For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹੇ ਦੀਆਂ ਸੈਂਕੜੇ ਆਂਗਣਵਾੜੀ ਵਰਕਰਾਂ ਨੇ ਡੀਸੀ ਦਫ਼ਤਰ ਘੇਰਿਆ

08:58 AM Jul 11, 2024 IST
ਜ਼ਿਲ੍ਹੇ ਦੀਆਂ ਸੈਂਕੜੇ ਆਂਗਣਵਾੜੀ ਵਰਕਰਾਂ ਨੇ ਡੀਸੀ ਦਫ਼ਤਰ ਘੇਰਿਆ
ਸੰਗਰੂਰ ਵਿੱਚ ਡੀਸੀ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦੀ ਹੋਈ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਮਨਦੀਪ ਕੁਮਾਰੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੁਲਾਈ
ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੇ ਸੱਦੇ ’ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਵੱਲੋਂ ਕੇਂਦਰੀ ਵਿੱਤ ਮੰਤਰੀ ਸੀਤਾਰਾਮਨ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਨੁਪੂਰਨਾ ਦੇ ਨਾਂ ਮੰਗ ਪੱਤਰ ਭੇਜੇ ਗਏ।
ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਤੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਮਨਦੀਪ ਕੁਮਾਰੀ ਦੀ ਅਗਵਾਈ ਹੇਠ ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੇ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਜਿੱਥੇ ਆਈਸੀਡੀਐੱਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਉਥੇ ਡਿਜੀਟਲ ਦੇ ਨਾਮ ’ਤੇ ਆਂਗਣਵਾੜੀ ਵਰਕਰਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਵੇਖੀਆਂ ਜਾਣ ਤਾਂ ਅੱਜ ਦੇਸ਼ ਵਿਚ ਕੁਪੋਸ਼ਣ ਵਰਗੀ ਲਾ ਇਲਾਜ ਬਿਮਾਰੀ ਪਸਰ ਰਹੀ ਹੈ ਪਰ ਸਰਕਾਰ ਇਸ ਨੂੰ ਖਤਮ ਕਰਨ ਲਈ ਸਿਰਫ਼ ਗੱਲੀਂ-ਬਾਤੀ ਸਾਰ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਆਈਸੀਡੀਐਸ ਸਕੀਮ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਆਈਸੀਡੀਐਸ ਦਾ ਬਣਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਰਕਰ-ਹੈਲਪਰ ਨੂੰ ਘੱਟੋ ਘੱਟ ਉਜਰਤ ਅਤੇ ਗਰੈਚੁਟੀ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵਰਕਰ ਤੇ ਹੈਲਪਰ ਨੂੰ ਸੰਵਿਧਾਨਕ ਲਾਭ ਦਿੱਤੇ ਜਾਣ, ਘੱਟੋ ਘੱਟ ਉਜਰਤ 26 ਹਜ਼ਾਰ ਰੁਪਏ ਕੀਤੀ ਜਾਵੇ, ਪ੍ਰੀ-ਪ੍ਰਾਇਮਰੀ ਐਜੂਕੇਸ਼ਨ ਆਂਗਣਵਾੜੀ ਕੇਂਦਰਾਂ ਵਿਚ ਦੇਣੀ ਯਕੀਨੀ ਬਣਾਈ ਜਾਵੇ, 49 ਸਾਲਾਂ ਤੋਂ ਚਲਦੀ ਸਕੀਮ ਨੂੰ ਆਂਗਣਵਾੜੀ ਕੇਂਦਰਾਂ ਤੋਂ ਖੋਹ ਕੇ ਖੋਰਾ ਨਾ ਲਗਾਇਆ ਜਾਵੇ, ਕੰਮਕਾਰ ਡਿਜੀਟਲ ਕਰਨ ਦੇ ਲਈ ਸਾਧਨਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਨੂੰ ਯੂਨੀਅਨ ਆਗੂ ਮਨਦੀਪ ਕੁਮਾਰੀ, ਸ਼ਕੁੰਤਲਾ ਧੂਰੀ, ਜਸਵਿੰਦਰ ਕੌਰ ਨੀਲੋਵਾਲ, ਸੁਖਵਿੰਦਰ ਕੌਰ ਸੁਨਾਮ, ਸਰਬਜੀਤ ਕੌਰ ਸੰਗਰੂਰ, ਰਾਜਵਿੰਦਰ ਕੌਰ, ਸੁਰਿੰਦਰ ਕੌਰ ਬਾਲੀਆਂ, ਪ੍ਰਕਾਸ਼ ਦੇਵੀ ਅੰਨਦਾਨਾ ਤੇ ਰਾਜਵੰਤ ਕੌਰ ਲਹਿਰਾ ਆਦਿ ਨੇ ਵੀ ਸੰਬੋਧਨ ਕੀਤਾ।

Advertisement

ਆਂਗਣਵਾੜੀ ਵਰਕਰਾਂ ਵੱਲੋਂ ਨਵੇਂ ਕਾਨੂੰਨਾਂ ਦਾ ਵਿਰੋਧ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਲਾਗੂ ਕੀਤੇ ਗਏ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਰੋਧ ਅਤੇ ਇਨ੍ਹਾਂ ਕਾਨੂੰਨਾਂ ’ਤੇ ਸੰਸਦ ’ਚ ਮੁੜ ਵਿਚਾਰ-ਵਟਾਂਦਰਾ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਡਾ.ਪੱਲਵੀ ਦਫ਼ਤਰ ਤੋਂ ਬਾਹਰ ਆ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਣ। ਓਧਰ, ਡੀ.ਸੀ. ਡਾ.ਪੱਲਵੀ ਨੇ ਕਿਹਾ ਕਿ ਧਰਨੇ ਦੀ ਅਗਵਾਈ ਕਰਦੇ 4-5 ਆਗੂ ਉਨ੍ਹਾਂ ਨੂੰ ਦਫ਼ਤਰ ’ਚ ਆ ਕੇ ਆਪਣਾ ਮੰਗ ਪੱਤਰ ਦੇ ਦੇਣ। ਇਸ ਗੱਲ ਨੂੰ ਲੈ ਕੇ ਕਾਫ਼ੀ ਦੇਰ ਮਹੌਲ ਤਲਖ਼ ਰਿਹਾ। ਮੌਕੇ ’ਤੇ ਪੁੱਜੇ ਡੀਐੱਸਪੀ ਗੁਰਦੇਵ ਸਿੰਘ ਵੱਲੋਂ ਸਮਝਾਉਣ ’ਤੇ ਧਰਨਾਕਾਰੀ ਸ਼ਾਂਤ ਹੋਏ, ਜਿਸ ਉਪਰੰਤ ਧਰਨਾਕਾਰੀਆਂ ਵੱਲੋਂ ਮੌਕੇ ’ਤੇ ਪੁੱਜੇ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement