ਮੂਸਾ ਬ੍ਰਾਂਚ ’ਚ ਪਾੜ ਪੈਣ ਕਾਰਨ ਸੌ ਏਕੜ ਫ਼ਸਲ ਡੁੱਬੀ
ਪੱਤਰ ਪ੍ਰੇਰਕ
ਮਾਨਸਾ, 17 ਅਕਤੂਬਰ
ਮਾਨਸਾ ਨੇੜਲੇ ਪਿੰਡ ਘਰਾਂਗਣਾ ਵਿੱਚ ਮੂਸਾ ਬਰਾਂਚ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਨਹਿਰ ਵਾਰ-ਵਾਰ ਟੁੱਟਦੀ ਰਹਿੰਦੀ ਹੈ ਅਤੇ ਇਸ ਦੇ ਟੁੱਟਣ ਸਬੰਧੀ ਅਜੇ ਵੀ ਨਹਿਰੀ ਵਿਭਾਗ ਵੱਲੋਂ ਇਸ ਪਾੜ ਨੂੰ ਬੰਦ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਕਿਸਾਨ ਬਲਦੇਵ ਸਿੰਘ, ਟਹਿਲ ਸਿੰਘ ਅਤੇ ਕਿਸਾਨ ਆਗੂ ਮਹਿੰਦਰ ਸਿੰਘ ਨੇ ਦੱਸਿਆ ਕਿ ਹਰ ਵਾਰ ਇਸ ਨਹਿਰ ਵਿੱਚ ਪਾੜ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਇਸ ਵਾਰ ਵੀ ਰਜਬਾਹੇ ਦੀ ਸਫ਼ਾਈ ਨਾ ਹੋਣ ਕਾਰਨ 40 ਫੁੱਟ ਦੇ ਕਰੀਬ ਪਾੜ ਪੈ ਗਿਆ ਹੈ, ਜਿਸ ਕਾਰਨ ਪਾਣੀ ਲਗਾਤਾਰ ਕਿਸਾਨਾਂ ਦੀਆਂ ਫ਼ਸਲਾਂ ਵੱਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਏਕੜ ਦੇ ਕਰੀਬ ਫ਼ਸਲ ਹੜ੍ਹ ਦੀ ਲਪੇਟ ਵਿੱਚ ਆ ਚੁੱਕੀ ਹੈ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਵਢਾਈ ਕੁਝ ਦਿਨਾਂ ਬਾਅਦ ਕੀਤੀ ਜਾਣੀ ਸੀ, ਪਰ ਪਾਣੀ ਭਰ ਜਾਣ ਕਾਰਨ ਸਾਰੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਰਜਬਾਹੇ ’ਚ ਪਏ ਪਾੜ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੌਕੇ ’ਤੇ ਅਧਿਕਾਰੀ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਗਿਰਦਾਵਰੀ ਕਰਵਾਕੇ ਉਨ੍ਹਾਂ ਦੀਆਂ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।ਇਸੇ ਦੌਰਾਨ ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾੜ ਨੂੰ ਪੂਰਨ ਲਈ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਅਤੇ ਪਾਣੀ ਘੱਟਣ ਤੋਂ ਬਾਅਦ ਹੀ ਪਾੜ ਨੂੰ ਪੂਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਮੋਘਿਆਂ ਨੂੰ ਬੰਦ ਕਰਨ ਕਰ ਕੇ ਨਹਿਰ ’ਚ ਪਾਣੀ ਮਿਕਦਾਰ ਜ਼ਿਆਦਾ ਵੱਧਣ ਕਰ ਕੇ ਨਹਿਰ ’ਚ ਪਾੜ ਪੈ ਗਿਆ ਹੈ।