ਪੰਜਾਬ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਦੀ ਕਾਰਗੁਜ਼ਾਰੀ ਬਿਹਤਰੀਨ: ਜੀਦਾ
ਸ਼ਗਨ ਕਟਾਰੀਆ
ਬਠਿੰਡਾ, 22 ਨਵੰਬਰ
ਨਕੋਦਰ ਸਹਿਕਾਰੀ ਖੰਡ ਮਿੱਲ ਨੂੰ ਪੂਰੇ ਦੇਸ਼ ਵਿੱਚੋਂ ਗੰਨੇ ਦੇ ਨਵੇਂ ਕਿਸਮ ਦੇ ਬੀਜ ਬੀਜਣ ਵਿੱਚ ਅਤੇ ਮੋਰਿੰਡਾ ਸਹਿਕਾਰੀ ਖੰਡ ਮਿੱਲ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਸਮੁੱਚੀਆਂ ਖੰਡ ਮਿੱਲਾਂ ਵਿੱਚੋਂ ਸਭ ਤੋਂ ਵੱਧ ਰਿਕਵਰੀ ਹਾਸਲ ਕਰਨ ਕਰਕੇ ‘ਬੈਸਟ ਐਵਾਰਡ’ ਪ੍ਰਾਪਤ ਹੋਏ ਹਨ।
ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿੱਚ 71ਵੇਂ ਸਰਵ ਭਾਰਤੀ ਸਹਿਕਾਰਤਾ ਸਪਤਾਹ ਮੌਕੇ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਵੇਂ ਮਿੱਲਾਂ ਦੇ ਪ੍ਰਬੰਧਕਾਂ ਨੂੰ ਇਹ ਐਵਾਰਡ ਪ੍ਰਦਾਨ ਕੀਤੇ। ਜੀਦਾ ਨੇ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇ ਨੀਅਤ ਸਾਫ਼ ਹੋਵੇ, ਤਾਂ ਕੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਇਹ ਉਹੀ ਸਹਿਕਾਰੀ ਖੰਡ ਮਿੱਲਾਂ ਨੇ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਘਾਟੇ ਵਿੱਚ ਜਾਣ ਕਾਰਨ ਅੱਧੀਆਂ ਖੰਡ ਮਿੱਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਉਹੀ ਖੰਡ ਮਿੱਲਾਂ ਅੱਜ ਦੇਸ਼ ਭਰ ਵਿੱਚੋਂ ਪਹਿਲੇ ਮੁਕਾਮ ਹਾਸਿਲ ਕਰ ਰਹੀਆਂ ਹਨ। ਚੇਅਰਮੈਨ ਜੀਦਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਬਿਹਤਰ ਕਾਰਗੁਜ਼ਾਰੀ ਵਿਖਾ ਕੇ ਦੇਸ਼ ਭਰ ’ਚੋਂ ਚੰਗੇ ਸਥਾਨ ਹਾਸਿਲ ਕਰਨਗੀਆਂ। ਇਸ ਮੌਕੇ ਅਰਵਿੰਦਪਾਲ ਸਿੰਘ ਕੈਰੋਂ ਜਨਰਲ ਮੈਨੇਜਰ ਖੰਡ ਮਿੱਲ ਮੋਰਿੰਡਾ, ਗੁਰਵਿੰਦਰਪਾਲ ਸਿੰਘ ਜਰਨਲ ਮੈਨੇਜਰ ਭੋਗਪੁਰ, ਰਾਜਿੰਦਰ ਪ੍ਰਤਾਪ ਸਿੰਘ ਜਨਰਲ ਮੈਨੇਜਰ ਨਵਾਂਸ਼ਹਿਰ, ਸਰਬਜੀਤ ਸਿੰਘ ਜਨਰਲ ਮੈਨੇਜਰ ਗੁਰਦਾਸਪੁਰ, ਵਿਮਲ ਕੁਮਾਰ ਜਨਰਲ ਮੈਨੇਜਰ ਨਕੋਦਰ, ਸੰਜੀਵ ਸੋਨੀ ਸੁਪਰਡੈਂਟ ਸ਼ੂਗਰਫੈੱਡ, ਤੇਜਿੰਦਰਪਾਲ ਸਿੰਘ ਭੱਲਾ ਅਤੇ ਗੌਰਵ ਕੁਮਾਰ ਹਾਜ਼ਰ ਸਨ।