ਹਾਵੜਾ-ਮੁੰਬਈ ਮੇਲ ਐਕਸਪ੍ਰੈੱਸ ਲੀਹੋਂ ਲੱਥੀ; 2 ਹਲਾਕ, 22 ਜ਼ਖ਼ਮੀ
ਜਮਸ਼ੇਦਪੁਰ/ਰਾਂਚੀ/ਚਾਇਬਾਸਾ/ਕੋਲਕਾਤਾ, 30 ਜੁਲਾਈ
ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਤੜਕੇ ਹਾਵੜਾ-ਮੁੰਬਈ ਮੇਲ ਦੇ 18 ਡੱਬੇ ਪਟੜੀ ਤੋਂ ਉਤਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਪੌਣੇ ਚਾਰ ਵਜੇ ਦੱਖਣੀ-ਪੂਰਬੀ ਰੇਲਵੇ (ਐੱਸਈਆਰ) ਦੀ ਚਕਰਧਰਪੁਰ ਡਿਵੀਜ਼ਨ ਅਧੀਨ ਬੜਾਬੰਬੂ ਸਟੇਸ਼ਨ ਕੋਲ ਪੋਟੋਬੇੜਾ ਪਿੰਡ ਨੇੜੇ ਵਾਪਰਿਆ। ਐੱਸਈਆਰ ਦੇ ਤਰਜਮਾਨ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਨਾਲ ਹੀ ਇੱਕ ਮਾਲਗੱਡੀ ਵੀ ਪਟੜੀ ਤੋਂ ਉਤਰੀ ਹੈ। ਰੇਲਵੇ ਨੇ ਘਟਨਾ ਦੀ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਹੈ।
ਸਰਾਏਕੇਲਾ-ਖਰਸਾਵਾਂ ਦੇ ਐੱਸਪੀ ਮੁਕੇਸ਼ ਕੁਮਾਰ ਲੁਨਾਇਤ ਨੇ ਕਿਹਾ ਕਿ ਰਾਏਪੁਰ ਤੋਂ ਟਾਟਾਨਗਰ ਜਾ ਰਹੀ ਮਾਲਗੱਡੀ ਦਾ ਇੱਕ ਡੱਬਾ ਪਟੜੀ ਤੋਂ ਉੱਤਰ ਕੇ ਦੂਜੀ ਪਟੜੀ ’ਤੇ ਚਲਾ ਗਿਆ ਜਿਸ ਉੱਤੇ ਹਾਵੜਾ-ਮੁੰਬਈ ਮੇਲ ਰੇਲਗੱਡੀ ਆ ਰਹੀ ਸੀ। ਮਾਲਗੱਡੀ ਦੇ ਡੱਬੇ ਨਾਲ ਟਕਰਾਉਣ ਕਾਰਨ ਮੁਸਾਫ਼ਰ ਰੇਲਗੱਡੀ ਦੇ 18 ਡੱਬੇ ਲੀਹ ਤੋਂ ਉੱਤਰ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਦੋ ਵਿਅਕਤੀ ਮਾਰੇ ਗਏ ਤੇ 22 ਜ਼ਖ਼ਮੀ ਹੋਏ ਹਨ। ਵੱਖ-ਵੱਖ ਹਸਪਤਾਲਾਂ ’ਚ ਦਾਖਲ ਜ਼ਖਮੀਆਂ ਵਿੱਚੋਂ 18 ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਰਨ ਵਾਲੇ ਦੋ ਵਿਅਕਤੀ ਉੜੀਸਾ ਦਾ ਰੂੜਕੇਲਾ ਜ਼ਿਲ੍ਹੇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਸਾਰੇ ਰਾਹਤ ਕਾਰਜ ਕੁਝ ਘੰਟਿਆਂ ’ਚ ਮੁਕੰਮਲ ਕਰ ਲਏ ਗਏ। ਚਕਰਧਰਪੁਰ ਦੇ ਸੀਨੀਅਰ ਡੀਸਐੱਮ ਅਦਿੱਤਿਆ ਕੁਮਾਰ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਦੀ ਅਗਵਾਈ ਹੇਠ ਇਕ ਟੀਮ ਇਸ ਹਾਦਸੇ ਦੀ ਜਾਂਚ ਕਰੇਗੀ। -ਪੀਟੀਆਈ
ਰੇਲਵੇ ਵੱਲੋਂ ਮ੍ਰਿਤਕਾਂ ਤੇ ਜ਼ਖਮੀਆਂ ਲਈ ਐਕਸਗ੍ਰੇਸ਼ੀਆ ਗਰਾਂਟ ਦਾ ਐਲਾਨ
ਦੱਖਣ-ਪੂਰਬ ਰੇਲਵੇ ਨੇ ਕਿਹਾ ਕਿ ਰੇਲਵੇ ਨੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀ ਹੋਏ 8 ਜਣਿਆਂ ਨੂੰ ਇੱਕ-ਇੱਕ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲ ਹਾਦਸਿਆਂ ’ਚ ਵਾਧੇ ਲਈ ਕੇਂਦਰ ਦੀ ਆਲੋਚਨਾ ਵੀ ਕੀਤੀ।