For the best experience, open
https://m.punjabitribuneonline.com
on your mobile browser.
Advertisement

ਹੋਰੀ ਖੇਲੂੰਗੀ ਕਹਿ ਬਿਸਮਿੱਲ੍ਹਾ…

09:57 PM Jun 29, 2023 IST
ਹੋਰੀ ਖੇਲੂੰਗੀ ਕਹਿ ਬਿਸਮਿੱਲ੍ਹਾ…
Advertisement

ਸਵਰਾਜਬੀਰ

Advertisement

”ਹੋਰੀ ਖੇਲੂੰਗੀ ਕਹਿ ਬਿਸਮਿੱਲ੍ਹਾ।” ਭਾਵ ਮੈਂ ਅੱਲ੍ਹਾ ਦਾ ਨਾਂ ਲੈ ਕੇ ਹੋਲੀ ਖੇਡਾਂਗੀ। ਇਹ ਸ਼ਬਦ ਬੁੱਲ੍ਹੇ ਸ਼ਾਹ ਦੇ ਹਨ; ਤੇ ਇਸ ਦੇ ਨਾਲ ਹੀ ਸ਼ਾਹ ਜੀ ਕਹਿੰਦੇ ਨੇ, ”ਨਾਮ ਨਬੀ ਕੀ ਰਤਨ ਚੜ੍ਹੀ, ਬੂੰਦ ਪੜੀ ਇਲੱਲ੍ਹਾ/ ਰੰਗ ਰੰਗੀਲੀ ਓਹੀ ਖਿਲਾਵੇ, ਜੋ ਸਿੱਖੀ ਹੋਵੇ ਫ਼ਨਾ ਫ਼ਿੱਲ੍ਹਾ।” ਭਾਵ ਮੈਂ ਨਬੀ (ਪੈਗੰਬਰ ਹਜ਼ਰਤ ਮੁਹੰਮਦ) ਦੇ ਨਾਂ ਦਾ ਰਤਨ ਪਹਿਨਿਆ ਹੋਇਆ ਹੈ ਅਤੇ ਇਸ ਕਥਨ ‘ਅੱਲ੍ਹਾ ਤੋਂ ਸਿਵਾ ਕੋਈ ਨਹੀਂ’ ਦੀ ਸਮਝ ਦੀ ਬੂੰਦ ਮੇਰੇ ਮਨ ਵਿਚ ਪਈ ਹੈ। (ਇਸ ਦੇ ਅਰਥ ਕੁਝ ਵੱਖਰੀ ਤਰ੍ਹਾਂ ਵੀ ਕੀਤੇ ਗਏ ਹਨ); ਦੁਨੀਆ ਦੀ ਰੰਗ ਰੰਗੀਲੀ ਖੇਡ ਉਹੀ (ਪਰਮਾਤਮਾ) ਖਿਡਾ ਰਿਹਾ ਹੈ ਅਤੇ ਉਸ ਵਿਚ ਸਮਾ (ਫਨਾ ਹੋ) ਜਾਣ ਦਾ ਸਬਕ ਏੇਸੇ ਖੇਡ ਤੋਂ ਹੀ ਸਿੱਖਿਆ ਜਾਂਦਾ ਹੈ। ਇਸ ਕਾਫ਼ੀ ਦੇ ਅਖ਼ੀਰ ਵਿਚ ਬੁੱਲ੍ਹੇ ਸ਼ਾਹ ਕਹਿੰਦੇ ਹਨ, ”ਸਿਬਗ਼ਤੁੱਲ੍ਹਾ (ਸਿਬਗ਼ਤਉਲਾਹ) ਕੀ ਭਰ ਪਿਚਕਾਰੀ/ ਅੱਲਾਹੁਸੱਮਦ (ਅਲ ਅਲਸਮਦ) ਪੀ ਮੂੰਹ ਪਰ ਮਾਰੀ।” ਭਾਵ ਪਰਮਾਤਮਾ ਦੇ ਰੰਗ ਨਾਲ ਭਰੀ ਪਿਚਕਾਰੀ ਹਮੇਸ਼ਾਂ ਰਹਿਣ ਵਾਲੇ ਪਰਮਾਤਮਾ ਦੇ ਮੂੰਹ ‘ਤੇ ਹੀ ਬਿਖੇਰੀ ਗਈ।” ਬੁੱਲ੍ਹੇ ਸ਼ਾਹ ਹੋਲੀ ਖੇਡ ਰਿਹਾ ਹੈ।

Advertisement

ਤੇ ਫਿਰ ਖ਼ਬਰ ਆਈ ਕਿ ਪਾਕਿਸਤਾਨ ਵਿਚ ਹੋਲੀ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਕਾਇਦ-ਏ-ਆਜ਼ਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਵਿਦਿਆਥਣਾਂ ਨੇ 12 ਜੂਨ ਨੂੰ ਹੋਲੀ ਖੇਡੀ; ਉਨ੍ਹਾਂ ਇਕੱਠੇ ਹੋ ਕੇ ਇਕ ਦੂਜੇ ‘ਤੇ ਰੰਗ ਸੁੱਟਿਆ, ਇਕ ਦੂਸਰੇ ਨੂੰ ਮਿਲੇ ਤੇ ਖ਼ੁਸ਼ ਹੋਏ, ਇਹ ਮੇਲ-ਮਿਲਾਪ ਤੇ ਮਨੁੱਖਤਾ ਦਾ ਜਸ਼ਨ ਸੀ। ਵਿਦਿਆਰਥੀਆਂ ਨੂੰ ਨੋਟਿਸ ਦਿੱਤਾ ਗਿਆ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਬਿਨਾਂ ਕੈਂਪਸ ਵਿਚ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾ ਸਕਦਾ। ਵੇਖੋ, ਸ਼ਬਦ ਕਿਵੇਂ ਖਲੋਤੇ ਹਨ, ਇਕ ਪਾਸੇ ਹੋਲੀ, ਰੰਗ, ਖੁਸ਼ੀਆਂ, ਮੇਲ-ਮਿਲਾਪ ਹਨ ਅਤੇ ਦੂਸਰੇ ਪਾਸੇ ਹਨ ਪ੍ਰਸ਼ਾਸਨ, ਮਨਜ਼ੂਰੀ, ਇਜਾਜ਼ਤ ਤੇ ਫਿਰ ਆਉਂਦਾ ਹੈ ਮਨੁੱਖ ਨੂੰ ਅਣਮਨੁੱਖਤਾ ਵੱਲ ਧੱਕਣ ਵਾਲਾ ਸ਼ਬਦ ਪਾਬੰਦੀ। ਬੁੱਲ੍ਹੇ ਸ਼ਾਹ ਨੇ ਕਿਹਾ ਸੀ, ”ਇਸ਼ਕ ਸ਼ੱਰਾ ਦੀ ਲੱਗ ਗਈ ਬਾਜ਼ੀ/ ਖੇਡਾਂ ਮੈਂ ਦਾਉ ਲਗਾ ਕੇ।” ਭਾਵ, ਪ੍ਰੇਮ ਤੇ ਧਾਰਮਿਕ ਕਾਨੂੰਨ ਵਿਚਕਾਰ ਬਾਜ਼ੀ ਲੱਗੀ ਹੋਈ ਹੈ; ਮੈਂ ਵੀ ਦਾਅ ਲਗਾ ਕੇ ਖੇਡ ਰਿਹਾ ਹਾਂ (ਭਾਵ, ਮੈਂ ਪ੍ਰੇਮ ਵਾਲੇ ਪਾਸੇ ਹਾਂ, ਕਾਨੂੰਨ/ਪਾਬੰਦੀਆਂ ਵਾਲੇ ਪਾਸੇ ਨਹੀਂ)”। ਮਨੁੱਖੀ ਮਨ ਬਹੁਤ ਜਟਿਲ ਹੈ; ਪੰਜਾਬੀ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦਾ ਕਥਨ ਹੈ, ”ਮੈਂ ਸਬਕ ਸ਼ਰਾ ਦਾ ਯਾਦ ਕਰਾਂ/ ਪਈ ਵਿਹੜੇ ਪਵੇ ਧਮਾਲ ਮਿਰੇ।” ਭਾਵ, ਮੈਂ ਸਬਕ ਤਾਂ ਧਾਰਮਿਕ ਕਾਨੂੰਨ ਦਾ ਪੜ੍ਹ ਰਿਹਾ ਹਾਂ ਪਰ ਮੇਰੇ ਵਿਹੜੇ ਵਿਚ ਢੋਲ ਵੱਜ ਰਿਹੈ, ਨਾਚ-ਗਾਣਾ ਹੋ ਰਿਹੈ। 20 ਜੂਨ ਨੂੰ ਪਾਕਿਸਤਾਨ ਦੇ ਉਚੇਰੀ ਸਿੱਖਿਆ ਕਮਿਸ਼ਨ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਹੋਲੀ ਸਮੇਤ ਹੋਰ ਗ਼ੈਰ-ਇਸਲਾਮੀ ਤਿਉਹਾਰਾਂ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੰਦਿਆਂ ਕਿਹਾ, ”ਅਜਿਹੀਆਂ ਕਾਰਵਾਈਆਂ ਦੇਸ਼ (ਪਾਕਿਸਤਾਨ) ਦੀਆਂ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਅਣਗੌਲਿਆਂ ਕਰਦੀਆਂ ਅਤੇ ਮੁਲਕ ਦੀ ਇਸਲਾਮਕ ਪਛਾਣ ਨੂੰ ਖ਼ੋਰਾ ਲਾਉਂਦੀਆਂ ਹਨ।”

ਇਸ ਆਦੇਸ਼ ਵਿਚ ਸ਼ਬਦ ‘ਇਸਲਾਮੀ ਪਛਾਣ’ ਗ਼ੌਰ ਕਰਨ ਵਾਲੇ ਹਨ। ਇਨ੍ਹਾਂ ਸ਼ਬਦਾਂ ਨੂੰ ਵਰਤ ਕੇ ਮੌਲਾਣਿਆਂ, ਪਾਕਿਸਤਾਨੀ ਫ਼ੌਜ ਤੇ ਕੱਟੜਪੰਥੀ ਜਥੇਬੰਦੀਆਂ ਨੇ ਪਾਕਿਸਤਾਨ ਵਿਚ ਜ਼ੁਲਮ ਢਾਏ ਹਨ। ਇਸੇ ਬਿਨਾ ‘ਤੇ 1969-70 ਵਿਚ ਪੂਰਬੀ ਪਾਕਿਸਤਾਨ ਵਿਚ ਕਤਲੇਆਮ ਹੋਇਆ ਤੇ ਲੋਕਾਂ ਨੂੰ ਦਬਾਇਆ ਗਿਆ; ਇਸ ਵਿਰੁੱਧ ਉੱਠੀ ਲਹਿਰ ਨੇ ਬੰਗਲਾਦੇਸ਼ ਨੂੰ ਜਨਮ ਦਿੱਤਾ। ਅਜਿਹੀ ਸੋਚ ਕਾਰਨ ਹੀ ਪਾਕਿਸਤਾਨ ਵਿਚ ਹਿੰਦੂ, ਸਿੱਖ, ਇਸਾਈ, ਅਹਿਮਦੀਆ ਤੇ ਸ਼ੀਆ ਭਾਈਚਾਰਿਆਂ ਦੇ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ। ਅਹਿਮਦੀਆ ਫ਼ਿਰਕੇ ਨੂੰ ਗ਼ੈਰ-ਮੁਸਲਿਮ ਕਰਾਰ ਦਿੱਤਾ ਗਿਆ ਤੇ ਸ਼ੀਆ ਭਾਈਚਾਰੇ ਦੀਆਂ ਮਸਜਿਦਾਂ ਤੇ ਇਕੱਠਾਂ ‘ਤੇ ਬੰਬ ਸੁੱਟੇ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ; ਹਜ਼ਾਰਾਂ ਨੌਜਵਾਨਾਂ ਨੂੰ ਦਹਿਸ਼ਤਗਰਦ ਬਣਾ ਕੇ ਮੌਤ ਦੇ ਮੂੰਹ ਵਿਚ ਧੱਕਿਆ ਗਿਆ।

ਪਾਬੰਦੀ ਲਗਾਉਣ ਦੇ ਇਸ ਆਦੇਸ਼ ਦਾ ਵੱਡੇ ਪੱਧਰ ‘ਤੇ ਵਿਰੋਧ ਹੋਇਆ। ਪਾਕਿਸਤਾਨ ਸਰਕਾਰ ਦੇ ਕਹਿਣ ‘ਤੇ ਉਚੇਰੀ ਸਿੱਖਿਆ ਕਮਿਸ਼ਨ ਨੂੰ ਇਹ ਆਦੇਸ਼ ਵਾਪਸ ਲੈਣਾ ਪਿਆ। ਬਹੁਤ ਦੇਰ ਬਾਅਦ ਪਾਕਿਸਤਾਨ ‘ਚੋਂ ਅਜਿਹੀ ਖ਼ਬਰ ਆਈ ਹੈ ਜਿਸ ਵਿਚ ਧਾਰਮਿਕ ਸਹਿਣਸ਼ੀਲਤਾ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਵਿਚ ਮੇਲ-ਮਿਲਾਪ ਦੀ ਹਮਾਇਤ ਕਰਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ। ਇਸ ਜਿੱਤ ਦੀ ਖ਼ੁਸ਼ੀ ਥੋੜ੍ਹੀ ਧਿਆਨ ਨਾਲ ਮਨਾਉਣੀ ਚਾਹੀਦੀ ਹੈ ਕਿਉਂਕਿ ਧਾਰਮਿਕ ਕੱਟੜਤਾ ਦੇ ਹਾਮੀ ਦੇਰ-ਸਵੇਰ ਤੇ ਦੂਰ ਤਕ ਮਾਰ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਦੇ ਬਾਵਜੂਦ ਇਹ ਨੌਜਵਾਨਾਂ ਤੇ ਜਮਹੂਰੀ ਤਾਕਤਾਂ ਦੀ ਜਿੱਤ ਹੈ।

ਇਹ ਜਿੱਤ ‘ਹੋਲੀ’ ਦੇ ਰੂਪ ਵਿਚ ਕਿਵੇਂ ਪ੍ਰਗਟ ਹੋਈ? ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਤਿਉਹਾਰ ਆਪਣੀਆਂ ਧਾਰਮਿਕ ਪਛਾਣਾਂ ਤੋਂ ਆਜ਼ਾਦ ਹੋ ਕੇ ਆਪੋ-ਆਪਣੇ ਖਿੱਤੇ ਦੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਹਨ। ਹੋਲੀ, ਦੀਵਾਲੀ, ਬਸੰਤ, ਨਾਗ-ਪੂਜਾ, ਪਾਣੀ-ਪੂਜਾ ਆਦਿ ਅਜਿਹੇ ਹੀ ਤਿਉਹਾਰ ਹਨ। ਨਾਗ-ਪੂਜਾ ਮੁਸਲਿਮ ਭਾਈਚਾਰੇ ਵਿਚ ਗੁੱਗੇ ਪੀਰ ਦੀ ਪੂਜਾ ਬਣ ਗਈ ਤੇ ਪਾਣੀ-ਪੂਜਾ ਲਈ ਮੁਸਲਿਮ ਲੋਕ-ਮਨ ਵਿਚ ਖਵਾਜਾ ਖਿਜ਼ਰ ਪੈਦਾ ਹੋਇਆ। ਇਤਿਹਾਸਕਾਰ ਡੀਡੀ ਕੋਸੰਬੀ ਅਨੁਸਾਰ ਹੋਲੀ ਇਸ ਖਿੱਤੇ ਦੇ ਲੋਕਾਂ ਦਾ ਬਹੁਤ ਪੁਰਾਤਨ ਤਿਉਹਾਰ ਹੈ; ਧਰਮਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਾ। ਇਹ ਲੋਕਾਂ ਦੇ ਇਕੱਠੇ ਹੋ ਕੇ ਸਮੂਹਿਕ ਖ਼ੁਸ਼ੀ ਮਨਾਉਣ ਦਾ ਆਦਿ-ਤਿਉਹਾਰ ਹੈ ਜਿਸ ਵਿਚ ਹਿੰਦੂ ਧਰਮ ਨਾਲ ਸਬੰਧਿਤ ਮਿੱਥਾਂ ਜੁੜ ਗਈਆਂ ਹਨ।

ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਵਿਦਵਾਨਾਂ ਅਤੇ ਚਿੰਤਕਾਂ ਨੇ ਵੀ ਇਸ ਨੂੰ ਇਸੇ ਰੂਪ ਵਿਚ ਸਮਝਿਆ ਅਤੇ ਆਪਣੀਆਂ ਰਚਨਾਵਾਂ ਵਿਚ ਇਸ ਨੂੰ ਮਨੁੱਖੀ ਬਰਾਬਰੀ, ਮੇਲ-ਮਿਲਾਪ ਤੇ ਸਮੂਹਿਕ ਖ਼ੁਸ਼ੀ ਦੇ ਤਿਉਹਾਰ ਵਜੋਂ ਚਿਤਵਿਆ ਹੈ। ਉੱਨੀਵੀਂ ਸਦੀ ਦੇ ਸੂਫ਼ੀ ਸ਼ਾਇਰ ਮੀਰਾਂ ਸ਼ਾਹ ਜਲੰਧਰੀ ਕਹਿੰਦੇ ਹਨ, ”ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ/ ਕੈਸੇ ਫਾਗ ਮੈਂ ਹੋਰੀ ਖੇਲੂੰਗੀ।” ਭਾਵ ਸੁਣ ਸਖੀ, ਸ਼ਾਮ (ਭਗਵਾਨ ਕ੍ਰਿਸ਼ਨ) ਮੇਰੇ ਘਰ ਨਹੀਂ ਆਏ, ਮੈਂ ਫੱਗਣ ਵਿਚ ਹੋਲੀ ਕਿਵੇਂ ਖੇਡਾਂਗੀ?” ਤੇ ਫਿਰ ਕਹਿੰਦੇ ਨੇ, ”ਚੱਲ ਮੀਰਾਂ ਸ਼ਾਹ ਦਰ ਸਾਬਿਰ ਕੇ/ ਹੋਰੀ ਵਹਾਂ ਖੇਲੂ ਜਹਾਂ ਸ਼ਾਮ ਮਿਲੇ/ ਸਭੀ ਰੰਗ ਬਨਾ ਛੜਕਾਉਂਗੀ।” ਭਾਵ ਮੀਰਾਂ ਸ਼ਾਹ ਚੱਲ ਆਪਣੇ ਗੁਰੂ ਅਲੀ ਅਹਿਮਦ ਸਾਬਿਰ (ਸ਼ੇਖ ਫ਼ਰੀਦ ਦੇ ਜਵਾਈ, ਜਿਨ੍ਹਾਂ ਨੇ ਸਾਬਰੀ (ਚਿਸ਼ਤੀ-ਸਾਬਰੀ) ਸੂਫ਼ੀ ਸਿਲਸਿਲੇ ਦੀ ਨੀਂਹ ਰੱਖੀ) ਦੇ ਦਰ ‘ਤੇ ਚੱਲੀਏ, ਸ਼ਾਮ (ਭਗਵਾਨ ਕ੍ਰਿਸ਼ਨ/ਪਰਮਾਤਮਾ) ਉੱਥੇ ਮਿਲਣਗੇ, ਮੈਂ ਸਾਰੇ ਰੰਗ ਮਿਲਾ ਕੇ ਹੋਲੀ ਖੇਡਾਂਗੀ। ਇਹ ਸਨ ਸਾਡੇ ਵਡੇਰੇ ਚਿੰਤਕ-ਸ਼ਾਇਰ ਜਿਨ੍ਹਾਂ ਦੀ ਸੋਚ ਵਿਚ ਅੱਲ੍ਹਾ, ਭਗਵਾਨ ਕ੍ਰਿਸ਼ਨ, ਸ਼ੇਖ ਫ਼ਰੀਦ, ਹੋਲੀ, ਸਭ ਇਕਮਿਕ ਹੋ ਗਏ; ਪਰਮਾਤਮਾ ਲੋਕਾਈ ਸੀ ਤੇ ਲੋਕਾਈ ਪਰਮਾਤਮਾ। ਮੀਰਾਂ ਸ਼ਾਹ ਦੀ ਮੌਤ (1914) ਦੇ 33 ਸਾਲ ਬਾਅਦ ਉਨ੍ਹਾਂ ਦਾ ਇਕੱਠੇ ਹੋਲੀ ਖੇਡਣ ਵਾਲਾ ਪੰਜਾਬ ਵੰਡ ਦਿੱਤਾ ਗਿਆ।

ਹੋਰੀ ਖੇਲੇ ਸਰਬ ਪੰਜਾਬ

ਪਾਬੰਦੀਆਂ ਲਗਾਉਣ ਵਾਲਿਆਂ ਦਾ ਮੀਰਾਂ ਸ਼ਾਹ ਜਲੰਧਰੀ ਨਾਲ ਕੀ ਵਾਸਤਾ? ਉਨ੍ਹਾਂ ਦਾ ਕੀ ਵਾਸਤਾ ਉੱਨੀਂਵੀ ਸਦੀ ਦੀ ਪੰਜਾਬੀ ਸ਼ਾਇਰਾ ਪੀਰੋ ਨਾਲ; ਇਕ ਦਲਿਤ ਮੁਸਲਮਾਨ ਕੁੜੀ, ਜੋ ਪੜ੍ਹੀ ਲਿਖੀ ਤੇ ਵਿਦਵਾਨ ਬਣੀ, ਲਾਹੌਰ ਵਿਚ ਰੁਲੀ ਤੇ ਫਿਰ ਗੁਲਾਬਦਾਸੀ ਸੰਪਰਦਾਇ ਦੇ ਬਾਨੀ, ਸੰਤ ਗੁਲਾਬ ਦਾਸ ਦੀ ਚੇਲੀ ਤੇ ਸ਼ਾਇਰਾ ਬਣੀ ਤੇ ਜਿਸ ਨੇ ਸਾਰੇ ਪੰਜਾਬ ਨੂੰ ਹੋਲੀ ਖੇਡਦਿਆਂ ਦਰਸਾਇਆ, ”ਹੋਰੀ ਖੇਲੇਂ ਦਾਸ ਗੁਲਾਬ, ਹੋਰੀ ਗੁਰ ਦਰ ਭਈ ਅਜਾਬ/ ਚਲੋ ਸਖੀ ਮਿਲ ਖੇਲੇਂ ਹੋਰੀ, ਹੋਰੀ ਖੇਲੇ ਸਰਬ ਪੰਜਾਬ।” ਸੰਤ ਗੁਲਾਬ ਦਾਸ ਨੇ ਪੀਰੋ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਇਲਾਹੀ ਬਖ਼ਸ਼ ਨਾਲ ਟੱਕਰ ਲਈ ਤੇ ਲਾਹੌਰ ਛੱਡ ਕੇ ਕਸੂਰ ਨੇੜੇ ਚੱਠਿਆਂ ਵਾਲੇ ਵਿਚ ਟਿਕਾਣਾ ਕੀਤਾ; ਪੀਰੋ ਲਿਖਦੀ ਹੈ, ”ਚਠੇ ਨਗਰ ਵਿਚ ਖੇਲ ਖਿਲਾਰੀ, ਚਲੋ ਸਖੀ ਮਿਲ ਪੀਆ ਪਿਆਰੀ/ ਸੰਤ ਅੰਬੀਰ ਗੁਲਾਲ ਉਡਾਵਤ, ਖੇਲਤ ਹੋਰੀ ਆਪ ਮੁਰਾਰੀ।” ਦਲਿਤ ਮੁਸਲਮਾਨ ਕੁੜੀ ਦੇ ਮਨ ਵਿਚ ਸੰਤ ਗੁਲਾਬ ਦਾਸ ਤੇ ਮੁਰਾਰੀ (ਭਗਵਾਨ ਕ੍ਰਿਸ਼ਨ) ਇਕ ਹੋ ਗਏ ਸਨ; ਚੱਠੇ ਨਗਰ ਵਿਚ ਰੰਗ ਲੱਗਿਆ ਸੀ ਤੇ ਪੀਰੋ ਨੇ ਲਿਖਿਆ, ”ਆਜ ਰੰਗ ਹੈ ਚਠੇ ਨਗਰ ਮੋਂ, ਚਲੋ ਸਖੀ ਮਿਲ ਦਰਸਨ ਕਰੋ ਰੀ/ …ਭਰ ਪਿਚਕਾਰੀ ਕੇਸਰ ਡਾਰੀ/ ਰੰਗੀ ਗਈ ਚੁਨਰਯਾ ਕੋਰੀ।” ਪੀਰੋ ਤੇ ਗੁਲਾਬ ਦਾਸ ਦੀ ਹੋਲੀ ਨੂੰ ਨਾਟਕ ‘ਸ਼ਾਇਰੀ’ ਵਿਚ ਇਉਂ ਚਿਤਵਿਆ ਗਿਆ ਹੈ, ”ਚੱਠਿਆਂ ਵਾਲੇ ਨਵੇਂ ਬ੍ਰਜ ਵਿਚ/ ਸਤਿਗੁਰ ਖੇਲਣ ਹੋਲੀ/ ਰੰਗਲੀ ਚੋਲੀ ਪਾ ਮਾਈ ਪੀਰੋ/ ਸ਼ਬਦ ਗੁਰਾਂ ਦਾ ਬੋਲੀ/ ਰੰਗ ਸੁੱਟਣ ਇਕ ਦੂਜੇ ਉੱਤੇ/ ਸੁਰਤੀ ਰੰਗ ਰੰਗੋਲੀ/ ਫੱਗਣ ਮਹੀਨੇ ਮੰਗਲ ਹੋਇਆ/ ਲੀਲ੍ਹਾ ਹੋਈ ਅਬੋਲੀ।”

ਕੀ ਪਾਬੰਦੀਆਂ ਲਗਾਉਣ ਵਾਲੇ ਬੁੱਲ੍ਹੇ ਸ਼ਾਹ, ਮੀਰਾਂ ਸ਼ਾਹ ਜਲੰਧਰੀ ਤੇ ਪੀਰੋ ਦੇ ਨਾਲ ਨਾਲ ਸ਼ਾਹ ਸ਼ਰਫ ‘ਤੇ ਵੀ ਪਾਬੰਦੀ ਲਗਾ ਸਕਦੇ ਹਨ? 15-16ਵੀਂ ਸਦੀ ਵਿਚ ਲਿਖਣ ਵਾਲੇ ਸ਼ਾਹ ਜੀ ਨੇ ਲਿਖਿਆ ਹੈ, ”ਹੋਰੀ ਆਈ ਫਾਗੁ ਸੁਹਾਈ, ਬਿਰਹੁ ਫਿਰੈ ਨਿਸੰਗੁ।। ਉੱਡੜੇ ਕਾਗਾ ਦੇਸੁ ਜੁ ਦੱਛਣ, ਕਬ ਘਰ ਆਵੈ ਕੰਤ।। ਹੋਰੀ ਕੋ ਖੇਲੈ, ਜਾਂ ਕੇ ਪੀਆ ਚਲੇ ਪਰਦੇਸੁ।।੧।। ਰਹਾਉ।। ਹੋਰੀ ਖੇਲਣਿ ਤਿਨ ਕਉ ਭਾਵੈ, ਜਿਨ ਕੇ ਪੀਆ ਗਲ ਬਾਹਿ।।” ਤੇ ਕੀ ਉਹ ਗੁਲਾਮ ਹੁਸੈਨ ‘ਤੇ ਵੀ ਪਾਬੰਦੀ ਲਗਾਉਣਗੇ ਜਿਸ ਨੇ ਆਪਣੇ ਬਾਰਾਮਾਹ ਵਿਚ ਲਿਖਿਆ ਹੈ, ”ਚੜ੍ਹਿਆ ਫਗਣ ਖੇਲ ਰਹੀ ਹੋਲੀ, ਸਈਆਂ ਬੰਨ ਆਈਆਂ ਸਭ ਟੋਲੀ/ ਬੰਦੀ ਸਿਆਮ ਬਿਨਾਂ ਮੈਂ ਡੋਲੀ, ਚਾਦਰ ਜ਼ਰਦ ਨਾ ਰੰਗੀ ਚੋਲੀ।” ਗੁਲਾਮ ਹੁਸੈਨ ਵੀ ਸਿਆਮ (ਸ਼ਾਮ, ਭਗਵਾਨ ਕ੍ਰਿਸ਼ਨ) ਨੂੰ ਯਾਦ ਕਰਦਾ ਤੇ ਹੋਲੀ ਮਨਾਉਂਦਾ ਹੈ। ਉਸ ਦੀ ਹੋਲੀ ਦੇ ਰੰਗ ਦੇਖੋ, ”ਛਣਕਣ ਝਾਂਜਰਾਂ ਕਦਮ ਉਠਾਵਣ/ ਸਈਆਂ ਮਾਣ ਮੱਤੀਆਂ ਆਵਣ/ ਦਸਤੀ (ਹੱਥੀਂ) ਛੱਲੇ ਅਜਬ ਸੁਹਾਵਣ/ ਹੋਰੀ ਖੇਲਣ ਧੁੰਮ ਮਚਾਵਣ/ ਕਰ ਕਰ ਰੰਗ ਗੁਲਾਲ ਉਡਾਵਣ/ ਰਲ ਸੰਗ ਪਿਆਰਿਆਂ।” ਤੇ ਕੀ… ਤੇ ਕੀ ਉਹ ਖ੍ਵਾਜਾ ਗ਼ੁਲਾਮ ਫ਼ਰੀਦ ‘ਤੇ ਵੀ ਪਾਬੰਦੀ ਲਗਾਉਣਗੇ ਜਿਨ੍ਹਾਂ ਨੇ ਹੋਲੀ ਦਾ ਗੀਤ ਇੰਝ ਗਾਇਆ, ”ਕੁੰਜ ਗਲੀ ਮੇਂ ਸ਼ਾਮ ਸੁੰਦਰ ਸੰਗ/ ਹੋਰੀ ਧੂਮ ਮਚਾਊਂ/ ਮੀਤ ਚੀਤ ਪਚਕਾਰੀ ਮਾਰੂੰ/ ਪਰੀਤ ਗੁਲਾਲ ਉਡਾਊਂ।” ਤੇ ਫਿਰ ਲਿਖਿਆ, ”ਬ੍ਰਿੰਦਾ ਬਨ ਮੇਂ ਖੇਲੇ ਹੋਰੀ/ ਸ਼ਾਮ ਦਵਾਰੇ ਮੇਰੋ ਲਾਲ/ ਅਧਰ ਮਧਰ ਬੰਸੀ ਮੂੰ ਬੰਸੀ ਬਾਜੇ/ ਚੌਰਾਸੀ ਲਖ ਸਾਜ ਅਵਾਜੇhellip;/ ਪੀ ਕੇ ਸੰਗ ਪੈ ਸੰਗ ਪਰੇਮ ਕਟੋਰੀ/ ਨਾਚਤ ਗਾਵਤ ਰੰਗਰਸ ਤਾਲ।” ਖ੍ਵਾਜਾ ਗੁਲਾਮ ਫ਼ਰੀਦ ਦੇ ਹੋਲੀ ਬਾਰੇ ਹੋਰ ਵੀ ਕਾਫ਼ੀਆਂ ਹਨ; ਉੱਥੇ ਅੱਲ੍ਹਾ, ਭਗਵਾਨ ਕ੍ਰਿਸ਼ਨ, ਬ੍ਰਿੰਦਾਬਨ, ਹੋਲੀ, ਪਰੇਮ, ਨੱਚਣ-ਗਾਉਣ, ਅਨਹਦ-ਨਾਦ, ਸਭ ਇਕੱਠੇ ਹਨ।

ਸਮਾਜ ਵਿਚ ਧਰਮ ਦਾ ਆਪਣਾ ਮਹੱਤਵ ਹੈ ਪਰ ਸੱਭਿਆਚਾਰ ਤੇ ਭਾਸ਼ਾ ਸਮਾਜ ਦੀਆਂ ਬੁਨਿਆਦੀ ਪਛਾਣਾਂ ਹਨ। ਸੱਭਿਆਚਾਰ ਤੇ ਭਾਸ਼ਾ ਪਹਿਲਾਂ ਪੈਦਾ ਹੁੰਦੇ ਹਨ ਅਤੇ ਧਰਮ ਬਾਅਦ ਵਿਚ। ਕਿਸੇ ਖਿੱਤੇ ਦੀ ਮੌਲਿਕ ਪਛਾਣ ਉਸ ਦੇ ਸੱਭਿਆਚਾਰ ਅਤੇ ਭਾਸ਼ਾ ਵਿਚ ਪਈ ਹੁੰਦੀ ਹੈ; ਧਰਮ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਪਰ ਇਸ ਦੀ ਆਮਦ ਸੱਭਿਆਚਾਰ ਤੇ ਭਾਸ਼ਾ ਤੋਂ ਬਾਅਦ ਹੁੰਦੀ ਹੈ। ਲੋਕ ਧਰਮ ਬਦਲ ਸਕਦੇ ਹਨ ਪਰ ਭਾਸ਼ਾ ਤੇ ਸੱਭਿਆਚਾਰ ਨਹੀਂ। ਧਰਮ ਦੇ ਆਧਾਰ ‘ਤੇ ਪਾਬੰਦੀਆਂ ਲਗਾਉਣ ਵਾਲੇ ਪਾਬੰਦੀਆਂ ਤਾਂ ਲਗਾ ਸਕਦੇ ਹਨ ਪਰ ਉਹ ਸੱਭਿਆਚਾਰ ਤੇ ਭਾਸ਼ਾ ਨੂੰ ਖ਼ਤਮ ਨਹੀਂ ਕਰ ਸਕਦੇ।

ਤਿਉਹਾਰ ਸੱਭਿਆਚਾਰ ਦੇ ਚਿੰਨ੍ਹ ਹੁੰਦੇ ਹਨ। ਕਈ ਤਿਉਹਾਰ ਆਪਣੀਆਂ ਧਾਰਮਿਕ ਪਛਾਣਾਂ ਤੋਂ ਆਜ਼ਾਦ ਹੋ ਕੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਹੋਲੀ ਵੀ ਅਜਿਹਾ ਹੀ ਤਿਉਹਾਰ ਹੈ। ਇਸਲਾਮਾਬਾਦ ਵਿਚ ਮਨਾਈ ਗਈ ਹੋਲੀ ਵਿਚ ਪੰਜਾਬੀ, ਸਿੰਧੀ, ਬਲੋਚ, ਪਖ਼ਤੂਨ, ਸਭ ਭਾਈਚਾਰਿਆਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ ਸੀ। ਮਨੁੱਖੀ ਮਨ ‘ਚੋਂ ਹੁੰਦੇ ਖ਼ੁਸ਼ੀ ਦੇ ਪ੍ਰਗਟਾਵੇ ‘ਤੇ ਪਾਬੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ। ਪਾਬੰਦੀਆਂ ਲਗਾਉਣ ਵਾਲਿਆਂ ਨੂੰ ਆਪਣੇ ਮਨਾਂ ਵਿਚ ਪਈ ਸੌੜੀ ਸੋਚ ‘ਚੋਂ ਪੈਦਾ ਹੁੰਦੀ ਸੜ੍ਹਾਂਦ ਤੇ ਅਣਮਨੁੱਖਤਾ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਜਿੱਤਣਾ ਨਹੀਂ। ਜਿੱਤ ਮਨੁੱਖੀ ਆਜ਼ਾਦੀ ਦੀ ਹੋਣੀ ਹੈ। ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਵਿਚ ਪਾਬੰਦੀਆਂ ਲਗਾਉਣ ਵਾਲੇ ਹਾਵੀ ਹੋ ਰਹੇ ਹਨ। ਮਨੁੱਖੀ ਖ਼ੁਸ਼ੀ, ਹੁਲਾਸ, ਆਨੰਦ, ਮੇਲ-ਮਿਲਾਪ, ਭਾਈਚਾਰਕ ਸਾਂਝ ਤੇ ਮਨੁੱਖੀ ਬਰਾਬਰੀ ਦੇ ਝੰਡਾਬਰਦਾਰਾਂ ਨੂੰ ਇਕੱਠੇ ਹੋ ਕੇ ਪਾਬੰਦੀਆਂ ਲਗਾਉਣ ਵਾਲਿਆਂ ਵਿਰੁੱਧ ਲੜਨਾ ਪੈਣਾ ਹੈ।

(ਬ੍ਰਜ ਭਾਸ਼ਾ ਵਿਚ ‘ਹੋਲੀ’ ਨੂੰ ‘ਹੋਰੀ’ ਲਿਖਿਆ ਜਾਂਦਾ ਹੈ। ਮੱਧਕਾਲੀਨ ਸਮਿਆਂ ਦੇ ਪੰਜਾਬੀ ਸ਼ਾਇਰਾਂ ਨੇ ਵੀ ਇਹੀ ਸ਼ਬਦ ਵਰਤਿਆ ਹੈ। ਬ੍ਰਜ ਵਿਚ ਅਮੀਰ ਖੁਸਰੋ, ਬਹਾਦਰ ਸ਼ਾਹ ਜ਼ਫ਼ਰ ਤੇ ਹੋਰਨਾਂ ਮੁਸਲਿਮ ਸ਼ਾਇਰਾਂ ਨੇ ਹੋਰੀ ‘ਤੇ ਗੀਤ ਲਿਖੇ ਹਨ।)

Advertisement
Tags :
Advertisement