ਵਿਨੇਸ਼ ਮਾਮਲੇ ਵਿੱਚ ਮਨੁੱਖੀ ਅਹਿਸਾਸ ਪਰ ਕੋਈ ਸੀਮਾ ਤਾਂ ਤੈਅ ਕਰਨੀ ਪਵੇਗੀ: ਬਾਕ
ਪੈਰਿਸ, 9 ਅਗਸਤ
ਕੌਮਾਂਤਰੀ ਓਲੰਪਿਕ ਕਮੇਟੀ (ਆੲਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਅੱਜ ਕਿਹਾ ਕਿ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਚੁਣੌਤੀ ਦੇਣ ਵਾਲੀ ਵਿਨੇਸ਼ ਫੋਗਾਟ ਲਈ ਉਨ੍ਹਾਂ ਦੇ ਦਿਲ ਵਿੱਚ ਹਮਦਰਦੀ ਹੈ ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕੁਝ ਹਾਲਾਤ ਵਿੱਚ ਛੋਟੀ ਰਿਆਇਤਾਂ ਦੇਣ ਤੋਂ ਬਾਅਦ ਕੋਈ ਸੀਮਾ ਤਾਂ ਤੈਅ ਕਰਨੀ ਹੀ ਪੈਣੀ ਹੈ। 29 ਸਾਲਾ ਵਿਨੇਸ਼ ਨੂੰ ਬੁੱਧਵਾਰ ਨੂੰ 50 ਕਿਲੋ ਵਰਗ ਮਹਿਲਾ ਕੁਸ਼ਤੀ ਦੇ ਸੋਨ ਤਗ਼ਮੇ ਲਈ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਹੋਣ ਕਾਰਨ ਅਯੋਗ ਐਲਾਨ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਉਸ ਨੇ ਸੀਏਐੱਸ ਵਿੱਚ ਆਪਣੀ ਅਯੋਗਤਾ ਖਿਲਾਫ ਅਪੀਲ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਕਿ ਖੇਡ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਉਸ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਬਾਕ ਨੇ ਇੱਥੇ ਆਈਓਸੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਨੂੰ ਉਸ ਪਹਿਲਵਾਨ ਲਈ ਹਮਦਰਦੀ ਹੈ; ਇਹ ਸਪੱਸ਼ਟ ਤੌਰ ’ਤੇ ਇਕ ਮਨੁੱਖੀ ਅਹਿਸਾਸ ਹੈ।’’ ਉਨ੍ਹਾਂ ਕਿਹਾ, ‘‘ਹੁਣ, ਇਹ ਅਪੀਲ ਸੀਏਐੱਸ ਵਿੱਚ ਹੈ। ਅਸੀਂ ਅਖੀਰ ਵਿੱਚ ਸੀਏਐੱਸ ਦੇ ਫੈਸਲੇ ਦੀ ਪਾਲਣਾ ਕਰਾਂਗੇ ਪਰ ਫਿਰ ਵੀ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਨੂੰ ਆਪਣੀ ਵਿਆਖਿਆ, ਆਪਣੇ ਨਿਯਮ ਲਾਗੂ ਕਰਨੇ ਹੋਣਗੇ। ਇਹ ਉਸ ਦੀ ਜ਼ਿੰਮੇਵਾਰੀ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਇਕ ਭਾਰ ਵਰਗ ਵਿੱਚ ਚਾਂਦੀ ਦੇ ਦੋ ਤਗ਼ਮੇ ਦਿੱਤੇ ਜਾ ਸਕਦੇ ਹਨ, ਬਾਕ ਨੇ ਕਿਹਾ, ‘‘ਨਹੀਂ ਜੇ ਤੁਸੀਂ ਇਸ ਤਰ੍ਹਾਂ ਦੇ ਆਮ ਤਰੀਕੇ ਨਾਲ ਪੁੱਛ ਰਹੇ ਹੋ ਪਰ ਮੈਨੂੰ ਇਸ ਵਿਅਕਤੀਗਤ ਮਾਮਲੇ ’ਤੇ ਟਿੱਪਣੀ ਕਰਨ ਦੀ ਇਜਾਜ਼ਤ ਦਿਓ।’’ ਉਨ੍ਹਾਂ ਕਿਹਾ, ‘‘ਉੱਥੇ ਕੌਮਾਂਤਰੀ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕੌਮਾਂਤਰੀ ਫੈਡਰੇਸ਼ਨ, ਯੂਨਾਈਟਿਡ ਵਿਸ਼ਵ ਕੁਸ਼ਤੀ (ਯੂਡਬਲਿਊਡਬਲਿਊ) ਇਹ ਫੈਸਲਾ ਲੈ ਰਹੀ ਸੀ।’’ -ਪੀਟੀਆਈ