ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਕਿਵੇਂ ਬਚਾਇਆ ਜਾਵੇ?

09:15 AM Jul 30, 2023 IST

ਡਾ. ਗੁਰਿੰਦਰ ਕੌਰ
Advertisement

ਮਸਲੇ ਦਾ ਹੱਲ

ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ। ਪੰਜਾਬ ਦੇ 19 ਜ਼ਿਲ੍ਹਿਆਂ ਦੇ 1,400 ਤੋਂ ਉੱਤੇ ਪਿੰਡਾਂ ਵਿੱਚ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦੇ ਪਾਣੀ ਨੇ ਲੋਕਾਂ ਦੀਆਂ ਫ਼ਸਲਾਂ, ਘਰਾਂ ਅਤੇ ਹੋਰ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਰਾਜ ਸਰਕਾਰ ਨੇ 25,000 ਤੋਂ ਉੱਤੇ ਲੋਕਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਹੜ੍ਹ ਕਾਰਨ ਸੂਬੇ ਵਿੱਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਅਤੇ ਕਈ ਹਾਲੇ ਵੀ ਲਾਪਤਾ ਹਨ, ਲਗਭਗ 260 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਸੈਂਕੜੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ, 168 ਥਾਵਾਂ ਉੱਤੇ ਰਾਹਤ ਕੈਂਪ ਅਤੇ 243 ਥਾਵਾਂ ਉੱਤੇ ਮੈਡੀਕਲ ਕੈਂਪ ਲਗਾਏ ਵੀ ਗਏ ਹਨ।
ਰਾਜ ਸਰਕਾਰ ਦੇ ਕਹਿਣ ਮੁਤਾਬਿਕ ਜ਼ਿਆਦਾ ਮੀਂਹ ਪੈਣ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਵਿੱਚ ਆਇਆ ਜਦੋਂਕਿ ਮੌਸਮ ਵਿਭਾਗ ਇਸ ਨੂੰ ਮੌਸਮ ਤਬਦੀਲੀਆਂ ਦੀ ਮਾਰ ਦੱਸਦਾ ਹੈ। ਪੰਜਾਬ ਵਿੱਚ ਹੜ੍ਹਾਂ ਦਾ ਆਉਣਾ ਨਾ ਤਾਂ ਕੋਈ ਨਵੀਂ ਗੱਲ ਹੈ ਅਤੇ ਨਾ ਹੀ ਕੋਈ ਅਨੋਖੀ ਘਟਨਾ। ਪੰਜਾਬ ਦਰਿਆਵਾਂ ਦੀ ਧਰਤੀ ਹੈ ਅਤੇ ਜਿਸ ਖੇਤਰ ਵਿੱਚ ਦਰਿਆ ਵਗਦੇ ਹਨ ਉੱਥੇ ਬਰਸਾਤ ਦੇ ਮੌਸਮ ਵਿੱਚ ਹੜ੍ਹ ਆਉਣਾ ਆਮ ਜਿਹਾ ਵਰਤਾਰਾ ਹੇ। ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਦਾ ਮੁੱਖ ਕਾਰਨ ਨਾ ਤਾਂ ਇੱਥੇ ਵਗਣ ਵਾਲੇ ਦਰਿਆ ਹਨ ਅਤੇ ਨਾ ਹੀ ਮੌਸਮੀ ਤਬਦੀਲੀ ਕਾਰਨ ਪਿਆ ਭਾਰੀ ਮੀਂਹ ਹੈ। ਦੁਨੀਆਂ ਦੀਆਂ ਸਾਰੀਆਂ ਸੱਭਿਅਤਾਵਾਂ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਪਨਪੀਆਂ ਹਨ। ਜੇਕਰ ਦਰਿਆਵਾਂ ਵਿੱਚ ਵਗਣ ਵਾਲਾ ਪਾਣੀ ਇੰਨਾ ਘਾਤਕ ਹੁੰਦਾ ਤਾਂ ਦੁਨੀਆ ਦੀਆਂ ਸਾਰੀਆਂ ਸੱਭਿਅਤਾਵਾਂ ਦਾ ਜਨਮ ਦਰਿਆਵਾਂ ਦੇ ਕੰਢਿਆਂ ਉੱਤੇ ਨਾ ਹੁੰਦਾ।
ਭਾਰੀ ਮੀਂਹ ਨੂੰ ਭਾਵੇਂ ਕੁਦਰਤੀ ਆਫ਼ਤ ਮੰਨਿਆ ਜਾਂਦਾ ਹੈ, ਪਰ ਪੰਜਾਬ ਵਿੱਚ ਹਾਲੇ ਤਾਂ ਇੰਨਾ ਮੀਂਹ ਵੀ ਨਹੀਂ ਪਿਆ ਜਿੰਨੀ ਜ਼ਿਆਦਾ ਹੜ੍ਹ ਦੀ ਮਾਰ ਪੈ ਰਹੀ ਹੈ। ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਵਰਤਾਰਾ ਜਾਂ ਕੁਦਰਤੀ ਆਫ਼ਤ ਨਹੀਂ ਹਨ, ਇਹ ਤਾਂ ਮਨੁੱਖ ਦੀ ਆਪ ਸਹੇੜੀ ਹੋਈ ਤ੍ਰਾਸਦੀ ਹੈ। ਇਸ ਦਾ ਮੁੱਖ ਕਾਰਨ ਗ਼ੈਰ-ਯੋਜਨਾਬੱਧ ਵਿਕਾਸ ਹੈ ਜਿਸ ਵਿੱਚ ਦਰਿਆਵਾਂ ਉੱਤੇ ਵੱਡੇ ਵੱਡੇ ਬੰਨ੍ਹ; ਦਰਿਆਵਾਂ, ਨਦੀਆਂ, ਨਾਲਿਆਂ ਦੇ ਵਹਾਅ ਖੇਤਰਾਂ ਤੇ ਚੋਅ ਖੇਤਰਾਂ ਵਿੱਚ ਉਸਾਰੀਆਂ ਅਤੇ ਪਾਣੀ ਦੇ ਸਰੋਤਾਂ ਦੇ ਰੱਖ-ਰਖਾਅ ਪ੍ਰਤੀ ਅਣਗਹਿਲੀ ਸ਼ਾਮਿਲ ਹੈ।
ਅਜੋਕੇ ਸਮੇਂ ਵਿੱਚ ਪੰਜਾਬ ਵਿੱਚੋਂ ਢਾਈ ਦਰਿਆ ਲੰਘਦੇ ਹਨ: ਸਤਲੁਜ, ਬਿਆਸ ਅਤੇ ਰਾਵੀ। ਤਿੰਨਾਂ ਦਰਿਆਵਾਂ ਉੱਤੇ ਕ੍ਰਮਵਾਰ ਭਾਖੜਾ, ਪੌਂਗ, ਅਤੇ ਰਣਜੀਤ ਸਾਗਰ ਡੈਮ ਬਣੇ ਹੋਏ ਹਨ। ਦਰਿਆਵਾਂ ਦਾ ਬਹੁਤਾ ਪਾਣੀ ਆਮ ਤੌਰ ਉੱਤੇ ਇਨ੍ਹਾਂ ਡੈਮਾਂ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ ਜਿਸ ਨੂੰ ਪਹਿਲਾਂ ਪਣਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਪਾਣੀ ਨੂੰ ਨਹਿਰਾਂ ਵਿੱਚ ਛੱਡ ਕੇ ਫ਼ਸਲਾਂ ਦੀ ਸਿੰਚਾਈ, ਪੀਣ ਵਾਲੇ ਪਾਣੀ ਅਤੇ ਉਦਯੋਗਿਕ ਇਕਾਈਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਡੈਮ ਅਧਿਕਾਰੀ ਦਰਿਆਵਾਂ ਦੇ ਪਾਣੀ ਨੂੰ ਡੈਮ ਦੀ ਸਮਰੱਥਾ ਅਨੁਸਾਰ ਇੱਕਠਾ ਕਰਦੇ ਅਤੇ ਬਾਕੀ ਦਾ ਪਾਣੀ ਦਰਿਆ ਵਿੱਚ ਛੱਡਦੇ ਹਨ।
ਗ਼ੈਰਯੋਜਨਾਬੱਧ ਵਿਕਾਸ ਦੀ ਸ਼ੁਰੂਆਤ ਭਾਖੜਾ ਡੈਮ ਤੋਂ ਸ਼ੁਰੂ ਕਰ ਲੈਂਦੇ ਹਾਂ। ਸਤਲੁਜ ਅਣਵੰਡੇ ਪੰਜਾਬ ਦੇ ਪੰਜਾਂ ਦਰਿਆਵਾਂ ਵਿੱਚੋਂ ਸਭ ਤੋਂ ਲੰਮਾ ਦਰਿਆ ਹੈ, ਪਰ ਇਸ ਦਾ ਬਹੁਤ ਜ਼ਿਆਦਾ ਪਾਣੀ ਭਾਖੜਾ ਡੈਮ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ ਜਿਸ ਕਰਕੇ ਸਾਲ ਦਾ ਬਹੁਤਾ ਸਮਾਂ ਇਹ ਦਰਿਆ ਨਾਂਮਾਤਰ ਪਾਣੀ ਨਾਲ ਹੀ ਵਹਿੰਦਾ ਹੈ ਜਿਸ ਕਾਰਨ ਦਰਿਆ ਦਾ ਵਹਾਅ ਖੇਤਰ ਖਾਲੀ ਪਿਆ ਰਹਿੰਦਾ ਹੈ। ਖਾਲੀ ਪਏ ਦਰਿਆ ਦੇ ਵਹਾਅ ਖੇਤਰ ਉੱਤੇ ਲੋਕਾਂ ਨੇ ਕਬਜ਼ੇ ਕਰ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਥਾਵਾਂ ਉੱਤੇ ਘਰ, ਝੌਂਪੜੀਆਂ ਆਦਿ ਵੀ ਬਣਾ ਲਏ ਹਨ। ਜਦੋਂ ਬਰਸਾਤ ਦੇ ਦਿਨਾਂ ਵਿੱਚ ਡੈਮ ਦੀ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਨਾਲੋਂ ਪਾਣੀ ਵਧ ਜਾਂਦਾ ਹੈ ਤਾਂ ਇਸ ਦੇ ਫਲੱਡਗੇਟ ਖੋਲ੍ਹ ਦਿੱਤੇ ਜਾਂਦੇ ਹਨ ਜਿਸ ਕਾਰਨ ਦਰਿਆ ਦੇ ਵਹਾਅ ਖੇਤਰ ਵਿੱਚ ਤੇਜ਼ੀ ਨਾਲ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਵਹਾਅ ਖੇਤਰ ਵਿੱਚ ਬੀਜੀਆਂ ਫ਼ਸਲਾਂ ਅਤੇ ਘਰ ਤੇ ਹੋਰ ਉਸਾਰੀਆਂ ਹੜ੍ਹ ਜਾਂਦੀਆਂ ਹਨ। ਵਹਾਅ ਖੇਤਰ ਉੱਤੇ ਹੋਏ ਇਸ ਤਰ੍ਹਾਂ ਦੇ ਕਬਜ਼ੇ ਦਰਿਆ ਦੇ ਪਾਣੀ ਦੇ ਵਹਾਅ ਵਿੱਚ ਰੁਕਾਵਟ ਵੀ ਪਾਉਂਦੇ ਹਨ ਜਿਸ ਕਾਰਨ ਦਰਿਆ ਵਿਚਲੇ ਪਾਣੀ ਦਾ ਪੱਧਰ ਹੋਰ ਉੱਚਾ ਹੋ ਜਾਂਦਾ ਹੈ ਅਤੇ ਉਹ ਦਰਿਆ ਕਿਨਾਰੇ ਵੱਸੇ ਪਿੰਡਾਂ ਵਿੱਚ ਜਾ ਵੜਦਾ ਹੈ। ਦਰਿਆ ਵਿੱਚ ਆਮ ਦਿਨਾਂ ਵਿੱਚ ਪਾਣੀ ਉਸ ਦੀ ਕੁੱਲ ਸਮਰੱਥਾ ਦਾ 20 ਫ਼ੀਸਦੀ ਅਤੇ ਬਰਸਾਤ ਦੇ ਮੌਸਮ ਵਿੱਚ 30 ਫ਼ੀਸਦੀ ਹੋਣਾ ਚਾਹੀਦਾ ਹੈ। ਦਰਿਆਵਾਂ ਉੱਤੇ ਵੱਡੇ ਵੱਡੇ ਡੈਮ ਬਣਾਉਣ ਕਾਰਨ ਦਰਿਆਵਾਂ ਦੀ ਹੋਂਦ ਹੀ ਖ਼ਤਮ ਹੋਣ ਕਿਨਾਰੇ ਪਹੁੰਚ ਜਾਂਦੀ ਹੈ।
ਪਾਣੀ ਦੇ ਸਰੋਤਾਂ ਦੀ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਇਸ ਵਾਰ ਦੇ ਹੜ੍ਹਾਂ ਦਾ ਵੱਡਾ ਕਾਰਨ ਬਣੀ ਹੈ। ਸਤਲੁਜ ਦਰਿਆ ਵਿੱਚ ਆਏ ਵਾਧੂ ਪਾਣੀ ਅਤੇ ਧੁੱਸੀ ਬੰਨ੍ਹ ਵਿੱਚ ਪਏ ਪਾੜਾਂ ਕਾਰਨ ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ 100 ਤੋਂ ਵੱਧ ਪਿੰਡਾਂ ਵਿੱਚ ਪਾਣੀ ਵੜ ਗਿਆ। ਬਰਸਾਤੀ ਨਦੀ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 2.4 ਫੁੱਟ ਜ਼ਿਆਦਾ ਵਹਿ ਰਿਹਾ ਸੀ। ਘੱਗਰ ਨਦੀ ਦੇ ਵਹਾਅ ਖੇਤਰ ਵਿੱਚ 100 ਪਾੜ ਪੈ ਗਏ ਸਨ। ਸੂਬਾਈ ਸਰਕਾਰ ਦੀ ਅਣਗਹਿਲੀ ਕਾਰਨ ਬੰਨ੍ਹਾਂ, ਡਰੇਨਾਂ, ਦਰਿਆਵਾਂ ਅਤੇ ਬਰਸਾਤੀ ਨਦੀਆਂ, ਨਾਲਿਆਂ ਦੀ ਵੇਲੇ ਸਿਰ ਮੁਰੰਮਤ ਨਹੀਂ ਕੀਤੀ ਜਾਂਦੀ। ਜਦੋਂ ਡੈਮਾਂ ਦੇ ਫਲੱਡਗੇਟ ਖੋਲ੍ਹਣ ਕਾਰਨ ਇਨ੍ਹਾਂ ਵਿੱਚ ਇਕਦਮ ਬਹੁਤ ਸਾਰਾ ਪਾਣੀ ਆ ਜਾਂਦਾ ਹੈ ਤਾਂ ਇਨ੍ਹਾਂ ਦੇ ਕਮਜ਼ੋਰ ਕਿਨਾਰੇ ਟੁੱਟ ਜਾਂਦੇ ਹਨ ਅਤੇ ਪਾਣੀ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ।
ਦਰਿਆਵਾਂ, ਨਦੀਆਂ, ਨਾਲਿਆਂ ਦੇ ਵਹਾਅ ਖੇਤਰਾਂ ਵਿੱਚ ਗਾਰ, ਰੇਤ, ਪੱਥਰਾਂ ਦੇ ਜ਼ਿਆਦਾ ਜਮ੍ਹਾਂ ਹੋ ਜਾਣ ਕਾਰਨ ਵੀ ਇਨ੍ਹਾਂ ਦੀ ਪਾਣੀ ਨੂੰ ਚੁੱਕਣ ਦੀ ਸਮਰੱਥਾ ਘਟ ਜਾਂਦੀ ਹੈ। ਪੰਜਾਬ ਸਰਕਾਰ ਦੇ ਮਾਈਨਜ਼ ਐਂਡ ਜੀਓਲੋਜੀ ਡਿਪਾਰਟਮੈਂਟ ਦੀ 2020 ਦੀ ਇੱਕ ਰਿਪੋਰਟ ਅਨੁਸਾਰ ਦਰਿਆਵਾਂ ਵਿੱਚ ਗਾਰ, ਰੇਤ, ਪੱਥਰਾਂ ਦੀ ਬਹੁਤਾਤ ਵੀ ਪੰਜਾਬ ਵਿੱਚ 2019 ਵਿੱਚ ਹੜ੍ਹ ਆਉਣ ਦਾ ਇੱਕ ਕਾਰਨ ਸੀ।
ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ਼-2, ਹੀਰਾ ਬਾਗ਼, ਤੇਗ਼ ਬਾਗ਼, ਮਥਰਾ ਕਾਲੋਨੀ, ਗੋਬਿੰਦ ਨਗਰ ਆਦਿ ਥਾਵਾਂ ਉੱਤੇ ਬੜੀ ਨਦੀ ਅਤੇ ਘੱਗਰ ਨਦੀ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ। ਕੁਝ ਥਾਵਾਂ ਉੱਤੇ ਲਗਭਗ 10,000 ਘਰਾਂ ਵਿੱਚ ਪਾਣੀ ਢਾਈ ਤੋਂ ਛੇ ਫੁੱਟ ਤੱਕ ਚੜ੍ਹ ਗਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਅਰਬਨ ਅਸਟੇਟ ਦੇ ਸਾਰੇ ਫੇਜ਼ ਚੋਅ ਖੇਤਰ ਵਿੱਚ ਬਣੇ ਹੋਏ ਹਨ ਜੋ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈੱਲਪਮੈਂਟ ਅਥਾਰਟੀ ਦੇ ਅਧੀਨ ਹੈ। ਹੁਣ ਸਵਾਲ ਉੱਠਦਾ ਹੈ ਜੇਕਰ ਪੰਜਾਬ ਦੀ ਪਲਾਨਿੰਗ ਐਂਡ ਡਿਵੈੱਲਪਮੈਂਟ ਅਥਾਰਟੀ ਹੀ ਚੋਅ ਖੇਤਰ ਵਿੱਚ ਮਕਾਨ ਬਣਾਉਣ ਦੀ ਵਿਉਂਤਬੰਦੀ ਕਰ ਕੇ ਦਿੰਦੀ ਹੈ ਤਾਂ ਆਮ ਲੋਕਾਂ ਦੀ ਵਿਉਂਤਬੰਦੀ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ।
ਇਸ ਵਾਰ ਪੰਜਾਬ ਦੇ 1,400 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਅਤੇ ਕਈ ਥਾਵਾਂ ਉੱਤੇ ਪਿੰਡਾਂ ਦੇ ਪਿੰਡ ਖਾਲੀ ਕਰਵਾ ਕੇ ਲੋਕਾਂ ਨੂੰ ਰਾਹਤ ਕੈਂਪਾਂ ਅਤੇ ਸੁਰੱਖਿਅਤ ਥਾਵਾਂ ਉੱਤੇ ਭੇਜਿਆ ਗਿਆ। ਸਾਡੇ ਵੱਡੇ-ਵਡੇਰੇ ਬਹੁਤ ਸਿਆਣੇ ਸਨ। ਉਨ੍ਹਾਂ ਨੇ ਉੱਚੀਆਂ ਥਾਵਾਂ ਉੱਤੇ ਘਰ ਬਣਾਏ ਹੋਏ ਸਨ। ਮੀਂਹ ਪੈਣ ਸਮੇਂ ਪਾਣੀ ਆਪਮੁਹਾਰੇ ਉੱਚੀਆਂ ਥਾਵਾਂ ਤੋਂ ਰੁੜ੍ਹ ਕੇ ਨੀਵੀਂਆਂ ਥਾਵਾਂ ਉੱਤੇ ਪਹੁੰਚ ਜਾਂਦਾ ਜੋ ਟੋਭੇ ਅਤੇ ਤਲਾਬਾਂ ਦਾ ਰੂਪ ਧਾਰ ਲੈਂਦਾ ਸੀ। ਅੱਜਕੱਲ੍ਹ ਲੋਕਾਂ ਨੇ ਟੋਭੇ, ਤਲਾਬਾਂ ਅਤੇ ਹੋਰ ਨੀਵੀਆਂ ਥਾਵਾਂ ਨੂੰ ਭਰ ਕੇ ਉਸਾਰੀਆਂ ਕਰ ਲਈਆਂ ਹਨ ਜਿਸ ਕਰਕੇ ਬਚੇ ਹੋਏ ਟੋਭਿਆਂ, ਤਲਾਬਾਂ ਆਦਿ ਦਾ ਆਕਾਰ ਬਹੁਤ ਹੀ ਛੋਟਾ ਰਹਿ ਗਿਆ। ਟੋਭਿਆਂ ਅਤੇ ਨੀਵੀਆਂ ਥਾਵਾਂ ਦੇ ਖ਼ਤਮ ਹੋਣ; ਦਰਿਆਵਾਂ ਦੇ ਬੰਨ੍ਹਾਂ, ਬਰਸਾਤੀ ਨਦੀਆਂ ਅਤੇ ਡਰੇਨਾਂ ਵਿੱਚ ਪਾੜ ਪੈਣ ਕਾਰਨ ਪਿੰਡਾਂ ਵਿੱਚ ਹੜ੍ਹ ਆ ਗਏ। ਪਿੰਡਾਂ ਵਿੱਚ ਹੜ੍ਹ ਆਉਣ ਦਾ ਇੱਕ ਹੋਰ ਵੱਡਾ ਕਾਰਨ ਪੰਜਾਬ ਦੇ ਸਿਰ ਥੋਪੀ ਗਈ ਝੋਨੇ ਦੀ ਫ਼ਸਲ ਵੀ ਹੈ। ਇਸ ਫ਼ਸਲ ਲਈ ਛੱਪੜ ਸਿੰਚਾਈ ਦੀ ਲੋੜ ਹੁੰਦੀ ਹੈ ਜਦੋਂਕਿ ਪੰਜਾਬ ਦੀਆਂ ਸਥਾਨਕ ਫ਼ਸਲਾਂ (ਮੱਕੀ, ਕਪਾਹ, ਨਰਮਾ, ਜਵਾਰ, ਬਾਜਰਾ ਆਦਿ) ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਮੀਂਹ ਦੇ ਦਿਨਾਂ ਵਿੱਚ ਇਨ੍ਹਾਂ ਫ਼ਸਲਾਂ ਨਾਲ ਖੇਤ ਵਾਧੂ ਪਾਣੀ ਨੂੰ ਸੋਖ ਲੈਂਦੇ ਸਨ।
ਦਰਿਆਵਾਂ ਅਤੇ ਬਰਸਾਤੀ ਨਦੀਆਂ ਤੇ ਨਾਲਿਆਂ ਦੇ ਵਹਾਅ ਖੇਤਰਾਂ ਉੱਤੇ ਹੋਈਆਂ ਉਸਾਰੀਆਂ ਕਾਰਨ ਵੀ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਹੈ। ਬਰਸਾਤੀ ਨਦੀਆਂ ਅਤੇ ਨਾਲਿਆਂ ਦੀ ਸਾਲਾਂਬੱਧੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਵਿੱਚ ਮਿੱਟੀ ਅਤੇ ਗਾਰ ਦੇ ਨਾਲ ਨਾਲ ਕਈ ਤਰ੍ਹਾਂ ਦੀ ਬਨਸਪਤੀ ਉੱਗੀ ਹੋਈ ਹੋਣ ਕਰਕੇ ਉਨ੍ਹਾਂ ਦੀ ਪਾਣੀ ਢੋਣ ਦੀ ਸਮਰੱਥਾ ਬਹੁਤ ਘਟ ਗਈ ਹੈ। ਇਸ ਕਰਕੇ ਇਨ੍ਹਾਂ ਬਰਸਾਤੀ ਨਦੀਆਂ ਅਤੇ ਨਾਲਿਆਂ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਾਣੀ ਵੜ ਗਿਆ।
ਕਰਾਸ ਡਿਪੈੱਨਡੈਂਸੀ ਇਨੀਸ਼ੀਏਟਿਵ ਦੀ ਇੱਕ ਰਿਪੋਰਟ 20 ਫਰਵਰੀ 2023 ਜਾਰੀ ਹੋਈ ਸੀ। ਇਸ ਅਨੁਸਾਰ, ਪੰਜਾਬ ਦੁਨੀਆ ਦੇ ਚੋਟੀ ਦੇ ਉਨ੍ਹਾਂ 50 ਰਾਜਾਂ ਜਾਂ ਖੇਤਰਾਂ ਵਿੱਚ ਸ਼ਾਮਲ ਹੈ ਜਿੱਥੇ ਮੌਸਮੀ ਤਬਦੀਲੀਆਂ ਕਾਰਨ ਮਨੁੱਖਾਂ ਦੁਆਰਾ ਬਣਾਏ ਗਏ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇ ਨੌਂ ਰਾਜ ਖ਼ਤਰੇ ਦੇ ਖੇਤਰਾਂ ਵਿੱਚ ਸ਼ਾਮਿਲ ਹਨ।
ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਅਜਿਹੀਆਂ ਅੰਤਰਰਾਸ਼ਟਰੀ ਰਿਪੋਰਟਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਦਰਤੀ ਆਫ਼ਤਾਂ ਨਾਲ ਸਿੱਝਣ ਲਈ ਅਗਾਊਂ ਉਚੇਚੇ ਪ੍ਰਬੰਧ ਕਰਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦਰਿਆਵਾਂ, ਨਦੀਆਂ, ਨਾਲਿਆਂ ਦੇ ਵਹਾਅ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਅਤੇ ਵਰਤੋਂ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾ ਕੇ ਇਨ੍ਹਾਂ ਦੇ ਵਹਾਅ ਖੇਤਰਾਂ ਦੀ ਨਿਯਮਤ ਸਾਫ਼ ਸਫ਼ਾਈ ਅਤੇ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਵੇ। ਪੁਰਾਣੇ ਬਰਸਾਤੀ ਨਾਲਿਆਂ, ਛੱਪੜਾਂ, ਟੋਭਿਆਂ ਆਦਿ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਸੁਰਜੀਤ ਕੀਤਾ ਜਾਵੇ। ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਂਹ ਪੈਣ ਤੋਂ ਬਾਅਦ ਜਿਨ੍ਹਾਂ ਥਾਵਾਂ ਉੱਤੇ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਉਨ੍ਹਾਂ ਥਾਵਾਂ ਉੱਤੇ ਰੀਚਾਰਜ ਖੂਹ ਬਣਾਏ ਜਾਣ ਤਾਂ ਕਿ ਮੀਂਹ ਦਾ ਪਾਣੀ ਹੜ੍ਹ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਖੂਹਾਂ ਵਿੱਚ ਚਲਿਆ ਜਾਵੇ। ਹਰ ਤਰ੍ਹਾਂ ਦੀ ਉਸਾਰੀ (ਮਕਾਨ ਜਾਂ ਇਮਾਰਤ) ਤੋਂ ਪਹਿਲਾਂ ਹੀ ਉੱਥੇ ਮੀਂਹ ਦਾ ਪਾਣੀ ਸੰਭਾਲਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਝੋਨੇ ਦੀ ਜਗ੍ਹਾ ਪੰਜਾਬ ਦੀਆਂ ਖੇਤੀਬਾੜੀ-ਜਲਵਾਯੂ ਹਾਲਤਾਂ ਅਨੁਸਾਰ ਢੁੱਕਵੀਆਂ ਖੇਤੀਬਾੜੀ ਜਿਣਸਾਂ (ਮੱਕੀ, ਕਪਾਹ, ਨਰਮਾ ਆਦਿ) ਦੀਆਂ ਲਾਹੇਵੰਦ ਘੱਟੋ-ਘੱਟ ਸਮਰਥਨ ਕੀਮਤਾਂ ਐਲਾਨ ਕੇ ਉਨ੍ਹਾਂ ਕੀਮਤਾਂ ਉੱਤੇ ਖ਼ਰੀਦਦਾਰੀ ਯਕੀਨੀ ਬਣਾਵੇ।
* ਸਾਬਕਾ ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement

Advertisement