ਹੁਸ਼ਿਆਰਪੁਰ ਨਿਗਮ: ਤਿੰਨ ਵਾਰਡਾਂ ਦੀਆਂ ਜ਼ਿਮਨੀ ਚੋਣਾਂ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਦਸੰਬਰ
ਨਗਰ ਨਿਗਮ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਦੀ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਜਿੱਤ ਲਈਆਂ ਹਨ। ਇਕ ਸੀਟ ਕਾਂਗਰਸ ਦੇ ਖਾਤੇ ’ਚ ਗਈ। ਵਾਰਡ ਨੰਬਰ-6 ਤੋਂ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਨੇ 182 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਸ ਸੀਟ ਨੂੰ ਜਿੰਪਾ ਨੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ ਅਤੇ ਬੱਬੀ ਦੀ ਜਿੱਤ ਲਈ ਉਨ੍ਹਾਂ ਦਿਨ ਰਾਤ ਇਕ ਕਰ ਦਿੱਤਾ। ਇਸ ਵਾਰਡ ਤੋਂ ਚਾਰ ਵਾਰ ਉਹ ਖੁਦ ਵੀ ਚੋਣ ਜਿੱਤੇ ਸਨ। ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਵਾਰਡ ਨੰਬਰ-7 ਤੋਂ ਆਮ ਆਦਮੀ ਪਾਰਟੀ ਦੀ ਹੀ ਨਰਿੰਦਰ ਕੌਰ ਨੇ 87 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ-27 ਤੋਂ ਕਾਂਗਰਸ ਦੀ ਦਵਿੰਦਰ ਕੌਰ ਮਾਨ ਨੇ 461 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਵੋਟਿੰਗ ਪ੍ਰਕਿਰਿਆ ਮੋਟੇ ਤੌਰ ’ਤੇ ਸ਼ਾਂਤਮਈ ਢੰਗ ਨਾਲ ਨਿੱਬੜ ਗਈ। ਇਕ ਵਾਰ ਵਾਰਡ ਨੰਬਰ-6 ਲਈ ਜ਼ਿਲ੍ਹਾ ਰੱਖਿਆ ਸੈਨਿਕ ਦਫ਼ਤਰ ਅੰਦਰ ਬਣੇ ਬੂਥ ’ਤੇ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਮੌਜੂਦਾ ਵਿਧਾਇਕ ਦੇ ਵਾਰ-ਵਾਰ ਬੂਥ ਵਿਚ ਆਉਣ ਕਰਕੇ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤ ਪਰਾਸ਼ਰ ਨੇ ਇਤਰਾਜ਼ ਪ੍ਰਗਟਾਇਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਹਮਣੇ ਸਾਹਮਣੇ ਹੋ ਗਏ। ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਸੂਝ ਬੂਝ ਨਾਲ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਉਮੀਦਵਾਰਾਂ ਤੋਂ ਬਿਨਾਂ ਸਾਰਿਆਂ ਨੂੰ ਉੱਥੋਂ ਭੇਜ ਦਿੱਤਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਲਗਾਤਾਰ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦੇ ਰਹੇ। ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ ਵਾਰਡਾਂ ਵਿਚ 51.74 ਫ਼ੀਸਦੀ ਵੋਟਾਂ ਪੋਲ ਹੋਈਆਂ। ਇਸ ਤੋਂ ਇਲਾਵਾ ਹਰਿਆਣਾ ਨਗਰ ਕੌਂਸਲ ਦੇ ਇਕ ਵਾਰਡ ਵਿਚ 68.06 ਫ਼ੀਸਦੀ, ਟਾਂਡਾ ਦੇ ਇਕ ਵਾਰਡ ਵਿਚ 76.43 ਫ਼ੀਸਦੀ ਅਤੇ ਮਾਹਿਲਪੁਰ ਨਗਰ ਪੰਚਾਇਤ ਦੇ 3 ਵਾਰਡਾਂ ਲਈ 68.22 ਫ਼ੀਸਦੀ ਵੋਟਾਂ ਪੋਲ ਹੋਈਆਂ। ਹਰਿਆਣਾ ਨਗਰ ਕੌਂਸਲ ਦੇ ਇਕ ਵਾਰਡ ਦੀ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਰਾਮਜੀਤ ਜੇਤੂ ਰਹੇ।
ਕੌਂਸਲ ਟਾਂਡਾ ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤੀ
ਟਾਂਡਾ (ਸੁਰਿੰਦਰ ਗੁਰਾਇਆ): ਇਥੋਂ ਦੀ ਨਗਰ ਕੌਂਸਲ ਦੇ ਵਾਰਡ 8 ਦੀ ਹੋਈ ਜ਼ਿਮਨੀ ਚੋਣ ’ਚ ਕਾਂਗਰਸ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ‘ਆਪ’ ਦੇ ਉਮੀਦਵਾਰ ਨੂੰ 208 ਵੋਟਾਂ ਦੇ ਫ਼ਰਕ ਨਾਲ ਹਰਾਇਆ। ਅੱਜ ਹੋਈ ਪੋਲਿੰਗ ਦੌਰਾਨ ਕਾਂਗਰਸ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੂੰ 523, ‘ਆਪ’ ਉਮੀਦਵਾਰ ਜਸਵਿੰਦਰ ਲਾਲ ਨੂੰ 315 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ 13 ਅਤੇ ‘ਨੋਟਾ’ ਨੂੰ 5 ਵੋਟਾਂ ਪੋਲ ਹੋਈਆਂ ਹਨ।