ਭਾਰਤ ’ਚ ਹਿਊਮਨ ਮੈਟਾਨਿਊਮੋਵਾਇਰਸ ਦੀ ਦਸਤਕ
ਨਵੀਂ ਦਿੱਲੀ, 6 ਜਨਵਰੀ
ਹਵਾ ਨਾਲ ਫੈਲਣ ਵਾਲੇ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਨੇ ਚੀਨ ਤੋਂ ਬਾਅਦ ਹੁਣ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ ਅਤੇ ਕਰਨਾਟਕ, ਤਾਮਿਲ ਨਾਡੂ ਅਤੇ ਗੁਜਰਾਤ ਵਿੱਚ ਅੱਜ ਪੰਜ ਬੱਚੇ ਇਸ ਵਾਇਰਸ ਤੋਂ ਪੀੜਤ ਮਿਲੇ ਹਨ। ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਧਰ, ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਚਐੱਮਪੀਵੀ ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਦੇਸ਼ ਵਿੱਚ ਕਿਸੇ ਵੀ ਆਮ ਸਾਹ ਸਬੰਧੀ ਵਾਇਰਸ ਰੋਗਾਣੂ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ। ਇਸੇ ਦੌਰਾਨ ਕਰਨਾਟਕ, ਗੁਜਰਾਤ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਭਰੋਸਾ ਦਿੱਤਾ ਕਿ ਚਿੰਤਾ ਦਾ ਕੋਈ ਗੱਲ ਨਹੀਂ ਹੈ। ਹਾਲਾਂਕਿ ਦਿੱਲੀ ਸਰਕਾਰ ਨੇ ਰਾਜਧਾਨੀ ਦੇ ਸਾਰੇ ਹਸਪਤਾਲਾਂ ਨੂੰ ਸਾਹ ਦੀਆਂ ਬਿਮਾਰੀਆਂ ਵਿੱਚ ਸੰਭਾਵੀ ਵਾਧੇ ਨਾਲ ਨਜਿੱਠਣ ਵਾਸਤੇ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐੱਚਐੱਮਪੀਵੀ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਰਦਿਆਂ ਕੇਂਦਰ ਨੂੰ ਸੰਭਾਵੀ ਸਿਹਤ ਸੰਕਟ ਵਰਗੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ।
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਆਮ ਨਿਗਰਾਨੀ ਦੌਰਾਨ ਕਰਨਾਟਕ ਵਿੱਚ ਐੱਚਐੱਮਪੀਵੀ ਦੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੀ ਬੱਚੀ ਨੂੰ ‘ਬਰੋਨਕੋਨਿਊਮੋਨੀਆ’ ਦੀ ਸ਼ਿਕਾਇਤ ਸੀ ਅਤੇ ਉੁਸ ਨੂੰ ਬੰਗਲੂਰੂ ਦੇ ਬੈਪਟਿਸਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੇ ਐੱਚਐੱਮਪੀਵੀ ਤੋਂ ਪੀੜਤ ਹੋਣ ਦਾ ਪਤਾ ਲੱਗਾ ਸੀ। ਉਸ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ ਤਾਮਿਲ ਨਾਡੂ ਵਿੱਚ ਦੋ ਹੋਰ ਬੱਚੇ ਵਾਇਰਸ ਤੋਂ ਪਾਜ਼ੇਟਿਵ ਮਿਲੇ ਹਨ, ਜਦੋਂਕਿ ਪੰਜਵਾਂ ਕੇਸ ਅਹਿਮਦਾਬਾਦ ਦੇ ਹਸਪਤਾਲ ਵਿੱਚ ਸਾਹਮਣੇ ਆਇਆ ਜਿੱਥੇ ਦਾਖ਼ਲ ਦੋ ਮਹੀਨਿਆਂ ਦੇ ਬੱਚੇ ਨੂੰ ਐੱਚਐੱਮਪੀਵੀ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ। -ਪੀਟੀਆਈ
ਐੱਚਐੱਮਪੀਵੀ ਤੋਂ ਘਬਰਾਉਣ ਦੀ ਲੋੜ ਨਹੀਂ: ਕਰਨਾਟਕ ਸਰਕਾਰ
ਬੰਗਲੂਰੂ: ਕਰਨਾਟਕ ਸਰਕਾਰ ਨੇ ਬੰਗਲੂਰੂ ਵਿੱਚ ਐੱਚਐੱਮਪੀਵੀ ਦੇ ਦੋ ਮਾਮਲੇ ਸਾਹਮਣੇ ਆਉਣ ਮਗਰੋਂ ਅੱਜ ਭਰੋਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਵਾਇਰਸ ਦੇਸ਼ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਸੂਬੇ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ, ‘‘ਸਾਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਐਚਐਮਪੀਵੀ ਨਵਾਂ ਵਾਇਰਸ ਨਹੀਂ ਹੈ, ਇਹ ਪਹਿਲਾਂ ਤੋਂ ਮੌਜੂਦ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਐੱਚਐੱਮਪੀਵੀ ਭਾਰਤ ਵਿੱਚ ਪਹਿਲਾ ਕੇਸ ਹੈ, ਇਹ ਸੱਚ ਨਹੀਂ ਹੈ ਕਿਉਂਕਿ ਇਹ ਵਾਇਰਸ ਪਹਿਲਾਂ ਤੋਂ ਹੀ ਮੌਜੂਦ ਹੈ।’’ -ਪੀਟੀਆਈ