ਪੰਜਾਬ ਬਚਾਓ ਯਾਤਰਾ ਨੂੰ ਭਰਵਾਂ ਹੁੰਗਾਰਾ: ਪੀਰ ਮੁਹੰਮਦ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 4 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੇ ਦਿਨੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਗਿਆ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਇਸ ਨੂੰ ਸੂਬੇ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕ ਕੇ ਦੂਜੇ ਸੂਬਿਆਂ ਵਿੱਚ ਕੇਜਰੀਵਾਲ ਨੂੰ ਲਿਜਾਣ ਵਾਸਤੇ ਜਹਾਜ਼ ਅਤੇ ਹੋਰ ਮਹਿੰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਰੋਬਾਰੀ ਦੂਜੇ ਸੂਬਿਆਂ ਵਿੱਚ ਜਾ ਰਹੇ ਹਨ ਅਤੇ ਗੈਂਗਸਟਾਰਾਂ ਵੱਲੋਂ ਫਿਰੌਤੀਆਂ ਲਈਆਂ ਜਾ ਰਹੀਆਂ ਹਨ। ਇਹ ਸਭ ਸਰਕਾਰ ਫੇਲ੍ਹ ਹੋਣ ਦੀਆਂ ਨਿਸ਼ਾਨੀਆਂ ਹਨ ਕਿਉਂਕਿ ਅਫ਼ਸਰਸ਼ਾਹੀ ਇਸ ਸਰਕਾਰ ਨੂੰ ਪਸੰਦ ਹੀ ਨਹੀਂ ਕਰਦੀ। ਸ੍ਰੀ ਪੀਰ ਮੁਹੰਮਦ ਨੇ ਕਿਹਾ ਕਿ ਜੇ ਕੋਈ ਨੌਜਵਾਨ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਉੱਪਰ ਦੇਸ਼ ਧਰੋਹੀ ਵਰਗੇ ਐਕਟ ਲਾ ਕੇ ਬਾਹਰਲੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ‘ਆਪ’ ਨੂੰ ਲੋਕ ਸਭਾ ਚੋਣਾਂ ਵਿੱਚ ਮੂੰਹ ਨਹੀਂ ਲਗਾਉਣਗੇ।