ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ’ਚ ਕੰਫਰਟੇਬਲ ਹਾਂ...

06:17 AM Dec 13, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਸੁਖਪਾਲ ਸਿੰਘ ਗਿੱਲ

ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਨੇ ਹੁਕਮ ਕੀਤੇ- ਤੁਹਾਨੂੰ ਸਟੱਬਲ ਬਰਨਿੰਗ ਸਬੰਧੀ ਨੋਡਲ ਅਫਸਰ ਲਗਾਇਆ ਜਾਂਦਾ ਹੈ। ‘ਸਟੱਬਲ ਬਰਨਿੰਗ’ ਪੜ੍ਹ ਕੇ ਧਿਆਨ ਸਰਕਾਰ ਦੇ ਦਮਗਜਿਆਂ ਵੱਲ ਗਿਆ ਕਿ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ’ਤੇ ਵਰਤਣਾ ਹੈ। ਚਲੋ, ਇਸ ਸ਼ਬਦ ਦਾ ਅਰਥ ਮੈਂ ਪਰਾਲੀ ਨਾ ਫੂਕਣ ਸਬੰਧੀ ਨੋਡਲ ਅਫਸਰ ਵਜੋਂ ਲੈ ਲਿਆ। ਇਸ ਦੌਰਾਨ ਮੇਰਾ ਕੰਮ ਜਾਂਚਣ ਲਈ ‘ਪੋਲਿਊਸ਼ਨ ਕੰਟਰੋਲ ਬੋਰਡ’ ਦੇ ਐੱਸਡੀਓ ਆਏ। ਉਨ੍ਹਾਂ ਮੇਰਾ ਮੋਬਾਈਲ ਨੰਬਰ ਮੰਗਿਆ। ਮੈਂ ਉੱਤਰ ਦਿੱਤਾ- “ਜੀ ਅਠੱਨਵੇਂ ਸੱਤ ਸੌ ਕਿਆਸੀ ਗਿਆਰਾਂ ਚਾਰ ਸੌ ਪੰਤਾਲੀ।” ਐੱਸਡੀਓ ਸਾਹਿਬ ਕਹਿੰਦੇ- “ਮੈਂ ਕਾਨਵੈਂਟ ਪੜ੍ਹਿਆ ਹਾਂ, ਨਾਈਨ ਵੰਨ ਬੋਲੋ।” ਮੈਂ ਕਿਹਾ- “ਜੀ ਮੈਂ ਤੱਪੜਾਂ ’ਤੇ ਪੜ੍ਹਿਆ ਹਾਂ, ਨਾਈਨ ਵੰਨ ਬੋਲ ਕੇ ਮੈਨੂੰ ਸਬਰ ਨਹੀਂ ਆਉਂਦਾ।”... ਮਨ ਵਿਚ ਪੰਜਾਬੀ ਸੂਬਾ ਬਨਣ ਤੋਂ ਪਹਿਲਾਂ ਦਾ ਪੰਜਾਬ ਰਾਜ ਭਾਸ਼ਾ ਐਕਟ-1960 ਗੂੰਜਣ ਲੱਗਿਆ। ਫਿਰ 1967 ਵਾਲਾ ਐਕਟ ਬਣਿਆ ਜਿਸ ਵਿਚ ਸਪੱਸ਼ਟ ਸੀ ਕਿ ਦਫ਼ਤਰੀ ਕੰਮ ਪੰਜਾਬੀ ਵਿਚ ਜ਼ਰੂਰੀ ਹੋਵੇਗਾ; ਅਕਤੂਬਰ 2008 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਕਟ ਵਿਚ ਪੰਜਾਬੀ ਦੀ ਅਣਦੇਖੀ ਅਤੇ ਉਲੰਘਣਾ ਕਰਨ ਲਈ ਸਜ਼ਾ ਵਾਲੀ ਮੱਦ ਵੀ ਜੋੜੀ ਪਰ ਪਰਨਾਲਾ ਉੱਥੇ ਦਾ ਉੱਥੇ!
ਖ਼ੈਰ! ਪੰਜਾਬੀ ਬਾਰੇ ਗਿਣਤੀਆਂ-ਮਿਣਤੀਆਂ ਕਰਦੇ ਦਾ ਧਿਆਨ ਸੁਰਜੀਤ ਪਾਤਰ ਦੀ ਕਵਿਤਾ ‘ਮਰ ਰਹੀ ਹੈ ਮੇਰੀ ਭਾਸ਼ਾ’ ਵੱਲ ਗਿਆ। ਇਸ ਤੋਂ ਸੁੱਝਿਆ ਕਿ ਅੰਗਰੇਜ਼ੀ ਸਾਡੀ ਪੰਜਾਬੀ ਦੇ ਕਿੰਨੇ ਸ਼ਬਦ ਖਾ ਗਈ। ਕੁਝ ਅੰਗਰੇਜ਼ੀ ਸ਼ਬਦ ਜੋ ਸਾਡੀ ਰੋਜ਼ਾਨਾ ਜੀਵਨ ਜਾਚ ਦਾ ਹਿੱਸਾ ਬਣ ਗਏ ਹਨ, ਉਨ੍ਹਾਂ ਦਾ ਪੰਜਾਬੀ ਮਤਲਬ ਅਸੀਂ ਜਾਣਦੇ ਹੀ ਨਹੀਂ। ਬਹੁਤ ਘੱਟ ਲੋਕ ਠੇਠ ਪੰਜਾਬੀ ਬੋਲਣ ਵਾਲੇ ਹਨ। ਲਹਿੰਦੇ ਪੰਜਾਬ ਵਿਚ ਅਜੇ ਠੇਠ ਪੰਜਾਬੀ ਜਿਊਂਦੀ ਹੈ। ਇਕੱਲਾ ਅੰਕਲ ਸ਼ਬਦ ਚਾਚੇ, ਤਾਏ, ਮਾਮੇ, ਮਾਸੜ ਅਤੇ ਹੋਰ ਰਿਸ਼ਤੇ ਖਾ ਗਿਆ। ਅਫਸੋਸ! ਅਸੀਂ ਜੋ ਕੁਝ ਸਿਰਜ ਰਹੇ ਹਾਂ, ਉਹੀ ਨਵੀਂ ਪੀੜ੍ਹੀ ਗ੍ਰਹਿਣ ਕਰ ਰਹੀ ਹੈ।
ਪੰਜਾਬੀ ਕਿਤਾਬਾਂ, ਅਖ਼ਬਾਰਾਂ ਅਤੇ ਚੈਨਲਾਂ ਵਿਚ ਵੀ ਅੰਗਰੇਜ਼ੀ ਘੁਸੀ ਹੋਈ ਹੈ। ਇਸ ਤੋਂ ਬਿਨਾ ਸੁਣਨ ਵਾਲੇ ਨੂੰ ਵੀ ਸਬਰ ਨਹੀਂ ਆਉਂਦਾ। ਅਜੇ ਸਟੱਬਲ ਬਰਨਿੰਗ ਅਤੇ ਨਾਈਨ ਵੰਨ ਦਾ ਖਿਆਲ ਚੱਲ ਹੀ ਰਿਹਾ ਸੀ ਕਿ ਘਰ ਆ ਕੇ ਟੈਲੀਵਿਜ਼ਨ ਦਾ ਸਵਿੱਚ ਦੱਬਿਆ। ਪੰਜਾਬੀ ਚੈਨਲ ’ਤੇ ਇਕ ਔਰਤ ਨੂੰ ਪੁੱਛਿਆ ਕਿ ਕਿਹੜੀ ਭਾਸ਼ਾ ਵਿਚ ਗੱਲ ਕਰੋਗੇ? ਔਰਤ ਨੇ ਤਰੁੰਤ ਉੱਤਰ ਦਿੱਤਾ- “ਜੀ ਮੈਂ ਪੰਜਾਬੀ ਆਂ, ਪੰਜਾਬੀ ਵਿਚ ਹੀ ਕੰਫਰਟੇਬਲ ਹਾਂ, ਇਸ ਲਈ ਪੰਜਾਬੀ ਵਿਚ ਹੀ ਗੱਲਬਾਤ ਕਰੋ।” ਹੁਣ ਜਦੋਂ ਸਿਰਲੇਖ ਤੋਂ ਲੈ ਕੇ ਅਖ਼ੀਰ ਤੱਕ ਸਤਰਾਂ ਦਾ ਨਿਚੋੜ ਕੱਢਿਆ ਤਾਂ ਧਿਆਨ ਬਾਬਾ ਨਜ਼ਮੀ ਦੀ ਕਵਿਤਾ ਵੱਲ ਗਿਆ ਜਿਸ ਨੇ ਸਾਨੂੰ ਸ਼ੀਸ਼ਾ ਦਿਖਾਇਆ ਹੈ:
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।
ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ।
ਸੰਪਰਕ: 98781-11445

Advertisement

Advertisement