ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੈਂਕੜੇ ਕਾਰਕੁਨਾਂ ਨੇ ਪਾਰਟੀ ਛੱਡੀ
ਮਨੋਜ ਸ਼ਰਮਾ
ਬਠਿੰਡਾ, 28 ਸਤੰਬਰ
ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਉਤਸ਼ਾਹ ਤੇ ਇਨਕਲਾਬੀ ਨਾਅਰਿਆਂ ਨਾਲ ਅੱਜ ਸਥਾਨਕ ਚਿਲਡਰਨ ਪਾਰਕ ਵਿੱਚ ਮਨਾਇਆ ਗਿਆ। ਅੱਜ ਇਸ ਅਹਿਮ ਦਿਹਾੜੇ ਮੌਕੇ ਕਾਮਰੇਡ ਪਾਟੋਧਾੜ ਹੋ ਕੇ ਮਿੱਠੂ ਸਿੰਘ ਘੁੱਦਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਦੀ ਅਗਵਾਈ ਵਿੱਚ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਅਸਤੀਫਾ ਦੇ ਕੇ 200 ਦੇ ਕਰੀਬ ਕਾਰਕੁਨ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸੂਬਾ ਸਕੱਤਰ ਅਤੇ ਮੈਂਬਰ ਨੈਸ਼ਨਲ ਕੌਂਸਲ ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ, ਕਿਸਾਨ ਆਗੂ ਹਰਨੇਕ ਸਿੰਘ ਆਲੀਕੇ, ਐਡਵੋਕੇਟ ਸਰਜੀਤ ਸਿੰਘ ਸੋਹੀ, ਜਸਵੀਰ ਕੌਰ ਸਰਾ ਅਤੇ ਨੈਬ ਸਿੰਘ ਔਲਖ ਨੇ ਜ਼ੋਰਦਾਰ ਸਵਾਗਤ ਕੀਤਾ। ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅੱਜ ਦੇਸ਼ ਦੇ ’ਚ ਤਾਨਾਸ਼ਾਹੀ ਤੇ ਕਾਰਪੋਰੇਟ ਦਾ ਰਾਜ ਚੱਲ ਰਿਹਾ ਹੈ ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦਲਿਤਾਂ ਅਤੇ ਔਰਤਾਂ ਉੱਪਰ ਜ਼ੁਲਮ ਹੋ ਰਹੇ ਹਨ। ਅਜਿਹੇ ਸਮੇਂ ਤੇ ਖੱਬੇ ਪੱਖੀ ਵਿਚਾਰਧਾਰਾ ਜਿਸ ਉੱਪਰ ਚਲਦਿਆਂ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਦੇ ਕੇ ਦੇਸ਼ ਦੇ ਲੋਕਾਂ ਨੂੰ ਅੰਗਰੇਜ਼ੀ ਰਾਜ ਤੋਂ ਮੁਕਤੀ ਦਿਵਾਈ ਉਸ ਵਿਚਾਰਧਾਰਾ ਨੂੰ ਅੱਜ ਮੁੜ ਮਜ਼ਬੂਤ ਕਰਨ ਦੀ ਲੋੜ ਹੈ। ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਕਿ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਸੀ ਲੋਕਾਂ ਦਾ ਕੋਈ ਵੀ ਮੁੱਦਾ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਥੀ ਮਿੱਠੂ ਸਿੰਘ ਘੁਦਾ ਨੇ ਕਿਹਾ ਕਿ ਅੱਜ ਮਜ਼ਦੂਰ ਜਮਾਤ ਦੀ ਬੰਦ ਖਲਾਸੀ ਲਈ ਪਿੰਡ ਪਿੰਡ ਜਾ ਕੇ ਮਜ਼ਦੂਰਾਂ ਨੂੰ ਚੇਤਨ ਕਰਨ ਦੀ ਲੋੜ ਹੈ।