ਨਹਿਰ ਟੁੱਟਣ ਕਾਰਨ ਸੌ ਏਕੜ ਕਣਕ ਡੁੱਬੀ
ਜਗਤਾਰ ਸਮਾਲਸਰ
ਏਲਨਾਬਾਦ, 20 ਅਪਰੈਲ
ਚੌਪਟਾ ਨੇੜਿਓਂ ਲੰਘਣ ਵਾਲੀ ਬਰੂਵਾਲੀ ਨਹਿਰ ਅੱਜ ਅਚਾਨਕ ਪਿੰਡ ਲੁਦੇਸਰ ਕੋਲ ਟੁੱਟ ਗਈ। ਇਸ ਕਾਰਨ ਕਰੀਬ 100 ਏਕੜ ਵਿੱਚ ਖੜ੍ਹੀ ਅਤੇ ਵੱਢੀ ਹੋਈ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਨਹਿਰ ਟੁੱਟਣ ਕਾਰਨ ਕੁਲਦੀਪ ਗਾਟ, ਰਣਧੀਰ ਗਾਟ, ਸੰਦੀਪ ਕੁਮਾਰ, ਮਹਿੰਦਰ ਸਿੰਘ, ਅਮਰ ਸਿੰਘ, ਛੋਟੂ, ਸਹਿਦੇਵ, ਬੰਸੀ ਲਾਲ, ਭਜਨ ਲਾਲ, ਮੋਹਨ ਲਾਲ, ਕੁਲਬੀਰ ਸਿੰਘ ਸਣੇ ਅਨੇਕ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀ ਅਤੇ ਵੱਢੀ ਹੋਈ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।
ਨਹਿਰ ਟੁੱਟਣ ਦੀ ਸੂਚਨਾ ਮਿਲਣ ਤੋਂ ਬਾਅਦ ਸਿੰਜਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਨਹਿਰਾਣਾ ਹੈੱਡ ਤੋਂ ਨਹਿਰ ਨੂੰ ਬੰਦ ਕਰਵਾਇਆ। ਇਸ ਤੋਂ ਬਾਅਦ ਨਹਿਰ ਵਿੱਚ ਪਏ ਕਰੀਬ 100 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਲੁਦੇਸਰ ਖੇਤਰ ਪਹਿਲਾਂ ਹੀ ਸੇਮ ਦੀ ਮਾਰ ਹੇਠ ਹੈ। ਇਸ ਕਾਰਨ ਨਹਿਰ ਦੇ ਕਿਨਾਰੇ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਕਿਸਾਨਾਂ ਨੇ ਆਖਿਆ ਕਿ ਨਹਿਰ ਵਿੱਚ ਪਾੜ ਪੈਣ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਨਹਿਰੀ ਪਾਣੀ ਤਿੰਨ ਤੋਂ ਚਾਰ ਫੁੱਟ ਤੱਕ ਭਰ ਗਿਆ ਹੈ। ਕਿਸਾਨਾਂ ਨੇ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸਿੰਜਾਈ ਵਿਭਾਗ ਦੇ ਜੂਨੀਅਰ ਇੰਜਨੀਅਰ ਨੇ ਆਖਿਆ ਕਿ ਇੱਥੇ ਨੀਲ ਗਊਆਂ ਆਦਿ ਪਸ਼ੂ ਆਉਂਦੇ-ਜਾਂਦੇ ਰਹਿੰਦੇ ਹਨ ਜਿਨ੍ਹਾਂ ਦੇ ਖੁਰ੍ਹਾਂ ਨਾਲ ਨਹਿਰ ਦੇ ਕਿਨਾਰੇ ਕਮਜ਼ੋਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਨਹਿਰਾਣਾ ਹੈੱਡ ਤੋਂ ਨਹਿਰ ਨੂੰ ਬੰਦ ਕਰ ਦਿੱਤਾ ਗਿਆ ਸੀ।