ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਵਵਾਦ ਅਤੇ ਸਿਰਜਣਾ ਦਾ ਪ੍ਰਵਚਨ

08:04 AM Apr 12, 2024 IST

ਡਾ. ਹਰਪ੍ਰੀਤ ਸਿੰਘ

ਇੱਕ ਪੁਸਤਕ - ਇੱਕ ਨਜ਼ਰ

ਜਗਦੀਪ ਸਿੱਧੂ ਦੀ ਨਵੀਂ ਵਾਰਤਕ ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ (ਕੀਮਤ: 210 ਰੁਪਏ; ਕੈਲੀਬਰ ਪਬਲੀਕੇਸ਼ਨ, ਪਟਿਆਲਾ) ਪੜ੍ਹਨ ਲੱਗਦਾ ਹਾਂ। ਉਹ ਚਾਨਣ ਲਈ ਲਿਖਦਾ ਹੈ। ਇਹ ਕਵੀ ਦਾ ਅਹਿਦ ਹੈ। ਵਰ੍ਹਿਆਂ ਦੇ ਪਲ ਉਸ ਦੀ ਸਿਰਜਣਾ ਵਿੱਚੋਂ ਗੁਜ਼ਰ ਕੇ ਕਵਿਤਾ ਬਣਦੇ ਹਨ। ਇਹ ਪਲ ਉਸ ਦੀ ਕਾਵਿ-ਸੰਵੇਦਨਾ ਕੋਲ ਸਿਮ੍ਰਤੀਆਂ ਬਣ ਬੈਠਦੇ ਹਨ ਤਾਂ ਵਾਰਤਕ ਬਣ ਜਾਂਦੇ ਹਨ। ਉਸ ਦੀ ਕਵਿਤਾ ਅਤੇ ਵਾਰਤਕ ਇੱਕ-ਦੂਸਰੇ ਦੇ ਬਹੁਤ ਨਜ਼ਦੀਕ ਹੈ। ਪਲ ਅਤੇ ਵਰ੍ਹੇ ਸਮੇਂ ਦੀਆਂ ਦੋ ਇਕਾਈਆਂ ਹਨ। ਜ਼ਿੰਦਗੀ ਦੀ ਨੁਮੈਰਿਕਸ ਇਨ੍ਹਾਂ ਵਿੱਚ ਵੰਡੀ ਹੋਈ ਹੈ। ਕੁਝ ਜੀਵੰਤ ਪਲ ਸਮਿਆਂ ਦੇ ਆਰ-ਪਾਰ ਫ਼ੈਲ ਜਾਂਦੇ ਹਨ। ਇਹ ਪਲ ਵਰ੍ਹਿਆਂ ਦੀ ਗੋਦ ਵਿੱਚ ਖੇਡਦੇ ਹਨ। ਕੋਈ ਜ਼ਰਖ਼ੇਜ਼ ਮਨ ਬੀਅ ਧਾਰਣ ਕਰਦਾ ਹੈ ਜਿਨ੍ਹਾਂ ਦਾ ਫੈਲਾਅ ਇਤਿਹਾਸ ਵਿੱਚੋਂ ਵਰਤਮਾਨ ਤੀਕ ਜਾ ਪੁੱਜਦਾ ਹੈ। ਕਲਾਵੰਤ ਆਪਣੀ ਕਲਾ ਨਾਲ ਇਨ੍ਹਾਂ ਪਲਾਂ-ਛਿਣਾਂ ਦੀ ਪੁਨਰ-ਸਿਰਜਣਾ ਕਰਦਾ ਹੈ। ਇਸ ਕਿਤਾਬ ਦੇ ਆਰ-ਪਾਰ ਕਾਲ ਦੇ ਪਦ-ਚਿੰਨ੍ਹ ਫੈਲੇ ਹੋਏ ਹਨ। ਜਗਦੀਪ ਸਿੱਧੂ ਦੀ ਹੱਥਲੀ ਵਾਰਤਕ ਪੁਸਤਕ ਵਰ੍ਹਿਆਂ ਕੋਲ ਠਹਿਰੇ ਪਲਾਂ-ਛਿਣਾਂ ਦੀ ਪੁਨਰ-ਸਿਰਜਣਾ ਕਰਦੀ ਹੈ।
ਜਗਦੀਪ ਦੀ ਵਾਰਤਕ ਵਿੱਚ ਸ਼ਾਲੀਨਤਾ ਬਹੁਤ ਸਹਿਜ ਨਾਲ ਵਿਚਰਦੀ ਹੈ। ਉਸ ਦੀ ਸ਼ਾਲੀਨਤਾ ਵਿੱਚ ਸੂਖ਼ਮ ਵਿਅੰਗ ਅਤੇ ਚੋਭ ਵੀ ਹੈ। ਭਾਸ਼ਾ ’ਚ ਅਨੁਸ਼ਾਸਨ ਤੇ ਸੰਜਮ ਦਿਖਾਈ ਦਿੰਦਾ ਹੈ। ਇਹ ਉਸ ਦੀ ਕਮਾਈ ਹੈ। ਸੁਹਜਾਤਮਕਤਾ ਅਤੇ ਕਲਾਤਮਕਤਾ ਉਸ ਦੀ ਕਲਮ ’ਚ ਰਮੇ ਹੋਏ ਹਨ। ਕਾਵਿ-ਧੁਨੀਆਂ ਦੇ ਵਿਭਿੰਨ ਆਕਾਰ ਗੂੰਜਦੇ ਹਨ। ਕਈ ਥਾਵੇਂ ਉੁਸ ਦੀ ਵਾਰਤਕ ਕਾਵਿਮਈ ਹੋ ਜਾਂਦੀ ਹੈ। ਉਸ ਦਾ ਸਰਲ ਤੇ ਸਹਿਜ ਸੁਭਾਅ ਹੋਣ ਕਰਕੇ ਕਵਿਤਾ ਉਸ ਦਾ ਮਾਰਗ ਬਣਦੀ ਹੈ। ਉਹ ਕਵਿਤਾ ਦੀ ਅਣਛੋਹੀ ਸਪੇਸ ਨੂੰ ਵਾਰਤਕ ਰਾਹੀਂ ਜੀਵਨ ਪੰਧ ਵਿੱਚ ਬਦਲਦਾ ਹੈ। ਉਸ ਦੀ ਵਾਰਤਕ ਕਵਿਤਾ ਦਾ ਪਰਤੌ ਜਾਪਦੀ ਹੈ ਜਾਂ ਉਸ ਦੀ ਸਿਰਜਣ ਪ੍ਰਕਿਰਿਆ ਦਾ ਅਹਿਮ ਪੜਾਅ। ਉਸ ਦੀ ਵਾਰਤਕ ਦੇ ਕੇਂਦਰ ਵਿੱਚ ਲਰਜ਼ਦਾ ਆਪਾ ਹੈ ਜੋ ਹਰ ਸੂਖ਼ਮ ਤਬਦੀਲੀ ਅਤੇ ਹਿਲਜੁਲ ਨੂੰ ਮਹਿਸੂਸ ਕਰਦਾ ਹੈ। ਚਾਹੇ ਉਹ ਨਿੱਜ ਦੇ ਧਰਾਤਲ ’ਤੇ ਵਾਪਰਦੀ ਹੋਵੇ ਜਾਂ ਸਮੂਹ ਦੇ। ਉਸ ਦੀ ਵਾਰਤਕ ’ਤੇ ਗਲਪ ਦੀ ਪੁੱਠ ਹੈ। ਨਿੱਕੇ-ਨਿੱਕੇ ਬਿਰਤਾਂਤ ਹਨ। ਇਹ ਸਵੈ-ਕਥਨ ਸਵੈ-ਜੀਵਨੀ ਵਾਂਗ ਹੋ ਵਿਚਰਦੇ ਹਨ। ਘਟਨਾਵਾਂ ਅੰਦਰ ਸੰਵੇਦਨਾ ਦਾ ਪ੍ਰਕਾਸ਼ ਹੈ। ਉਸ ਨੂੰ ਕਥਾ ਕਹਿਣ ਦਾ ਢੰਗ ਆਉਂਦਾ ਹੈ।
ਜਗਦੀਪ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ ਵਿੱਚ ਸਮਕਾਲੀ ਭਾਰਤੀ ਰਾਜਨੀਤੀ ਅਤੇ ਆਰਥਿਕਤਾ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ। ਉਹ ਲੋਕਤੰਤਰ ਵਿੱਚ ਫ਼ਾਸੀਵਾਦੀ ਤੱਤਾਂ ਦਾ ਉਭਾਰ ਹੁੰਦਿਆਂ ਦੇਖਦਾ ਹੈ। ਆਰਥਿਕ ਤੇ ਸਮਾਜਿਕ ਜਮਾਤਾਂ ਦੇ ਵਧਦੇ ਪਾੜੇ ਨਸ਼ਰ ਹੁੰਦੇ ਹਨ। ਉਹ ਅਣਸੁਖਾਵੇਂ ਹਾਲਾਤ ਦਾ ਫ਼ਿਕਰ ਅਤੇ ਜ਼ਿਕਰ ਕਰਦਾ ਹੈ। ਨਸਲਾਂ ਤੇ ਫ਼ਸਲਾਂ ਦੀ ਗੱਲ ਕਰਦਾ ਹੈ। ਲੇਬਰ ਚੌਕ ਵਿੱਚ ਖੜ੍ਹੇ ਮਜ਼ਦੂਰਾਂ ਦੀ ਉਡੀਕ ਨਹੀਂ ਮੁੱਕਦੀ। ਸਰਕਾਰ ਦੇ ਅੰਕੜਿਆਂ ਵਿੱਚ ਜੀਡੀਪੀ ਵਧ ਰਹੀ ਹੈ ਪਰ ਕਿਰਤੀ ਬੰਦੇ ਦੀ ਜ਼ਿੰਦਗੀ ਘਟ ਰਹੀ ਹੈ। ਪ੍ਰਤੀ ਵਿਅਕਤੀ ਆਮਦਨ ਦਾ ਗ੍ਰਾਫ਼ ਲੁਭਾਉਣੀ ਦਿੱਖ ਵਾਲਾ ਬਣ ਰਿਹਾ ਹੈ। ਪੰਜ ਟ੍ਰਿਲੀਅਨ ਦੀ ਅਰਥ-ਵਿਵਸਥਾ ਛੂਹਣ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਹਾਈਪਰ-ਰਿਐਲਿਟੀ ਦਾ ਸੁਰੱਖਿਆ ਕਵਚ ਮੀਡੀਆ-ਮੰਡੀ ਰਾਹੀਂ ਫੈਲ ਜਾਂਦਾ ਹੈ। ਇਸ ਦ੍ਰਿਸ਼ਸਾਜ਼ੀ ਵਿੱਚ ਕਿਰਤੀ ਕਿੱਥੇ ਹੈ? ਉਸ ਦੀ ‘ਮੀਲ-ਡਿਟੇਲ’ ਵਿੱਚੋਂ ਰੋਟੀ ਗਾਇਬ ਹੋ ਰਹੀ ਹੈ। ਪੂੰਜੀ ਦੀ ਬਾਰਿਸ਼ ਇੱਕ ਤਲਾਬ ਵਿੱਚ ਜੁੜ ਰਹੀ ਹੈ। ਸੰਵਦੇਨਸ਼ੀਲ ਮਨ ਆਪਣੇ ਪੱਧਰ ’ਤੇ ਉਪਰਾਲਾ ਕਰਦਾ ਹੈ। ਮਹਾਂ-ਬਿਰਤਾਂਤਾਂ ਦੀ ਉਡੀਕ ਵਿੱਚ ਬੈਠਣ ਨਾਲੋਂ ਕਵੀ ਲਘੂ ਬਿਰਤਾਂਤ ਘੜ ਲੈਂਦਾ ਹੈ। ਇਹੀ ਕਾਵਿ-ਧਰਮ ਹੈ। ‘ਟੁਟਦੀ ਕੜੀ’ ਅਹਿਮ ਲੇਖ ਹੈ। ਧੀ ਦੇ ਹਵਾਲੇ ਨਾਲ ਕਵਿਤਾ ਲਿਖਦਾ ਹੈ। ਉਹ ਅਜਿਹੀ ਸਪੇਸ ਦੀ ਤਲਾਸ਼ ਵਿੱਚ ਹੈ ਜਿੱਥੇ ਧੀਆਂ ਸੁਖੀ-ਸੁਰੱਖਿਅਤ ਵਸਣ। ਸਾਡਾ ਸਮਕਾਲ ਜ਼ਹਿਰ ਨੂੰ ਜਾਇਜ਼ ਠਹਿਰਾਉਣ ਦਾ ਕਾਲ ਬਣ ਰਿਹਾ ਹੈ। ਹਿੰਸਾ ਅਤੇ ਦਮਨ ਦਾ ਆਤੰਕ ਹੈ। ਆਸਿਫ਼ਾ ਅਤੇ ਦਾਮਿਨੀ ਸੱਭਿਅਤਾ ਦੇ ਮੱਥੇ ’ਤੇ ਸਵਾਲੀਆ ਨਿਸ਼ਾਨ ਹਨ। ਸੰਸਕ੍ਰਿਤੀ ਦੇ ‘ਅਲੰਬਰਦਾਰਾਂ ਤੇ ਠੇਕੇਦਾਰਾਂ’ ਦੀ ਫ਼ਿਰਕਾਪ੍ਰਸਤੀ ਪਾਣੀਆਂ ’ਚ ਕਾਲਖ਼ ਘੋਲ ਰਹੀ ਹੈ। ਲੇਖਕ ਧੀਆਂ ਲਈ ਉਦਾਸ ਹੈ। ਉਹ ਭਾਰਤ ਦੀ ਸਮਾਜਿਕ ਤੇ ਸੱਭਿਆਚਾਰਕ ਸਥਿਤੀ ਅੰਦਰ ਆਈ ਗਿਰਾਵਟ ਬਾਰੇ ਫ਼ਿਕਰਮੰਦ ਹੁੰਦਾ ਹੈ ਪਰ ਮੁਲਕ ਦੀ ਖੇਡ ਸਿਆਸਤ ਤੋਂ ਪਰਦਾ ਵੀ ਚੁੱਕਦਾ ਹੈ।
ਫੁਟਬਾਲ ਜਗਦੀਪ ਲਈ ਜੀਵਨ-ਚਾਲ ਦਾ ਕੇਂਦਰੀ ਬਿੰਬ ਹੈ। ਮੈਦਾਨ ’ਚ ਖੇਡੀ ਫੁਟਬਾਲ ਉਸ ਨੂੰ ਜ਼ਿੰਦਗੀ ਦਾ ਪ੍ਰਤੀਬਿੰਬ ਜਾਪਦੀ ਹੈ। ਫੁਟਬਾਲ, ਮੈਦਾਨ, ਗੋਲ ਗੋਲਕੀਪਰ, ਹੈਂਡਬਾਲ, ਉਸ ਦੀ ਤਕਨੀਕ, ਘੇਰਾ, ਡਿਫੈਂਸ, ਆਦਿ ਸ਼ਬਦ ਖੇਡ ਨਾਲ ਜੁੜੇ ਹੁੰਦਿਆਂ ਵੀ ਜ਼ਿੰਦਗੀ ਦੇ ਅਰਥਾਂ ਵਿੱਚ ਬਦਲ ਜਾਂਦੇ ਹਨ। ਫੁਟਬਾਲ ਦੀ ਖੇਡ ਬਾਰੇ ਲਿਖਦਿਆਂ ਜਗਦੀਪ ਮੈਦਾਨ ’ਚ ਦਸ ਨੰਬਰ ਵਾਲੀ ਜਰਸੀ ਪਾ ਕੇ ਖੇਡਦਾ ਦਿਖਾਈ ਦਿੰਦਾ ਹੈ। ਫੁਟਬਾਲ ਤੋਂ ਕਲਮ ਤੱਕ ਦਾ ਸਫ਼ਰ ਉਸ ਦਾ ਜੀਵਨ ਸਫ਼ਰ ਹੈ। ਫੁਟਬਾਲ ਬਾਰੇ ਲਿਖਦਿਆਂ ਵੀ ਉਹ ਮਾਂ-ਬਾਪ ਦੇ ਜੀਵਨ ਸੰਘਰਸ਼ ਨੂੰ ਯਾਦ ਕਰਦਾ ਹੈ। ਖਿਡਾਰੀ ਖੇਡ ਵਿੱਚ ਹਾਰ-ਜਿੱਤ ਜਾਂਦੇ ਹਨ ਪਰ ਲਿਖਾਰੀ ‘ਹਾਰਿਆਂ’ ਨੂੰ ਕਲਮ ਨਾਲ ਖੜ੍ਹਾ ਕਰਦਾ ਹੈ। ਜਗਦੀਪ ਅੰਦਰਲਾ ਖਿਡਾਰੀ ਉਸ ਦੇ ਅੰਦਰਲੇ ਲੇਖਕ ਨੁੂੰ ‘ਪਾਸ’ ਦਿੰਦਾ ਹੈ। ਜਗਦੀਪ ਗੋਲ ਦਾਗ਼ ਦਿੰਦਾ ਹੈ। ਫੁਟਬਾਲ ਨਾਲ ਸਬੰਧਿਤ ਬਹੁਤ ਸਾਰੇ ਲਘੂ ਬਿਰਤਾਂਤ ਦਰਜ ਹਨ। ਇੱਕ ਖਿਡਾਰੀ ਅਤੇ ਵਿਦਿਆਰਥੀ ਵਜੋਂ ਉਸ ਦਾ ਸੰਘਰਸ਼ ਨਜ਼ਰ ਆਉਂਦਾ ਹੈ। ਕੁਝ ਥਾਵਾਂ ’ਤੇ ਉਸ ਦੀ ਸਵੈ-ਜੀਵਨੀ ਦਾ ਭੁਲੇਖਾ ਪੈਂਦਾ ਹੈ।
ਲੇਖਕ ਅੰਦਰ ਸਮਾਜਿਕ ਰਿਸ਼ਤਿਆਂ ਦੇ ਸੰਘਣੇਪਣ ਦਾ ਅਹਿਸਾਸ ਬਹੁਤ ਗਹਿਰਾ ਹੈ। ਉਹ ਸ਼ਿੱਦਤੀ ਜਜ਼ਬਿਆਂ ਨਾਲ ਭਰਪੂਰ ਜ਼ਰਖ਼ੇਜ਼ ਮਨੁੱਖ ਹੈ। ਉਸ ਦੀ ਇਸ ਵਾਰਤਕ ਪੁਸਤਕ ਵਿੱਚ ਇਤਿਹਾਸ ਅਤੇ ਵਰਤਮਾਨ ਦਾ ਸੰਵਾਦ ਚੱਲਦਾ ਰਹਿੰਦਾ ਹੈ। ਉਹ ਆਪਣੇ ਬਚਪਨ, ਜਵਾਨੀ ਅਤੇ ਹੁਣ ਤੱਕ ਦੇ ਸਮੇਂ ਨੂੰ ਬਾਰੀਕੀ ਨਾਲ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਉਹ ਆਪਣੇ ਤਤਕਾਲ ਅਤੇ ਸਮਕਾਲ ਬਾਰੇ ਮਾਨਵੀ ਪਹੁੰਚ ਰੱਖਦਿਆਂ ਅਤੀਤ ਦੀਆਂ ਕਈ ਘਟਨਾਵਾਂ ਨੂੰ ਪੇਸ਼ ਕਰਦਾ ਹੈ। ਉਹ ਆਧੁਨਿਕ ਭਾਰਤੀ ਇਤਿਹਾਸ ਦੀਆਂ ਕੁਝ ਅਹਿਮ ਘਟਨਾਵਾਂ ਬਾਰੇ ਲਿਖਦਾ ਹੈ। ਇਨ੍ਹਾਂ ਬੁਰੇ ਵਕਤਾਂ ਦੌਰਾਨ ਮਾਨਵੀ ਸਾਕ-ਸਕੀਰੀਆਂ ਵਿੱਚ ਆਈ ਬੇਵਿਸਾਹੀ ਨੂੰ ਵੀ ਸੰਕਟ ਵਜੋਂ ਹੀ ਦੇਖਦਾ ਹੈ। ਦੂਜੇ ਪਾਸੇ ਉਹ ਇਸ ਕਾਲ-ਖੰਡ ਦੇ ਜ਼ਿਕਰ ਨਾਲ ‘ਜ਼ਿੰਦਗੀ ਦੀ ਵੇਲ ਹਰੀ ਰਹੇ’ ਦਾ ਸੰਕਲਪ ਦ੍ਰਿੜ ਕਰਦਾ ਹੈ। ਜਗਦੀਪ ਦੀ ਵਾਰਤਕ ਅਣਕਹੇ ਹੀ ਬਹੁਤ ਕੁਝ ਕਹਿ ਜਾਂਦੀ ਹੈ। ਅਰਥ ਅਤੇ ਸੰਵਾਦ ਦਾ ਪ੍ਰਭਾਵ ਪਲਾਂ ਤੋਂ ਵਰ੍ਹਿਆਂ ਤੱਕ ਫੈਲ ਜਾਂਦਾ ਹੈ। ਮਾਨਵੀ ਸਰੋਕਾਰਾਂ ਅਤੇ ਕਰੋਨਾ ਕਾਲ ਦਾ ਜ਼ਿਕਰ ਕਰਦਿਆਂ ਵੀ ਉਹ ਕਵਿਤਾ ਦੇ ਅੰਗ-ਸੰਗ ਵਿਚਰਦਾ ਹੈ। ਜਗਦੀਪ ਇਸ ਸਮੇਂ ਦੌਰਾਨ ਘਰ ਅਤੇ ਆਲੇ-ਦੁਆਲੇ ਨੂੰ ਵਧੇਰੇ ਨੇੜੇ ਤੋਂ ਦੇਖਦਾ ਹੈ। ਧੀ ਨਾਲ ਬਚਪਨ ਦੀਆਂ ਖੇਡਾਂ ਖੇਡਦਾ ਉਹ ਕਵਿਤਾ ਦੇ ਦੁਆਰ ਜਾ ਬੈਠਦਾ ਹੈ। ਜੀਵਨ ਨੂੰ ਨਵੇਂ ਜ਼ਾਵੀਏ ਤੋਂ ਦੇਖਣ ਦੀ ਵਿਧੀ ਸਿਰਜਦਾ ਹੈ। ਜ਼ਿੰਦਗੀ ਪਹਾੜਿਆਂ ਦਾ ਰੱਟਾ ਨਹੀਂ ਹੁੰਦੀ।
ਲੇਖਕ ਦੇ ਸੰਵੇਦਨਸ਼ੀਲ ਮਨ ਦਾ ਪਾਸਾਰ ਗਹਿਰਾ ਹੈ। ਜੇ ਉਹ ਆਪਣੇ ਸਵੈ ਨੂੰ ਨਵੇਂ ਰੂਪ ਵਿੱਚ ਦੇਖਦਾ ਹੈ ਤਾਂ ਉਸੇ ਵੇਲ਼ੇ ਉਹ ਸੰਸਾਰ ਨੂੰ ਵੀ ਮਾਨਵੀ ਸੁਹਿਰਦਤਾ ਨਾਲ ਦੇਖਦਾ ਹੈ। ਉਹ ਆਪਣੀ ਸੰਵੇਦਨਾ ਅੰਦਰ ਸਵੈ-ਮੋਹਿਤ ਜਸ਼ਨ ਦੇ ਇਕਹਿਰੇਪਣ ’ਚ ਤ੍ਰਿਪਤ ਨਹੀਂ ਹੁੰਦਾ। ਮਨੁੱਖੀ ਪੀੜ ਅਤੇ ਅਸਾਵੇਂਪਣ ਦਾ ਦਰਦ ਵੀ ਹੰਢਾਉਂਦਾ ਹੈ। ਕਰੋਨਾ ਕਾਲ ਵਿੱਚ ਭਾਰਤ ਦੀ ਬਹੁਤ ਵੱਡੀ ਲੋਕਾਈ ਬੇਅੰਤ ਤਸੀਹਿਆਂ ਵਿੱਚੋਂ ਗੁਜ਼ਰੀ ਹੈ। ਲੇਖਕ ਇਸ ਸੰਕਟ ਭਰੇ ਦੌਰ ਬਾਰੇ ਕੋਰੀ ਬਿਆਨਬਾਜ਼ੀ ਦੇ ਥਾਲੀ-ਚਮਚੇ ਨਹੀਂ ਖੜਕਾਉਂਦਾ ਸਗੋਂ ਸੂਖ਼ਮ ਤੇ ਮਾਰਮਿਕ ਛੋਹਾਂ ਨਾਲ ਕਿਰਤੀ ਮਨੁੱਖ ਦੀ ਅਗਨ-ਵਿਥਿਆ ਦਾ ਇੱਕ ਕਤਰਾ ਜੋੜਦਾ ਹੈ। ਉਹ ਉਨ੍ਹਾਂ ਦੀ ਪੀੜ ਨੂੰ ਮਾਨਵੀ ਸੰਵੇਦਨਾ ਦੀ ਨਿਰਮਲ ਤੇ ਪਾਵਨ ਛੋਹ ਨਾਲ ਗਲ਼ ਲਗਾਉਂਦਾ ਹੈ। ਇਸ ਪੁਸਤਕ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਲੇਖਕ ਦੀ ਕਾਵਿ-ਸਿਰਜਣਾ ਦੇ ਵੀ ਕਈ ਰਹੱਸ ਖੁੱਲ੍ਹਦੇ ਹਨ। ਉਹ ਆਪਣੀ ਸਿਰਜਣ-ਪ੍ਰਕਿਰਿਆ ਦੀਆਂ ਰਮਜ਼ਾਂ ਬਾਰੇ ਲਿਖਦਾ ਹੈ। ਕਵਿਤਾ ਸੰਵੇਦਨਾ ਨੂੰ ਕਿਸ ਤਰ੍ਹਾਂ ਟੁੰਬਦੀ ਹੈ! ਜੀਵਨ ਸੰਘਰਸ਼ ਅਤੇ ਜੀਵਨ ਫਲਸਫ਼ਾ ਉਸ ਲਈ ਨਾਲੋ-ਨਾਲ ਚੱਲਦੇ ਹਨ।
ਜਗਦੀਪ ਸਾਹਿਤ ਸਿਰਜਕ ਹੀ ਨਹੀਂ ਸਗੋਂ ਉਸ ਦਾ ਤਬਸਰਾ ਵੀ ਕਰਨਾ ਜਾਣਦਾ ਹੈ। ਉਸ ਦਾ ਅਧਿਐਨ ਕਵਿਤਾ ਦੀ ਭਾਸ਼ਾ, ਸੰਰਚਨਾ ਅਤੇ ਸੁਹਜ ਦੇ ਨਜ਼ਦੀਕ ਹੁੰਦਾ ਹੈ। ਕਵਿਤਾ ਦੀ ਸਾਰਥਕਤਾ, ਸੰਚਾਰ ਅਤੇ ਸੰਵੇਦਨਾ ਬਾਰੇ ਉਹ ਸਿਰਜਣਾਤਮਕ ਸ਼ਬਦਕਾਰੀ ਕਰਦਾ ਹੈ। ਕਵਿਤਾ ਦੀਆਂ ਕਈ ਤੰਦਾਂ ਵਾਰਤਕ ਵਿੱਚ ਖੁੱਲ੍ਹਦੀਆਂ ਹਨ। ਕੇਂਦਰ ਵਿੱਚ ਧੀ ਹੈ। ਪਾਕਿਸਤਾਨ ਦੀ ਯਾਤਰਾ ਵਾਲਾ ਲੇਖ ਬਹੁਤ ਮਾਰਮਿਕ ਹੈ।
ਲਾਹੌਰ ਦੇਖਣ ਦਾ ਚਾਅ ਹੈ। ਵੰਡ ਦਾ ਸੱਲ੍ਹ ਹੈ। ਇਤਿਹਾਸ ਅਤੇ ਅਵਚੇਤਨ ਸਾਂਝਾ ਹੈ ਪਰ ਸਿਆਸਤ ਦੀ ਤੌਬਾ! ਬਾਹਾਂ ਵੱਢੀਆਂ ਗਈਆਂ ਹਨ। ਰੁੱਖ ਝੂਰਦੇ ਹਨ। ਦੁੱਲਾ ਭੱਟੀ ਅਤੇ ਸ਼ਾਹ ਹੁਸੈਨ ਨਜ਼ਰ ਆਉਂਦੇ ਹਨ। ਵਜਦ ਵਿੱਚ ਸੁੰਨ ਹੋਣਾ ਸੰਤਾਪ ਹੈ। ਲੇਖਕ ਦਰਦ ਦਾ ਸੰਸਮਰਣ ਲਿਖਦਾ ਹੈ।
ਹਸਪਤਾਲ, ਸਾਡੇ ਸਿਹਤ ਪ੍ਰਬੰਧ, ਮਰੀਜ਼ਾਂ ਦੀ ਮੰਦੀ ਆਰਥਿਕ ਸਥਿਤੀ, ਮਹਿੰਗੇ ਹੋ ਰਹੇ ਇਲਾਜ ਅਤੇ ਸਿਹਤ ਪ੍ਰਬੰਧ ਦੇ ਨਿੱਜੀਕਰਨ ਬਾਰੇ ਵੀ ਲਿਖਦਾ ਹੈ। ਵੱਖ-ਵੱਖ ਜ਼ੁਬਾਨਾਂ, ਖਿੱਤਿਆਂ ਦੇ ਕਵੀ ਤੇ ਕਵਿਤਾ ਬਾਰੇ ਤੁਰਦੀ ਗੱਲ ਇਤਿਹਾਸ ’ਚੋਂ ਹੋ ਕੇ ਗੁਜ਼ਰਦੀ ਹੈ। ਚਿਹਰੇ, ਥਾਵਾਂ, ਨਾਮ ਵੱਖੋ-ਵੱਖਰੇ ਹਨ ਪਰ ਦੁੱਖ ਸਾਂਝੇ ਹਨ। ਸਾਰੀ ਧਰਤੀ ’ਤੇ ਮਨੁੱਖ ਦੀ ਹੋਂਦ ਦੀ ਵਿਆਕਰਣ ਹੈ ਤਾਂ ਸਾਂਝੀ! ਜਗਦੀਪ ਇਸ ਸਾਂਝ ਨੂੰ ਪਛਾਣਦਾ ਤੇ ਪੁਗਾਉਂਦਾ ਹੈ। ਉਸ ਦੇ ਸੰਸੇ ਜਾਇਜ਼ ਹਨ। ਉਹ ਪਾਠਕ ਨੂੰ ਕੁਰੇਦਦਾ ਹੈ। ਪਾਠਕ ਉਸ ਨਾਲ ਤੁਰ ਪੈਂਦਾ ਹੈ।

Advertisement

* ਸਹਾਇਕ ਪ੍ਰੋਫ਼ੈਸਰ, ਐੱਸ.ਬੀ.ਬੀ.ਐੱਸ. ਯੂਨੀਵਰਸਿਟੀ, ਜਲੰਧਰ।
ਸੰਪਰਕ: 94643-15244

Advertisement
Advertisement