ਧਰਤੀ ਦੇ ਗੋਲ ਹੋਣ ਦਾ ਕਿਵੇਂ ਪਤਾ ਲੱਗਾ
ਹਰਜੀਤ ਸਿੰਘ*
ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ ਪਰ ਤੁਸੀਂ ਬਾਹਰ ਖੇਤਾਂ ਵਿੱਚ ਜਾ ਕੇ ਦੇਖੋ| ਦੂਰ ਤੱਕ ਫ਼ਸਲਾਂ, ਦਰੱਖਤ, ਘਰ ਆਦਿ ਸਭ ਨਜ਼ਰ ਆਉਣਗੇ| ਸਭ ਸਾਹਮਣੇ ਸਪਾਟ ਪਿਆ ਹੈ| ਸਭ ਪੱਧਰਾ ਹੈ| ਕੋਈ ਉਭਾਰ ਨਜ਼ਰ ਨਹੀਂ ਆ ਰਿਹਾ| ਫਿਰ ਧਰਤੀ ਗੋਲ ਕਿਵੇਂ ਹੋਈ? ਤੇ ਸਾਨੂੰ ਸਭ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਕਿ ਧਰਤੀ ਗੋਲ ਹੈ? ਇਸ ਦੀ ਹੀ ਇੱਥੇ ਚਰਚਾ ਕਰਾਂਗੇ|
ਮਨੁੱਖ ਜਾਤੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਬਹੁਤਾ ਸਫ਼ਰ ਨਹੀਂ ਕਰਨਾ ਪੈਂਦਾ ਸੀ| ਜੰਗਲੀ ਕਬੀਲਿਆਂ ਵਿੱਚ ਰਹਿਣ ਵਾਲੇ ਕੋਲ ਆਸ ਪਾਸ ਤੋਂ ਸ਼ਿਕਾਰ ਕਰਕੇ ਅਤੇ ਕੰਦ-ਮੂਲ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ| ਉਨ੍ਹਾਂ ਦੇ ਦਿਲ ਵਿੱਚ ਕਦੇ ਧਰਤੀ ਦੀ ਸ਼ਕਲ ਬਾਰੇ ਖ਼ਿਆਲ ਨਹੀਂ ਆਇਆ ਹੋਣਾ| ਹੌਲੀ-ਹੌਲੀ ਜਦੋਂ ਸੱਭਿਅਤਾਵਾਂ ਵਿਕਸਤ ਹੋਈਆਂ ਤਾਂ ਆਪਸ ਵਿੱਚ ਵਪਾਰ ਸ਼ੁਰੂ ਹੋਇਆ| ਵਪਾਰੀ ਮੁਨਾਫਾ ਕਮਾਉਣ ਲਈ ਦੂਰ ਦੇ ਸਫ਼ਰ ਕਰਨ ਲੱਗੇ ਅਤੇ ਉਹ ਵਾਪਸ ਆ ਕੇ ਲੋਕਾਂ ਨੂੰ ਦੂਰ ਦੇਸ਼ ਦੀਆਂ ਕਹਾਣੀਆਂ ਸੁਣਾਉਂਦੇ| ਇੱਥੋਂ ਹੀ ਲੋਕਾਂ ਨੇ ਧਰਤੀ ਦੀ ਸ਼ਕਲ ਬਾਰੇ ਸੋਚਣਾ ਸ਼ੁਰੂ ਕੀਤਾ| ਯੂਨਾਨੀ ਲੋਕਾਂ ਨੇ ਧਰਤੀ ਦਾ ਪਹਿਲਾ ਨਕਸ਼ਾ ਬਣਾਇਆ ਜਿਸ ਵਿੱਚ ਉਨ੍ਹਾਂ ਧਰਤੀ ਨੂੰ ਇੱਕ ਵੱਡੇ ਟਾਪੂ ਵਾਂਗ ਦਿਖਾਇਆ ਜਿਸ ਦੇ ਵਿਚਕਾਰ ਇੱਕ ਸਮੁੰਦਰ ਸੀ| ਇਹ ਟਾਪੂ ਇੱਕ ਅਨੰਤ ਸਾਗਰ ਵਿੱਚ ਤੈਰ ਰਿਹਾ ਸੀ| ਉਨ੍ਹਾਂ ਨੇ ਇਸ ਦਾ ਨਾਮ ‘ਓਈਕੂਮੇਨਸ’ ਰੱਖਿਆ ਜਿਸ ਦਾ ਮਤਲਬ ਹੈ ਧਰਤੀ ਜਿੱਥੇ ਮਨੁੱਖ ਵਸਦਾ ਹੈ|
ਚੀਨ ਦੇ ਰਾਜੇ ਨੇ ਆਪਣੇ ਅਧਿਕਾਰੀ ਚਾਰੋਂ ਦਿਸ਼ਾਵਾਂ ਵੱਲ ਸਰਵੇਖਣ ਕਰਨ ਭੇਜੇ| ਉਨ੍ਹਾਂ ਨੇ ਦੇਖਿਆ ਕਿ ਰਾਤ ਨੂੰ ਤਾਰੇ ਪੂਰਬ ਤੋਂ ਪੱਛਮ ਵੱਲ ਜਾਂਦੇ ਹਨ ਅਤੇ ਲਗਭਗ ਸਭ ਨਦੀਆਂ ਪੱਛਮ ਤੋਂ ਪੂਰਬ ਵੱਲ ਵਗਦੀਆਂ ਹਨ| ਪੱਛਮੀ ਹਿੱਸੇ ਵੱਲ ਧਰਤੀ ਏਨੀ ਉੱਚੀ ਹੈ ਕਿ ਅਸਮਾਨ ਨੂੰ ਜਾ ਛੂੰਹਦੀ ਹੈ ਅਤੇ ਪੂਰਬ ਵਿੱਚ ਨੀਵੀਂ ਹੈ| ਅੰਤ ਵਿੱਚ ਉਹ ਇਸ ਸਿੱਟੇ ’ਤੇ ਪੁੱਜੇ ਕਿ ਧਰਤੀ ਪਹਿਲਾਂ ਸਮਤਲ ਸੀ ਅਤੇ ਆਕਾਸ਼ ਚਾਰ ਥੰਮ੍ਹਾਂ ’ਤੇ ਖੜ੍ਹਾ ਸੀ| ਇੱਕ ਵਾਰ ਇੱਕ ਅਜਗਰ ਨੇ ਇੱਕ ਥੰਮ੍ਹ ਨੂੰ ਲਿਫਾ ਦਿੱਤਾ ਜਿਸ ਕਰਕੇ ਧਰਤੀ ਅਤੇ ਆਕਾਸ਼ ਇੱਕ ਦੂਜੇ ਵੱਲ ਝੁਕ ਗਏ| ਇਸੇ ਕਰਕੇ ਨਦੀਆਂ ਪੱਛਮ ਤੋਂ ਪੂਰਬ ਵੱਲ ਵਗਦੀਆਂ ਹਨ ਅਤੇ ਤਾਰੇ ਪੂਰਬ ਤੋਂ ਪੱਛਮ ਵੱਲ ਜਾਂਦੇ ਹਨ|
ਭਾਰਤੀ ਰਿਸ਼ੀਆਂ ਨੇ ਵੀ ਕਈ ਤਰੀਕੇ ਦੇ ਮਾਡਲ ਸੋਚੇ| ਇੱਕ ਖ਼ਿਆਲ ਜਿਸ ਬਾਰੇ ਉਹ ਸਭ ਸਹਿਮਤ ਸਨ ਉਹ ਸੀ ਕਿ ਧਰਤੀ ਸਮਤਲ ਹੈ| ਇਸ ਦੇ ਕੇਂਦਰ ਵਿੱਚ ਸੁਮੇਰ ਪਰਬਤ ਹੈ ਅਤੇ ਸੂਰਜ, ਚੰਦ, ਤਾਰੇ ਆਦਿ ਉਸ ਦੇ ਦੁਆਲੇ ਚੱਕਰ ਲਾਉਂਦੇ ਹਨ| ਇਸ ਤੋਂ ਬਾਅਦ ਉਨ੍ਹਾਂ ਵਿੱਚ ਕੁੱਝ ਮਤਭੇਦ ਹੋਏ| ਕੁੱਝ ਨੇ ਕਿਹਾ ਕਿ ਧਰਤੀ 4 ਮਹਾਦੀਪਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਵਿੱਚੋਂ ਜੰਬੂ-ਦੀਪ ਵਿੱਚ ਲੋਕ ਰਹਿੰਦੇ ਹਨ| ਕੁੱਝ ਰਿਸ਼ੀ ਇਸ ਜੰਬੂ-ਦੀਪ ਨੂੰ ਸੁਮੇਰ ਪਰਬਤ ਦੁਆਲੇ ਛੱਲੇ ਵਾਂਗ ਮੰਨਦੇ ਸਨ| ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਸੱਤ ਮਹਾਂਦੀਪ ਹਨ ਜੋ ਅਲੱਗ-ਅਲੱਗ ਕਿਸਮ ਦੇ ਮਹਾਸਾਗਰਾਂ (ਖਾਰੇ ਪਾਣੀ, ਰਸ, ਸ਼ਰਾਬ, ਗਰਮ ਘਿਓ, ਦਹੀਂ, ਖੀਰ ਅਤੇ ਸੱਜਰੇ ਪਾਣੀ ਦੇ) ਨੇ ਨਿਖੇੜੇ ਹੋਏ ਹਨ|
ਧਰਤੀ ਦੇ ਚਪਟੀ ਨਾ ਹੋਣ ਜਾਂ ਫੇਰ ਗੋਲ ਵਰਗੀ ਹੋਣ ਦਾ ਖ਼ਿਆਲ ਸਭ ਤੋਂ ਪਹਿਲਾਂ ਫਿਨੀਸ਼ਿਆ (ਅੱਜਕੱਲ੍ਹ ਦਾ ਲਬਿਨਾਨ) ਦੇ ਜਹਾਜ਼ੀਆਂ ਨੂੰ ਆਇਆ| ਉਨ੍ਹਾਂ ਦੇਖਿਆ ਕਿ ਸਮੁੰਦਰੀ ਸਫ਼ਰ ਦੌਰਾਨ ਦੂਰੋਂ ਦੇਖਦਿਆਂ, ਕਿਸੇ ਵੀ ਪਹਾੜ ਜਾਂ ਚੱਟਾਨ ਦੀ ਪਹਿਲਾਂ ਚੋਟੀ ਦਿਖਦੀ ਹੈ, ਫਿਰ ਉੱਪਰਲਾ ਹਿੱਸਾ ਅਤੇ ਫਿਰ ਹੌਲੀ-ਹੌਲੀ ਪੂਰਾ ਪਹਾੜ| ਪੱਧਰੀ ਧਰਤੀ ’ਤੇ ਇਹ ਨਹੀਂ ਹੋਣਾ ਚਾਹੀਦਾ ਸੀ| ਉਨ੍ਹਾਂ ਅੰਦਾਜ਼ਾ ਲਾਇਆ ਕਿ ਧਰਤੀ ਪੱਧਰੀ ਨਾ ਹੋ ਕੇ ਮੂਧੇ ਮਾਰੇ ਬੱਠਲ ਵਰਗੀ ਹੈ| ਧਰਤੀ ਨੂੰ ਅਸਲ ਵਿੱਚ ਗੋਲ ਸਭ ਤੋਂ ਪਹਿਲਾਂ ਕਿਸ ਨੇ ਸਿੱਧ ਕੀਤਾ, ਇਹ ਤਾਂ ਕਹਿਣਾ ਮੁਸ਼ਕਿਲ ਹੈ ਕਿਉਂਕਿ ਹਰ ਦੇਸ਼ ਕੋਲ ਆਪਣੇ ਵਿਦਵਾਨ ਸਨ ਜੋ ਇਸ ’ਤੇ ਕੰਮ ਕਰ ਰਹੇ ਸਨ| ਯੂਨਾਨੀ ਚਿੰਤਕ ਪਾਈਥਾਗੋਰਸ ਦਾ ਕਹਿਣਾ ਸੀ ਕਿ ਧਰਤੀ ਗੋਲ ਹੈ ਕਿਉਂਕਿ ਗੋਲ ਸਭ ਤੋਂ ਸੰਪੂਰਨ ਆਕਾਰ ਹੈ ਤੇ ਬ੍ਰਹਿਮੰਡ ਦੇ ਕੇਂਦਰ ਵਿੱਚ ਹੋਣ ਕਰਕੇ ਧਰਤੀ ਗੋਲ ਹੋਣੀ ਚਾਹੀਦੀ ਹੈ ਪਰ ਉਸ ਕੋਲ ਕੋਈ ਸਬੂਤ ਨਹੀਂ ਸੀ| ਇੱਕ ਹੋਰ ਯੂਨਾਨੀ ਚਿੰਤਕ ਅਰਸਤੂ ਨੇ ਕਿਹਾ ਕਿ ਚੰਦ ਗ੍ਰਹਿਣ, ਧਰਤੀ ਦੇ ਸੂਰਜ ਅਤੇ ਚੰਨ ਵਿਚਕਾਰ ਆਉਣ ’ਤੇ ਲੱਗਦਾ ਹੈ| ਜੇਕਰ ਧਰਤੀ ਚਪਟੀ ਹੁੰਦੀ ਤਾਂ ਇਸ ਦਾ ਪਰਛਾਵਾਂ ਡੰਡੇ ਵਰਗਾ ਹੋਣਾ ਚਾਹੀਦਾ ਸੀ ਪਰ ਇਹ ਗੋਲ ਹੁੰਦਾ ਹੈ, ਸੋ ਧਰਤੀ ਵੀ ਗੋਲ ਹੈ| ਉਸ ਦੀ ਇਸ ਗੱਲ ਨਾਲ ਇੱਕ ਹੋਰ ਦਿੱਕਤ ਪੈਦਾ ਹੋ ਗਈ| ਉਦੋਂ ਗੁਰੂਤਾ ਦਾ ਤਾਂ ਪਤਾ ਨਹੀਂ ਸੀ| ਸੋ ਧਰਤੀ ਜੇ ਗੋਲ ਹੈ ਤਾਂ ਹੇਠਲੇ ਪਾਸੇ ਰਹਿੰਦੇ ਲੋਕ ਡਿੱਗ ਕਿਉਂ ਨਹੀਂ ਜਾਂਦੇ? ਅਰਸਤੂ ਨੇ ਕਿਹਾ ਕਿ ਕਿਉਂਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ, ਇਹ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ।
ਧਰਤੀ ਗੋਲ ਹੈ ਤਾਂ ਇਹ ਕਿੰਨੀ ਵੱਡੀ ਹੈ? ਇਹ ਅਗਲਾ ਸਵਾਲ ਸੀ। ਯੂਨਾਨੀ ਹਿਸਾਬਦਾਨ ਐਰਾਟੌਸਥੀਨਸ ਨੇ ਦੇਖਿਆ ਕਿ ਸਾਲ ਦੇ ਸਭ ਤੋਂ ਵੱਡੇ ਦਿਨ ਮਿਸਰ ਦੇ ਸ਼ਹਿਰ ਸਵੇਨੇਟ (ਅੱਜਕੱਲ੍ਹ ਅਸਵਨ) ਵਿੱਚ ਦੁਪਹਿਰੇ ਸੂਰਜ ਸਿਰ ਦੇ ਬਿਲਕੁਲ ਉੱਪਰ ਹੁੰਦਾ ਹੈ ਅਤੇ ਕੋਈ ਪਰਛਾਵੇਂ ਨਹੀਂ ਬਣਦੇ। ਨਾਲ ਹੀ ਉਸ ਨੇ ਦੇਖਿਆ ਕਿ ਅਲੈਗਜ਼ੈਂਡਰੀਆ ਸ਼ਹਿਰ ਵਿੱਚ ਉਸ ਸਮੇਂ ਸੂਰਜ ਦੱਖਣ ਵੱਲ ਹੁੰਦਾ ਹੈ ਅਤੇ ਪਰਛਾਵੇਂ ਬਣਦੇ ਹਨ| ਸਵੇਨੇਟ ਤੋਂ ਅਲੈਗਜ਼ੈਂਡਰੀਆ ਤੱਕ ਦਾ ਫਾਸਲਾ ਉਸ ਨੂੰ ਪਤਾ ਸੀ। ਉਸ ਨੇ ਅਲੈਗਜ਼ੈਂਡਰੀਆ ਵਿੱਚ ਦੁਪਹਿਰ ਦੇ ਸਮੇਂ ਇੱਕ ਸਿੱਧਾ ਡੰਡਾ ਗੱਡ ਕੇ ਸੂਰਜ ਦੀਆਂ ਕਿਰਨਾਂ ਦਾ ਕੋਣ ਪਤਾ ਕਰ ਲਿਆ| ਇਸ ਕੋਣ ਅਤੇ ਫਾਸਲੇ ਦੀ ਸਹਾਇਤਾ ਨਾਲ ਉਸ ਨੇ ਧਰਤੀ ਦੇ ਘੇਰੇ ਦਾ ਅਨੁਮਾਨ 2,52,000 ਸਟੈਡੀਆ (ਸਟੈਡੀਆ: ਯੂਨਾਨੀ ਲੰਬਾਈ ਦੀ ਇਕਾਈ) ਲਾਇਆ| ਉਸ ਸਮੇਂ ਕਈ ਸਟੈਡੀਆ ਚੱਲਦੇ ਸਨ| ਇਹ ਪਤਾ ਨਹੀਂ ਕਿ ਉਸ ਨੇ ਕਿਹੜੇ ਸਟੈਡੀਆ ਵਰਤੇ ਸਨ| ਇਸੇ ਕਰਕੇ ਇਹ ਅੱਜ ਦੇ 39,060 ਤੋਂ 40,320 ਕਿਲੋਮੀਟਰ ਵਿਚਕਾਰ ਬਣਦੇ ਹਨ|
ਇਸੇ ਤਰ੍ਹਾਂ ਇੱਕ ਹੋਰ ਤਾਰਾ ਵਿਗਿਆਨੀ ਪੋਸੀਡੌਨਿਓਸ ਨੇ ਇੱਕ ਤਾਰੇ ‘ਕੈਨੋਪਸ’ ਦੀ ਅਸਮਾਨ ਵਿੱਚ ਦੋ ਅਲੱਗ-ਅਲੱਗ ਸ਼ਹਿਰਾਂ ਤੋਂ ਇੱਕੋ ਸਮੇਂ ਉੱਚਾਈ ਦਾ ਫ਼ਰਕ ਮਿਣ ਕੇ ਧਰਤੀ ਦੇ ਘੇਰੇ ਦਾ ਅੰਦਾਜ਼ਾ 2,50,000 ਸਟੈਡੀਆ ਲਗਾਇਆ|
ਭਾਰਤੀ ਵਿਦਵਾਨ ਆਰੀਆਭੱਟ ਨੇ ਵੀ ਸੁਤੰਤਰ ਤੌਰ ’ਤੇ ਐਰਾਟੌਸਥੀਨਸ ਵਰਗੀ ਹੀ ਤਕਨੀਕ ਵਰਤ ਕੇ ਧਰਤੀ ਦਾ ਘੇਰਾ ਕੱਢਿਆ| ਉਸ ਨੇ ਇੱਕੋ ਵਿਥਕਾਰ ਉੱਤੇ ਦੋ ਅਲੱਗ-ਅਲੱਗ ਥਾਵਾਂ ਲਈਆਂ ਜਿਨ੍ਹਾਂ ਦੀ ਦੂਰੀ ਉਸ ਨੂੰ ਪਤਾ ਸੀ| ਵਿਥਕਾਰ ਪਤਾ ਕਰਨ ਲਈ ਉਸ ਨੇ ਇਸ ਨਿਯਮ ਦਾ ਇਸਤੇਮਾਲ ਕੀਤਾ ਕਿ ਇੱਕੋ ਵਿਥਕਾਰ ’ਤੇ ਇੱਕੋ ਸਥਾਨਕ ਸਮੇਂ ’ਤੇ ਪਰਛਾਵੇਂ ਦੀ ਲੰਬਾਈ ਇੱਕੋ ਜਿੰਨੀ ਹੋਵੇਗੀ| ਫਿਰ ਉਸ ਨੇ ਦੋਵੇਂ ਥਾਵਾਂ ਵਿਚਲੇ ਸਮੇਂ ਦਾ ਫ਼ਰਕ ਇੱਕ ਜਲ ਘੜੀ ਨਾਲ ਨਾਪਿਆ| ਸਮੇਂ ਅਤੇ ਕੋਣ ਦੇ ਫ਼ਰਕ ਦੀ ਸਹਾਇਤਾ ਨਾਲ ਉਸ ਨੇ ਤਿਕੋਣਮਿਤੀ ਵਰਤ ਕੇ ਧਰਤੀ ਦਾ ਘੇਰਾ 4,967 ਯੋਜਨ ਦੱਸਿਆ ਜੋ 24,835 ਮੀਲ ਜਾਂ 39,968 ਕਿਲੋਮੀਟਰ ਬਣਦਾ ਹੈ।
ਸਤ੍ਵਾਰਵੀਂ ਸਦੀ ਦੇ ਪਿਛਲੇ ਅੱਧ ਤੱਕ ਧਰਤੀ ਨੂੰ ਗੋਲ ਹੀ ਮੰਨਿਆ ਜਾਂਦਾ ਸੀ| ਫਿਰ ਅਚਾਨਕ ਪੈਰਿਸ ਦੇ ਵਿਗਿਆਨੀਆਂ ਨੇ ਮਾਧਿਆਨ ਰੇਖਾਵਾਂ ਨੂੰ ਵੱਖ-ਵੱਖ ਥਾਵਾਂ ’ਤੇ ਮਾਪਿਆ ਤਾਂ ਉਹ ਇਸ ਨਤੀਜੇ ’ਤੇ ਪਹੁੰਚੇ ਕਿ ਧਰਤੀ ਧਰੁਵਾਂ ਤੋਂ ਮਾਮੂਲੀ ਜਿਹੀ ਲੰਬੂਤਰੀ ਹੈ| ਨਿਊਟਨ ਇਸ ਨਾਲ ਸਹਿਮਤ ਨਹੀਂ ਸੀ| ਉਸ ਨੇ ਕਿਹਾ ਕਿ ਕਿਉਂਕਿ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੈ, ਇਹ ਧਰੁਵਾਂ ਨੇੜੇ ਥੋੜ੍ਹੀ ਚਪਟੀ ਅਤੇ ਭੂ-ਮੱਧ ਰੇਖਾ ਕੋਲੋਂ ਲੰਬੂਤਰੀ ਹੋਣੀ ਚਾਹੀਦੀ ਹੈ| ਅਮਰੀਕਾ-ਫਰਾਂਸ ਦੀ ਬਹਿਸ ਜ਼ਿਆਦਾ ਭਖ ਗਈ ਤਾਂ ਨਿਪਟਾਰਾ ਕਰਨ ਲਈ ਮਾਧਿਆਨ ਰੇਖਾਵਾਂ ਨੂੰ ਮਾਪਣ ਲਈ ਟੀਮ ਭੇਜਣੀ ਪਈ| ਅਧਿਐਨ ਤੋਂ ਸਾਬਤ ਹੋਇਆ ਕਿ ਧਰਤੀ ਧਰੁਵਾਂ ਤੋਂ ਥੋੜ੍ਹੀ ਜਿਹੀ ਪੱਧਰੀ ਹੈ ਪਰ ਹਮਵਾਰ ਨਹੀਂ|
ਧਰਤੀ ਦੀ ਸ਼ਕਲ ਦਾ ਅੰਤਲਾ ਫ਼ੈਸਲਾ ਸਾਡੇ ਯੁੱਗ ਵਿੱਚ ਹੋਇਆ। ਉਪਗ੍ਰਹਿਆਂ ਤੋਂ ਮਿਲੀਆਂ ਤਸਵੀਰਾਂ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਧਰਤੀ ਭੂ-ਮੱਧ ਰੇਖਾ ਨੇੜੇ ਥੋੜ੍ਹੀ ਬਾਹਰ ਨਿਕਲੀ ਹੋਈ ਹੈ ਅਤੇ ਧਰੁਵਾਂ ਨੇੜੇ ਥੋੜ੍ਹੀ ਚਪਟੀ ਹੈ| ਧਰੁਵਾਂ ਨੂੰ ਦੇਖੀਏ ਤਾਂ ਇਹ ਉੱਤਰੀ ਧਰੁਵ ਕੋਲ ਥੋੜ੍ਹੀ ਬਾਹਰ ਨਿਕਲੀ ਹੋਈ ਹੈ ਅਤੇ ਦੱਖਣੀ ਧਰੁਵ ਕੋਲ ਥੋੜ੍ਹੀ ਅੰਦਰ ਵੜੀ ਹੋਈ ਹੈ| ਵਿਗਿਆਨੀਆਂ ਨੇ ਇਸ ਸ਼ਕਲ ਨੂੰ ਨਾਮ ਦਿੱਤਾ ਹੈ ਜੀਓਆਈਡ (geoid)| ਇਹ ਸ਼ਬਦ ਦੋ ਯੂਨਾਨੀ ਸ਼ਬਦਾਂ gēo ਅਤੇ eidēs ਦੇ ਮੇਲ ਤੋਂ ਬਣਿਆ ਹੈ ਜਿਨ੍ਹਾਂ ਦਾ ਮਤਲਬ ਕ੍ਰਮਵਾਰ ਧਰਤੀ ਅਤੇ ਦ੍ਰਿਸ਼ ਹੈ| ਸੋ ਜੀਓਆਈਡ ਦਾ ਮਤਲਬ ਹੈ ਧਰਤੀ ਵਰਗਾ| ਕਹਿਣ ਤੋਂ ਭਾਵ ਧਰਤੀ ਗੋਲ ਹੈ ਪਰ ਪੂਰੀ ਤਰ੍ਹਾਂ ਨਹੀਂ|
*ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095