ਲੋੜ ਕੋਈ,
ਗਿੱਠ ਨਾਲ ਮਿਣ ਲੈਂਦਾ,
ਸ਼ਾਮਾਂ ਢਲ ਆਈਆਂ ਨੂੰ।
ਸ਼ਾਹਾਂ ਦਾ ਕਰਜ਼ ਫੇਰ
ਵੀ ਨਹੀਂ ਮੁੜਿਆ,
ਪਿਆ ਨਾ ਬੂਰ ਕੋਈ,
ਆਸਾਂ ਜੋ ਲਾਈਆਂ ਨੂੰ।
ਹਰਪ੍ਰੀਤ ਪੱਤੋ ਉਹਨੇ
ਖਾਧਾ ਨਾ ਹੰਢਾਇਆ ਚੰਗਾ,
ਕੌਣ ਇੱਥੇ ਪੁੱਛਦਾ
ਉਮਰਾਂ ਲੰਘਾਈਆਂ ਨੂੰ।
ਸੰਪਰਕ: 94658-21417