For the best experience, open
https://m.punjabitribuneonline.com
on your mobile browser.
Advertisement

ਹਲਵਾਰਾ ਹਵਾਈ ਅੱਡੇ ਦਾ ਨਾਂ ਪਿੰਡ ਐਤੀਆਣਾ ਦੇ ਨਾਮ ’ਤੇ ਰੱਖਣ ਲਈ ਭੁੱਖ ਹੜਤਾਲ

11:34 AM Apr 14, 2024 IST
ਹਲਵਾਰਾ ਹਵਾਈ ਅੱਡੇ ਦਾ ਨਾਂ ਪਿੰਡ ਐਤੀਆਣਾ ਦੇ ਨਾਮ ’ਤੇ ਰੱਖਣ ਲਈ ਭੁੱਖ ਹੜਤਾਲ
ਐਤੀਆਣਾ ਦੀ ਸੱਥ ਵਿੱਚ ਭੁੱਖ ਹੜਤਾਲ ’ਤੇ ਬੈਠੇ ਹੋਏ ਪਿੰਡ ਵਾਸੀ।
Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਅਪਰੈਲ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਿਰਮਾਣ ਲਈ ਸਭ ਤੋਂ ਵੱਧ ਜ਼ਮੀਨ ਦੇਣ ਵਾਲੇ ਪਿੰਡ ਐਤੀਆਣਾ ਨੂੰ ਅਣਡਿੱਠ ਕਰਨ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਵਿਸਾਖੀ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਪਿੰਡ ਵਾਸੀਆਂ ਨੇ ਪਿੰਡ ਦੀ ਸੱਥ ਵਿੱਚ ਦਿਨ ਭਰ ਭੁੱਖ ਹੜਤਾਲ ਕੀਤੀ, ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲੀਸ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਸਮਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੀ ਸਾਬਤ ਹੋਈਆਂ। ਸ਼ਾਂਤਮਈ ਰੋਸ ਧਰਨੇ ਦੇ ਬਾਵਜੂਦ ਥਾਣਾ ਸੁਧਾਰ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਪਿੰਡ ਵਾਸੀਆਂ ਦੇ ਇਸ ਸ਼ਾਂਤਮਈ ਰੋਸ ਦਾ ਅਗਾਮੀ ਲੋਕ ਸਭਾ ਚੋਣਾਂ ਵਿੱਚ ਅਸਰ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਤਹਿਸੀਲਦਾਰ ਰਾਏਕੋਟ ਵਿਸ਼ਵਜੀਤ ਸਿੰਘ ਸਿੱਧੂ ਨੇ ਭੁੱਖ ਹੜਤਾਲੀ ਕੈਂਪ ਵਿਚ ਪਹੁੰਚ ਕੇ ਪਿੰਡ ਵਾਸੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਜਲਦ ਹੱਲ ਦਾ ਭਰੋਸਾ ਵੀ ਦਿੱਤਾ।
ਪਿੰਡ ਦੇ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਵਿੱਚ ਭੁੱਖ-ਹੜਤਾਲੀ ਕੈਂਪ ਦੌਰਾਨ ਸੁਖਮਣੀ ਸਾਹਿਬ ਦੇ ਪਾਠ ਜਾਰੀ ਰਹੇ ਹਨ। ਪਿੰਡ ਵਾਸੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ ਐਤੀਆਣਾ ਨਾਮ ਰੱਖਣ ਦੀ ਮੰਗ ਕੀਤੀ ਹੈ।
ਗ਼ਲਾਡਾ ਤੋਂ ਖ਼ਰੀਦ ਕੀਤਾ ਰਸਤਾ ਪੰਚਾਇਤ ਦੇ ਨਾਮ ਤਬਦੀਲ ਕਰਨ ਤੋਂ ਇਲਾਵਾ ਰਹਿ ਗਏ ਕਿਸਾਨਾਂ ਨੂੰ ਟਿਊਬਵੈੱਲਾਂ ਦਾ ਮੁਆਵਜ਼ਾ ਅਦਾ ਕਰਨ ਦੀ ਮੰਗ ਕੀਤੀ ਹੈ।
ਇਸ ਦੌਰਾਨ ਧਰਨਾਕਾਰੀਆਂ ਨੇ ਗ਼ਰੀਬ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ। ਧਰਨਾਕਾਰੀਆਂ ਵਿੱਚ ਹੋਰਨਾ ਤੋਂ ਇਲਾਵਾ ਕਿਸਾਨ ਆਗੂ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਕਿਸਾਨ ਆਗੂ ਰਛਵਿੰਦਰ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਮੁਖ਼ਤਿਆਰ ਕੌਰ ਨੇ ਵੀ ਸ਼ਮੂਲੀਅਤ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×