ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰੋਬਾਰੀ ਜਗਤ ਵਿਚ ਮਸਨੂਈ ਬੌਧਿਕਤਾ

01:35 PM May 28, 2023 IST

ਸੁਬੀਰ ਰੌਏ

Advertisement

ਸੌਫਟਵੇਅਰ ਇੰਜਨੀਅਰਾਂ ਨੂੰ ਧੁੜਕੂ ਲੱਗਾ ਹੋਇਆ ਹੈ ਕਿ ਜਿਹੜੇ ਬਹੁਤ ਸਾਰੇ ਕੰਮ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਰਦੇ ਹਨ, ਉਹੀ ਕੰਮ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ- ਮਸਨੂਈ ਬੌਧਿਕਤਾ) ਸੌਫਟਵੇਅਰ ਕਰ ਸਕਦਾ ਹੈ ਜਿਸ ਕਰਕੇ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਆਲਮੀ ਤਕਨਾਲੋਜੀ ਦੇ ਖੇਤਰ ਵਿਚ ਸੌਫਟਵੇਅਰ ਇੰਜਨੀਅਰਾਂ ਦੀ ਵੱਡੀ ਤਾਦਾਦ ਭਾਰਤ ਤੋਂ ਸਪਲਾਈ ਹੁੰਦੀ ਹੈ ਜੋ ਪੜ੍ਹੇ ਲਿਖੇ ਮੱਧਵਰਗ ਲਈ ਇਕ ਵਰਦਾਨ ਦੇ ਰੂਪ ਵਿਚ ਆਈ ਸੀ ਪਰ ਆਉਣ ਵਾਲੇ ਸਮੇਂ ਵਿਚ ਇੰਨੀ ਵੱਡੀ ਤਾਦਾਦ ਵਿਚ ਨੌਕਰੀਆਂ ਖੁੱਸਣ ਕਰਕੇ ਭਾਰਤ ਨੂੰ ਸਮਾਜਿਕ ਬਦਅਮਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਡਾ ਮਕਸਦ ਬੇਲੋੜਾ ਸਹਿਮ ਫੈਲਾਉਣਾ ਬਿਲਕੁਲ ਨਹੀਂ ਹੈ ਸਗੋਂ ਇਹ ਇਕ ਤੱਥ ਹੈ ਕਿ ਆਈਬੀਐਮ ਨੇ ਉਨ੍ਹਾਂ ਸਾਰੀਆਂ ਨੌਕਰੀਆਂ ਲਈ ਭਰਤੀ ਰੋਕ ਦਿੱਤੀ ਹੈ ਜਿੱਥੇ ਏਆਈ ਸੌਫਟਵੇਅਰ ਅਮਲ ਵਿਚ ਲਿਆਂਦਾ ਜਾਵੇਗਾ। ਇਕ ਸਰਵੇਖਣ ਤੋਂ ਪੁਸ਼ਟੀ ਹੋਈ ਹੈ ਕਿ ਅਮਰੀਕਾ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕਾਮਿਆਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਸ਼ਾਇਦ ਇਸੇ ਕਰਕੇ ਮਸਨੂਈ ਬੌਧਿਕਤਾ ਦੇ ਜੋਖ਼ਮਾਂ ਬਾਰੇ ਚਿੰਤਾਤੁਰ ਇਸ ਤਕਨਾਲੋਜੀ ਦੇ ‘ਕਰਨਧਾਰ’ ਜੌਫਰੀ ਹਿੰਟਨ ਨੇ ਗੂਗਲ ਤੋਂ ਅਸਤੀਫ਼ਾ ਦੇ ਕੇ ਹੁਣ ਖੁੱਲ੍ਹ ਕੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ ਹੈ।

Advertisement

ਏਆਈ ਇਕ ਅਜਿਹਾ ਸੌਫਟਵੇਅਰ ਹੈ ਜੋ ਮਸ਼ੀਨਾਂ ਨੂੰ ਅਜਿਹੇ ਕੰਮ ਕਰਨ ਦੀ ਸਿਖਲਾਈ ਦਿੰਦਾ ਹੈ ਜਿਨ੍ਹਾਂ ਵਿਚ ਬੁੱਧੀ ਦਾ ਇਸਤੇਮਾਲ ਹੁੰਦਾ ਹੈ। ਪਹਿਲਾਂ ਪਹਿਲ ਇਹ ਵੱਡੀ ਗਿਣਤੀ ਵਿਚ ਅੰਕੜਿਆਂ ਦੀ ਪੁਣ-ਛਾਣ ਕਰ ਕੇ ਪੈਟਰਨਾਂ ਦੀ ਪਛਾਣ ਕਰਨ ਅਤੇ ਪੇਸ਼ੀਨਗੋਈ ਕਰਨ ਲਈ ਹੀ ਵਰਤੋਂ ਕੀਤੀ ਜਾਂਦੀ ਸੀ। ਪਰ ਹੁਣ ਜੈਨਰੇਟਿਵ ਏਆਈ ਦਾ ਦੌਰ ਆ ਚੁੱਕਿਆ ਹੈ ਜੋ ਕਿਸੇ ਬੁੱਧੀਮਾਨ ਇਨਸਾਨ ਵਾਂਗ ਸ਼ਬਦਾਂ, ਧੁਨੀਆਂ, ਤਸਵੀਰਾਂ ਤੇ ਵੀਡੀਓਜ਼ ਦੀ ਰਚਨਾ ਕਰ ਸਕਦਾ ਹੈ। ਇਸ ਦੀ ਸ਼ਕਤੀ ਨਾਲ ਚੈਟਬੌਟਸ ਇਨਸਾਨਾਂ ਨਾਲ ਗੱਲਬਾਤ ਕਰ ਕੇ ਮਿੰਟਾਂ ਸਕਿੰਟਾਂ ਵਿਚ ਹੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਸਮੱਰਥ ਹਨ।

ਚੈਟਜੀਪੀਟੀ (ਜੈਨਰੇਟਿਵ ਪ੍ਰੀਟ੍ਰੇਂਡ ਟ੍ਰਾਂਸਫਾਰਮਰ) ਨੇ ਕੁਝ ਮਹੀਨਿਆਂ ਵਿਚ ਹੀ ਤਹਿਲਕਾ ਮਚਾ ਦਿੱਤਾ ਹੈ। ਇਹ ਬਾਕਮਾਲ ਤਸਵੀਰਾਂ ਅਤੇ ਆਵਾਜ਼ਾਂ ਪੈਦਾ ਕਰ ਸਕਦਾ ਹੈ ਅਤੇ ਸੌਫਟਵੇਅਰ ਕੋਡ, ਟੀਵੀ ਲੜੀਵਾਰ, ਗੀਤ ਅਤੇ ਪੂਰਾ ਨਾਵਲ ਵੀ ਲਿਖ ਸਕਦਾ ਹੈ ਤੇ ਉਹ ਵੀ ਬਹੁਤ ਹੀ ਪੁਖ਼ਤਾ ਢੰਗ ਨਾਲ ਜਿਸ ਕਰਕੇ ਉਸ ਦੇ ਸਾਹਮਣੇ ਇਨਸਾਨ ਤੁੱਛ ਨਜ਼ਰ ਆ ਰਿਹਾ ਹੈ। ਇਹ ਨਿਊਰਲ ਜਾਂ ਤੰਤਰਿਕਾ ਨੈੱਟਵਰਕ ਦੇ ਮਾਧਿਅਮ ਰਾਹੀਂ ਮਸ਼ੀਨ ਲਰਨਿੰਗ ਜ਼ਰੀਏ ਬਿਲਕੁਲ ਉਵੇਂ ਹੀ ਕੰਮ ਕਰਦਾ ਹੈ ਜਿਵੇਂ ਮਨੁੱਖੀ ਦਿਮਾਗ਼ ਕੰਮ ਕਰਦਾ ਹੈ। ਇਹ ਸਭ ਕੁਝ ਬਹੁਤ ਵੱਡੀ ਮਾਤਰਾ ਵਿਚ ਫੀਡ ਕੀਤੇ ਗਏ ਡੇਟਾ ਦੀ ਖਪਤ ਜ਼ਰੀਏ ਸਿਰੇ ਚਾੜ੍ਹਦਾ ਹੈ।

ਚੈਟਜੀਪੀਟੀ ਸਾਂ ਫਰਾਂਸਿਸਕੋ ਆਧਾਰਿਤ ਸਟਾਰਟਅੱਪ ਕੰਪਨੀ ‘ਓਪਨਏਆਈ’ ਨੇ ਤਿਆਰ ਕੀਤਾ ਹੈ ਜਿਸ ਵਿਚ ਮਾਈਕਰੋਸੌਫਟ ਕੰਪਨੀ ਨੇ ਕਾਫ਼ੀ ਸਰਮਾਇਆ ਲਗਾਇਆ ਹੈ ਅਤੇ ਇਸ ਦਾ ਕੰਮ ਦੇਖ ਕੇ ਕਈ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਵੀ ਇਸ ਖੇਤਰ ਵਿਚ ਆ ਗਈਆਂ ਹਨ। ਗੂਗਲ ਨੇ ਆਪਣੇ ਸਰਚ ਇੰਜਣ ਨੂੰ ਮਜ਼ਬੂਤ ਕਰਨ ਲਈ ਆਪਣਾ ਚੈਟਬੌਟ ‘ਬਾਰਡ’ ਲੈ ਕੇ ਆਂਦਾ ਹੈ ਅਤੇ ਮਾਈਕਰੋਸੌਫਟ ਨੇ ਨਿਰੋਲ ਆਪਣਾ ਤਿਆਰ ਕੀਤਾ ‘ਬਿੰਗ’ ਲਿਆਂਦਾ ਹੈ। ਇਸ ਨਾਲ ਜੈਨਰੇਟਿਵ ਮਸਨੂਈ ਬੌਧਿਕਤਾ ਦੇ ਖੇਤਰ ਵਿਚ ਜ਼ਬਰਦਸਤ ਉਛਾਲ ਆ ਗਿਆ ਹੈ ਪਰ ਇਸ ਨਾਲ ਜਿੱਥੇ ਅਪਾਰ ਸੰਭਾਵਨਾਵਾਂ ਪੈਦਾ ਹੋਣਗੀਆਂ ਉੱਥੇ ਇਹ ਭਾਰੀ ਨੁਕਸਾਨ ਕਰਨ ਦੇ ਵੀ ਸਮੱਰਥ ਹੈ। ਸਮਾਜ ਦੇ ਸਾਹਮਣੇ ਜੋ ਰੋਜ਼ ਭੂਤ ਨਾਚ ਹੁੰਦਾ ਰਹਿੰਦਾ ਹੈ, ਉਹ ਹੋਰ ਕੁਝ ਵੀ ਨਹੀਂ ਸਗੋਂ ਗਲਤ ਮਲਤ ਤੇ ਬੇਬੁਨਿਆਦ ਸੂਚਨਾਵਾਂ, ਤਸਵੀਰਾਂ, ਡਰਾਵਿਆਂ ਅਤੇ ਅਫ਼ਵਾਹਾਂ ਦੀ ਘਾੜਤ ਹੁੰਦਾ ਹੈ। ਚੈਟਬੌਟ ਕਾਲਪਨਿਕ ਘਪਲੇ, ਸਾਜ਼ਿਸ਼ੀ ਥਿਊਰੀਆਂ ਅਤੇ ਨੰਗੇ ਚਿੱਟੇ ਨਸਲਪ੍ਰਸਤ ਖਰੜੇ ਘੜਦੇ ਹਨ। ਡੋਨਲਡ ਟਰੰਪ ਦੇ ਹਮਾਇਤੀਆਂ ਨੇ ਜਿਵੇਂ 6 ਜਨਵਰੀ 2021 ਨੂੰ ਅਮਰੀਕੀ ਸੰਸਦ ‘ਤੇ ਧਾਵਾ ਬੋਲ ਕੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਨੂੰ ਪ੍ਰਮਾਣ ਪੱਤਰ ਲੈਣ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਕਿਸਮ ਦੇ ਸ਼ਰਾਰਤੀਆਂ ਲਈ ਗ਼ਲਤ ਤੇ ਬੇਬੁਨਿਆਦ ਜਾਣਕਾਰੀਆਂ ਲਾਹੇਵੰਦ ਮਸਾਲੇ ਦਾ ਕੰਮ ਕਰਦੀਆਂ ਹਨ।

ਸਾਨੂੰ ਚਿੰਤਾ ਕਰਨ ਤੋਂ ਪਹਿਲਾਂ ਤਸਵੀਰ ਦਾ ਦੂਜਾ ਪਹਿਲੂ ਵੀ ਦੇਖ ਲੈਣ ਦੀ ਲੋੜ ਹੈ। ਪਹਿਲਾ ਇਹ ਕਿ ਜੈਨਰੇਟਿਵ ਏਆਈ ਕੋਈ ਸਸਤਾ ਸੌਫਟਵੇਅਰ ਨਹੀਂ ਹੈ। ਚੈਟਜੀਪੀਟੀ ਬਣਾਉਣ ਵਾਲੀ ਫਰਮ ਓਪਨਏਆਈ ਨੂੰ ਪਿਛਲੇ ਸਾਲ 45 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ। ਹੁਣ ਸੰਭਵ ਹੈ ਕਿ ਇਹ ਸਿਲੀਕੌਨ ਵੈਲੀ ਵਿਚ ਸਭ ਤੋਂ ਵੱਧ ਪੂੰਜੀ ਆਕਰਸ਼ਿਤ ਕਰਨ ਵਾਲਾ ਸਟਾਰਟਅੱਪ ਬਣ ਜਾਵੇ ਪਰ ਬਾਜ਼ਾਰ ਉਤਪਾਦ ਚਾਹੁੰਦਾ ਹੈ। ਅਨੁਮਾਨ ਹੈ ਕਿ ਓਪਨਏਆਈ ਅਗਲੇ ਸਾਲ 1 ਅਰਬ ਡਾਲਰ ਦਾ ਮਾਲੀਆ ਇਕੱਤਰ ਕਰੇਗੀ। ਦੂਜਾ, ਜੈਨਰੇਟਿਵ ਏਆਈ ਦਾ ਕਿਰਤ ਮੰਡੀ ‘ਤੇ ਹਾਂ-ਪੱਖੀ ਪ੍ਰਭਾਵ ਵੀ ਪਵੇਗਾ। ਏਆਈ ‘ਤੇ ਕੰਮ ਕਰਨ ਵਾਲੇ ਡੇਟਾ ਸਾਇੰਸ ਮਾਹਿਰਾਂ ਦੀ ਕਾਫ਼ੀ ਕਿੱਲਤ ਚੱਲ ਰਹੀ ਹੈ ਅਤੇ ਜਦੋਂ ਉਨ੍ਹਾਂ ‘ਚੋਂ ਕੁਝ ਮਾਹਿਰ ਨੌਕਰੀਆਂ ਬਦਲਦੇ ਹਨ ਤਾਂ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ 35-50 ਫ਼ੀਸਦੀ ਵਾਧਾ ਕੀਤਾ ਜਾਂਦਾ ਹੈ। ਸਿਹਤ ਸੰਭਾਲ, ਵਿੱਤ ਅਤੇ ਮਨੋਰੰਜਨ ਜਿਹੇ ਬਹੁਭਾਂਤੇ ਖੇਤਰਾਂ ਵਿਚ ਕੰਮ ਕਰਦੀਆਂ ਕੰਪਨੀਆਂ ਆਪੋ ਆਪਣੇ ਵੱਖਰੇ ਏਆਈ ਇੰਜਣ ਈਜਾਦ ਕਰਨਾ ਚਾਹੁੰਦੀਆਂ ਹਨ। ਇਹ ਮੰਗ ਉਨ੍ਹਾਂ ਸੌਫਟਵੇਅਰ ਵੈਂਡਰਾਂ ਤੋਂ ਹੀ ਨਹੀਂ ਆ ਰਹੀ ਜੋ ਆਪਣੀ ਰੂਟੀਨ ਕੰਮ ਆਊਟਸੋਰਸ ਕਰਵਾਉਂਦੇ ਹਨ ਸਗੋਂ ਉਨ੍ਹਾਂ ਕੰਪਨੀਆਂ ਤੋਂ ਵੀ ਆ ਰਹੀ ਹੈ ਜੋ ਖ਼ੁਦ ਏਆਈ ਦਾ ਕੰਮ ਕਰਦੀਆਂ ਹਨ।

ਕੰਪਨੀਆਂ ਨੂੰ ਏਆਈ ਦੀਆਂ ਸਮੱਰਥਾਵਾਂ ਦੀ ਕੀ ਲੋੜ ਪੈ ਗਈ ਹੈ? ਉਹ ਸੰਦੇਸ਼ਾਂ ਦਾ ਜਵਾਬ ਦੇਣ, ਨਵੇਂ ਵਿਚਾਰ ਪੈਦਾ ਕਰਨ, ਔਖੇ ਸੰਚਾਰ ‘ਚੋਂ ਰਾਹ ਬਣਾਉਣ, ਟੀਮ ਵਾਰਤਾ ਦਾ ਰਾਹ ਸਾਫ਼ ਕਰਨ ਅਤੇ ਸਵੈ ਪੜਚੋਲ ਰਿਪੋਰਟਾਂ ਲਿਖਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਉਹ ਈਮੇਲਾਂ ਲਿਖਣ ਜਿਹੇ ਰੂਟੀਨ ਕਾਰਜਾਂ ਤੋਂ ਇਲਾਵਾ ਬਿਨਾਂ ਸ਼ੱਕ, ਕੋਡ ਲਿਖਣ ਜਿਹੇ ਕਾਰਜ ਨਿਭਾਉਂਦੀਆਂ ਹਨ। ਹਾਲਾਂਕਿ ਤਿਆਰ ਕੀਤੇ ਗਏ ਖਰੜਿਆਂ ਵਿਚ ਗ਼ਲਤੀਆਂ ਪਾਈਆਂ ਗਈਆਂ ਹਨ ਅਤੇ ਕਈ ਵਾਰ ਇਹ ਆਪਾ ਵਿਰੋਧੀ ਵੀ ਹੁੰਦਾ ਹੈ ਅਤੇ ਲਿਖੇ ਗਏ ਕੋਡ ਵਿਚ ਊਣਤਾਈਆਂ ਹੁੰਦੀਆਂ ਹਨ। ਸੌਖੇ ਲਫ਼ਜ਼ਾਂ ਵਿਚ, ਇਸ ਤੋਂ ਕਿਸੇ ਈਮੇਲ ਦੇ ਜਵਾਬ ਦਾ ਪਹਿਲਾ ਖਰੜਾ ਬਣਾਉਣ ਵਿਚ ਕਾਫ਼ੀ ਮਦਦ ਮਿਲਦੀ ਹੈ ਪਰ ਤੁਸੀਂ ਅੱਖਾਂ ਬੰਦ ਕਰ ਕੇ ਮੇਲ ਅਗਾਂਹ ਨਹੀਂ ਭੇਜ ਸਕਦੇ।

ਭਾਰਤੀ ਸੌਫਟਵੇਅਰ ਮੰਜ਼ਰ ‘ਤੇ ਟਕਰਾਵੀਆਂ ਹਕੀਕਤਾਂ ਉਭਰਦੀਆਂ ਦਿਖਾਈ ਦੇ ਰਹੀਆਂ ਹਨ। ਏਆਈ ਕੋਈ ਕੋਡ ਲਿਖਣ ਦਾ ਬਹੁਤ ਹੀ ਬੁਨਿਆਦੀ ਕਾਰਜ ਜਾਂ ਸਿਸਟਮ ਮੇਨਟੀਨੈਂਸ ਦੇ ਰੂਟੀਨ ਕੰਮ ਕਰ ਸਕਦੀ ਹੈ ਪਰ ਆਊਟਪੁਟ ਵਿਚ ਗ਼ਲਤੀਆਂ ਰਹਿ ਸਕਦੀਆਂ ਹਨ ਜਿਨ੍ਹਾਂ ‘ਤੇ ਨਜ਼ਰ ਰੱਖਣ ਦੀ ਲੋੜ ਪਵੇਗੀ। ਸਮਾਂ ਪਾ ਕੇ ਜਦੋਂ ਏਆਈ ਸਿਸਟਮਾਂ ਵਿਚ ਸੁਧਾਰ ਆ ਜਾਵੇਗਾ ਤਾਂ ਜ਼ਿਆਦਾ ਤੋਂ ਜ਼ਿਆਦਾ ਸਵੈ-ਦਰੁਸਤੀ ਸੰਭਵ ਹੋ ਜਾਵੇਗੀ ਪਰ ਸਿਸਟਮਾਂ ਨੂੰ ਆਪਣੇ ਆਪ ਅਗਾਂਹ ਲਿਜਾਣਾ ਪਵੇਗਾ। ਇਸ ਲਈ ਭਾਰਤੀ ਸੌਫਟਵੇਅਰ ਸਨਅਤ ਨੂੰ ਓਨੇ ਇੰਜਨੀਅਰਾਂ ਦੀ ਲੋੜ ਨਹੀਂ ਰਹਿ ਜਾਵੇਗੀ ਜਿੰਨਿਆਂ ਦੀ ਇਸ ਵੇਲੇ ਲੋੜ ਹੈ ਪਰ ਆਊਟਪੁਟ ਅਤੇ ਸਿਸਟਮ ਸੁਪਰਵਾਈਜ਼ਰਾਂ ਦੀ ਮੰਗ ਵਧ ਜਾਵੇਗੀ। ਭਵਿੱਖ ਦੇ ਹਾਲਾਤ ਮੁਤਾਬਿਕ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਦੀ ਜਗ੍ਹਾ ਸੁੰਗੜ ਜਾਵੇਗੀ ਜਦੋਂਕਿ ਵੱਧ ਤਨਖ਼ਾਹਾਂ ਵਾਲੀਆਂ ਨੌਕਰੀਆਂ ਦੀ ਗਿਣਤੀ ਵਧੇਗੀ। ਇਹ ਭਵਿੱਖ ਕੋਈ ਬਹੁਤਾ ਦੂਰ ਨਹੀਂ ਸਗੋਂ ਇਕ ਸਾਲ ਦੇ ਅੰਦਰ ਅੰਦਰ ਆ ਸਕਦਾ ਹੈ।

ਸਟੀਲ ਅਤੇ ਬੈਵਰੇਜ ਜਿਹੀਆਂ ਕੰਪਨੀਆਂ ਜਿਨ੍ਹਾਂ ਦਾ ਸੌਫਟਵੇਅਰ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਹੈ, ਉਨ੍ਹਾਂ ਨੂੰ ਆਖ਼ਰ ਏਆਈ ਦੇ ਘਟਨਾਕ੍ਰਮਾਂ ਨਾਲ ਸਿੱਝਣ ਲਈ ਤਿਆਰੀ ਦੀ ਕੀ ਲੋੜ ਹੈ? ਇਸ ਦਾ ਮੂਲ ਕਾਰਨ ਇਹ ਹੈ ਕਿ ਏਆਈ ਇਕ ਅਸਲੋਂ ਨਵਾਂ ਖੇਤਰ ਹੈ ਅਤੇ ਭਵਿੱਖ ਐਨਾ ਖੁੱਲ੍ਹਾ ਹੋਣ ਕਰਕੇ ਅਪਾਰ ਸੰਭਾਵਨਾਵਾਂ ਪੈਦਾ ਹੋਣਗੀਆਂ ਜਿਸ ਕਰਕੇ ਕੋਈ ਵੀ ਸਰਦੀ ਪੁੱਜਦੀ ਕੰਪਨੀ ਇਸ ਵਰਤਾਰੇ ਨਾਲੋਂ ਅਲੱਗ ਥਲੱਗ ਨਹੀਂ ਰਹਿਣਾ ਚਾਹੇਗੀ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਕੰਪਨੀ ਤੋਂ ਪੁੱਛਿਆ ਜਾਵੇ ਕਿ ਉਸ ਨੂੰ ਇਕ ਸ਼ਕਤੀਸ਼ਾਲੀ ਆਈਟੀ ਸਿਸਟਮ ਦੀ ਲੋੜ ਹੈ? ਬਿਨਾਂ ਸ਼ੱਕ ਉਸ ਦੀ ਲੋੜ ਹੈ। ਏਆਈ ਅਗਲੀ ਪਰਤ ਦੀ ਤਰ੍ਹਾਂ ਹੈ। ਇਹ ਕਿਸੇ ਵੀ ਕਾਰੋਬਾਰ ਵਾਂਗ ਗਿਣਤੀ ਮਿਣਤੀ ਦੇ ਰੂਟੀਨ ਕੰਮਾਂ ਲਈ ਸੂਚਨਾ ਤਕਨਾਲੋਜੀ ਦੀ ਆਪਣੇ ਤੌਰ ‘ਤੇ ਜਾਂ ਆਊਟਸੋਰਸ ਢੰਗ ਨਾਲ ਵਰਤੋਂ ਕਰਦੀ ਹੈ। ਏਆਈ ਨਾਲ ਇਹ ਚੁਣੌਤੀ ਪੈਦਾ ਹੁੰਦੀ ਹੈ ਕਿ ਸੂਚਨਾ ਤਕਨਾਲੋਜੀ ਰੂਟੀਨ ਦਿਮਾਗੀ ਕਾਰਜ ਦਾ ਹਿੱਸਾ ਕਿਵੇਂ ਬਣੀ ਰਹੇ ਤਾਂ ਕਿ ਨੌਨ-ਕਸਟਮਰ ਫੇਸਿੰਗ ਪੁਜ਼ੀਸ਼ਨਾਂ ਵਿਚਲੇ ਸਟਾਫ ਦੀ ਗਿਣਤੀ ਵਿਚ ਘਟਾਈ ਜਾ ਸਕੇ। ਜੀਵਨ ਬਿਓਰੇ ਜਾਂ ਰੀਜ਼ਿਊਮੇ ਲਿਖਣ ਤੋਂ ਇਲਾਵਾ ਏਆਈ ਕੰਪਨੀ ਦੀ ਸਾਲਾਨਾ ਰਿਪੋਰਟ ਦਾ ਪ੍ਰਥਮ ਖਰੜਾ ਵੀ ਲਿਖ ਸਕਦੀ ਹੈ। ਕੀ ਸਰਕਾਰ ਨੂੰ ਇਸ ਬਾਬਤ ਸੋਚਣ ਦੀ ਲੋੜ ਹੈ ਕਿ ਜੈਨਰੇਟਿਵ ਏਆਈ ਪ੍ਰਾਈਵੇਟ ਸੈਕਟਰ ਲਈ ਸਿਰਦਰਦ ਬਣ ਗਈ ਹੈ ਤੇ ਇਹ ਅਹਿਸਾਸ ਉਤਰਨਾ ਚਾਹੀਦਾ ਹੈ ਕਿ ਨੋਟਸ ਪ੍ਰਥਮ ਖਰੜਾ ਤਿਆਰ ਕਰਨ ਵਾਲਿਆਂ ਦੀਆਂ ਨੌਕਰੀਆਂ ਦਾਅ ‘ਤੇ ਲੱਗ ਗਈਆਂ ਹਨ। ਜੈਨਰੇਟਿਵ ਏਆਈ ਕੇਂਦਰੀ ਵਿੱਤ ਮੰਤਰੀ ਦੇ ਬਜਟ ਭਾਸ਼ਣ ਦਾ ਪ੍ਰਥਮ ਖਰੜਾ ਵੀ ਤਿਆਰ ਕਰ ਸਕਦੀ ਹੈ!

* ਲੇਖਕ ਆਰਥਿਕ ਮਾਮਲਿਆਂ ਦਾ ਵਿਸ਼ਲੇਸ਼ਕ ਹੈ।

Advertisement