ਮੇਲੇ ਵਿਚ ਖਿੱਚ ਦਾ ਕੇਂਦਰ ਬਣੀ ‘ਹੁਨਰ ਹਾਟ’
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ
ਮੇਲਾ ਮਾਘੀ ਮੌਕੇ ਪਹਿਲੀ ਵਾਰ ਪ੍ਰਸ਼ਾਸਨ ਵੱਲੋਂ ਲਾਈ ਗਈ ‘ਹੁਨਰ ਹਾਟ’ ਨੇ ਮੇਲੀਆਂ ਉਪਰ ਆਪਣੀ ਨਿਵੇਕਲੀ ਛਾਪ ਛੱਡੀ ਹੈ| ਅੱਜ ਪਹਿਲੇ ਦਿਨ ਹੀ ਵੱਡੀ ਗਿਣਤੀ ’ਚ ਲੋਕ ਮੇਲਾ ਦੇਖਣ ਪੁੱਜੇ| ‘ਹੁਨਰ ਹਾਟ’ ਤੇ ਖਾਣ ਪੀਣ ਦੇ ਪਦਾਰਥ ਉਪਲਬਧ ਹਨ। ਅੱਜ ਲੋਕਾਂ ਨੇ ਲੱਕੜ, ਪਲਾਸਟਿਕ ਤੇ ਕਾਗਜ਼ ਦੀਆਂ ਲੋੜੀਂਦੀਆਂ ਵਸਤਾਂ ਨਾਲ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਆਨੰਦ ਮਾਣਿਆ| ਇੱਥੋਂ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਲਾਏ ਇਸ ਨਿਵੇਕਲੇ ਬਾਜ਼ਾਰ ਦਾ ਉਦਘਾਟਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤਾ ਗਿਆ| ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਡਿਪਟੀ ਕਮਿਸ਼ਨਰ ਜਨਰਲ ਡਾ. ਨਯਨ, ਏਡੀਸੀਡੀ ਸੁਰਿੰਦਰ ਸਿੰਘ, ਐੱਸਡੀਐੱਮ ਕੰਵਰਜੀਤ ਸਿੰਘ ਮਾਨ, ਆਪ ਦੇ ਲੋਕ ਸਭਾ ਹਲਕਾ ਇੰਚਾਰਜ ਜਗਦੇਵ ਸਿੰਘ ਬਾਮ, ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ, ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਸੇ ਪੰਜਾਬ ਸਰਕਾਰ ਵੱਲੋਂ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਰੌਸ਼ਨੀ ਤੇ ਆਵਾਜ਼ ਸਮਾਗਮ 14 ਤੇ 15 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਕਾਕਾ ਬਰਾੜ ਨੇ ਸਟਾਲ ਲਗਾਉਣ ਪਹੁੰਚੇ ਦਸਤਕਾਰਾਂ, ਕਿਸਾਨ ਸਮੂਹਾਂ, ਸਵੈ ਸਹਾਇਤਾ ਸਮੂਹਾਂ, ਛੋਟੇ ਉਧਮੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇੱਥੇ ਪੁਸਤਕਾਂ ਦੀ ਸਟਾਲ, ਭਾਸ਼ਾ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਅਤੇ ਵਿਗਾਸ ਫਾਊਂਡੇਸ਼ਨ ਵੱਲੋਂ ਲਾਇਆ ਦਸਤਾਰ ਸਿਖਲਾਈ ਕੈਂਪ ਵੀ ਵਿਸੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਦਕਿ ਰਵਾਇਤੀ ਖਾਣੇ ਅਤੇ ਹੋਰ ਸਵੈ ਸਹਾਇਤਾ ਸਮੂਹਾਂ ਦੇ ਸਮਾਨ ਦੀ ਖਰੀਦਦਾਰੀ ਲਈ ਵੱਡੀ ਪੱਧਰ ’ਤੇ ਲੋਕ ਹੁਨਰ ਹਾਟ ਵਿੱਚ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ।