ਕਲਮ ਦੀ ਹਾਅ
ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਬੇਚੈਨੀ ਦੇ ਆਲਮ ‘ਚ ਉਹ ਅੱਧੀ ਰਾਤ ਨੂੰ ਉੱਠਦਿਆਂ ਡਾਇਰੀ ਵਿੱਚ ਕੁਝ ਲਿਖਣ ਲੱਗਾ। ਪਤਨੀ ਨੇ ਅੱਭੜਵਾਹੇ ਕਾਗਜ਼ ‘ਤੇ ਲਿਖੇ ਹਰਫ਼ ਪੜ੍ਹਦਿਆਂ ਹਰਖ ਨਾਲ ਪੁੱਛਿਆ, ”ਇਹ ਕੀ ਲਿਖੀ ਜਾਂਦੇ ਹੋ?” ”ਕੁਝ ਨਹੀਂ, ਬਸ! ਸਿਸਟਮ ਵੱਲੋਂ ਆਮ ਲੋਕਾਂ ਉੱਪਰ ਹੋ ਰਹੇ ਅੱਤਿਆਚਾਰਾਂ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਵਿਚ ਚਿਤਰਣ ਲੱਗਾ ਹਾਂ।”
ਇਹ ਸੁਣਦਿਆਂ ਹੀ ਉਹ ਅੱਗ-ਬਗੂਲਾ ਹੁੰਦਿਆਂ ਤਿੱਖੀ ਆਵਾਜ਼ ‘ਚ ਬੋਲੀ, ”ਤੁਸੀਂ ਰਹਿਣ ਦਿਓ ਅਜਿਹੀਆਂ ਲੇਖਣੀਆਂ ਨੂੰ। ਪਰਿਵਾਰ ਤੇ ਬੱਚਿਆਂ ਦੀ ਪਰਵਾਹ ਕਰੋ। ਜਾਣਦੇ ਹੋ ਇਸ ਸਿਸਟਮ ਦੇ ਹੱਥ ਕਿੰਨੇ ਲੰਮੇ ਨੇ?” ਗੱਲ ਅੱਗੇ ਤੋਰਦਿਆਂ ਉਹ ਬੇਰੋਕ ਬੋਲ ਰਹੀ ਸੀ, ”ਸਾਰਾ ਪਰਿਵਾਰ ਰੁਲ-ਖੁਲ ਜਾਣਾ ਤੁਹਾਡੀ ਕਲਮ ਦੀ ਮਾਰੀ ਹਾਅ ਨਾਲ। ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ ਤੇ ਨਾ ਕੋਈ ਲੋਕ ਲਹਿਰ ਉਸਰਨੀ ਐ ਨਿਜ਼ਾਮ ਨੂੰ ਸੁਧਾਰਨ ਦੀ, ਦੂਰ-ਦੁਰਾਡੀਆਂ ਜੇਲ੍ਹਾਂ ਵਿਚ ਗਲ-ਸੜ ਜਾਓਗੇ। ਆਰਾਮ ਨਾਲ ਨੌਕਰੀ ਕਰੋ। ਤੁਹਾਨੂੰ ਸਿਸਟਮ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ।” ਪਤਨੀ ਨੇ ਮੱਲੋ-ਮੱਲੀ ਡਾਇਰੀ ਬੰਦ ਕੀਤੀ ਤਾਂ ਉਹ ਆਪਣੇ ਪਰਿਵਾਰ, ਸਮਾਜ ਤੇ ਗੰਧਲੇ ਸਿਸਟਮ ਬਾਰੇ ਸੋਚੀਂ ਪਿਆ ਟਿਕੀ ਰਾਤ ‘ਚ ਕੋਠੇ ਦੀ ਛੱਤ ਉੱਤੇ ਚੱਕਰ ਕੱਟਣ ਲੱਗਾ।
ਸੰਪਰਕ: 94646-01001