ਲੋਕ ਸਭਾ ਸਪੀਕਰ ਵੱਲੋਂ ਹੁੱਡਾ ਦੀ ਝਾੜ-ਝੰਬ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ ਫਟਕਾਰ ਲਗਾਈ। ਹੁੱਡਾ ਨੇ ਇਹ ਟਿੱਪਣੀਆਂ ਸ਼ਸ਼ੀ ਥਰੂਰ ਵੱਲੋਂ ਸੰਸਦ ਮੈਂਬਰ ਵਜੋਂ ਹਲਫ਼ ਲੈਣ ਮਗਰੋਂ ‘ਜੈ ਹਿੰਦ, ਜੈ ਸੰਵਿਧਾਨ’ ਦਾ ਨਾਅਰਾ ਲਾਏ ਜਾਣ ਮਗਰੋਂ ਕੀਤੀਆਂ ਸਨ। ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਥਰੂਰ ਦੇ ਹਲਫ਼ ਲੈਣ ਮਗਰੋਂ ‘ਜੈ ਸੰਵਿਧਾਨ’ ਦਾ ਨਾਅਰਾ ਲਾਇਆ ਤਾਂ ਬਿਰਲਾ ਨੇ ਕਿਹਾ ਕਿ ਉਹ ਪਹਿਲਾਂ ਹੀ ਸੰਵਿਧਾਨ ਦਾ ਹਲਫ਼ ਲੈ ਰਹੇ ਹਨ। ਇਸ ’ਤੇ ਰੋਹਤਕ ਤੋਂ ਸੰਸਦ ਮੈਂਬਰ ਹੁੱਡਾ ਨੇ ਕਿਹਾ ਕਿ ਸਪੀਕਰ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਸਪੀਕਰ ਨੇ ਕਿਹਾ, ‘‘ਮੈਨੂੰ ਇਹ ਸਲਾਹ ਦੇਣ ਦੀ ਲੋੜ ਨਹੀਂ ਕਿ ਮੈਨੂੰ ਕਿਸ ਗੱਲ ’ਤੇ ਇਤਰਾਜ਼ ਕਰਨਾ ਚਾਹੀਦਾ ਹੈ ਜਾਂ ਕਿਸ ’ਤੇ ਨਹੀਂ। ਆਪਣੀ ਸੀਟ ’ਤੇ ਬੈਠ ਜਾਓ।’’ ਪ੍ਰਿਯੰਕਾ ਗਾਂਧੀ ਵਾਡਰਾ ਨੇ ਹੈਰਾਨੀ ਪ੍ਰਗਟਾਈ ਕਿ ਕੀ ਸੰਸਦ ਵਿੱਚ ‘ਜੈ ਸੰਵਿਧਾਨ’ ਨਹੀਂ ਆਖ ਸਕਦੇ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਸੱਤਾਧਾਰੀ ਧਿਰ ਦੇ ਲੋਕਾਂ ਨੂੰ ਗ਼ੈਰ-ਸੰਸਦੀ ਤੇ ਗ਼ੈਰ-ਸੰਵਿਧਾਨਕ ਨਾਅਰੇ ਲਾਉਣ ’ਤੇ ਰੋਕਿਆ ਨਹੀਂ ਗਿਆ, ਪਰ ਵਿਰੋਧੀ ਧਿਰ ਦੇ ਮੈਂਬਰਾਂ ਦੇ ‘ਜੈ ਸੰਵਿਧਾਨ’ ਦੇ ਨਾਅਰੇ ਲਾਉਣ ’ਤੇ ਇਤਰਾਜ਼ ਜਤਾਇਆ ਗਿਆ।’’ -ਪੀਟੀਆਈ