ਸੂਬਾਈ ਮੁਕਾਬਲੇ ’ਚ ਸਥਾਨ ਬਣਾਉਣ ਵਾਲੀ ਵਿਦਿਆਰਥਣ ਦਾ ਸਨਮਾਨ
ਪੱਤਰ ਪ੍ਰੇਰਕ
ਘਨੌਲੀ, 15 ਫਰਵਰੀ
ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਈ ਗਈ ਰਾਜ ਪੱਧਰੀ ਗਣਿਤ ਪ੍ਰਦਰਸ਼ਨੀ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਹਾਈ ਸਕੂਲ ਚੱਕ ਕਰਮਾ ਦੀ ਵਿਦਿਆਰਥਣ ਨੰਦਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਨੰਦਨੀ ਦੇ ਗਾਈਡ ਅਧਿਆਪਕ ਅਤੇ ਸਕੂਲ ਮੁਖੀ ਓਂਕਾਰ ਸਿੰਘ ਨੇ ਦੱਸਿਆ ਕਿ ਨੰਦਨੀ ਨੇ ਥੀਮ ਨੰਬਰ ਚਾਰ ਅਧੀਨ ‘ਗਣਿਤ ਵਿਸ਼ੇ ਦਾ ਇਨਫਰਮੇਸ਼ਨ ਟੈਕਨਾਲੋਜੀ ਨਾਲ ਸਬੰਧ’ ਤਹਿਤ ਮਾਡਲ ਤਿਆਰ ਕੀਤਾ ਸੀ , ਜਿਸ ਵਿੱਚ ਗੂਗਲ ਮੈਪ ਦਾ ਸਬੰਧ ਗਣਿਤ ਨਾਲ ਦਰਸਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਡਲ ਨੂੰ ਸੂਬਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਅਫਸਰ ਰੇਨੂੰ ਮਹਿਤਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਰੂਪਨਗਰ ਡਾਇਟ ਦੀ ਪ੍ਰਿੰਸੀਪਲ ਮੋਨਿਕਾ ਭਟਾਨੀ, ਪ੍ਰਿੰਸੀਪਲ ਇੰਦੂ ਘਨੌਲੀ, ਪ੍ਰਿੰਸੀਪਲ ਮੇਜਰ ਸਿੰਘ ਦੁੱਗਰੀ, ਪ੍ਰਿੰਸੀਪਲ ਸੰਦੀਪ ਕੌਰ ਸਰਕਾਰੀ ਕੰਨਿਆ ਸਕੂਲ ਰੂਪਨਗਰ, ਪ੍ਰਿੰਸੀਪਲ ਪੂਜਾ ਗੋਇਲ ਲੌਦੀਮਾਜਰਾ ਨੇ ਵਿਦਿਆਰਥਣ ਨੰਦਨੀ ਅਤੇ ਚੱਕ ਕਰਮਾ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਮੁਬਾਰਕਵਾਦ ਦਿੱਤੀ।