ਸੈਂਕੜੇ ਕਿਸਾਨਾਂ ਦਾ ਦਰਿਆ ਪਾਰ ਜ਼ਮੀਨ ਨਾਲੋਂ ਸੰਪਰਕ ਟੁੱਟਿਆ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ,18 ਅਗਸਤ
ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਨ ਬਿਆਸ ਦਰਿਆ ਪਾਰ ਖੇਤੀ ਨਾਲ ਜੁੜੇ ਮਾਝੇ ਖੇਤਰ ਦੇ ਕਿਸਾਨਾਂ ਦਾ ਆਪਣੀਆਂ ਵਾਹੀ ਯੋਗ ਜ਼ਮੀਨਾ ਨਾਲੋਂ ਸੰਪਰਕ ਟੁੱਟ ਗਿਆ ਹੈ। ਦਰਿਆ ਬਿਆਸ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੇੜੀਆਂ ਰਾਹੀਂ ਦੂਜੇ ਪਾਰ ਜਾ ਕੇ ਖੇਤੀ ਕਰਨ ਵਾਲੇ ਸੈਂਕੜੇ ਪਰਿਵਾਰ ਚਿੰਤਾ ਦੇ ਆਲਮ ਵਿੱਚ ਹਨ, ਜਿਨ੍ਹਾ ਦੀ ਸੈਂਕੜੇ ਏਕੜ ਜ਼ਮੀਨ ਦਰਿਆ ਬਿਆਸ ਦੀ ਮਾਰ ਹੇਠ ਆਉਣ ਦੇ ਨਾਲ ਨਾਲ ਸੈਂਕੜੇ ਦੁਧਾਰੂ ਪਸ਼ੂ ਵੀ ਇਸ ਪਾਣੀ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਦਰਿਆ ਬਿਆਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਧੁੱਸੀ ਦੇ ਕਮਜ਼ੋਰ ਹੋਣ ਕਾਰਨ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਧੁੱਸੀ ਬੰਨ੍ਹ ਕਈ ਜਗ੍ਹਾ ਤੋਂ ਕਮਜ਼ੋਰ ਹੋਣ ਕਾਰਨ ਪਾਣੀ ਬੰਨ੍ਹ ਦੇ ਥੱਲੇ ਦੀ ਰਿਸ ਰਿਹਾ ਹੈ। ਉੱਥੇ ਹੀ ਪਾਣੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲਾਇਆ ਪੱਥਰ ਸਟੱਡ ਵੀ ਕਈ ਜਗ੍ਹਾ ਤੋਂ ਧਸਣਾ ਸ਼ੁਰੂ ਹੋ ਗਿਆ ਹੈ, ਜਿਸ ਨੇ ਕਿਸਾਨਾਂ ਦੀਆਂ ਚਿੰਤਾਵਾਂ ’ਚ ਵਾਧਾ ਕਰ ਦਿੱਤਾ ਹੈ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਕਮਜ਼ੋਰ ਹੋ ਰਹੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਬਾਬਾ ਜੈਮਲ ਸਿੰਘ, ਬਲਵਿੰਦਰ ਸਿੰਘ ਨੀਲਾ, ਹਰਭਜਨ ਸਿੰਘ ਬਿੱਟੂ, ਸਤਨਾਮ ਸਿੰਘ ਟੀਟੂ, ਜਰਨੈਲ ਸਿੰਘ, ਪਰਮਜੀਤ ਸਿੰਘ ਪੰਮਾ, ਜਗੀਰ ਸਿੰਘ, ਗੁਰਨਾਮ ਸਿੰਘ ਦਾਮਨ, ਪ੍ਰੇਮ ਸਿੰਘ ਪੁੰਝਾ, ਬੇਅੰਤ ਸਿੰਘ, ਹੀਰਾ ਸਿੰਘ,ਦਵਿੰਦਰ ਸਿੰਘ ਆਦਿ ਕਿਸਾਨਾਂ ਨੇ ਆਖਿਆ ਕਿ ਉਹ ਆਪਣੇ ਤੌਰ ’ਤੇ ਗੋਇੰਦਵਾਲ ਮਿਆਣੀ ਦਾ ਧੁੱਸੀ ਬੰਨ੍ਹ ਮਜ਼ਬੂਤ ਕਰ ਰਹੇ ਹਨ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਈ ਜਗ੍ਹਾ ਤੋਂ ਸਟੱਡ ਧੱਸ ਗਏ ਹਨ ਅਤੇ ਧੁੱਸੀ ਦੇ ਅੰਦਰ ਦੀ ਪਾਣੀ ਰਿਸ ਰਿਹਾ ਹੈ ਜਿਸ ਦੇ ਚੱਲਦੇ ਧੁੱਸੀ ਦੇ ਟੁੱਟਣ ਦਾ ਖਤਰਾ ਮੰਡਰਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਧੁੱਸੀ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਕੋਈ ਖਾਸ ਮਦਦ ਮੁਹੱਈਆ ਨਹੀਂ ਕਰਵਾਈ ਗਈ। ਜਿਕਰਯੋਗ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਧੁੱਸੀ ਬੰਨ੍ਹ ਦੇ ਨਾਲ ਲੱਗਦੇ ਗੋਇੰਦਵਾਲ ਸਾਹਿਬ, ਮਿਆਣੀ, ਝੰਡੇਰ ਮਹਾਂਪੁਰਖਾਂ, ਧੂੰਦਾ, ਮੁੰਡਾਪਿੰਡ, ਭੈਲ ਢਾਏਵਾਲਾ, ਕਰਮੂਵਾਲਾ, ਮਾਨਕਦੇਕੇ ਤੋਂ ਇਲਾਵਾ ਚੋਹਲਾ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਸਮੇਤ ਅਨੇਕਾਂ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ ਅਤੇ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਹੈ।
ਪਾੜ ਨੂੰ ਪੂਰਨ ਲਈ ਆਪ-ਮੁਹਾਰੇ ਮਿੱਟੀ ਦੀਆਂ ਟਰਾਲੀਆਂ ਭਰ ਕੇ ਪਹੁੰਚ ਰਹੇ ਨੇ ਨੌਜਵਾਨ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਦਰਿਆ ਬਿਆਸ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜਾਂ ਨੂੰ ਪੂਰਨ ਲਈ ਵੱਖ ਵੱਖ ਇਲਾਕਿਆਂ ਤੋਂ ਲੋਕ ਵਹੀਰਾਂ ਘੱਤ ਕੇ ਜਗਤਪੁਰ ਟਾਂਡਾ ਦੀ ਤਰਫ਼ ਬੀਤੇ ਦਿਨ ਤੋਂ ਜਾ ਰਹੇ ਹਨ। ਅੱਜ ਮਿੱਟੀ ਨਾਲ ਭਰੀਆਂ ਟਰਾਲੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਆਮ ਲੋਕਾਂ ਦੀ ਪਹਿਲਕਦਮੀ ਸਦਕਾ 5 ਪਾੜ ਕੱਲ੍ਹ ਹੀ ਭਰ ਲਏ ਗਏ ਸਨ। ਜਗਤਪੁਰ ਨੇੜੇ ਪਏ 300 ਫੁੱਟ ਲੰਮੇ ਪਾੜ ਨੂੰ ਪੂਰਨ ਲਈ ਲਗਾਤਾਰ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਜਿੱਥੇ ਕੰਮ ਦੀ ਲਗਾਤਾਰਤਾ ਨੂੰ ਬਣਾਏ ਰੱਖਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਰਾਹਤ ਕੰਮਾਂ ਵਿੱਚ ਹੋਰ ਤੇਜ਼ੀ ਆਈ ਹੈ। ਪਾੜ ਪੂਰਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਰਾਹਤ ਟੀਮਾਂ ਅਤੇ ਨੌਜਵਾਨਾਂ ਨੇ ਸਾਂਝੇ ਤੌਰ ਤੇ ਮੋਰਚਾ ਸੰਭਾਲਿਆ ਹੋਇਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਰੀਬ 300 ਫੁੱਟ ਪਏ ਇਸ ਪਾੜ ਨੂੰ ਭਰਨ ਲਈ ਢਾਈ ਲੱਖ ਤੋਂ ਵੱਧ ਮਿੱਟੀ ਦੇ ਬੋਰੇ ਲੱਗਣ ਦਾ ਅਨੁਮਾਨ ਹੈ ਅਤੇ ਇਹ ਕੰਮ ਸ਼ਾਮ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਰਿਆਂ, ਲੋਹੇ ਦੇ ਜਾਲ ਅਤੇ ਮਿੱਟੀ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕਿਸਾਨਾਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਵੀ ਮੌਕੇ ’ਤੇ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰਾਂ ਦੇ ਨਾਲ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਇਲਾਕੇ ਦੇ ਨੌਜਵਾਨ ਵੀ ਪੂਰੇ ਜੋਸ਼ ਨਾਲ ਪਾੜ ਨੂੰ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਵਿੱਚ ਪਏ ਬਾਕੀ ਪਾੜਾਂ ਨੂੰ ਭਰ ਲਿਆ ਗਿਆ ਹੈ ਅਤੇ ਪਿੰਡ ਜਗਤਪੁਰ ਟਾਂਡਾ ਦੇ ਪਾੜ ਨੂੰ ਭਰਨ ਦਾ ਕੰਮ ਵੀ ਭਲਕੇ ਸ਼ਾਮ ਤੱਕ ਮੁਕੰਮਲ ਹੋਣ ਦੀ ਪੂਰੀ ਉਮੀਦ ਹੈ। ਜਿਸ ਤੋਂ ਬਾਅਦ ਬੇਟ ਖੇਤਰ ਨੂੰ ਹੜ੍ਹ ਦੀ ਮਾਰ ਤੋਂ ਸੁਰੱਖਿਅਤ ਕਰ ਲਿਆ ਜਾਵੇਗਾ।