ਸੇਵਾਮੁਕਤੀ ਦੀ ‘ਆਜ਼ਾਦੀ’ ਨੂੰ ਕਿੰਝ ਮਾਣੀਏ
ਅਵਿਜੀਤ ਪਾਠਕ*
ਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਮੈਂ ਤਿੰਨ ਦਹਾਕਿਆਂ ਤੋਂ ਵੀ ਵੱਧ ਅਰਸਾ ਪੜ੍ਹਾਇਆ। ਮੇਰੇ ਕੁਝ ਮਿੱਤਰ, ਰਿਸ਼ਤੇਦਾਰ ਤੇ ਗੁਆਂਢੀ ਹੀ ਨਹੀਂ ਸਗੋਂ ਕਈ ਵਿਦਿਆਰਥੀ ਵੀ ਇਹ ਜਾਣਨ ਲਈ ਉਤਸੁਕ ਰਹਿੰਦੇ ਹਨ ਕਿ ਉੱਥੋਂ ਸੇਵਾਮੁਕਤੀ ਮਗਰੋਂ ਹੁਣ ਮੈਂ ਕੀ ਕਰ ਰਿਹਾ ਹਾਂ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਕਿਤੇ ਮੈਂ ‘ਅੱਕ ਥੱਕ’ ਕੇ ਬੈਠ ਤਾਂ ਨਹੀਂ ਗਿਆ ਜਾਂ ਕੀ ਹੁਣ ਜਦੋਂ ਕਰਨ ਲਈ ਕੁਝ ‘ਠੋਸ’ ਨਹੀਂ ਬਚਿਆ ਤਾਂ ਮੈਂ ਐਨਾ ਖਾਲੀ ਸਮਾਂ ਕਿਵੇਂ ਬਿਤਾ ਰਿਹਾ ਹਾਂ; ਜਾਂ ਇਸ ਲਈ ‘ਬੋਰੀਅਤ’ ਵਿੱਚੋਂ ਬਾਹਰ ਨਿਕਲਣ ਤੇ ਆਪਣੇ ਆਪ ਨੂੰ ‘ਮਸਰੂਫ਼’ ਅਤੇ ‘ਅਕਾਦਮਿਕ ਤੌਰ ’ਤੇ ਸਰਗਰਮ’ ਰੱਖਣ ਲਈ ਕਿਤੇ ਮੈਂ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨਾਲ ਜੁੜਨ ਬਾਰੇ ਤਾਂ ਨਹੀਂ ਸੋਚ ਰਿਹਾ।
ਮੈਂ ਉਨ੍ਹਾਂ ਦੇ ਸਨੇਹ ਤੇ ਸਰੋਕਾਰ ਦੀ ਕਦਰ ਕਰਦਾ ਹਾਂ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਉਨ੍ਹਾਂ ਦੀ ਉਤਸੁਕਤਾ ’ਚ ਉਸ ਮਨੋ-ਵਿਕਾਰ ਦੀ ਝਲਕ ਦੇਖਦਾ ਹਾਂ ਜੋ ‘ਸਮੇਂ ਦੇ ਪ੍ਰਬੰਧਨ’ ਅਤੇ ‘ਉਤਪਾਦਕਤਾ’ ਨਾਲ ਜੁੜੀ ਸਨਕ ਨੂੰ ਚਰਿਤਾਰਥ ਕਰਦੇ ਉਦਯੋਗਿਕ ਪੂੰਜੀਵਾਦ ਜਾਂ ਸਮਕਾਲੀ ਅਤਿ-ਆਧੁਨਿਕਤਾ ਦੀ ਪਛਾਣ ਕਰਾਉਂਦਾ ਹੈ। ਅਸਲ ਵਿੱਚ ਅਸੀਂ ‘ਕੁਝ ਵੀ ਨਾ ਕਰਨ’ ਦੇ ਵਿਚਾਰ ਤੋਂ ਡਰਦੇ ਹਾਂ। ਜਿਉਂ ਹੀ ‘ਖਾਲੀਪਣ’ ਦਾ ਭੈਅ ਸਾਡੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਅਸੀਂ ਸਿਸਟਮ ਵੱਲੋਂ ਵਿਉਂਤੀ ਗਈ ‘ਰੁਝੇਵੇਂ ਭਰਪੂਰ ਤੇ ਲਾਹੇਵੰਦ’ ਜ਼ਿੰਦਗੀ, ਜਾਂ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ, ਸਵੇਰ ਨੌਂ ਤੋਂ ਸ਼ਾਮ ਪੰਜ ਵਜੇ ਤੱਕ ਰੋਜ਼ਮਰ੍ਹਾ ਦੀ ਰੂਟੀਨ ਦੇ ਲਿਹਾਜ਼ ਤੋਂ ‘ਸੇਵਾਮੁਕਤੀ’ ਵਰਗੇ ਵਰਤਾਰੇ ’ਚੋਂ ਕੀੜੇ ਕੱਢਣ ਲੱਗ ਪੈਂਦੇ ਹਾਂ। ਅਸੀਂ ‘ਵਿਹਲਪੁਣੇ’ ਤੋਂ ਤ੍ਰਭਕਦੇ ਹਾਂ।
ਬਹਰਹਾਲ, ਮੈਂ ਸੇਵਾਮੁਕਤੀ ਦੇ ਵਰਤਾਰੇ ਨੂੰ ਬੁਰਾਈ ਨਹੀਂ ਸਮਝਦਾ ਕਿਉਂਕਿ ਜ਼ਿੰਦਗੀ ਦੇ ਹਰੇਕ ਪੜਾਅ ਦਾ ਆਪਣਾ ਮਹੱਤਵ, ਸੁਹੱਪਣ ਤੇ ਅੰਦਾਜ਼ ਹੁੰਦਾ ਹੈ। ਅਸਲ ’ਚ ਸੇਵਾਮੁਕਤੀ ਮਹਿਜ਼ ਵਿੱਤੀ ਸੰਸਿਆਂ, ਇਸ ਨਾਲ ਜੁੜੀ ਬੇਚੈਨੀ ਜਾਂ ਬੁਢਾਪੇ ਤੇ ਰੋਗਾਂ ਨਾਲ ਜੂਝਦੇ ਸਰੀਰ ਦਾ ਬੋਝ ਢੋਹਣ ਦਾ ਨਾਂ ਨਹੀਂ ਹੁੰਦਾ ਸਗੋਂ ਇਸ ਦੇ ਮਾਅਨੇ ਇਸ ਤੋਂ ਕਿਤੇ ਵੱਡੇ ਹੁੰਦੇ ਹਨ। ਕੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਰੁਝੇਵਿਆਂ ਭਰੀ, ਕੰਮ ਆਧਾਰਿਤ, ਲਕੀਰਨੁਮਾ ਤੇ ਅਭਿਲਾਸ਼ੀ ਹੋਂਦ ਤੋਂ ਸੇਵਾਮੁਕਤ ਹੋਣ ਦੀ ਕਲਾ ਵਿੱਚ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਸੰਦਰਭ ਵਿੱਚ ਮੈਂ ਤਿੰਨ ਨੁਕਤੇ ਰੱਖਾਂਗਾ।
ਪਹਿਲਾ, ਜੇ ਅਸੀਂ ਸੱਚੀਓਂ ਨਵੇਂ ਵਿਚਾਰਾਂ ਦਾ ਸਵਾਗਤ ਕਰਨ ਵਾਲੇ ਅਤੇ ਸੰਵੇਦਨਸ਼ੀਲ ਹਾਂ ਤਾਂ ਅਸੀਂ ‘ਜਾਣ ਦੇਣ’ ਦੀ ਕਲਾ ਦੀਆਂ ਡੂੰਘਾਈਆਂ ਦਾ ਅਹਿਸਾਸ ਕਰ ਸਕਦੇ ਹਾਂ। ਬਹੁਤਾ ਕਰਕੇ ਸਾਡੀਆਂ ਨੌਕਰੀਆਂ, ਸਾਡੇ ਕੰਮ ’ਚ ਆਉਂਦੇ ਮੋੜ-ਘੋੜ, ਅਹੁਦੇ ਨਾਲ ਜੁੜੀਆਂ ਸਾਡੀਆਂ ਤਾਕਤਾਂ ਤੇ ਦਰਜੇ ਸਾਨੂੰ ਆਪਣੇ ‘ਪੇਸ਼ੇਵਰ’ ਸਵੈ ਨਾਲ ਲੋੜੋਂ ਵੱਧ ਜੁੜਨ ਦੇ ਰਾਹ ਤੋਰ ਦਿੰਦੇ ਹਨ। ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਮੁੱਢਲੇ ਤੌਰ ’ਤੇ ਅਸੀਂ ਡਾਇਰੈਕਟਰ, ਮੈਨੇਜਰ, ਫ਼ੌਜੀ ਜਰਨੈਲ, ਪੁਲੀਸ ਅਧਿਕਾਰੀ, ਪ੍ਰੋਫੈਸਰ ਆਦਿ ਹਾਂ। ਇਸ ਕਿਸਮ ਦੀ ‘ਸਵੈ-ਪਛਾਣ’ ਸਾਨੂੰ ਸਾਡੇ ਅਸਲ ਵਜੂਦ ਦੇ ਹੌਲ਼ੇਪਣ ਨੂੰ ਮਹਿਸੂਸ ਨਹੀਂ ਕਰਨ ਦਿੰਦੀ। ਫਿਰ, ਜੇ ਅਸੀਂ ਆਪਣੀ ਸੇਵਾਮੁਕਤੀ ਨਾਲ ਅਹੁਦਿਆਂ ਤੇ ਪੇਸ਼ੇਵਾਰ ਪ੍ਰਾਪਤੀਆਂ ਦੇ ਬੋਝ ਤੋਂ ਸੁਰਖਰੂ ਹੋ ਜਾਂਦੇ ਹਾਂ ਤਾਂ ਅਸੀਂ ਆਪਣੀ ਹੋਂਦ ਦੀ ਇਸ ਭਾਰਹੀਣਤਾ ਨੂੰ ਮਹਿਸੂਸ ਕਰ ਸਕਦੇ ਹਾਂ। ਫਿਰ ਸਾਨੂੰ ਅਸੁਰੱਖਿਅਤ ਹੋਣ ਦਾ ਅਹਿਸਾਸ ਨਹੀਂ ਰਹਿੰਦਾ; ਨਾ ਹੀ ਅਸੀਂ ਪਛਾਣ ਦੇ ਸੰਕਟ ਨਾਲ ਜੂਝਦੇ ਹਾਂ ਸਗੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਕੋਲ ਤਾਂ ਜੋ ਕੁਝ ‘ਵਾਧੂ ਪਿਆ’ ਹੈ; ਅਸੀਂ ਉਸ ਤੋਂ ਕਿਤੇ ਵੱਧ ਹਾਂ ਜਿੰਨਾ ਕਦੇ ਅਸੀਂ ਆਪਣੇ ਪੇਸ਼ੇਵਾਰ ਜੀਵਨ ਦੇ ਸਿਖਰ ’ਤੇ ਹੁੰਦਿਆਂ ਮਹਿਸੂਸ ਕਰਦੇ ਰਹੇ ਹਾਂ। ਇਸ ਲਈ ਕਿਸੇ ਅਧਿਕਾਰਤ ਅਹੁਦੇ ਤੋਂ ਬਿਨਾਂ ਆਨੰਦ ਤੇ ਉਸਾਰੂ ਰੀਝਾਂ ਨਾਲ ਜ਼ਿੰਦਗੀ ਜਿਊਣੀ ਅਸੰਭਵ ਨਹੀਂ ਹੈ। ਇਹ ਨਿਰਾਸ਼ਾਜਨਕ ਹੈ ਕਿ ਬਹੁਤੇ ਸੇਵਾਮੁਕਤ ਲੋਕ ਇਸ ਮੋਹ ਜਾਲ ’ਚੋਂ ਨਿਕਲਣ ਵਿੱਚ ਨਾਕਾਮ ਰਹਿੰਦੇ ਹਨ, ਉਨ੍ਹਾਂ ਦੀ ਤਾਕਤ ਤੇ ਅਹੁਦੇ ਦੀ ਤਲਬ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਉਹ ਨਿਰੰਤਰ ਤਣਾਅਪੂਰਨ, ਈਰਖਾ ਨਾਲ ਭਰੇ, ਅਸ਼ਾਂਤ, ਅਸੁਰੱਖਿਅਤ ਅਤੇ ਨਾਖ਼ੁਸ਼ ਰਹਿੰਦੇ ਹਨ। ਜਾਂ ਫਿਰ ਉਹ ਨਿਰਾਸ਼ਾਵਾਦੀ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਸਤਾਉਣ ਲੱਗਦਾ ਹੈ ਕਿ ਉਨ੍ਹਾਂ ਦੀ ਹੋਂਦ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ। ਮੈਂ ਕਈ ਸੇਵਾਮੁਕਤ ਪ੍ਰੋਫੈਸਰਾਂ ਵਿੱਚ ਅਜਿਹਾ ਵੇਖਿਆ ਹੈ ਜੋ ਕੋਈ ਅਹੁਦਾ ਲੈਣ ਤੇ ਤਾਕਤਵਰ ਬਣੇ ਰਹਿਣ ਦੀ ਗਹਿਰੀ ਖ਼ਾਹਿਸ਼ ਰੱਖਦੇ ਹਨ । ਇਸ ਤਰ੍ਹਾਂ ਕਰਕੇ ਉਹ ਉਸ ਚਮਕ ਨੂੰ ਗੁਆ ਲੈਂਦੇ ਹਨ ਜੋ ਸੇਵਾਮੁਕਤੀ ਦੇ ਪੜਾਅ ’ਚੋਂ ਮਿਲਣੀ ਹੁੰਦੀ ਹੈ।
ਦੂਜਾ, ਸਾਡੀ ਸੇਵਾਮੁਕਤੀ ਸਾਨੂੰ ਆਜ਼ਾਦ ਖ਼ਿਆਲੀ ਦਾ ਮਜ਼ਾ ਵੀ ਦਿੰਦੀ ਹੈ- ‘ਵਿਹਲੇ’ ਰਹਿਣ ਦੀ ਆਜ਼ਾਦੀ, ਜਾਂ ਉਨ੍ਹਾਂ ਚੀਜ਼ਾਂ ਨੂੰ ਦੇਖਣ, ਮਹਿਸੂਸ ਕਰਨ, ਛੋਹਣ ਤੇ ਕਰਨ ਦੀ ਆਜ਼ਾਦੀ ਜਿਹੜੀਆਂ ਅਸੀਂ ਨੌਕਰੀਆਂ ’ਚ ਮਾਨਸਿਕ ਤੌਰ ’ਤੇ ਖੁੱਭੇ ਹੋਣ ਕਾਰਨ ਕਰ ਨਹੀਂ ਸਕੇ ਸਾਂ ਤੇ ਇੱਕੋ ਲੀਹ ਉੱਤੇ ਤੁਰਦੇ ਰਹੇ ਸਾਂ। ਪਦਉੱਨਤੀਆਂ ਤੇ ਵਿਭਾਗੀ ਸਿਆਸਤ ਕਾਰਨ ਵੀ ਅਸੀਂ ਕਈ ਅਜਿਹੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਉਨ੍ਹਾਂ ਸੰਭਾਵਨਾਵਾਂ ਬਾਰੇ ਸੋਚੋ ਜੋ ਤੁਹਾਡੀ ਸੇਵਾਮੁਕਤੀ ਲੈ ਕੇ ਆਉਂਦੀ ਹੈ। ਇੱਥੇ ਘੜੀ ਦੀਆਂ ਸੂਈਆਂ ਤੋਂ ਇਨਕਾਰੀ ਹੋਣ ਦੀ ਆਜ਼ਾਦੀ ਮਿਲਦੀ ਹੈ। ਬਿਨਾਂ ਕਿਸੇ ‘ਘਾਟੇ ਵਾਧੇ’ ਦੇ ਮੰਤਵ ਤੋਂ ਤੁਰਨ-ਫਿਰਨ ਤੇ ਸਰਦੀਆਂ ਦੀ ਸਵੇਰ ’ਚ ਸੂਰਜ ਦਾ ਨਿੱਘ ਮਾਨਣ ਦੀ ਆਜ਼ਾਦੀ ਮਿਲਦੀ ਹੈ। ਇਸ ਵਿੱਚ ਸਕੂਲ ਦੇ ਆਪਣੇ ਉਨ੍ਹਾਂ ਦੋਸਤਾਂ ਨਾਲ ਮੁੜ ਰਾਬਤਾ ਕਰਨ ਦੀ ਖੁੱਲ੍ਹ ਵੀ ਮਿਲਦੀ ਹੈ ਜਿਨ੍ਹਾਂ ਨਾਲ ਤੁਸੀਂ ਕਦੇ ਬਾਰਿਸ਼ ’ਚ ਫੁੱਟਬਾਲ ਖੇਡਦੇ ਰਹੇ ਹੋਵੋ ਤੇ ਇਹ ਵਾਲਟ ਵ੍ਹਿਟਮੈਨ, ਵਿਲੀਅਮ ਬਲੇਕ ਤੇ ਰਾਬਿੰਦਰਨਾਥ ਟੈਗੋਰ ਜਿਹੇ ਲੇਖਕਾਂ ਨੂੰ ਬਿਨਾਂ ਕਿਸੇ ‘ਡੈੱਡਲਾਈਨ’ ਤੋਂ ਪੜ੍ਹਨ ਦੀ ਆਜ਼ਾਦੀ ਵੀ ਦਿੰਦੀ ਹੈ। ਜੇ ਅਸੀਂ ਡੂੰਘਾਈ ਨਾਲ ਸੋਚੀਏ ਤਾਂ ਇਹ ਸਮਝਣਾ ਔਖਾ ਨਹੀਂ ਹੈ ਕਿ ਸਾਡੀ ਸਵੇਰੇ 9 ਤੋਂ ਸ਼ਾਮ 5 ਤੱਕ ਦੀ ਕਾਹਲ ਭਰੀ ਹੋਂਦ, ਸਾਡਾ ਅਤਿ ਮੁਕਾਬਲਾਰਾਈ ਦਾ ਕੰਮਕਾਜੀ ਮਾਹੌਲ ਤੇ ਸਾਡਾ ‘ਸਮਾਜਿਕ ਡਾਰਵਿਨਵਾਦ’ ਜ਼ਿਆਦਾਤਰ ਸਾਨੂੰ ਕਈ ਪੱਖਾਂ ਤੋਂ ਕਮਜ਼ੋਰ ਹੀ ਕਰਦਾ ਹੈ। ਅਸੀਂ ਪੈਸੇ ਕਮਾ ਲੈਂਦੇ ਹਾਂ ਪਰ ਅੱਖਾਂ ਗੁਆ ਬੈਠਦੇ ਹਾਂ- ਉਹ ਅੱਖਾਂ ਜੋ ਰੱਬ ਨੇ ਸਾਨੂੰ ਇੱਕ ਛੋਟੇ ਜਿਹੇ ਪੱਤੇ ’ਤੇ ਤਰੇਲ ਦੀਆਂ ਬੂੰਦਾਂ, ਚੜ੍ਹਦੇ ਤੇ ਲਹਿੰਦੇ ਸੂਰਜ ’ਚ ਜ਼ਿੰਦਗੀ ਤੇ ਮੌਤ ਦਾ ਨ੍ਰਿਤ, ਸਮੁੰਦਰ ਤੇ ਲਹਿਰਾਂ ਵਿਚਲੇ ਰਿਸ਼ਤੇ ਦੀ ਸੀਮਤ-ਅਸੀਮਤ ਖੇਡ ਦੇਖਣ ਲਈ ਦਿੱਤੀਆਂ ਹਨ। ਦੂਜੇ ਸ਼ਬਦਾਂ ਵਿੱਚ, ਸੇਵਾਮੁਕਤੀ ਦਾ ਦਿਨ ਆਉਣ ਦਾ ਅਫ਼ਸੋਸ ਮਨਾਉਣ ਦੀ ਥਾਂ ਅਸੀਂ ਇਸ ਨੂੰ ਨਵੇਂ ਜਨਮ ਦੇ ਦਿਨ ਵਜੋਂ ਮਹਿਸੂਸ ਕਰ ਸਕਦੇ ਹਾਂ ਜਿਸ ਵਿੱਚ ਮੋਹ ਦਾ ਉਹ ਜਾਦੂ ਕਰਨ ਦੀ ਸੰਭਾਵਨਾ ਹੋ ਸਕਦੀ ਹੈ ਜਿਹੜਾ ਅਜੋਕੇ ਸੰਸਾਰ ’ਚੋਂ ਗਾਇਬ ਹੁੰਦਾ ਜਾ ਰਿਹਾ ਹੈ।
ਤੀਜਾ, ਇਹ ਨਵੀਂ-ਨਵੀਂ ਮਿਲੀ ਆਜ਼ਾਦੀ ਬਹੁਤ ਸਾਰੇ ਸੇਵਾਮੁਕਤ ਹੋਏ ਲੋਕਾਂ ਨੂੰ ਨੌਜਵਾਨਾਂ ਨਾਲ ਖ਼ੂਬਸੂਰਤ ਰਿਸ਼ਤਾ ਉਸਾਰਨ ਦੀ ਤਾਕਤ ਵੀ ਦੇ ਸਕਦੀ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਸੇਵਾਮੁਕਤ ਲੋਕ ਸਿਰਫ਼ ਆਪਣੇ ਲਈ ਵੱਖਰੇ ‘ਸੀਨੀਅਰ ਸਿਟੀਜ਼ਨ’ ਕਲੱਬ ਦਾ ਹਿੱਸਾ ਹੀ ਬਣ ਜਾਂਦੇ ਹਨ ਤੇ ਬਾਕੀ ਲੋਕ ਮੈਡੀਕਲ ਬੀਮੇ ਅਤੇ ਹਸਪਤਾਲ ਦੇ ਬਿਲਾਂ ’ਚ ਗੁਆਚੇ ਰਹਿੰਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਨਵੀਂ ਪੀੜ੍ਹੀ ਤੋਂ ਜੁਦਾ ਕਰ ਲੈਂਦੇ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਅਠਾਰ੍ਹਾਂ ਸਾਲਾਂ ਦੇ ਕਿਸੇ ਕਾਲਜੀਏਟ ਵਾਂਗ ਦਿਸਣ ਲਈ ਪਲਾਸਟਿਕ ਸਰਜਰੀ ਤੇ ਉਮਰ ਘਟਾਉਣ ਵਾਲੀ ਕਾਸਮੈਟਿਕ ਤਕਨੀਕ ਦੇ ਕ੍ਰਿਸ਼ਮੇ ਬਾਰੇ ਸੋਚਣਾ ਚਾਹੀਦਾ ਹੈ ਸਗੋਂ ਤੁਹਾਡਾ ਝੁਰੜੀਆਂ ਵਾਲਾ ਚਿਹਰਾ, ਤਜਰਬਾ ਤੇ ਤੁਹਾਡੀ ਨਿਰਲੇਪਤਾ ਤੁਹਾਨੂੰ ਨੌਜਵਾਨਾਂ ਨਾਲ ਵਿਚਰਨ, ਉਨ੍ਹਾਂ ਦੇ ਸੁਪਨਿਆਂ, ਉਮੀਦਾਂ ਤੇ ਸੰਘਰਸ਼ਾਂ ਨੂੰ ਮਹਿਸੂਸ ਕਰਨ ਦੇ ਸਮਰੱਥ ਬਣਾ ਸਕਦੇ ਹਨ। ਤੁਸੀਂ ਆਪਣੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੌਜਵਾਨਾਂ ਨਾਲ ਸਾਂਝੇ ਕਰ ਕੇ ਉਨ੍ਹਾਂ ਨੂੰ ਭਵਿੱਖੀ ਜੀਵਨ ਲਈ ਤਿਆਰ ਕਰ ਸਕਦੇ ਹੋ। ਇਹ ਇੱਕ ਬਜ਼ੁਰਗ ਵਿਅਕਤੀ ਦੀ ਸਮਝ ਤੇ ਜਵਾਨ ਦੀ ਊਰਜਾ ਵਿਚਾਲੇ ਸੁਭਾਵਿਕ ਰਿਸ਼ਤਾ ਉਸਾਰਨ ਵਾਂਗ ਹੈ ਜੋ ਸੰਤੁਲਿਤ ਸਮਾਜ ਨੂੰ ਜਨਮ ਦੇਵੇਗਾ। ਕੋਈ ਹੈਰਤ ਦੀ ਗੱਲ ਨਹੀਂ ਕਿ ਇੱਕ ‘ਸੇਵਾਮੁਕਤ’ ਪ੍ਰੋਫੈਸਰ ਵਜੋਂ ਮੈਨੂੰ ਮੇਰੇ ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਵਿੱਚ ਬਹੁਤ ਲੁਤਫ਼ ਆਉਂਦਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਅਧਿਆਪਨ ਦਾ ਕਿੱਤਾ ਅਪਣਾਇਆ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।