ਹੁਸ਼ਿਆਰਪੁਰ: ਤਿੰਨ ਵਾਰਡਾਂ ਲਈ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਦਸੰਬਰ
21 ਦਸੰਬਰ ਨੂੰ ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ ਵਾਰਡਾਂ ਦੀ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਵਾਰਡ ਨੰਬਰ-6 ਦੀ ਸੀਟ ਜੋ ਬ੍ਰਮ ਸ਼ੰਕਰ ਜਿੰਪਾ ਦੇ ਵਿਧਾਇਕ ਬਣਨ ਕਾਰਨ ਖਾਲੀ ਹੋਈ ਸੀ, ਤੋਂ ਉਨ੍ਹਾਂ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਚੋਣ ਲੜਣਗੇ। ਵਾਰਡ ਨੰਬਰ-7 ਅਤੇ 27 ਤੋਂ ਕ੍ਰਮਵਾਰ ਨਰਿੰਦਰ ਕੌਰ ਤੇ ਸ਼ਰਨਜੀਤ ਕੌਰ ਉਮੀਦਵਾਰ ਹਨ। ਇਹ ਦੋਵੇਂ ਵਾਰਡ ਕੌਂਸਲਰਾਂ ਦੀ ਮੌਤ ਹੋ ਜਾਣ ਕਾਰਨ ਖਾਲੀ ਹੋਏ ਸਨ। ਕਾਂਗਰਸ ਨੇ ਵਾਰਡ ਨੰਬਰ-6 ਤੋਂ ਸੁਨੀਲ ਦੱਤ ਪਰਾਸ਼ਰ, 7 ਤੋਂ ਪਰਮਜੀਤ ਕੌਰ ਅਤੇ 27 ਤੋਂ ਦਵਿੰਦਰ ਕੌਰ ਮਾਨ ਨੂੰ ਟਿਕਟ ਦਿੱਤੀ ਹੈ। ਭਾਜਪਾ ਵਲੋਂ ਵਾਰਡ ਨੰਬਰ-6 ਤੋਂ ਰਜਤ ਠਾਕੁਰ, 7 ਤੋਂ ਸੋਨਿਕਾ ਨਹਿਰਾ ਅਤੇ 27 ਤੋਂ ਡੇਜ਼ੀ ਨੂੰ ਉਮੀਦਵਾਰ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਇਹ ਚੋਣ ਨਹੀਂ ਲੜ ਰਿਹਾ। 3-3 ਵਾਰਡਾਂ ’ਚ 8762 ਵੋਟਰ ਹਨ। ਵਾਰਡ ਨੰਬਰ-6 ਵਿਚ ਜਿੱਤ ਹਾਸਿਲ ਕਰਨੀ ਮੌਜੂਦਾ ਵਿਧਾਇਕ ਦੇ ਵੱਕਾਰ ਦਾ ਸਵਾਲ ਹੈ। ਬ੍ਰਮ ਸ਼ੰਕਰ ਜਿੰਪਾ ਇੱਥੋਂ ਚਾਰ ਵਾਰ ਚੋਣ ਜਿੱਤੇ ਚੁੱਕੇ ਹਨ। ਤਿੰਨ ਵਾਰ ਉਹ ਕਾਂਗਰਸੀ ਉਮੀਦਵਾਰ ਵਜੋਂ ਅਤੇ ਚੌਥੀ ਵਾਰ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਕੌਂਸਲਰ ਦੀ ਉਮੀਦਵਾਰੀ ਨੂੰ ਲੈ ਕੇ ਹੀ ਉਨ੍ਹਾਂ ਦੀ ਸਾਬਕਾ ਵਿਧਾਇਕ ਅਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਅਣਬਣ ਹੋਈ ਸੀ। ਨਰਾਜ਼ ਹੋ ਕੇ ਜਿੰਪਾ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫ਼ੜ ਲਿਆ ਸੀ। ਆਮ ਆਦਮੀ ਪਾਰਟੀ ਨੇ ਨਾ ਕੇਵਲ ਉਨ੍ਹਾਂ ਨੂੰ ਵਿਧਾਇਕੀ ਦੀ ਟਿਕਟ ਦਿੱਤੀ ਬਲਕਿ ਸਰਕਾਰ ਬਣਨ ਤੋਂ ਬਾਅਦ ਵਜ਼ੀਰ ਵੀ ਬਣਾ ਦਿੱਤਾ। ਸੁੰਦਰ ਸ਼ਾਮ ਅਰੋੜਾ ਵੀ ਕੁਝ ਦੇਰ ਲਈ ਕਾਂਗਰਸ ਤੋਂ ਵੱਖ ਹੋ ਕੇ ਭਾਜਪਾ ਵਿੱਚ ਚਲੇ ਗਏ ਸਨ ਪਰ ਵਾਪਸੀ ਤੋਂ ਬਾਅਦ ਉਨ੍ਹਾਂ ਕਾਂਗਰਸ ਦੀ ਵਾਗਡੋਰ ਫ਼ਿਰ ਤੋਂ ਸਾਂਭ ਲਈ ਹੈ। ਵਾਰਡ ਨੰਬਰ-6 ਤੋਂ ਸਿਆਸੀ ਵਿਰੋਧੀ ਨੂੰ ਹਰਾਉਣਾ ਉਨ੍ਹਾਂ ਲਈ ਵੀ ਇਕ ਚੁਣੌਤੀ ਹੈ।