ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਵੋਟ ਦਾ ਕਿੰਨਾ ਭਾਰ ਹੁੰਦੈ...!

06:21 AM Aug 19, 2023 IST

ਬਲਦੇਵ ਸਿੰਘ (ਸੜਕਨਾਮਾ)

ਪੰਜਾਬ ਦੇ ਇਕ ਮਹਾਨਗਰ ਦਾ ਵੱਡਾ ਹੋਟਲ। ਸਵੇਰ ਦੇ ਸਾਢੇ ਕੁ ਦਸ ਵਜੇ ਦਾ ਸਮਾਂ। ਹੋਟਲ ਦੇ ਬਾਹਰੀ ਹਿੱਸੇ ਵਿਚ ਨੌਜਵਾਨ ਲੜਕੇ ਤੇ ਲੜਕੀਆਂ ਦੀ ਕਾਫ਼ੀ ਭੀੜ ਸੀ। ਕੋਈ ਨਿੱਜੀ ਕਾਰ ਰਾਹੀਂ, ਕੋਈ ਟੈਕਸੀ ਰਾਹੀਂ ਪੁੱਜਾ ਸੀ ਤੇ ਕਾਰਾਂ ਲਗਾਤਾਰ ਆ ਰਹੀਆਂ ਸਨ। ਕਾਰਾਂ ਦੇ ਇਸ ਘੜਮੱਸ ਵਿਚ ਦੋ ਜਣੇ, ਇੱਥੇ ਨਾਸ਼ਤਾ ਕਰਨ ਲਈ ਰੁਕੇ। ਇਕ ਜਣਾ ਪਾਰਕਿੰਗ ਅਹਾਤੇ ਵਿਚ ਕਾਰਾਂ ਨੂੰ ਸਹੀ ਤਰਤੀਬ ਵਿਚ ਪਾਰਕ ਕਰਵਾਉਂਦੇ ਇਕ ਕਰਮਚਾਰੀ ਕੋਲ ਗਿਆ। ਪੁੱਛਿਆ:
‘‘ਕਿੱਥੇ ਪਾਰਕ ਕਰੀਏ?’’
‘‘ਕਿਤਨੀ ਦੇਰ ਰੁਕਨਾ ਹੈਗਾ ਸਾਹਬ?’’ ਕਰਮਚਾਰੀ ਨੇ ਖਿਚੜੀ ਪੰਜਾਬੀ ਵਿਚ ਪੁੱਛਿਆ।
‘‘ਨਾਸ਼ਤਾ ਕਰਕੇ ਤੁਰੰਤ ਨਿਕਲ ਜਾਣੈ, ਅੱਗੇ ਸਫ਼ਰ ਲੰਬਾ ਹੈ।’’ ਕਰਮਚਾਰੀ ਨੇ ਬਾਹਰ ਵੱਲ ਜਾਣ ਵਾਲੇ ਰਸਤੇ ਵੱਲ ਇਸ਼ਾਰਾ ਕਰਦਿਆਂ ਕਿਹਾ;
‘‘ਉਧਰ ਪਾਰਕ ਕਰਕੇ ਆਓ, ਆਪ ਨੂੰ ਸੌਖਾ ਰਹੂਗਾ।’ ਕਾਰ ਵਾਲੇ ਸਾਥੀ ਨੂੰ ਉਸ ਨੇ ਇਸ਼ਾਰੇ ਨਾਲ ਸਮਝਾ ਦਿੱਤਾ ਤੇ ਹੈਰਾਨ ਹੋ ਕੇ ਕਰਮਚਾਰੀ ਨੂੰ ਪੁੱਛਿਆ:
‘‘ਇੱਥੇ ਕੋਈ ਮੇਲਾ ਹੈ? ਇੰਨੀ ਭੀੜ ਕਿਉਂ ਹੈ?’’
‘‘ਸਾਹਬ ਜੀ, ਆਜ ਇਧਰ ਐਲਟ ਦਾ ਪੇਪਰ ਹੁੰਦਾ ਹੈਗਾ।’’ ਕਰਮਚਾਰੀ ਨੇ ਪੂਰਾ ਜ਼ੋਰ ਲਾ ਕੇ ਪੰਜਾਬੀ ’ਚ ਦੱਸਿਆ।
‘‘ਐਲਟ ਜਾਂ ਆਈਲੈਟਸ?’’
‘‘ਹਾਂ ਸਾਹਬ, ਸਹੀ ਬੋਲਾ, ਉਹੀ। ਇਹ ਸਭ ਮੁੰਡਾ, ਕੁੜੀ ਬਾਹਰ ਜਾਣਾ ਹੈ, ਸਾਹਬ, ਜਹਾਜ਼ ਪਰ ਚੜ੍ਹ ਕੇ।’’
‘‘ਤੇਰਾ ਕਿਹੜਾ ਪਿੰਡ ਹੈ ਸ਼ੇਰਾ?’’ ਕਾਰ ਵਾਲੇ ਨੇ ਪੁੱਛਿਆ।
‘‘ਅਬ ਤਾਂ ਹੀਆਂ ਦਾ ਹੀ ਹੋ ਗਿਆ ਸਾਹਬ।’’
‘‘ਵੈਸੇ ਕਹਾਂ ਸੇ ਆਇਆ ਹੈ?’’
‘‘ਮੈਂ ਤਾਂ ਬਿਹਾਰ ਦਾ ਹੈਗਾ ਜੀ ਸਾਹਬ।’’
‘‘ਬਿਹਾਰ ਸੇ?’’ ਕਾਰ ਵਾਲਾ ਹੈਰਾਨ ਹੋਇਆ।
‘‘ਐਸੇ ਕੀ ਪੁੱਛ ਰਹੇ ਹੈਂ ਸਾਹਬ? ਇਸ ਹੋਟਲ ਮਾ ਜਿੰਨੀ ਭੀ ਕੰਮ ਕਰਦੇ ਹੈਗੇ, ਕੋਈ ਯੂ.ਪੀ. ਦਾ ਹੈਗਾ, ਕੋਈ ਰਾਜਸਥਾਨ ਤੋਂ ਹੈਗਾ, ਕੋਈ ਨੇਪਾਲ ਤੋਂ ਹੈਗਾ।’’
‘‘ਕੋਈ ਪੰਜਾਬੀ ਨ੍ਹੀਂ ਹੈਗਾ?’’
‘‘ਅਸੀਂ ਅੱਧਾ ਤੋ ਪੰਜਾਬੀ ਬਨ ਗਏ ਹੈਂ ਸਾਹਬ। ਬਾਕੀ ਦਾ ਅੱਧਾ ਵੀ ਬਨ ਜਾਵਾਂਗੇ। ਹੋ ਗਏ ਨਾ ਪੰਜਾਬੀ?’’ ਉਹ ਫੇਰ ਹੱਸਿਆ। ਕਾਰ ਵਾਲੇ ਨੇ ਜਿਵੇਂ ਆਪਣੇ ਮੂੰਹ ਵਿਚ ਹੀ ਕਿਹਾ:
‘‘ਹਾਂ, ਪੰਜਾਬ ਦੇ ਮੁੰਡੇ ਕਿੱਥੋਂ ਲੱਭਣੇ ਐਂ, ਉਹ ਤਾਂ ਹੁਣ ਜਹਾਜ਼ ਚੜ੍ਹ ਕੇ ਬਾਹਰ ਜਾਣਗੇ।’’ ਕਰਮਚਾਰੀ ਨੇ ਇਹ ਸੁਣ ਲਿਆ, ਬੋਲਿਆ: ‘‘ਅਰੇ ਸਾਹਬ ਆਪ ਨੂੰ ਪਤਾ ਹੈਗਾ, ਪੰਜਾਬ ਦੇ ਹਰ ਸ਼ਹਿਰ ਮਾ ਸਬਜ਼ੀ ਰੇਹੜੀ ਵਾਲੇ ਕੋਈ ਯੂ.ਪੀ. ਤੋਂ ਹੈਗਾ, ਕੋਈ ਬਿਹਾਰ ਤੋਂ ਹੈਗਾ। ਉਸਾਰੀ ਦਾ ਕੰਮ ਹੈਗਾ, ਉਹ ਵੀ ਸਾਡਾ ਬੰਦਾ ਹੀ ਕਰਦਾ ਹੈਗਾ। ਪੱਥਰ ਦਾ ਕੰਮ ਹੈਗਾ, ਟਾਇਲ ਲਾਉਣ ਦਾ ਕੰਮ ਹੈਗਾ, ਸਭ ਰਾਜਸਥਾਨ ਵਾਲਾ ਮਿਸਤਰੀ ਕਰਦਾ ਹੈਗਾ। ਘਰਾਂ ਮਾ ਰਸੋਈ ਦਾ ਕੰਮ ਨੇਪਾਲੀ ਕਰਦੇ ਹੈਗੇ। ਹਮ ਇਧਰ ਚੌਕੀਦਾਰੀ ਕਰਦਾ ਹੈਗਾ, ਆਪ ਦਾ ਮੁੰਡਾ ਕੈਨੇਡਾ ’ਮਰੀਕਾ ’ਚ ਚੌਕੀਦਾਰੀ ਕਰਦਾ ਹੈਗਾ।’’
ਉਸ ਦੇ ਸਾਥੀ ਨੇ ਗੱਡੀ ਪਾਰਕ ਕਰ ਦਿੱਤੀ ਸੀ ਤੇ ਉਹ ਇਸ਼ਾਰੇ ਨਾਲ ਆਪਣੇ ਸਾਥੀ ਨੂੰ ਬੁਲਾ ਰਿਹਾ ਸੀ। ਅੱਧੇ-ਪੌਣੇ ਘੰਟੇ ’ਚ ਦੋਵੇਂ ਮਿੱਤਰ ਨਾਸ਼ਤਾ ਕਰਕੇ ਨਿਕਲ ਗਏ। ਰਸਤੇ ’ਚ ਤੇਲ ਭਰਵਾਉਣ ਲਈ ਉਹ ਪੈਟਰੋਲ ਪੰਪ ਉੱਪਰ ਰੁਕੇ। ਪੰਪ ਉੱਪਰ ਕੰਮ ਕਰਨ ਵਾਲਾ ਕਰਿੰਦਾ ਵੀ ਉਸ ਨੂੰ ਪੰਜਾਬੀ ਨਹੀਂ ਲੱਗਿਆ। ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, ‘‘ਏਥੇ ਵੀ? ਬੇੜਾ ਗਰਕ ਹੋਇਆ ਪਿਆ।’’ ਅਜੇ ਤਕ ਉਸ ਨੇ ਆਪਣੇ ਦੋਸਤ ਨਾਲ ਹੋਟਲ ਵਾਲੀ ਗੱਲਬਾਤ ਸਾਂਝੀ ਨਹੀਂ ਸੀ ਕੀਤੀ। ਦੋਸਤ ਹੈਰਾਨ ਹੋ ਕੇ ਉਸ ਵੱਲ ਝਾਕਿਆ ਤੇ ਪੁੱਛਿਆ, ‘‘ਠੀਕ ਤਾਂ ਹੈ ਨਾ ਕੋਈ ਸਮੱਸਿਆ ਤਾਂ ਨ੍ਹੀਂ?’’
‘‘ਸਮੱਸਿਆਵਾਂ ਹੀ ਸਮੱਸਿਆਵਾਂ ਨੇ ਕਿਸ-ਕਿਸ ਨੂੰ ਠੀਕ ਕਰੀਏ।’’ ਦੋਸਤ ਦੇ ਬੋਲਾਂ ਵਿਚ ਨਿਰਾਸ਼ਾ ਸੀ।
‘‘ਹੋ ਕੀ ਗਿਆ?’’
‘‘ਮੈਨੂੰ ਤਾਂ ਕੁਝ ਨ੍ਹੀਂ ਹੋਇਆ। ਪੰਜਾਬ ਨੂੰ ਬੜਾ ਕੁਝ ਹੋਈ ਜਾਂਦੈ।’’ ਫਿਰ ਉਸ ਨੇ ਪਿੱਛੇ ਹੋਟਲ ’ਚ ਪਾਰਕਿੰਗ ਵਾਲੇ ਕਰਮਚਾਰੀ ਨਾਲ ਹੋਈ ਗੱਲਬਾਤ ਸਾਂਝੀ ਕੀਤੀ। ਪੁੱਛਿਆ, ‘‘ਜਦ ਆਪਾਂ ਨਾਸ਼ਤਾ ਕਰ ਰਹੇ ਸਾਂ ਤਾਂ ਕੁਝ ਨੋਟ ਕੀਤਾ?’’
‘‘ਯਾਰ ਉਹ ਲੜਕਾ ਵੀ ਪੰਜਾਬ ਤੋਂ ਬਾਹਰ ਦਾ ਸੀ। ਸਾਡੇ ਮੁੰਡੇ ਮੈਨੂੰ ਲੱਗਦੈ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੁੰਦੇ। ਬੇਇੱਜ਼ਤੀ ਸਮਝਦੇ ਨੇ...। ਬਾਹਰ ਜਾ ਕੇ ਇਹੋ ਜਿਹੇ ਕੰਮ ਲੱਭਣ ਲਈ ਤਰਲੇ ਕਰਦੇ ਫਿਰਦੇ ਨੇ...।’’
‘‘ਮੈਂ ਤਾਂ ਸਮਝਦਾ ਇਸ ਵਿਚ ਮੁੰਡਿਆਂ ਜਾਂ ਕੁੜੀਆਂ ਦਾ ਰੱਤੀ ਭਰ ਵੀ ਕਸੂਰ ਨ੍ਹੀਂ।’’ ਮਿੱਤਰ ਨੇ ਆਖਿਆ।
ਸਾਥੀ ਖਿੱਝ ਗਿਆ, ‘‘ਹੋਰ ਕਿਸ ਦਾ ਕਸੂਰ ਹੈ?’’
‘‘ਕਸੂਰ ਹੈ ਸਾਡੀਆਂ ਸਰਕਾਰਾਂ ਦਾ, ਸਿੱਖਿਆ ਨੀਤੀਆਂ ਦਾ।’’
‘‘ਸਰਕਾਰਾਂ ਕੀ ਕਰ ਸਕਦੀਐਂ। ਨੌਜਵਾਨ ਜਾਣਾ ਚਾਹੁੰਦੈ ਬਾਹਰ, ਤੁਰੇ ਜਾਂਦੇ ਹਨ। ਸਰਕਾਰ ਧੱਕੇ ਨਾਲ ਤਾਂ ਨਹੀਂ ਉਨ੍ਹਾਂ ਨੂੰ ਜਹਾਜ਼ ਚੜ੍ਹਾ ਆਉਂਦੀ?’’
‘‘ਧੱਕੇ ਨਾਲ ਤਾਂ ਨਹੀਂ ਚੜ੍ਹਾ ਆਉਂਦੀ, ਪਰ ਉਹ ਅਜਿਹੇ ਹਾਲਾਤ ਪੈਦਾ ਕਰਦੀ ਹੈ, ਜਿਨ੍ਹਾਂ ਕਾਰਨ ਨੌਜਵਾਨ ਨੂੰ ਬਾਹਰ ਜਾਣ ਲਈ ਮਜਬੂਰ ਹੋਣਾ ਪੈਂਦਾ। ਹੋਰ ਕੋਈ ਚਾਰਾ ਹੀ ਨਹੀਂ ਹੈ। ਹੁਣ ਦੇਖ ਲੜਕੇ ਨੇ ਬੀ.ਏ. ਕਰ ਲਈ ਐੱਮ.ਏ. ਕਰ ਲਈ ਬੀ.ਐੱਡ ਕਰ ਲਈ। ਹੁਣ ਕੀ ਕਰੇ। ਨੌਕਰੀਆਂ ਤਾਂ ਊਠ ਦਾ ਬੁੱਲ੍ਹ ਬਣੀਆਂ ਹੋਈਆਂ ਨੇ। ਪ੍ਰਾਈਵੇਟ ਅਦਾਰੇ ਚਾਹੇ ਸਕੂਲ ਹਨ ਜਾਂ ਕੰਪਨੀਆਂ ਉਹ ਦਿੰਦੀਆਂ ਕੀ ਨੇ ਉਨ੍ਹਾਂ ਨੂੰ? ਦੱਸਦਿਆਂ ਸ਼ਰਮ ਆਉਂਦੀ ਹੈ।’
‘‘ਹੁਣ ਸਿੱਖਿਆ ਨੀਤੀ ਸੁਣ ਲੈ। ਬਾਰਾਂ ਕਰਕੇ ਡਿਪਲੋਮਾ ਕਰ ਲਿਆ। ਚਾਹੇ ਇਲੈੱਕਟ੍ਰੀਕਲ, ਚਾਹੇ ਮਕੈਨੀਕਲ, ਚਾਹੇ ਇੰਜੀਨੀਅਰਿੰਗ ਵਿਚ ਜਾਂ ਕੋਈ ਹੋਰ। ਜੇ ਲੋੜ ਪੈ ਜਾਵੇ ਘਰ ਦੀ ਟੂਟੀ ਨਹੀਂ ਬਦਲ ਸਕਦੇ। ਚਾਬੀ ਜਾ ਪਾਨਾ ਨਹੀਂ ਸਹੀ ਢੰਗ ਨਾਲ ਫੜਨਾ ਆਉਂਦਾ। ਪਲੰਬਰ ਸੱਦਣਾ ਪੈਂਦਾ। ਭਾਈ ਸਾਹਿਬ ਮੈਂ ਪਿਛਲੇ ਸਾਲ ਕੈਨੇਡਾ ਜਾ ਕੇ ਆਇਆਂ। ਉੱਥੇ ਛੋਟੀਆਂ ਜਮਾਤਾਂ ਤੋਂ ਹੀ ਬੱਚੇ ਦੀ ਰੁਚੀ ਅਨੁਸਾਰ ਕਿੱਤੇ ਵਿੱਚ ਮੁਹਾਰਤ ਕਰਵਾਈ ਜਾਂਦੀ ਹੈ। ਕੋਈ ਇਲਕੈੱਟ੍ਰੀਸ਼ਨ ਬਣਦਾ ਹੈ, ਕੋਈ ਮਕੈਨਿਕ, ਕੋਈ ਕੰਪਿਊਟਰ ’ਚ ਮੁਹਾਰਤ ਕਰਦਾ ਹੈ। ਉਨ੍ਹਾਂ ਲਈ ਬਾਹਰ ਫੀਲਡ ਵਰਕ ਕਰਨਾ ਲਾਜ਼ਮੀ ਹੈ। ਬਕਾਇਦਾ ਪੇਅ ਸਲਿੱਪ ਦਿਖਾਉਣੀਆਂ ਪੈਂਦੀਆਂ ਹਨ ਤਾਂ ਸਰਟੀਫਿਕੇਟ ਜਾਂ ਡਿਗਰੀ ਮਿਲਦੀ ਹੈ ਤੇ ਸਕੂਲ ਕਾਲਜ ਜਾਂ ਯੂਨੀਵਰਸਿਟੀਆਂ ਵਿਚੋਂ ਨਿਕਲਦਿਆਂ ਹੀ ਵਿਦਿਆਰਥੀ ਆਪਣਾ ਕੰਮ ਕਰਨ ਯੋਗ ਹੁੰਦੇ ਹਨ ਜਾਂ ਕੋਈ ਕੰਪਨੀ ਜੌਇਨ ਕਰ ਲੈਂਦੇ ਹਨ, ਪਰ ਸਾਡੇ ਇੱਥੇ ਸਿਰਫ਼ ਥਿਊਰੀ ਹੈ, ਪ੍ਰੈਕਟੀਕਲ ਨੂੰ ਕੋਈ ਗੰਭੀਰਤਾ ਨਾਲ ਲੈਂਦਾ ਹੀ ਨਹੀਂ। ਅਸੀਂ ਤਾਂ ਵੋਟਾਂ ਪਾਉਣ ਜੋਗੇ ਬਣਾ ਦਿੱਤੇ ਗਏ ਹਾਂ। ਪਤਾ ਹੈ ਲੋਕਤੰਤਰ ਪ੍ਰਣਾਲੀ ਵਿਚ ਇਕ ਵੋਟ ਦਾ ਭਾਰ ਕਿੰਨਾ ਹੁੰਦੈ? ਨਹੀਂ ਪਤਾ ਹੋਣਾ। ਸੱਤਾ ਵੋਟ ਦਾ ਭਾਰ ਸਾਵਾਂ ਕਰਦੀ ਕਰਦੀ, ਬਾਂਦਰ ਜਿਵੇਂ ਭਾਰ ਸਾਵਾਂ ਕਰਦਾ ਕਰਦਾ ਬਿੱਲੀਆਂ ਦੀ ਸਾਰੀ ਰੋਟੀ ਖਾ ਗਿਆ ਸੀ। ਸਾਡੇ ਨਾਲ ਵੀ ਇਹੀ ਵਾਪਰਦਾ ਹੈ।’’ ਸਾਥੀ ਨੇ ਵੇਖਿਆ, ਮਿੱਤਰ ਨਾਲ ਦੀ ਸੀਟ ’ਤੇ ਸੁੱਤਾ ਪਿਆ ਸੀ।
ਸੰਪਰਕ: 98147-83069

Advertisement

Advertisement