For the best experience, open
https://m.punjabitribuneonline.com
on your mobile browser.
Advertisement

ਭਾਰਤ ਗਰਮ ਲਹਿਰਾਂ ਤੋਂ ਨਿਜਾਤ ਕਿਵੇਂ ਪਾਵੇ?

06:37 AM Jun 01, 2024 IST
ਭਾਰਤ ਗਰਮ ਲਹਿਰਾਂ ਤੋਂ ਨਿਜਾਤ ਕਿਵੇਂ ਪਾਵੇ
Advertisement

ਡਾ. ਗੁਰਿੰਦਰ ਕੌਰ

Advertisement

ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਭਾਰਤ ਦੇ ਉੱਤਰੀ ਰਾਜਾਂ ਵਿੱਚ ਤਾਪਮਾਨ ਵਿੱਚ ਅਥਾਹ ਵਾਧਾ ਹੋਣ ਕਾਰਨ ਲੋਕ ਗਰਮੀ ਨਾਲ ਬੇਹਾਲ ਹੋਏ ਪਏ ਹਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 20 ਮਈ ਤੋਂ ‘ਰੈੱਡ ਅਲਰਟ` ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਤੇਜ਼ ਅਤੇ ਗਰਮ ਹਵਾਵਾਂ ਚੱਲਣ ਨਾਲ ਰਾਤ ਦੇ ਤਾਪਮਾਨ ਵਿੱਚ ਆਮ ਨਾਲੋਂ 2.5 ਡਿਗਰੀ ਸੈਲਸੀਅਸ ਅਤੇ ਦਿਨ ਦੇ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਗਿਆ ਹੈ। ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਰਾਹੀਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸਿੱਧੀ ਧੁੱਪ ਵਿੱਚ ਬਾਹਰ ਨਾ ਨਿਕਲੋ। ਪੰਜਾਬ ਵਿੱਚ ਤਾਪਮਾਨ ਦੇ ਵਾਧੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਕੂਲੀ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਅਗੇਤੀਆਂ ਕਰ ਦਿੱਤੀਆਂ ਹਨ।
ਭਾਰਤ ਵਿੱਚ ਮਈ ਅਤੇ ਜੂਨ ਦੇ ਮਹੀਨੇ ਵਿੱਚ ਤਾਪਮਾਨ ਵਿੱਚ ਵਾਧਾ ਹੋਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਉੱਤਰ-ਪੱਛਮੀ ਰਾਜਾਂ ਵਿੱਚ ਗਰਮ ਹਵਾਵਾਂ ਪਹਿਲਾਂ ਵੀ ਚੱਲਦੀਆਂ ਸਨ ਪਰ ਹੁਣ ਮੌਸਮੀ ਤਬਦੀਲੀਆਂ ਨਾਲ ਇਨ੍ਹਾਂ ਦੇ ਆਉਣ ਦੇ ਸਮੇਂ, ਦਿਨਾਂ ਦੀ ਗਿਣਤੀ ਅਤੇ ਮਾਰ ਦੀ ਗਹਿਰਾਈ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ। ਭਾਰਤ ਦੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਮੁਲਕ ਵਿੱਚ 2015 ਤੱਕ ਸਿਰਫ਼ 17 ਰਾਜਾਂ ਵਿੱਚ ਗਰਮ ਲਹਿਰਾਂ ਚੱਲਦੀਆਂ ਸਨ, 2024 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਹੁਣ ਕੇਰਲਾ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਰਾਜਾਂ ਅਤੇ ਕੇਂਦਰੀ ਸ਼ਾਸਤ ਰਾਜ ਜੰਮੂ ਕਸ਼ਮੀਰ ਨੂੰ ਵੀ ਗਰਮ ਲਹਿਰਾਂ ਦਾ ਸੇਕ ਲੱਗਣ ਲੱਗ ਪਿਆ ਹੈ।
ਮੌਸਮ ਵਿਭਾਗ ਨੇ ਮਈ 2024 ਦੀ ਆਪਣੀ ਰਿਪੋਰਟ ਵਿੱਚ ਚਿੰਤਾਜਨਕ ਪੇਸ਼ਨਗੋਈ ਕੀਤੀ ਸੀ ਕਿ ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਦਿਨਾਂ ਲਈ ਗਰਮ ਲਹਿਰਾਂ ਦਾ ਸੰਤਾਪ ਝੱਲਣਾ ਪੈ ਸਕਦਾ ਹੈ। ਮਈ ਵਿੱਚ ਆਮ ਤੌਰ ਉੱਤੇ ਉੱਤਰੀ ਰਾਜ ਪਹਿਲਾ ਤਿੰਨ ਦਿਨ ਗਰਮੀ ਦੀ ਲਹਿਰ ਦੀ ਮਾਰ ਝੱਲਦੇ ਸਨ, ਹੁਣ ਉਨ੍ਹਾਂ ਦੀ ਗਿਣਤੀ ਵਧ ਕੇ 5 ਤੋਂ 7 ਦਿਨ ਹੋ ਸਕਦੀ ਹੈ। ਦੱਖਣੀ ਰਾਜਾਂ ਵਿੱਚ ਦੋਗੁਣੀ ਅਤੇ ਦੱਖਣੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਵਿਦਰਭ, ਮਰਾਠਵਾੜਾ, ਗੁਜਰਾਤ ਆਦਿ ਖੇਤਰਾਂ ਵਿੱਚ ਗਰਮ ਲਹਿਰਾਂ ਦੇ ਦਿਨ 3 ਤੋਂ ਵਧ ਕੇ 8 ਤੋਂ 11 ਤੱਕ ਹੋ ਸਕਦੇ ਹਨ।
ਗਰਮ ਲਹਿਰਾਂ ਦੀ ਲਪੇਟ ਵਿੱਚ ਇਕੱਲਾ ਭਾਰਤ ਹੀ ਨਹੀਂ ਆਇਆ, ਇਨ੍ਹਾਂ ਦਾ ਅਸਰ ਇਸ ਦੇ ਲਾਗਲੇ ਮੁਲਕਾਂ ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ, ਫਿਲੀਪੀਨਜ਼, ਥਾਈਲੈਂਡ, ਵੀਅਤਨਾਮ ਅਤੇ ਲਾਓਸ ਵਰਗੇ ਗੁਆਂਢੀ ਮੁਲਕ ਵੀ ਅਪਰੈਲ ਦੇ ਮਹੀਨੇ ਵਿੱਚ ਆਏ ਹੋਏ ਸਨ। ਥਾਈਲੈਂਡ ਵਿੱਚ ਗਰਮ ਤਾਪਮਾਨ ਕਾਰਨ 30 ਵਿਅਕਤੀਆਂ ਦੀ ਮੌਤ ਹੋ ਗਈ ਸੀ। ਬੰਗਲਾਦੇਸ਼ ਅਤੇ ਥਾਈਲੈਂਡ ਵਿੱਚ ਤਾਪਮਾਨ ਦੇ ਵਾਧੇ ਨੂੰ ਦੇਖਦੇ ਹੋਏ ਕੁਝ ਦਿਨਾਂ ਲਈ ਸਕੂਲ ਵੀ ਬੰਦ ਕਰ ਦਿੱਤੇ ਗਏ ਸਨ।
ਗਰਮ ਲਹਿਰਾਂ ਦੀ ਆਮਦ ਦੇ ਦਿਨਾਂ ਅਤੇ ਤਾਪਮਾਨ ਵਿੱਚ ਵਾਧਾ ਅਚਾਨਕ ਨਹੀਂ ਹੋਇਆ। ਇਸ ਤਰ੍ਹਾਂ ਦੇ ਵਰਤਾਰੇ ਬਾਰੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਵਿਗਿਆਨੀ ਕਈ ਦਹਾਕਿਆਂ ਤੋਂ ਚਿਤਾਵਨੀਆਂ ਦੇ ਰਹੇ ਹਨ। 2022 ਵਿੱਚ ਵੀ ਅਪਰੈਲ ਵਿੱਚ ਤਾਪਮਾਨ ਦੇ ਵਾਧੇ ਨੇ ਪਿਛਲੇ 122 ਸਾਲ ਦਾ ਰਿਕਾਰਡ ਤੋੜ ਦਿੱਤਾ ਸੀ। 2023 ਦੇ ਜੂਨ ਤੋਂ ਲੈ ਕੇ ਅਪਰੈਲ 2024 ਤੱਕ 11 ਮਹੀਨੇ ਰਿਕਾਰਡ ਅਨੁਸਾਰ ਹੁਣ ਤੱਕ ਦੇ ਸਭ ਤੋਂ ਗਰਮ ਮਹੀਨੇ ਰਹੇ ਹਨ। 2023 ਦਾ ਸਾਲ ਵੀ ਹੁਣ ਤੱਕ ਸਭ ਤੋਂ ਗਰਮ ਸਾਲ ਆਂਕਿਆ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਨੁਸਾਰ, 2023 ਵਿੱਚ ਧਰਤੀ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.48 ਡਿਗਰੀ ਸੈਲਸੀਅਸ ਵੱਧ ਰਿਕਾਰਡ ਕੀਤਾ ਗਿਆ ਹੈ। 2023 ਵਿੱਚ ਸਾਲ ਦੇ ਹਰ ਇੱਕ ਦਿਨ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਉਸੇ ਦਿਨ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਰਿਕਾਰਡ ਕੀਤਾ ਗਿਆ ਅਤੇ ਲਗਭਗ ਅੱਧਾ ਸਾਲ (50 ਫ਼ੀਸਦ ਦਿਨਾਂ ਵਿੱਚ) ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਕੀਤਾ ਗਿਆ।
ਭਾਰਤ ਦੇ ਤਾਪਮਾਨ ਵਿੱਚ ਇਸ ਸਾਲ ਹੋਏ ਬੇਸ਼ੁਮਾਰ ਵਾਧੇ ਲਈ ਮੌਸਮੀ ਤਬਦੀਲੀਆਂ ਦੇ ਨਾਲ-ਨਾਲ ਐਲ-ਨੀਨੋ ਦਾ ਵਰਤਾਰਾ ਵੀ ਜ਼ਿੰਮੇਵਾਰ ਹੈ। ਐਲ-ਨੀਨੋ ਪ੍ਰਸ਼ਾਤ ਮਹਾਸਾਗਰ ਨਾਲ ਜੁੜਿਆ ਅਜਿਹਾ ਵਰਤਾਰਾ ਹੈ ਜੋ ਭਾਰਤ ਦੇ ਮੌਸਮ ਉੱਤੇ ਬਹੁਤ ਅਸਰ ਪਾਉਂਦਾ ਹੈ। ਐਲ-ਨੀਨੋ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਮੌਨਸੂਨ ਪੌਣਾਂ ਘੱਟ ਮੀਂਹ ਪਾਉਂਦੀਆਂ ਹਨ ਜਿਸ ਕਾਰਨ ਮੁਲਕ ਦੇ ਕਈ ਖੇਤਰਾਂ ਵਿੱਚ ਸੋਕੇ ਵਾਲੇ ਹਾਲਤ ਪੈਦਾ ਹੋ ਜਾਂਦੇ ਹਨ। 2023 ਦੇ ਜੂਨ ਦੇ ਮਹੀਨੇ ਤੋਂ ਐਲ-ਨੀਨੋ ਵਰਤਾਰਾ ਸ਼ੁਰੂ ਹੋਇਆ ਸੀ। ਐਲ-ਨੀਨੋ ਦਾ ਪ੍ਰਭਾਵ ਆਮ ਤੌਰ ਉੱਤੇ 9-12 ਮਹੀਨੇ ਤੱਕ ਰਹਿੰਦਾ ਹੈ। ਇਸ ਨਾਲ 2023 ਵਿੱਚ ਮੀਂਹ ਵੀ ਔਸਤ ਨਾਲੋਂ ਘੱਟ ਪਿਆ ਅਤੇ ਸਰਦੀਆਂ ਵਿੱਚ ਪਹਾੜੀ ਇਲਾਕਿਆਂ ਵਿੱਚ ਬਰਫ਼ ਵੀ ਘੱਟ ਪਈ ਜਿਸ ਦੇ ਨਤੀਜੇ ਵਜੋਂ ਇਸ ਸਾਲ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
2023 ਵਿੱਚ ਅੰਧ ਮਹਾਸਾਗਰ, ਪ੍ਰਸ਼ਾਤ ਮਹਾਸਾਗਰ ਅਤੇ ਹਿੰਦ ਮਹਾਸਾਗਰ ਦੇ ਪਾਣੀ ਦਾ ਤਾਪਮਾਨ ਵੀ ਔਸਤ ਨਾਲੋਂ ਉੱਚਾ ਰਿਹਾ ਹੈ। ਅਪਰੈਲ 2024 ਵਿੱਚ ਸਾਇੰਸ ਡਾਇਰੈਕਟ ਜਰਨਲ ਵਿੱਚ ਛਪੀ ਖੋਜ ਅਨੁਸਾਰ ਹਿੰਦ ਮਹਾਸਾਗਰ ਬਾਕੀ ਮਹਾਸਾਗਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇਸ ਦੇ ਤਾਪਮਾਨ ਵਿੱਚ 2020-2100 ਦੇ ਅਰਸੇ ਵਿੱਚ 1.7 ਤੇ 3.8 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ ਜਿਸ ਨਾਲ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਸਮੁੰਦਰੀ ਗਰਮ ਲਹਿਰਾਂ ਵੀ ਹੋਂਦ ਵਿੱਚ ਆ ਸਕਦੀਆਂ ਹਨ। ਹਿੰਦ ਮਹਾਸਾਗਰ ਦੇ ਪਾਣੀ ਦੇ ਤਾਪਮਾਨ ਵਿੱਚ ਵਾਧੇ ਨਾਲ ਸਮੁੰਦਰ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।
ਮੌਸਮੀ ਤਬਦੀਲੀਆਂ ਅਤੇ ਐਲ-ਨੀਨੋ ਦੇ ਨਾਲ-ਨਾਲ ਮੁਲਕ ਵਿੱਚ ਤਾਪਮਾਨ ਅਤੇ ਗਰਮ ਲਹਿਰਾਂ ਦੇ ਵਾਧੇ ਦੇ ਕੁਝ ਸਥਾਨਕ ਕਾਰਨ ਵੀ ਹਨ। ਇਨ੍ਹਾਂ ਵਿੱਚ ਸੰਘਣੇ ਜੰਗਲਾਂ ਅਤੇ ਸਥਾਨਕ ਦਰਖ਼ਤਾਂ ਥੱਲੇ ਘਟਦਾ ਰਕਬਾ, ਕੰਕਰੀਟ ਅਤੇ ਸ਼ੀਸ਼ੇ ਨਾਲ ਬਣੀਆਂ ਇਮਾਰਤਾਂ, ਸੜਕਾਂ ਦੀ ਵਧਦੀ ਲੰਬਾਈ ਤੇ ਚੌੜਾਈ, ਨਿੱਜੀ ਵਾਹਨਾਂ ਦੀ ਵਧ ਰਹੀ ਗਿਣਤੀ, ਏਅਰ ਕੰਡੀਸ਼ਨਰਾਂ ਦੀ ਵਧ ਰਹੀ ਵਰਤੋਂ ਆਦਿ ਵੀ ਸ਼ਾਮਲ ਹਨ।
ਤਾਪਮਾਨ ਦੇ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨਾਲ ਲੋਕ ਹੀਟ ਸਟਰੋਕ, ਚਮੜੀ ਦੇ ਰੋਗ, ਪਾਣੀ ਦੀ ਕਮੀ ਵਰਗੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਕਈ ਰਾਜਾਂ ਵਿੱਚ ਸਕੂਲ ਦੇ ਬੱਚੇ ਤਾਪਮਾਨ ਦੇ ਵਾਧੇ ਦੀ ਮਾਰ ਨਾ ਝੱਲਦੇ ਹੋਏ ਬੇਹੋਸ਼ ਹੋ ਰਹੇ ਹਨ। ਤਾਪਮਾਨ ਦੇ ਵਾਧੇ ਦਾ ਜਿੰਨਾ ਅਸਰ ਮਨੁੱਖਾਂ ਉੱਤੇ ਹੁੰਦਾ ਹੈ, ਓਨਾ ਹੀ ਮਾੜਾ ਅਸਰ ਜਾਨਵਰਾਂ, ਪਸ਼ੂਆਂ ਅਤੇ ਪੰਛੀਆਂ ਉੱਤੇ ਵੀ ਹੁੰਦਾ ਹੈ। ਰਾਜਸਥਾਨ ਤੋਂ ਚਾਰੇ ਅਤੇ ਪਾਣੀ ਦੀ ਘਾਟ ਕਾਰਨ ਪਸ਼ੂਆਂ ਦੇ ਮਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। 2022 ਵਿੱਚ ਪਾਣੀ ਦੀ ਘਾਟ ਅਤੇ ਤਾਪਮਾਨ ਦੇ ਵਾਧੇ ਕਾਰਨ ਅਨੇਕਾਂ ਪੰਛੀ ਮਰ ਗਏ ਸਨ।
ਤਾਪਮਾਨ ਦਾ ਵਾਧਾ ਫ਼ਸਲਾਂ, ਫਲਾਂ, ਸਬਜ਼ੀਆਂ ਆਦਿ ਉੱਤੇ ਵੀ ਅਸਰ ਕਰਦਾ ਹੈ। ਮਹਾਰਾਸ਼ਟਰ ਦੇ ਕੁਝ ਖੇਤਰਾਂ ਵਿੱਚ ਸੋਕੇ ਦੇ ਹਾਲਤ ਪੈਦਾ ਹੋ ਗਏ ਹਨ। ਪਹਾੜੀ ਖੇਤਰਾਂ ਵਿੱਚ ਸੇਬਾਂ ਦੀ ਪੈਦਾਵਾਰ ਉੱਤੇ ਵੀ ਅਸਰ ਪੈ ਰਿਹਾ ਹੈ। 2021-22 ਵਿੱਚ ਆਈ ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਛੇਵੀਂ ਰਿਪੋਰਟ ਅਨੁਸਾਰ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਮੱਕੀ ਦੇ ਉਤਪਾਦਨ ਵਿੱਚ 25 ਤੋਂ 70 ਫ਼ੀਸਦ ਅਤੇ ਚੌਲਾਂ ਦੇ ਉਤਪਾਦਨ ਵਿੱਚ 10 ਤੋਂ 30 ਫ਼ੀਸਦ ਕਮੀ ਆ ਸਕਦੀ ਹੈ। ਨਤੀਜੇ ਵਜੋਂ ਘੱਟ ਪੈਦਾਵਰ ਹੋਣ ਨਾਲ ਕਿਸਾਨਾਂ ਦੀ ਆਮਦਨੀ ਘਟੇਗੀ ਅਤੇ ਅਨਾਜ ਦੀ ਥੁੜ੍ਹ ਪੈਦਾ ਹੋ ਜਾਵੇਗੀ। ਅਨਾਜਾਂ ਦੀ ਥੁੜ੍ਹ ਕਾਰਨ ਮਹਿੰਗਾਈ ਵਧੇਗੀ। ਅਨਾਜ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਜਿਸ ਨਾਲ ਕੁਪੋਸ਼ਣ ਵਧੇਗਾ ਅਤੇ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਹੋ ਜਾਵੇਗਾ।
ਤਾਪਮਾਨ ਵਿੱਚ ਵਾਧੇ ਨਾਲ ਹਿਮਾਲਿਆ ਵਿਚਲੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਜਾਣਗੇ ਜਿਸ ਕਾਰਨ ਗਲੇਸ਼ੀਅਰ ਝੀਲਾਂ ਦੇ ਆਕਾਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਉਨ੍ਹਾਂ ਦੇ ਫਟਣ ਦਾ ਖ਼ਤਰਾ ਵਧੇਗਾ। ਇੰਡੀਅਨ ਸਪੇਸ ਰਿਸਰਚ ਔਰਗਨਾਈਜ਼ੇਸ਼ਨ ਦੀ ਖੋਜ ਅਨੁਸਾਰ, ਹਿਮਾਲੀਆ ਵਿਚਲੀਆਂ ਚਾਰ ਵਿੱਚੋਂ ਇੱਕ ਗਲੇਸ਼ੀਅਰ ਝੀਲਾਂ ਦਾ ਆਕਾਰ 10 ਹੈਕਟੇਅਰ ਤੋਂ ਵੱਧ ਹੈ। ਇਨ੍ਹਾਂ ਵੱਡੀਆਂ ਝੀਲਾਂ ਵਿੱਚੋਂ ਲਗਭਗ 89 ਫ਼ੀਸਦ ਦਾ ਆਕਾਰ 1984 ਤੋਂ ਬਾਅਦ ਦੁੱਗਣਾ ਹੋ ਗਿਆ ਹੈ। ਇਹ ਝੀਲਾਂ ਕਿਸੇ ਵੀ ਸਮੇਂ ਫਟ ਸਕਦੀਆਂ ਹਨ ਜੋ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ ਵਿੱਚ ਭਾਰੀ ਹੜ੍ਹ ਲਿਆ ਸਕਦੀਆਂ ਹਨ। ਅਕਤੂਬਰ 2023 ਵਿੱਚ ਸਿੱਕਮ ਵਿੱਚ ਲੋਹਨੈੱਕ ਗਲੇਸ਼ੀਅਰ ਝੀਲ ਫਟ ਗਈ ਸੀ ਜਿਸ ਕਾਰਨ ਭਿਆਨਕ ਹੜ੍ਹ ਆਏ ਸਨ ਅਤੇ ਕਾਫ਼ੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।
ਤਾਪਮਾਨ ਦੇ ਵਾਧੇ ਅਤੇ ਗਰਮ ਲਹਿਰਾਂ ਤੋਂ ਨਿਜਾਤ ਪਾਉਣ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਫੌਰੀ ਯਤਨਾਂ ਦੇ ਨਾਲ-ਨਾਲ ਯੋਜਨਾਵਾਂ ਬਣਾ ਕੇ ਆਉਣ ਵਾਲੇ ਸਮੇਂ ਲਈ ਵੀ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ। ਇਸ ਲਈ ਆਵਾਜਾਈ ਦੇ ਸਾਧਨਾਂ, ਰਹਿਣ-ਸਹਿਣ ਦੇ ਤੌਰ-ਤਰੀਕਿਆਂ, ਖਾਣ-ਪੀਣ ਦੀਆਂ ਆਦਤਾਂ ਆਦਿ ਦੇ ਬਦਲਣ ਦੇ ਨਾਲ-ਨਾਲ ਇਮਾਰਤਾਂ ਦੀ ਉਸਾਰੀ ਲਈ ਵਰਤੀ ਜਾ ਰਹੀ ਸਮੱਗਰੀ ਵੀ ਸਥਾਨਕ ਖੇਤਰਾਂ ਦੇ ਅਨੁਸਾਰ ਲਗਾਉਣੀ ਚਾਹੀਦੀ ਹੈ। ਆਵਾਜਾਈ ਦੇ ਸਾਧਨਾਂ ਤੋਂ ਪੈਦਾ ਹੋ ਰਹੀਆਂ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਨਿੱਜੀ ਵਾਹਨਾਂ ਦੀ ਥਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਤੇਜ਼ੀ ਨਾਲ ਤਬਦੀਲੀਆਂ ਕਰ ਕੇ ਲੋਕਾਂ ਅਤੇ ਸਮੇਂ ਦੇ ਹਾਣ ਦੀ ਬਣਾਉਣ ਦੀ ਜ਼ਰੂਰਤ ਹੈ। ਜੰਗਲਾਂ ਥੱਲੇ ਰਕਬਾ ਵਧਾਉਣ ਦੇ ਨਾਲ-ਨਾਲ ਸੰਘਣੇ ਜੰਗਲਾਂ ਦੀ ਕਟਾਈ ਉੱਤੇ ਪੂਰਨ ਤੌਰ ਉੱਤੇ ਰੋਕ ਲਗਾਉਣੀ ਚਾਹੀਦੀ ਹੈ। ਹਰ ਖੇਤਰ ਵਿੱਚ ਵਪਾਰਕ ਤੌਰ ਉੱਤੇ ਫ਼ਾਇਦੇਮੰਦ ਅਤੇ ਸਜਾਵਟੀ ਦਰਖ਼ਤਾਂ ਦੀ ਥਾਂ ਉੱਤੇ ਸਥਾਨਕ ਦਰਖਤ ਤਰਜੀਹੀ ਤੌਰ ਉੱਤੇ ਲਗਾਉਣੇ ਚਾਹੀਦੇ ਹਨ। ਪਹਾੜੀ ਰਾਜਾਂ ਵਿੱਚ ਤਾਪਮਾਨ ਦੂਜੇ ਖੇਤਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਲਈ ਪਹਾੜੀ ਰਾਜਾਂ ਵਿੱਚ ਗ਼ੈਰ-ਜ਼ਰੂਰੀ ਉਸਾਰੀਆਂ (ਚੌੜੀਆਂ ਸੜਕਾਂ, ਹੋਟਲਾਂ ਆਦਿ) ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਨਦੀਆਂ ਉੱਤੇ ਬਹੁ-ਮੁਖੀ ਯੋਜਨਾਵਾਂ ਦੀ ਉਸਾਰੀ ਵੀ ਪਹਾੜੀ ਖੇਤਰਾਂ ਦੀ ਸਮਰੱਥਾ ਅਨੁਸਾਰ ਹੋਣੀ ਚਾਹੀਦੀ ਹੈ। ਤੱਟਵਰਤੀ ਖੇਤਰਾਂ ਨੂੰ ਤਾਪਮਾਨ ਦੇ ਵਾਧੇ ਦੀ ਮਾਰ ਤੋਂ ਬਚਾਉਣ ਲਈ ਉਨ੍ਹਾਂ ਖੇਤਰਾਂ ਦੀਆਂ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਤੱਟਵਰਤੀ ਖੇਤਰਾਂ ਵਿਚਲੀ ਬਨਸਪਤੀ ਨੂੰ ਉਚੇਰੇ ਤੌਰ ਉੱਤੇ ਬਚਾਇਆ ਜਾਵੇ ਕਿਉਂਕਿ ਉਹ ਕੁਦਰਤੀ ਆਫ਼ਤ-ਰੋਕੂ ਹੁੰਦੇ ਹਨ ਜੋ ਇਨ੍ਹਾਂ ਖੇਤਰਾਂ ਨੂੰ ਅਤੇ ਇੱਥੇ ਵਸੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਂਦੇ ਹਨ। ਹਰ ਖੇਤਰ ਵਿੱਚ ਸ਼ੀਸ਼ੇ ਅਤੇ ਕੰਕਰੀਟ ਦੀਆਂ ਇਮਾਰਤਾਂ ਬਣਾਉਣ ਦੀ ਥਾਂ ਉੱਤੇ ਸਥਾਨਕ ਤਕਨੀਕ ਅਤੇ ਲੋੜਾਂ ਅਨੁਸਾਰ ਹੀ ਇਮਾਰਤਾਂ ਬਣਾਉਣੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਨੂੰ ਕੌਮਾਂਤਰੀ ਪੱਧਰ ਉੱਤੇ ਵੀ ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨ ਲਈ ਕੀਤੇ ਵਾਅਦੇ ਪੂਰੇ ਕਰਨ ਦੇ ਭਰਪੂਰ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰ ਨਿਭਾਉਣੀ ਚਾਹੀਦੀ ਹੈ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement

Advertisement
Author Image

joginder kumar

View all posts

Advertisement