ਪਤੀ, ਪਤਨੀ ਤੇ ਉਨ੍ਹਾਂ ਦਾ ਦੱਖਣੀ ਅਫ਼ਰੀਕਾ
ਰਾਮਚੰਦਰ ਗੁਹਾ
ਜੀਵਨ ਬਿਰਤਾਂਤ
ਦੱਖਣੀ ਅਫ਼ਰੀਕਾ ਵਿੱਚ ਨਸਲੀ ਵਿਤਕਰੇ ਖਿਲਾਫ਼ ਸੰਘਰਸ਼ ਵਿੱਚ ਨੈਲਸਨ ਮੰਡੇਲਾ (18 ਜੁਲਾਈ 1918 - 5 ਦਸੰਬਰ 2013) ਨੇ ਮੋਹਰੀ ਭੂਮਿਕਾ ਨਿਭਾਈ।
ਜੌਨ੍ਹੀ ਸਟੀਨਬਰਗ ਦੀ ਪੁਸਤਕ ‘ਵਿਨੀ ਐਂਡ ਨੈਲਸਨ’ ਦੇਸ਼ ਦੇ ਇਤਿਹਾਸ ਨੂੰ ਨਿੱਜੀ ਜ਼ਿੰਦਗੀ ਦੇ ਝਰੋਖੇ ’ਚੋਂ ਦੇਖਣ ਦੀ ਅਦਭੁੱਤ ਕੋਸ਼ਿਸ਼ ਹੈ।
ਦੱਖਣੀ ਅਫ਼ਰੀਕਾ ਵਿੱਚ ਮੇਰੀ ਲੰਮੇ ਅਰਸੇ ਤੋਂ ਦਿਲਚਸਪੀ ਰਹੀ ਹੈ ਤੇ 1995 ਵਿੱਚ ਕੁਝ ਸਮੇਂ ਲਈ ਕੰਮ ਦੇ ਸਿਲਸਿਲੇ ਵਿੱਚ ਮੈਂ ਉੱਥੇ ਜਾਣ ਬਾਰੇ ਸੋਚਿਆ ਵੀ ਸੀ। ਉਸ ਦੇਸ਼ ਵਿੱਚ ਪਹਿਲੀ ਵਾਰ ਬਹੁ-ਨਸਲੀ ਚੋਣਾਂ ਹੋ ਕੇ ਹਟੀਆਂ ਸਨ ਅਤੇ ਮਹਾਨ ਆਗੂ ਨੈਲਸਨ ਮੰਡੇਲਾ ਰਾਸ਼ਟਰਪਤੀ ਚੁਣੇ ਗਏ ਸਨ। ਮੈਨੂੰ ਜਗਿਆਸਾ ਸੀ ਕਿ ਉੱਥੇ ਜਾ ਕੇ ਦੇਖਾਂ, ਉਹ ਦੇਸ਼ ਤੇ ਉੱਥੋਂ ਦੇ ਲੋਕ ਇੰਨੀ ਘਾਲਣਾ ਘਾਲ ਕੇ ਹਾਸਲ ਕੀਤੀ ਆਜ਼ਾਦੀ ਨਾਲ ਕੀ ਕਰਦੇ ਹਨ। ਇਸ ਦੌਰਾਨ ਜਿਸ ਨੌਕਰੀ ਵਿੱਚ ਮੇਰੀ ਰੁਚੀ ਸੀ, ਉਸ ਦੀ ਗੱਲ ਸਿਰੇ ਨਾ ਚਡ਼੍ਹ ਸਕੀ। ਖ਼ੈਰ, ਮੈਂ ਦੱਖਣੀ ਅਫ਼ਰੀਕਾ ਦੀਆਂ ਘਟਨਾਵਾਂ ’ਤੇ ਆਪਣੀ ਨਜ਼ਰ ਬਣਾ ਕੇ ਰੱਖੀ ਅਤੇ ਉੱਥੇ ਪੰਜ ਚੱਕਰ ਵੀ ਲਾ ਆਇਆ ਹਾਂ। ਇਨ੍ਹਾਂ ਦਾ ਕੁਝ ਹੱਦ ਤੱਕ ਸੰਬੰਧ ਘੁੰਮਣ ਫਿਰਨ ਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਨਾਲ ਸੀ। ਇਸ ਤੋਂ ਇਲਾਵਾ ਮੈਂ ਪੁਰਾਲੇਖਘਰਾਂ ਜ਼ਰੀਏ ਇਹ ਜਾਣਨਾ ਚਾਹੁੰਦਾ ਸੀ ਕਿ ਉਨ੍ਹਾਂ ਦੀ ਉਸ ਭਾਰਤੀ (ਭਾਵ ਮੋਹਨਦਾਸ ਕਰਮਚੰਦ ਗਾਂਧੀ) ਬਾਰੇ ਕਿਹੋ ਜਿਹੀ ਸੋਚ ਹੈ ਜਿਸ ਨੇ ਦੋ ਦਹਾਕੇ ਦੱਖਣੀ ਅਫ਼ਰੀਕਾ ਵਿੱਚ ਬਿਤਾਏ ਸਨ।
ਹਾਲ ਹੀ ਵਿੱਚ ਇੱਕ ਕਿਤਾਬ ਪਡ਼੍ਹ ਕੇ ਦੱਖਣੀ ਅਫ਼ਰੀਕਾ ਅਤੇ ਉੱਥੋਂ ਦੇ ਲੋਕਾਂ ਵਿੱਚ ਮੇਰੀ ਦਿਲਚਸਪੀ ਮੁਡ਼ ਜਾਗ ਪਈ। ਇਹ ਜੌਨ੍ਹੀ ਸਟੀਨਬਰਗ ਦੀ ਲਿਖਤ ‘ਵਿਨੀ ਐਂਡ ਨੈਲਸਨ’ ਸੀ ਜਿਸ ਵਿੱਚ ਇੱਕ ਗਡ਼ਬਡ਼ਜ਼ਦਾ ਦੇਸ਼ ਦੇ ਜਟਿਲ ਅਤੇ ਟਕਰਾਅਗ੍ਰਸਤ ਇਤਿਹਾਸ ’ਤੇ ਝਾਤ ਪਵਾਉਣ ਲਈ ਇੱਕ ਖਿਡ਼ਕੀ ਦੇ ਰੂਪ ਵਿੱਚ ਇੱਕ ਸ਼ਾਦੀਸ਼ੁਦਾ ਪਰ ਇਕਹਿਰੀ ਜੋਡ਼ੀ ਦੀ ਕਹਾਣੀ ਦੀ ਵਰਤੋਂ ਕੀਤੀ ਗਈ ਹੈ। 1957 ਵਿੱਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਨਾਲ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਨੈਲਸਨ ਵਿਨੀ ਦੇ ਸੁਹੱਪਣ ਤੇ ਸਜੀਵਤਾ ’ਤੇ ਫ਼ਿਦਾ ਹੋ ਜਾਂਦਾ ਹੈ। ਨੈਲਸਨ ਉਮਰ ਵਿੱਚ ਉਸ ਤੋਂ ਕਰੀਬ ਵੀਹ ਸਾਲ ਵੱਡਾ ਹੈ ਅਤੇ ਸ਼ਾਦੀਸ਼ੁਦਾ ਤੇ ਬਾਲ-ਬੱਚੇਦਾਰ ਹੈ। ਫਿਰ ਵੀ ਉਹ ਵਿਨੀ ਨੂੰ ਚਾਹੁਣ ਲਈ ਮਜਬੂਰ ਹੈ। ਦੂਜੇ ਬੰਨੇ, ਵਿਨੀ ਉਸ ਦੀ ਸ਼ਖ਼ਸੀਅਤ ਅਤੇ ਅਫ਼ਰੀਕਨ ਨੈਸ਼ਨਲ ਕਾਂਗਰਸ ਦੇ ਇੱਕ ਉੱਭਰਦੇ ਸਿਤਾਰੇ ਵਜੋਂ ਉਸ ਦੀ ਦਿੱਖ ਤੋਂ ਆਕਰਸ਼ਿਤ ਹੋ ਜਾਂਦੀ ਹੈ।
ਸਟੀਨਬਰਗ ਦੀ ਕਿਤਾਬ ਦਾ ਉਪ ਸਿਰਲੇਖ ‘ਪੋਰਟ੍ਰੇਟ ਆਫ ਏ ਮੈਰਿਜ’ ਬਹੁਤ ਢੁੱਕਵਾਂ ਅਤੇ ਸਹਿਜ ਹੈ। ਕਈ ਦਹਾਕਿਆਂ ਵਿੱਚ ਉਨ੍ਹਾਂ ਦੇ ਵਿਕਸਿਤ ਹੋਏ ਰਿਸ਼ਤੇ ਨੂੰ ਸੰਵੇਦਨਸ਼ੀਲ ਅਤੇ ਪੁਖ਼ਤਾ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਪਰ ਇਸ ਦਾ ਸਿਆਸੀ ਤੇ ਸਮਾਜਿਕ ਪਸਮੰਜ਼ਰ ਹਮੇਸ਼ਾ ਨਾਲੋ-ਨਾਲ ਚਲਦਾ ਹੈ। ਨੈਲਸਨ ਅਤੇ ਵਿਨੀ ਦੀ ਸਜੀਵਤਾ, ਉਨ੍ਹਾਂ ਦੇ ਸੰਘਰਸ਼ਾਂ, ਕੁਰਬਾਨੀਆਂ, ਬੇਚੈਨੀਆਂ ਅਤੇ ਟਕਰਾਵਾਂ ਨੂੰ ਗਹਿਰਾਈ ਤੇ ਤਫ਼ਸੀਲ ਨਾਲ ਬਿਆਨ ਕੀਤਾ ਗਿਆ ਹੈ। ਉਂਝ, ਸਟੀਨਬਰਗ ਨੇ ਕਈ ਹੋਰ ਵਿਅਕਤੀਆਂ ਦੇ ਕਿਰਦਾਰ ਨੂੰ ਵੀ ਉਭਾਰ ਕੇ ਪੇਸ਼ ਕੀਤਾ ਹੈ ਜਿਨ੍ਹਾਂ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਨੈਲਸਨ ਦੇ ਸਾਥੀ ਅਤੇ ਵਿਰੋਧੀ, ਵਿਨੀ ਦੀਆਂ ਸਹੇਲੀਆਂ ਤੇ ਸਾਥੀ, ਨਸਲਪ੍ਰਸਤ ਸਟੇਟ/ਰਿਆਸਤ ਦੇ ਔਜ਼ਾਰ ਬਣਨ ਵਾਲੇ ਕੁਝ ਸਖ਼ਤ ਤੇ ਜ਼ਾਲਮ ਕਿਸਮ ਦੇ ਅਫ਼ਸਰ ਅਤੇ ਨਸਲਪ੍ਰਸਤੀ ਵਿਰੋਧੀ ਉਨ੍ਹਾਂ ਦੀ ਮੁਹਿੰਮ ਦੇ ਵਿਦੇਸ਼ੀ ਮਿੱਤਰ (ਜਿਨ੍ਹਾਂ ਵਿੱਚ ਖ਼ਾਸ ਤੌਰ ’ਤੇ ਦੱਖਣੀ ਭਾਰਤ ਦਾ ਜੰਮਪਲ ਸੰਯੁਕਤ ਰਾਸ਼ਟਰ ਦਾ ਅਫ਼ਸਰ ਐਨੁਗਾ ਐੱਸ. ਰੈਡੀ) ਸ਼ਾਮਿਲ ਸਨ। ਨੈਲਸਨ ਦੇ ਸਾਰੇ ਬੱਚਿਆਂ ਦਾ ਵੀ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਜੀਵਨ ਨੈਲਸਨ ਦੀ ਨਜ਼ਰਬੰਦੀ ਜਾਂ ਗ਼ੈਰਹਾਜ਼ਰੀ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਸਟੀਨਬਰਗ ਨੈਲਸਨ ਅਤੇ ਵਿਨੀ ਦੋਵਾਂ ਦੀਆਂ ਬੇਵਫ਼ਾਈਆਂ ਦੇ ਕਿੱਸੇ ਬਿਆਨ ਕਰਨ ਵਿੱਚ ਕੋਈ ਲਿਹਾਜ਼ ਨਹੀਂ ਵਰਤਦਾ।
ਜੌਨ੍ਹੀ ਸਟੀਨਬਰਗ ਦੀ ਪੁਸਤਕ ‘ਵਿਨੀ ਐਂਡ ਨੈਲਸਨ’ ਵਿਚ ਗਡ਼ਬਡ਼ਜ਼ਦਾ ਦੇਸ਼ ਦੇ ਜਟਿਲ ਅਤੇ ਟਕਰਾਅਗ੍ਰਸਤ ਇਤਿਹਾਸ ’ਤੇ ਝਾਤ ਪਵਾਉਣ ਲਈ ਇੱਕ ਖਿਡ਼ਕੀ ਦੇ ਰੂਪ ਵਿੱਚ ਇੱਕ ਸ਼ਾਦੀਸ਼ੁਦਾ ਪਰ ਇਕਹਿਰੀ ਜੋਡ਼ੀ ਦੀ ਕਹਾਣੀ ਦੀ ਵਰਤੋਂ ਕੀਤੀ ਗਈ ਹੈ।
ਨੈਲਸਨ ਮੰਡੇਲਾ ਅਤੇ ਵਿਨੀ ਮੈਡੀਕਿਜ਼ੈਲਾ ਦੀ ਮੁਲਾਕਾਤ ਤੋਂ ਬਾਅਦ 1958 ਵਿੱਚ ਸ਼ਾਦੀ ਹੁੰਦੀ ਹੈ। ਜਲਦੀ ਜਲਦੀ ਦੋ ਬੱਚੇ ਹੋ ਜਾਂਦੇ ਹਨ ਪਰ ਪਿਤਾ ਉਨ੍ਹਾਂ ਦੀ ਪਰਵਰਿਸ਼ ਤੋਂ ਅਕਸਰ ਦੂਰ ਹੀ ਰਹਿੰਦਾ ਹੈ। ਦੂਜੇ ਬੱਚੇ ਦੇ ਜਨਮ ਤੋਂ ਥੋਡ਼੍ਹੀ ਦੇਰ ਬਾਅਦ ਹੀ ਮੰਡੇਲਾ ਰੂਪੋਸ਼ ਹੋ ਜਾਂਦਾ ਹੈ ਅਤੇ 1963 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਹਾਲਾਂਕਿ ਨੈਲਸਨ ਤਕਨੀਕੀ ਲਿਹਾਜ਼ ਤੋਂ ਇੱਕ ਆਜ਼ਾਦ ਸ਼ਖ਼ਸ ਹੈ ਜਿਸ ਕਰਕੇ ਉਸ ਦੀ ਰਾਜਨੀਤੀ ਵਿੱਚ ਵਿਆਹ ਦੀ ਹੈਸੀਅਤ ਦੋਇਮ ਦਰਜੇ ਦੀ ਰਹਿੰਦੀ ਹੈ; ਅਤੇ ਹੁਣ ਵਿਨੀ ਤੇ ਬੱਚੇ ਉਸ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਂਦੇ ਹਨ।
ਸਟੀਨਬਰਗ ਦੀ ਕਿਤਾਬ ਪਹਿਲੇ ਸਫ਼ੇ ਤੋਂ ਲੈ ਕੇ ਅਖੀਰ ਤੱਕ ਪਾਠਕ ਨੂੰ ਹਿੱਲਣ ਨਹੀਂ ਦਿੰਦੀ, ਪਰ ਮੰਡੇਲਾ ਦੀ ਸਤਾਈ ਸਾਲ ਨਜ਼ਰਬੰਦੀ ਨਾਲ ਜੁਡ਼ੇ ੲਿਸ ਦੇ ਕੁਝ ਕਾਂਡ ਲਾਜਵਾਬ ਹਨ। ਇਨ੍ਹਾਂ ਵਿੱਚ ਜੇਲ੍ਹ ’ਚ ਮੰਡੇਲਾ ਦੀ ਜ਼ਿੰਦਗੀ ਅਤੇ ਉਧਰ ਜੌਹਾਨਸਬਰਗ ਵਿੱਚ ਵਿਨੀ ਦੀ ਜ਼ਿੰਦਗੀ ਨੂੰ ਪਡ਼ਤਾਲਿਆ ਗਿਆ ਹੈ, ਕੁਝ ਸਾਲਾਂ ਦੇ ਉਨ੍ਹਾਂ ਦੇ ਸਾਥ ਅਤੇ ਇੱਕ ਦੂਜੇ ਦੇ ਨਜ਼ਰੀਏ ਤੋਂ ਵਾਚਣ ਦਾ ਬਿਰਤਾਂਤ ਦਿੱਤਾ ਗਿਆ ਹੈ। ਉਧਰ, ਰੌਬਿਨ ਆਈਲੈਂਡ ’ਤੇ ਪੱਥਰ ਤੋਡ਼ਦਿਆਂ ਅਤੇ ਹੋਰ ਮੁਸ਼ੱਕਤ ਭਰੇ ਕੰਮ ਕਰਦਿਆਂ ਨੈਲਸਨ ਆਪਣੀ ਭਵਿੱਖੀ ਸਿਆਸੀ ਰਣਨੀਤੀ ਦੀ ਵਿਉਂਤਬੰਦੀ ਕਰ ਰਿਹਾ ਹੁੰਦਾ ਹੈ। ਸਟੀਨਬਰਗ ਨੇ ਅਫ਼ਰੀਕਨ ਨੈਸ਼ਨਲ ਕਾਨਫਰੰਸ ਦੇ ਵੱਖ ਵੱਖ ਖੇਮਿਆਂ ਦਾ ਬਾਰੀਕੀ ਨਾਲ ਨਕਸ਼ਾ ਖਿੱਚਿਆ ਹੈ ਅਤੇ ਮੰਡੇਲਾ ਨੂੰ ਹਿੰਸਕ ਤੌਰ ਤਰੀਕੇ ਵਰਤਣ ਦੇ ਹਾਮੀ ਕਮਿੳੂਨਿਸਟਾਂ ਤੇ ਉਦਾਰਵਾਦੀ ਧਡ਼ਿਆਂ ਦਰਮਿਆਨ ਰੱਖਿਆ ਹੈ। ਸਟੀਨਬਰਗ ਇਹ ਮੰਨਦਾ ਹੈ ਕਿ ਏਐਨਸੀ ਆਜ਼ਾਦੀ ਸੰਗਰਾਮ ਦੀ ਇਕਲੌਤੀ ਅਹਿਮ ਧਿਰ ਨਹੀਂ ਸੀ। ਉਹ ‘ਪੈਨ ਅਫ਼ਰੀਕਨ ਕਾਂਗਰਸ’, ਇਸ ਦੇ ਕ੍ਰਿਸ਼ਮਈ ਨੇਤਾ ਰੌਬਰਟ ਸੋਬੂਕੁਏ ਬਾਰੇ ਵੀ ਕਾਫ਼ੀ ਤਫ਼ਸੀਲ ਦਿੰਦਾ ਹੈ। ਏਐਨਸੀ ਨੇ ਗੋਰਿਆਂ ਅਤੇ ਭਾਰਤੀਆਂ ਲਈ ਬਾਹਾਂ ਖੋਲ੍ਹ ਰੱਖੀਆਂ ਸਨ ਜਦੋਂਕਿ ਪੀਏਸੀ ਦਾ ਖ਼ਿਆਲ ਸੀ ਕਿ ਅਫ਼ਰੀਕੀ ਲੋਕ ਹੀ ਇਸ ਦੇਸ਼ ਦੇ ਵਾਜਬ ਹੱਕਦਾਰ ਹਨ। ਸੋਬੂਕੁਏ ਨੂੰ ਮੰਡੇਲਾ ਇੱਕ ਵਿਰੋਧੀ ਜਾਂ ਸ਼ਾਇਦ ਖ਼ਤਰੇ ਦੇ ਰੂਪ ਵਿੱਚ ਵੇਖਦੇ ਸਨ ਜਿਸ ਦੀ ਮਿਸਾਲੀ ਕਾਰਗਰਤਾ ਜ਼ਰੀਏ ਇਸ ਦੀ ਵਿਚਾਰਧਾਰਾ ਦਾ ਖੁਲਾਸਾ ਕੀਤਾ ਗਿਆ ਹੈ।
ਇਸੇ ਦੌਰਾਨ ਸਵੈਟੋ ਵਿੱਚ ਰਹਿੰਦਿਆਂ ਵਿਨੀ ਨਾ ਸਿਰਫ਼ ਆਪਣੀ ਜ਼ਿੰਦਗੀ ਦੀਆਂ ਲਡ਼ੀਆਂ ਸੰਜੋਅ ਰਹੀ ਹੈ ਸਗੋਂ ਆਪਣੇ ਦਮ ’ਤੇ ਆਪਣੇ ਜਨਤਕ ਕਰੀਅਰ ਨੂੰ ਉਸਾਰਨ ਦੀ ਜੱਦੋਜਹਿਦ ਕਰਦੀ ਹੈ। ਸਟੀਨਬਰਗ ਨੇ ਬੱਚਿਆਂ ਦੀ ਪਰਵਰਿਸ਼, ਨੌਕਰੀ ਦੀ ਤਲਾਸ਼ ਅਤੇ ਇੱਕ ਨਸਲਪ੍ਰਸਤ ਸਟੇਟ ਵੱਲੋਂ ਉਸ ’ਤੇ ਕੀਤੀਆਂ ਸਖ਼ਤੀਆਂ ਤੇ ਵਧੀਕੀਆਂ ਦਾ ਵਰਣਨ ਕੀਤਾ ਹੈ। ਇਸ ਮੌਕੇ ਜੇਲ੍ਹ ਵਿੱਚ ਡੱਕੇ ਮੰਡੇਲਾ ਦੀ ਪਤਨੀ ਹੋਣ ਨਾਤੇ ਉਹ ਸ਼ਾਨਦਾਰ ਢੰਗ ਨਾਲ ਆਪਣੇ ਆਪ ਨੂੰ ਲੋਕਾਂ ਦੇ ਇੱਕ ਜਨਤਕ ਆਗੂ ਦੇ ਤੌਰ ’ਤੇ ਪੇਸ਼ ਕਰਦੀ ਹੈ। ਪਹਿਨਣ-ਪੱਚਰਨ ਦੀ ਸ਼ੌਕੀਨ ਵਿਨੀ ਨੇ ਕਈ ਵਿਦੇਸ਼ੀ ਪੱਤਰਕਾਰਾਂ ਨੂੰ ਇੰਟਰਵਿੳੂਜ਼ ਦਿੱਤੀਆਂ ਜਿਸ ਸਦਕਾ ਨੈਲਸਨ ਮੰਡੇਲਾ ਅਤੇ ਉਨ੍ਹਾਂ ਦੇ ਸੰਘਰਸ਼ ਦੀ ਦੇਸ਼ ਤੋਂ ਬਾਹਰ ਦੂਰ-ਦੂਰ ਤੱਕ ਜਾਣ ਪਛਾਣ ਬਣੀ। ਉਂਝ, ਉਸ ਦੇ ਆਲੇ-ਦੁਆਲੇ ਕੁਝ ਮੁਸ਼ਟੰਡੇ ਕਿਸਮ ਦੇ ਲੋਕ ਘੇਰਾ ਪਾ ਕੇ ਰੱਖਦੇ ਸਨ ਜੋ ਵਿਨੀ ਨਾਲ ਆਪਣੀ ਨੇਡ਼ਤਾ ਦੀ ਆਡ਼ ਹੇਠ ਉਨ੍ਹਾਂ ਲੋਕਾਂ ਨੂੰ ਧਮਕਾਉਂਦੇ ਅਤੇ ਕਦੇ ਕਦਾਈਂ ਜਾਨੋ ਮਾਰਨ ਦੀਆਂ ਕਾਰਵਾਈਆਂ ਕਰਦੇ ਸਨ ਜਿਨ੍ਹਾਂ ਨੂੰ ਉਹ ਦੁਸ਼ਮਣ ਮਿੱਥਦੇ ਸਨ। ਸਟੀਨਬਰਗ ਨੇ ਦਰਸਾਇਆ ਹੈ ਕਿ ਵਿਨੀ ਇਨ੍ਹਾਂ ਤੋਂ ਬੇਖ਼ਬਰ ਨਹੀਂ ਸੀ ਅਤੇ ਕਦੇ ਕਦਾਈਂ ਆਪਣੇ ਨਾਂ ’ਤੇ ਕੀਤੀ ਜਾਂਦੀ ਹਿੰਸਾ ਵਿੱਚ ਸ਼ਰੀਕ ਵੀ ਹੁੰਦੀ ਸੀ।
1980ਵਿਆਂ ਦੇ ਅਖੀਰ ਤੱਕ ਆਉਂਦਿਆਂ ਦੱਖਣੀ ਅਫ਼ਰੀਕਾ ਦੇ ਗੋਰੇ ਹਾਕਮਾਂ ਨੂੰ ਅਹਿਸਾਸ ਹੋਣ ਲੱਗ ਪੈਂਦਾ ਹੈ ਕਿ ਨਸਲਪ੍ਰਸਤੀ ਦਾ ਇਹ ਤਾਣਾ-ਬਾਣਾ ਹੁਣ ਟਿਕ ਨਹੀਂ ਸਕੇਗਾ। ਉਨ੍ਹਾਂ ਜੇਲ੍ਹ ਵਿੱਚ ਨੈਲਸਨ ਮੰਡੇਲਾ ਨਾਲ ਗੱਲਬਾਤ ਵਿੱਢ ਕੇ ਇਸ ’ਚੋਂ ਬਾਹਰ ਨਿਕਲਣ ਦਾ ਰਾਹ ਤਲਾਸ਼ਣਾ ਸ਼ੁਰੂ ਕੀਤਾ। ਵਾਰਤਾਕਾਰਾਂ ’ਚ ਦੋ ਗੋਰੇ ਸੂਹੀਆ ਅਫ਼ਸਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਮੰਡੇਲਾ ਨਾਲ ਕਾਫ਼ੀ ਵਕਤ ਬਿਤਾਉਣ ਤੋਂ ਬਾਅਦ ਆਪਣੇ ਇੱਕ ਗੁਪਤ ਨੋਟ ਵਿੱਚ ਲਿਖਿਆ ਕਿ ‘ਉਸ ਨੂੰ ਆਪਣੀ ਜਥੇਬੰਦੀ ਨਾਲ ਧ੍ਰੋਹ ਕਮਾਉਣ ਲਈ ਖਰੀਦਿਆ ਜਾ ਸਕਦਾ ਹੈ ਅਤੇ ਡੂੰਘੀਆਂ ਜਡ਼੍ਹਾਂ ਵਾਲਾ ਉਸ ਦਾ ਸਿਆਸੀ ਫਲਸਫ਼ਾ ਸੰਭਵ ਨਹੀਂ ਹੈ।’ ੲਿਸ ਦੇ ਨਾਲ ਹੀ ਉਹ ਲਿਖਦੇ ਹਨ: ‘ਕੋਈ ਵੀ ਸ਼ਖ਼ਸ ਉਸ ਦੀ ਰੂਹਾਨੀ ਤਾਕਤ, ਮਨ ਦੀ ਸਾਫ਼ਗੋਈ, ਸੁਭਾਵਿਕ ਨਿਮਰਤਾ ਅਤੇ ਨਿੱਜੀ ਦਿਆਨਤਦਾਰੀ ਨੂੰ ਤੱਕ ਕੇ ਦੰਗ ਰਹਿ ਜਾਂਦਾ ਹੈ।’
ਇਨ੍ਹਾਂ ਸ਼ਬਦਾਂ ਤੋਂ ਮੈਨੂੰ ਜੱਜ ਰੌਬਰਟ ਬਰੂਮਫੀਲਡ ਵੱਲੋਂ 1922 ਵਿੱਚ ਅਹਿਮਦਾਬਾਦ ਵਿੱਚ ਮਹਾਤਮਾ ਗਾਂਧੀ ਖਿਲਾਫ਼ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਆਖੇ ਸ਼ਬਦਾਂ ਦਾ ਚੇਤਾ ਆ ਗਿਆ। ਉਸ ਅੰਗਰੇਜ਼ ਜੱਜ ਨੇ ਆਖਿਆ: ‘ਮੇਰੀ ਅਦਾਲਤ ਵਿੱਚ ਜਿੰਨੇ ਵੀ ਮੁਲਜ਼ਮ ਆਏ ਹਨ, ਤੁਸੀਂ ਉਨ੍ਹਾਂ ਸਾਰਿਆਂ ਤੋਂ ਵੱਖਰੀ ਕਿਸਮ ਦੇ ਸ਼ਖ਼ਸ ਹੋ। ਇਸ ਤੱਥ ਨੂੰ ਅਣਡਿੱਠ ਕਰਨਾ ਨਾਮੁਮਕਿਨ ਹੈ ਕਿ ਆਪਣੇ ਕਰੋਡ਼ਾਂ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਤੁਸੀਂ ਇੱਕ ਮਹਾਨ ਦੇਸ਼ਭਗਤ ਅਤੇ ਮਹਾਨ ਆਗੂ ਹੋ। ਰਾਜਨੀਤੀ ਵਿੱਚ ਤੁਹਾਡੇ ਨਾਲ ਮੱਤਭੇਦ ਰੱਖਣ ਵਾਲੇ ਵੀ ਤੁਹਾਨੂੰ ਉੱਚ ਵਿਚਾਰਾਂ ਅਤੇ ਨੇਕ ਤੇ ਸੰਤਾਂ ਦੀ ਤਰ੍ਹਾਂ ਜੀਵਨ ਬਿਤਾਉਣ ਵਾਲੇ ਪੁਰਸ਼ ਵਜੋਂ ਵੇਖਦੇ ਹਨ।’ ਕਾਨੂੰਨ ਅਧੀਨ ਗਾਂਧੀ ਨੂੰ ਛੇ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਉਂਦਿਆਂ ਜੱਜ ਬਰੂਮਫੀਲਡ ਨੇ ਟਿੱਪਣੀ ਕੀਤੀ: ‘‘ਅਜਿਹਾ ਕਰਦਿਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਹਿੰਦੋਸਤਾਨ ਵਿੱਚ ਅਜਿਹਾ ਵਾਪਰਦਾ ਹੈ ਅਤੇ ਸਰਕਾਰ ਲਈ ਸਜ਼ਾ ਦੀ ਮਿਆਦ ਘਟਾ ਕੇ ਤੁਹਾਨੂੰ ਰਿਹਾਅ ਕਰਨਾ ਸੰਭਵ ਹੋ ਸਕੇ ਤਾਂ ਇਸ ਦੀ ਸਭ ਤੋਂ ਵੱਧ ਖ਼ੁਸ਼ੀ ਮੈਨੂੰ ਹੋਵੇਗੀ।’’
ਸ਼ਾਇਦ ਮੰਡੇਲਾ ਅਤੇ ਗਾਂਧੀ ਦੀ ਮਹਾਨਤਾ ਦੀ ਪਛਾਣ ਇਹ ਸੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਲੋਕਾਂ ’ਤੇ ਜ਼ੁਲਮ ਕਰਨ ਵਾਲੇ ਬਸਤੀਵਾਦੀਆਂ ਦੇ ਮਨਾਂ ਵਿੱਚ ਵੀ ਇਨਸਾਨੀਅਤ ਦੀ ਤਰੰਗ ਪੈਦਾ ਕਰਨ ਦੇ ਕਾਬਿਲ ਹੋ ਸਕੇ। ਸਤਾਈ ਸਾਲ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਫਰਵਰੀ 1990 ਵਿੱਚ ਨੈਲਸਨ ਮੰਡੇਲਾ ਨੂੰ ਰਿਹਾਅ ਕਰ ਦਿੱਤਾ ਗਿਆ। ਮੰਡੇਲਾ ਨਸਲਪ੍ਰਸਤੀ ਰਹਿਤ ਤੇ ਹਕੀਕੀ ਜਮਹੂਰੀ ਦੱਖਣੀ ਅਫ਼ਰੀਕਾ ਦੀਆਂ ਆਪਣੀਆਂ ਆਸਾਂ ਬਾਬਤ ਪ੍ਰੈਸ ਅਤੇ ਬਾਕੀ ਦੁਨੀਆ ਨੂੰ ਮੁਖ਼ਾਤਬ ਹੋ ਰਹੇ ਸਨ ਤਾਂ ਵਿਨੀ ਉਨ੍ਹਾਂ ਦੇ ਨਾਲ ਖਡ਼੍ਹੀ ਸੀ। ਲੱਗਦਾ ਹੈ ਕਿ ਬਹੁਤ ਸਾਲ ਪਹਿਲਾਂ ਵੱਖ ਹੋਏ ਪਤੀ ਪਤਨੀ ਇੱਕ ਵਾਰ ਫਿਰ ਮੁਹੱਬਤ ਦੀ ਡੋਰ ਅਤੇ ਸਾਂਝੀਆਂ ਸਿਆਸੀ ਕਦਰਾਂ ਕੀਮਤਾਂ ਵਿੱਚ ਬੱਝ ਗਏ ਹਨ, ਪਰ ਇਹ ਫਰੇਬ ਸਾਬਿਤ ਹੁੰਦਾ ਹੈ। ਅਸਲ ਵਿੱਚ ਵੱਖ ਹੋਣ ਤੋਂ ਬਾਅਦ ਉਨ੍ਹਾਂ ਦੇ ਰਸਤੇ ਇੱਕ ਦੂਜੇ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ ਜੋ ਆਪੋ ਵਿੱਚ ਮਿਲ ਨਹੀਂ ਸਕਦੇ। ਜਦੋਂ ਨੈਲਸਨ ਨੂੰ ਵਿਨੀ ਦੇ ਕਈ ਬੰਦਿਆਂ ਨਾਲ ਤਾਲੁਕਾਤ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਦਿਲ ਨੂੰ ਠੇਸ ਪਹੁੰਚਦੀ ਹੈ। ਇਸ ਤੋਂ ਵੀ ਵੱਡੀ ਸੱਟ ਇਹ ਹੁੰਦੀ ਹੈ ਕਿ ਵਿਨੀ ਅਤੇ ੲੇਐਨਸੀ ਵਿਚਕਾਰ ਦੁਫੇਡ਼ ਪੈਦਾ ਹੋ ਜਾਂਦੀ ਹੈ। ਉਸ ਦੇ ਹਿੰਸਕ ਟੋਲੇ ਦੇ ਕਾਰਿਆਂ ਦੇ ਸਬੂਤ ਸਾਹਮਣੇ ਆ ਗਏ। ਸ਼ਾਇਦ ਮੰਡੇਲਾ ਨੇ ਲੰਮਾ ਅਰਸਾ ਦੂਰ ਰਹਿਣ ਦੇ ਅਪਰਾਧ ਬੋਧ ਕਰਕੇ ਇਨ੍ਹਾਂ ਅਪਰਾਧਾਂ ਵਿੱਚ ਸ਼ਮੂਲੀਅਤ ਤੋਂ ਵਿਨੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੰਤ ਨੂੰ ਇਹ ਨਾਮੁਮਕਿਨ ਹੋ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਨਿੱਜੀ ਤੇ ਸਿਆਸੀ ਤੋਡ਼ ਵਿਛੋਡ਼ਾ ਤੈਅ ਹੋ ਗਿਆ।
ਨੈਲਸਨ ਅਤੇ ਵਿਨੀ ਦਾ 1996 ਵਿੱਚ ਤਲਾਕ ਹੋ ਜਾਂਦਾ ਹੈ। ਇਹ ਕਿਤਾਬ ਦਸੰਬਰ 2013 ਵਿੱਚ ਨੈਲਸਨ ਮੰਡੇਲਾ ਦੇ ਦੇਹਾਂਤ ਅਤੇ ਉਸ ਤੋਂ ਸਾਢੇ ਚਾਰ ਸਾਲ ਬਾਅਦ ਵਿਨੀ ਦੀ ਮੌਤ ਤੱਕ ਦੋਵੇਂ ਜਿੰਦਡ਼ੀਆਂ ਦੇ ਨਿੱਜੀ ਸਫ਼ਰ ਤੱਕ ਨਾਲ ਤੁਰਦੀ ਹੈ। ਕਿਤਾਬ ਵਿੱਚ ਮਾਰਮਿਕ ਛੋਹ ਵੀ ਝਲਕਦੀ ਹੈ ਜਦੋਂ ਅਖੀਰਲੇ ਸਮੇਂ ਬਿਮਾਰ ਪਏ ਨੈਲਸਨ ਦਾ ਵਿਨੀ ਹਾਲ-ਚਾਲ ਪੁੱਛਣ ਆਉਂਦੀ ਹੈ ਅਤੇ ਜੇਲ੍ਹ ਵਿੱਚੋਂ ਉਸ ਨੂੰ ਲਿਖੀਆਂ ਪਿਆਰ ਨਾਲ ਗਡ਼ੁੱਚ ਚਿੱਠੀਆਂ ਦਾ ਚੇਤਾ ਕਰਾਉਂਦੀ ਹੈ ਜਿਨ੍ਹਾਂ ਦਾ ਬਿਓਰਾ ਕਿਤਾਬ ਵਿੱਚ ਦਰਜ ਹੈ।
ਬਹੁਤ ਹੀ ਮਿਹਨਤ ਨਾਲ ਇਕੱਠੀ ਕੀਤੀ ਸਮੱਗਰੀ ਤੇ ਖ਼ੂਬਸੂਰਤ ਢੰਗ ਨਾਲ ਲਿਖੀ ਜੌਨ੍ਹੀ ਸਟੀਨਬਰਗ ਦੀ ਕਿਤਾਬ ਨਿੱਜੀ ਤੇ ਸਿਆਸੀ ਪੱਧਰਾਂ ’ਤੇ ਗਹਿਰੀ ਅੰਤਰਝਾਤ ਪਵਾਉਂਦੀ ਹੈ। ਇੱਕ ਵਿਆਹ, ਲੋਕਾਂ ਅਤੇ ਦੇਸ਼ ਕਾਲ ਦਾ ਸ਼ਾਨਦਾਰ ਚਿਤਰਣ ਪੇਸ਼ ਕਰਦੀ ਹੈ। ਇਹ ਇੱਕੋ ਸਮੇਂ ਜੀਵਨੀ ਵੀ ਹੈ, ਇਤਿਹਾਸਕ ਤੇ ਸਿਆਸੀ ਗਾਥਾ ਵੀ ਹੈ ਪਰ ਇਸ ਦਾ ਬਿਰਤਾਂਤ ਨਾਵਲ ਕਹਾਣੀ ਵਾਂਗ ਨਹੀਂ ਹੈ। ਜਿਨ੍ਹਾਂ ਪਾਠਕਾਂ ਦੀ ਦੱਖਣੀ ਅਫ਼ਰੀਕਾ ਵਿੱਚ ਮਾਮੂਲੀ ਜਾਂ ਬਿਲਕੁਲ ਹੀ ਦਿਲਚਸਪੀ ਨਹੀਂ ਹੈ, ਉਹ ਵੀ ਇਸ ਦਾ ਭਰਵਾਂ ਲਾਹਾ ਉਠਾ ਸਕਦੇ ਹਨ।
ਈ-ਮੇਲ: ramachandraguha@yahoo.in