ਰਿਹਾਇਸ਼ੀ ਸਕੀਮਾਂ: ਅਲਾਟੀਆਂ ਨੂੰ ਨਾ ਪਲਾਟ ਮਿਲੇ, ਨਾ ਪੈਸੇ ਮੁੜੇ
ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ, ਬੀਬੀ ਭਾਨੀ ਕੰਪਲੈਕਸ ਅਤੇ ਸੂਰਿਆ ਐਨਕਲੇਵ ਐਕਸਟੈਨਸ਼ਨ ਸਣੇ ਤਿੰਨ ਰਿਹਾਇਸ਼ੀ ਸਕੀਮਾਂ ਦੇ ਅਲਾਟੀਆਂ ਨੇ ਅੱਜ ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਜ਼ਿਲ੍ਹਾ, ਰਾਜ ਅਤੇ ਕੌਮੀ ਖ਼ਪਤਕਾਰਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸ਼ਿਕਾਇਤ ਕਰਨ ਵਾਲਾ ਪੱਤਰ ਸੌਂਪਿਆ। ਅਲਾਟੀਆਂ ਦੇ ਅਨੁਸਾਰ ਇਹ ਸਕੀਮਾਂ ਕ੍ਰਮਵਾਰ 2006, 2010 ਅਤੇ 2011 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਅੱਜ ਤੱਕ ਉਹ ਇਨਸਾਫ਼ ਲੈਣ ਖੱਜਲ ਹੋ ਰਹੇ ਹਨ ਜੋ ਜਲੰਧਰ ਇੰਪਰੂਵਮੈਂਟ ਟਰੱਸਟ (ਜੇਆਈਟੀ) ਦੀ ਵੱਡੀ ਅਸਫਲਤਾ ਹੈ।
ਸੂਰਿਆ ਐਨਕਲੇਵ ਐਕਸਟੈਂਸ਼ਨ ਦੇ ਮਨੋਹਰ ਲਾਲ ਸਹਿਗਲ ਨੇ ਕਿਹਾ ਕਿ ਇਹ ਸਕੀਮਾਂ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵੇਲੇ ਆਈਆਂ ਸਨ ਤੇ ਕੁਝ ਭ੍ਰਿਸ਼ਟ ਅਧਿਕਾਰੀਆਂ ਕਾਰਨ ਇਹ ਦਿਨੋਂ-ਦਿਨ ਖ਼ਤਮ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇੰਦਰਾ ਪੂਰਨ ਅਤੇ ਬੀਬੀ ਭਾਨੀ ਫਲੈਟ ਤਾਂ ਬਣੇ ਹੋਏ ਹਨ ਪਰ ਇਸ ਦੀ ਗੁਣਵੱਤਾ ਅਤੇ ਸਹੂਲਤਾਂ ਦੀ ਘਾਟ ਕਾਰਨ ਇਹ ਜਗ੍ਹਾ ਰਹਿਣ ਯੋਗ ਨਹੀਂ ਹੈ। ਸੂਰਿਆ ਐਨਕਲੇਵ ਦੇ ਐਕਸਟੈਨਸ਼ਨ ਵਾਲੀ ਥਾਂ ਨੂੰ ਡੰਪਿੰਗ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉੱਥੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਬੀਬੀ ਭਾਨੀ ਦੇ ਅਲਾਟੀ ਦਰਸ਼ਨ ਆਹੂਜਾ ਨੇ ਕਿਹਾ ਕਿ ਮੁਆਵਜ਼ੇ ਜਾਂ ਸਕੀਮਾਂ ਦੇ ਵਿਕਾਸ ਲਈ ਜੇਆਈਟੀ ਨੂੰ ਬੇਨਤੀਆਂ ਕਰਨ ਤੋਂ ਦੁਖੀ ਹੋ ਕੇ ਵੱਡੀ ਗਿਣਤੀ ਅਲਾਟੀ ਖ਼ਪਤਕਾਰ ਕਮਿਸ਼ਨਾਂ ਕੋਲ ਚਲੇ ਗਏ ਅਤੇ ਕੇਸ ਵੀ ਜਿੱਤ ਗਏ ਪਰ ਫਿਰ ਵੀ, ਜੇਆਈਟੀ ਨੇ ਵੱਖ-ਵੱਖ ਕਮਿਸ਼ਨਾਂ ਦੁਆਰਾ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਅੰਤ ਵਿੱਚ ਅਲਾਟੀਆਂ ਨੂੰ ਖ਼ਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 72 ਦੇ ਤਹਿਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੇ ਕੁਝ ਫੰਡ ਟਰੱਸਟ ਦੁਆਰਾ ਦਿੱਤੇ ਗਏ ਸਨ ਪਰ ਲਗਪਗ 14 ਕਰੋੜ ਰੁਪਏ ਅਜੇ ਵੀ ਬਕਾਇਆ ਹਨ। ਅਲਾਟੀਆਂ ਨੇ ਕਿਹਾ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਕੁਝ ਅਲਾਟੀਆਂ ਦੀ ਮੌਤ ਵੀ ਹੋ ਚੁੱਕੀ ਹੈ।