Diljit denies blocking Dhillon: ਦਿਲਜੀਤ ਦੋਸਾਂਝ ਨੇ ਏਪੀ ਢਿੱਲੋਂ ਨੂੰ ਸੋਸ਼ਲ ਮੀਡੀਆ ’ਤੇ ਬਲਾਕ ਕਰਨ ਦੀ ਗੱਲ ਤੋਂ ਇਨਕਾਰ ਕੀਤਾ
ਨਵੀਂ ਦਿੱਲੀ, 22 ਦਸੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਸ ਦੇ ਸਰਕਾਰ ਦੇ ਨਾਲ ਮਸਲੇ ਹੋ ਸਕਦੇ ਹਨ ਪਰ ਸਾਥੀ ਕਲਾਕਾਰਾਂ ਨਾਲ ਕੋਈ ਮੁੱਦਾ ਨਹੀਂ ਹੈ। ਦੋਸਾਂਝ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਢਿੱਲੋਂ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਆਪਣੇ ਸ਼ੋਅ ਦੌਰਾਨ ਗਾਇਕ ਨੂੰ ਸੋਸ਼ਲ ਮੀਡੀਆ ’ਤੇ ਉਸ ਨੂੰ ਅਨਬਲਾਕ ਕਰਨ ਦੀ ਅਪੀਲ ਕੀਤੀ ਸੀ। ਏਪੀ ਢਿੱਲੋਂ ਨੇ ਦੋਸ਼ ਲਾਇਆ ਸੀ ਕਿ ਦੋਸਾਂਝ ਨੇ ਉਸ ਨੂੰ ਸੋਸ਼ਲ ਮੀਡੀਆ ’ਤੇ ਬਲਾਕ ਕਰ ਦਿੱਤਾ ਹੈ, ਇਸ ਦੋਸ਼ ਨੂੰ ਦੋਸਾਂਝ ਨੇ ਖਾਰਜ ਕੀਤਾ।
ਦਿਲਜੀਤ ਨੇ ਸ਼ਨਿਚਰਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਇੰਸਟਾਗ੍ਰਾਮ’ ਉੱਤੇ ਪਾਈ ਸਟੋਰੀ ’ਤੇ ਢਿੱਲੋਂ ਦੀ ਪ੍ਰੋਫਾਈਲ ਦਾ ‘ਸਕਰੀਨਸ਼ਾਟ’ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਨੇ ਢਿੱਲੋਂ ਨੂੰ ਕਦੇ ਬਲਾਕ ਨਹੀਂ ਕੀਤਾ। ਦੋਸਾਂਝ ਦੀ ਸਟੋਰੀ ਮੁਤਾਬਕ, ਉਸ ਨੇ ਢਿੱਲੋਂ ਨੂੰ ਬਲਾਕ ਨਹੀਂ ਕੀਤਾ ਹੈ ਪਰ ਉਹ ਉਸ ਨੂੰ ਇੰਸਟਾਗ੍ਰਾਮ ’ਤੇ ਫਾਲੋਅ ਵੀ ਨਹੀਂ ਕਰਦਾ ਹੈ।
ਇੰਦੌਰ ਵਿੱਚ 8 ਦਸੰਬਰ ਨੂੰ ਆਪਣੇ ਪ੍ਰੋਗਰਾਮ ਵਿੱਚ ਦੋਸਾਂਝ ਨੇ ਢਿੱਲੋਂ ਤੇ ਪੰਜਾਬੀ ਗਾਇਕ ਕਰਨ ਔਜਲਾ ਨੂੰ ਸ਼ੁਭਕਾਮਨਾਵਾਂ ਵੀ ਭੇਜੀਆਂ ਸਨ। ਇਸ ਦੇ ਜਵਾਬ ਵਿੱਚ ਢਿੱਲੋਂ ਨੇ ਸ਼ਨਿਚਰਵਾਰ ਨੂੰ ਕਿਹਾ, ‘‘ਮੈਂ ਬੱਸ ਇਕ ਛੋਟ ਜਿਹੀ ਗੱਲ ਕਹਿਣਾ ਚਾਹੁੰਦਾ ਹਾਂ ਵੀਰੇ। ਪਹਿਲਾਂ ਮੈਨੂੰ ਇੰਸਟਾਗ੍ਰਾਮ ’ਤੇ ਅਨਬਲਾਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ। ਮੈਂ ਤਿੰਨ ਸਾਲ ਤੋਂ ਕੰਮ ਕਰ ਰਿਹਾ ਹਾਂ। ਕੀ ਤੁਸੀਂ ਮੈਨੂੰ ਕਦੇ ਕਿਸੇ ਵਿਵਾਦ ਵਿੱਚ ਦੇਖਿਆ ਹੈ?’’ -ਪੀਟੀਆਈ