ਧੜਕਦੀ ਕਿਤਾਬ ਵਰਗਾ ਹਾਂ
ਪ੍ਰੋ. ਕੁਲਵੰਤ ਔਜਲਾ
ਬੇਕਿਤਾਬਾ ਹਾਂ ਪਰ ਧੜਕਦੀ ਕਿਤਾਬ ਵਰਗਾ ਹਾਂ
ਨਾਨਕ ਸ਼ਾਇਰ ਫ਼ਕੀਰ ਦੀ ਰੱਬੀ ਰਬਾਬ ਵਰਗਾ ਹਾਂ
ਵਿੱਥਾਂ ਤੇ ਵਿਤਕਰਿਆਂ ਨੇ ਖ਼ੂਬ ਚੀਰਿਆ ਮੈਨੂੰ
ਥੋੜ੍ਹਾ ਥੋੜ੍ਹਾ ਫਿਰ ਵੀ ਸਾਂਝੇ ਪੰਜਾਬ ਵਰਗਾ ਹਾਂ
ਜਿਸਦੀ ਖ਼ੁਸ਼ਬੂ ਹੱਦਾਂ ਸਰਹੱਦਾਂ ਤੋਂ ਪਾਰ ਜਾਵੇ
ਐਸੇ ਅਸਲੀ ਤੇ ਅਲਹਿਦਾ ਗੁਲਾਬ ਵਰਗਾ ਹਾਂ
ਸਿੱਖਾਂ ਦੇ ਘਰ ਜੰਮਿਆ ਪਲਿਆ ਹਾਂ ਲੇਕਿਨ
ਹਾਅ ਦੇ ਨਾਅਰੇ ਵਾਲੇ ਮੁਸਲਿਮ ਨਵਾਬ ਵਰਗਾ ਹਾਂ
ਲੋਕ ਅਜੇ ਵੀ ਵਾਰ ਵਾਰ ਪੜ੍ਹਨ ਸੁਣਨ ਮੈਨੂੰ
ਢਲਦੀ ਉਮਰੇ ਵੀ ਗ਼ਜ਼ਲ ਲਾਜਵਾਬ ਵਰਗਾ ਹਾਂ
ਊੜੇ ਐੜੇ ਤੋਂ ਅਗਾਂਹ ਮੈਥੋਂ ਟੱਪ ਨਹੀਂ ਹੋਇਆ
ਫ਼ਕੀਰਾਂ ਫੱਕਰਾਂ ਦੇ ਅੰਦਰੂਨੀ ਹਿਸਾਬ ਵਰਗਾ ਹਾਂ
ਲੱਗਦਾ ਹੁਣ ਬਹੁਤਾ ਚਿਰ ਲਿਸ਼ਕ ਨਹੀਂ ਹੋਣਾ
ਲਗਪਗ ਬੁਝਣ ਨੂੰ ਫਿਰਦੇ ਹੁਸਨ ਆਫ਼ਤਾਬ ਵਰਗਾ ਹਾਂ
ਸੰਗਮਰਮਰ ਨੇ ਢਕ ਲਿਆ ਬੇਸ਼ੱਕ ਮੇਰਾ ਵਜੂਦ
ਢਿੱਡੋਂ ਪਰ ਕੱਚੀ ਖਿਦਰਾਣੇ ਦੀ ਢਾਬ ਵਰਗਾ ਹਾਂ
ਅਤੀਤ ਅਕਸਰ ਮਿਲਣ ਆ ਜਾਂਦਾ ਹੈ ਮੈਨੂੰ
ਨੱਕੋ ਨੱਕ ਭਰੇ ਤਿਹੁ ਦੇ ਤਾਲਾਬ ਵਰਗਾ ਹਾਂ
ਮੇਰੀ ਧੜਕਣ ਵਿੱਚੋਂ ਸਿੰਮਦੇ ਨੇ ਅਜੇ ਵੀ ਸਤਲੁਜ
ਮੈਂ ਅਜੇ ਵੀ ਬੇਗ਼ਮਪੁਰੇ ਦੇ ਖ਼ੁਆਬ ਵਰਗਾ ਹਾਂ
ਸੰਪਰਕ: 84377-88856
* * *
ਗ਼ਜ਼ਲ
ਬਲਵਿੰਦਰ ਬਾਲਮ
ਯਾਦਾਂ ਦਾ ਇੱਕ ਬਹੁਤ ਪੁਰਾਣਾ ਕਮਰਾ ਫੋਲ ਰਿਹਾ ਹਾਂ।
ਸੁੱਕੇ ਜ਼ਖ਼ਮਾਂ ਦੇ ਮੈਂ ਫਿਰ ਤੋਂ ਟਾਂਕੇ ਖੋਲ੍ਹ ਰਿਹਾ ਹਾਂ।
ਸ਼ਾਇਦ ਸਜਦੇ ਦੀ ਮੁਦਰਾ ਵਿੱਚ ਇੱਕ ਸਮੁੰਦਰ ਆਏ,
ਉਮੀਦਾਂ ਦੀ ਨ੍ਹੇਰੇ ਵਿੱਚ ਉਜਾਲੇ ਘੋਲ ਰਿਹਾ ਹਾਂ।
ਹਰ ਇੱਕ ਅੱਖ ਵਿੱਚ ਹੰਝੂ ਲਟਕਣ ਪਲਕਾਂ ਦੀ ਸਰਦਲ ’ਤੇ,
ਮਹਿਫ਼ਿਲ ਦੀ ਖ਼ਾਮੋਸ਼ੀ ਅੰਦਰ ਕਵਿਤਾ ਬੋਲ ਰਿਹਾ ਹਾਂ।
ਘਿਓ ਕੀ ਮੁੱਕਿਆ ਸਾਰੀ ਬੱਤੀ ਫੱਫਕ-ਫੱਫਕ ਕੇ ਬੁਝੀ,
ਦੀਵੇ ਵਿੱਚੋਂ ਅਪਣਾ ਸਾਰਾ ਆਪਾ ਫੋਲ ਰਿਹਾ ਹਾਂ।
ਜੀਵਨ ਦੇ ਵਿੱਚ ਕਿਧਰੇ ਬੋਹੜ, ਕਿਧਰੇ ਪਿੱਪਲ ਬਣਿਆ,
ਤਾਂ ਹੀ ਧੁੱਪਾਂ ਛਾਵਾਂ ਕੋਲ, ਹਵਾਵਾਂ ਕੋਲ ਰਿਹਾ ਹਾਂ।
ਕੀ ਹੋਇਆ ਜੇ ਉਸ ਨੇ ਚੀਰ ਬਣਾਉਣਾ ਹੀ ਛੱਡ ਦਿੱਤਾ,
ਉਸ ਦੀ ਮਾਂਗ ’ਚ ਇੱਕ ਸਿੰਧੂਰ ਜਿਹਾ ਅਨਮੋਲ ਰਿਹਾ ਹਾਂ।
ਸ਼ਾਇਦ ਦੁਸ਼ਮਣ, ਸੱਜਣ ਬਣ ਕੇ ਇੱਕ ਸਹਾਰਾ ਦੇਵਣ,
ਇੱਕ ਮੁੱਦਤ ਤੋਂ ਗੰਧਲੇ ਜ਼ਹਿਰ ’ਚ ਅੰਮ੍ਰਿਤ ਘੋਲ ਰਿਹਾ ਹਾਂ।
ਫਿਰ ਵੀ ਚੰਨ ਸਿਤਾਰੇ ਸਾਰੇ ਨੇਰ੍ਹੇ ਦੇ ਮੁਹਤਾਜ ਰਹੇ,
ਬੇਸ਼ੱਕ ਅੰਬਰ ਵਿੱਚੋਂ ਸਾਰਾ ਸੂਰਜ ਡੋਲ੍ਹ ਰਿਹਾ ਹਾਂ।
ਕਿਉਂਕਿ ਮੇਰਾ ਜੀਵਨ ਫੁੱਲ ਸੀ ਕੰਢਿਆਂ ਦਾ ਕਰਜ਼ਾਈ,
ਤਾਂ ਹੀ ਖ਼ੁਸ਼ਬੂ ਬਣ ਕੇ ਮੈਂ ਗੁਲਸ਼ਨ ਦੇ ਸਮਤੋਲ ਰਿਹਾ ਹਾਂ।
ਮੰਨਿਆ, ਨਾ ਹੀ ਮਿੱਟੀ ਮੇਰੀ, ਨਾ ਹੀ ਕੋਈ ਬ੍ਰਹਿਮੰਡ,
ਫਿਰ ਵੀ ਇੱਕ ਭੂਗੋਲ ਰਿਹਾ ਹਾਂ, ਇੱਕ ਖਗੋਲ ਰਿਹਾ ਹਾਂ।
ਤਾਲ ’ਚ ਘੁੰਗਰੂਆਂ ਦੀ ਛਣ-ਛਣ ਖ਼ੁਦ ਨਸੀਬ ਨਾ ਹੋਈ,
ਤਬਲਾ, ਸਾਰੰਗੀ, ਡਫਲੀ, ਮੰਜੀਰੇ, ਢੋਲ ਰਿਹਾ ਹਾਂ।
ਉਹ ਨਿਰਮੋਹੀ ਅਪਣੀ ਥਾਂ ਤੋਂ ਟੱਸ ਤੋਂ ਮੱਸ ਨਾ ਹੋਇਆ,
ਇੱਕ ਅਰਸੇ ਤੋਂ ਪੱਥਰ ਉੱਤੇ ਪਾਣੀ ਡੋਲ੍ਹ ਰਿਹਾ ਹਾਂ।
ਤੱਕੜੀ ਵਾਲੀ ਡੰਡੀ ਤਾਂ ਬਿਲਕੁਲ ਹੈ ਵਿਚਕਾਰ ਖੜ੍ਹੀ,
ਇੱਕ ਪਲੜੇ ਬਾਲਮ ਦੂਜੇ ਬਲਵਿੰਦਰ ਤੋਲ ਰਿਹਾ ਹਾਂ।
ਸੰਪਰਕ: 98156-25409
* * *
ਸਾੜ ਨਾ ਪਰਾਲ਼ੀ
ਪ੍ਰੋ. ਨਵ ਸੰਗੀਤ ਸਿੰਘ
ਸੁਣ ਕਿਰਸਾਨਾ! ਤੇਰੇ ਅੰਦਰ, ਗਫ਼ਲਤ ਭਰੀ ਹੈ ਬਾਹਲ਼ੀ।
ਬਿਨਾਂ ਸੋਚਿਆਂ ਸਾੜ ਰਿਹੈਂ ਤੂੰ, ਖੇਤਾਂ ਵਿੱਚ ਪਰਾਲ਼ੀ।
ਧਰਤੀ ਦੀ ਕੁੱਖ ਬੰਜਰ ਹੋ ਗਈ, ਕੱਖ ਰਿਹਾ ਨਾ ਪੱਲੇ
ਘਰ ਦੇ ਭਾਂਡੇ ਵੇਚਤੇ ਸਾਰੇ, ਰਿਹਾ ਨਾ ਛੰਨਾ-ਥਾਲ਼ੀ।
ਸਾੜ-ਫੂਕ ਨਾਠ ਧੂੰਆਂ ਉਠਦੈ, ਹੋਣ ਕਈ ਘਟਨਾਵਾਂ
ਸਹਜਿ-ਵਿਚਾਰ ਕੇ ਕੰਮ ਕਰੀਂ ਸਭ, ਨਾ ਕਰ ਐਨੀ ਕਾਹਲ਼ੀ।
ਚਾਰ-ਚੁਫ਼ੇਰਾ ਦੂਸ਼ਿਤ ਹੋਇਆ, ਨਾ ਦਿੱਸੇ ਨਾ ਭਾਲ਼ੇ
ਮੰਜੇ ’ਤੇ ਪਈ ਹੂੰਗ ਰਹੀ ਹੈ, ਮੰਗੂ ਦੀ ਘਰਵਾਲੀ।
ਕੀੜੇਮਾਰ ਦਵਾਈਆਂ ਵਰਤੇਂ, ਜ਼ਹਿਰ ਉਗਾਈ ਜਾਵੇਂ
ਮਾਂ ਧਰਤੀ ਦਾ ਹਾਲ ਬੁਰਾ ਹੈ, ਦੇਹ ਨਸ਼ਿਆਂ ਨੇ ਗਾਲ਼ੀ।
ਏਸ ਧੁਆਂਖੇ ਮੰਜ਼ਰ ਵਿੱਚ, ਹਰ ਕੋਈ ਖਊਂ-ਖਊਂ ਕਰਦਾ
ਦਿਲ ਦੀ ਧੜਕਣ ਰੁਕ ਜਾਣੀ ਹੈ, ਬੰਦ ਹੋਊ ਸਾਹ-ਨਾਲ਼ੀ।
ਮਿੱਤਰ-ਕੀੜੇ ਅੱਗ ’ਚ ਸਾੜੇ, ਧਰਤ ਸੇਕ ਨਾਲ ਲੂਹੇ
ਦਿਨ ਦਾ ਚਾਨਣ ਬਣਿਆ ਹੁਣ ਤਾਂ, ਰਾਤ ਹਨੇਰੀ ਕਾਲ਼ੀ।
ਬੇਰ ਡੁੱਲ੍ਹੇ ਪਰ ਵਿਗੜਿਆ ਕੁਝ ਨਾ, ਪਛਤਾਵੇਂਗਾ ਪਿੱਛੋਂ
ਲੰਘੇ ਵਕਤ ਨੇ ਹੱਥ ਨ੍ਹੀਂ ਆਉਣਾ, ਗੱਲ ਨਾ ਜਾਊ ਸੰਭਾਲ਼ੀ।
ਸੰਪਰਕ: 94176-92015
* * *
ਪਰਾਲੀ
ਸੁਨੀਤਾ ਰਾਣੀ
ਆਓ ਵਾਅਦਾ ਕਰੀਏ ਨਹੀਂ ਸਾੜਨੀ ਅਸੀਂ ਪਰਾਲੀ,
ਸਾੜਨ ਨਾਲ ਪਰਾਲੀ ਸਾਡੀ ਧਰਤੀ ਹੋ ਰਹੀ ਕਾਲੀ।
ਆਓ ਵਾਅਦਾ ਕਰੀਏ...
ਜ਼ਹਿਰ ਧੂੰਏਂ ਦਾ ਫੈਲ ਜਾਂਦਾ ਜਿੱਥੇ ਹੋਵੇ ਹਰਿਆਲੀ,
ਦਮ ਘੁਟ ਜਾਂਦਾ ਔਖੀ ਹੁੰਦੀ ਸਾਡੀ ਸਾਹ ਪ੍ਰਣਾਲੀ।
ਦਿਨ ਵੀ ਇੰਝ ਜਾਪੇ ਜਿਵੇਂ ਹੋਵੇ ਰਾਤ ਗਹਿਰੀ ਕਾਲੀ।
ਆਓ ਵਾਅਦਾ ਕਰੀਏ...
ਬਚਾਓ ਉਨ੍ਹਾਂ ਰੁੱਖਾਂ ਨੂੰ ਜਿਹੜੇ ਪੰਛੀਆਂ ਦੇ ਹਨ ਪਾਲੀ,
ਬੋਟ ਪੰਛੀ ਦੇ ਸਹਿਮ ਜਦੋਂ ਸੜੀ ਪਰਾਲੀ ਨਾਲ ਟਾਹਲੀ,
ਮਿੱਟੀ ’ਚ ਰਹਿੰਦੇ ਜੀਵਾਂ ਲਈ ਮੌਤ ਬਣੇ ਸੜਦੀ ਪਰਾਲੀ।
ਆਓ ਵਾਅਦਾ ਕਰੀਏ...
ਫ਼ਸਲ ਇੱਕ ਵਿਕੀ ਨਹੀਂ ਅਗਲੀ ਲਈ ਹੋਵੇ ਕਾਹਲੀ,
ਧਰਤੀ ਨੂੰ ਸਾਹ ਆਉਣ ਦੇਈਏ ਨਾ ਕਰੀਏ ਆਪਾਂ ਕਾਹਲੀ,
ਨਵੀਆਂ ਤਕਨੀਕਾਂ ਨਾਲ ਬੀਜੋ ਕਣਕ, ਕੁਤਰ ਦੇਵੋ ਪਰਾਲੀ,
ਆਓ ਵਾਅਦਾ ਕਰੀਏ...
ਨਵੀਆਂ ਖੋਜਾਂ ਨਾਲ ਫ਼ਾਇਦੇਮੰਦ ਸਾਬਿਤ ਹੋਵੇ ਪਰਾਲੀ,
ਵਾਤਾਵਰਣ ਵੀ ਸੰਭਾਲੇ ਲਹਿੰਦੀ ਮੁਸੀਬਤ ਵਾਲੀ ਪੰਜਾਲੀ,
‘ਸੁਨੀਤਾ’ ਸਾੜੋ ਨਾ ਪਰਾਲੀ ਕਾਇਮ ਰੱਖੋ ਪੰਜਾਬ ਦੀ ਹਰਿਆਲੀ।
ਆਓ ਵਾਅਦਾ...
ਸੰਪਰਕ: 98158-79921
* * *
ਜ਼ਿੰਦਗੀ ਦਾ ਸਾਰ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਕਰ ਲੈ ਸੋਚ ਵਿਚਾਰ ਜੇ ਜ਼ਿੰਦਗੀ ਜਿਉਣੀ ਹੈ
ਹੱਸ ਖੇਡ ਕੇ ਦਿਨ ਗੁਜ਼ਾਰ, ਜੇ ਜ਼ਿੰਦਗੀ ਜਿਉਣੀ ਹੈ।
ਉਂਜ ਦਰਿਆ ਇਹ ਦੁੱਖਾਂ ਵਾਲਾ ਸੁੱਕਣਾ ਨਹੀਂ
ਗੁਰਬਤ ’ਚੋਂ ਨਿਕਲ ਬਾਹਰ, ਜੇ ਜ਼ਿੰਦਗੀ ਜਿਉਣੀ ਹੈ।
ਤੈਨੂੰ ਜਾਪੇ ਤੇਰੇ ਕਰਕੇ ਚਲਦਾ ਇਹ ਸੰਸਾਰ
ਇਹ ਭਰਮ ਦੀ ਤੋੜ ਦੀਵਾਰ, ਜੇ ਜ਼ਿੰਦਗੀ ਜਿਉਣੀ ਹੈ।
ਪਿਆਰਾਂ ਤੇ ਸਤਿਕਾਰਾਂ ਵਾਲੇ ਅੰਬਰੀਂ ਲਾਉਣ ਉਡਾਰੀ
ਕਿਉਂ ਉਲਝਿਆ ਵਿੱਚ ਤਕਰਾਰ, ਜੇ ਜ਼ਿੰਦਗੀ ਜਿਉਣੀ ਹੈ।
ਲੋਕੀ ਰੁੱਖੀ ਸੁੱਕੀ ਖਾ ਕੇ ਸ਼ੁਕਰ ਮਨਾਉਂਦੇ ਨੇ
ਤੂੰ ਸਬਰ ਨੂੰ ਬੂਹਾ ਮਾਰ, ਜੇ ਜ਼ਿੰਦਗੀ ਜਿਉਣੀ ਹੈ।
ਦੁਨੀਆਂ ਖੜ੍ਹੀ ਉਡੀਕੇ ਆਮ ਜਿਹੀ ਗੱਲ ਨਹੀਂ
ਕੁਝ ਹਾਸਲ ਕਰ ਇੱਕ ਵਾਰ, ਜੇ ਜ਼ਿੰਦਗੀ ਜਿਉਣੀ ਹੈ।
ਤੈਨੂੰ ਲੱਗੇ ਪਿਆਰਾ ਇਸ ਵਿੱਚ ਰਾਜ਼ ਬੜੇ
ਇਹ ਤੇਰੀ ਅੱਖ ਦਾ ਸਾਰ, ਜੇ ਜ਼ਿੰਦਗੀ ਜਿਉਣੀ ਹੈ।
ਵਾਰੋ ਵਾਰੀ ਇੱਥੋਂ ਸਭ ਨੇ ਤੁਰ ਜਾਣਾ
ਨਾ ਤੂੰ ਬੈਠਾ ਰਹਿਣਾ ਯਾਰ, ਜੇ ਜ਼ਿੰਦਗੀ ਜਿਉਣੀ ਹੈ।
ਹੁਨਰ ਤਾਂ ਸਭ ਦੇ ਕੋਲ ਪਰ ਲੱਭਦਾ ਕੋਈ ਕੋਈ
ਕਦੇ ਚੁੱਪ ਨਾਲ ਬੈਠ ਵਿਚਾਰ, ਜੇ ਜ਼ਿੰਦਗੀ ਜਿਉਣੀ ਹੈ।
ਇਸ ਧਰਤੀ ’ਤੇ ਲੱਖਾਂ ਆ ਕੇ ਕੱਖਾਂ ਵਾਂਗੂੰ ਤੁਰ ਜਾਂਦੇ
ਕੁਝ ਵੱਖਰਾ ਕਰ ‘ਧਾਲੀਵਾਲ’, ਜੇ ਜ਼ਿੰਦਗੀ ਜਿਉਣੀ ਹੈ|
ਸੰਪਰਕ: 78374-90309