ਲੈਫਟੀਨੈਂਟ ਬਣ ਕੇ ਪਿੰਡ ਪਹੁੰਚੇ ਨੌਜਵਾਨ ਦਾ ਸਨਮਾਨ
ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 12 ਜੂਨ
ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿੱਚ ਹੋਈ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਵੱਲੋਂ ਲਈ ਗਈ। ਇਸ ਪਰੇਡ ਵਿੱਚ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਅਤੇ ਹਲਕਾ ਅਮਰਗੜ੍ਹ ਵਿੱਚ ਪੈਂਦੇ ਪਿੰਡ ਖ਼ਾਨਪੁਰ ਦੇ ਨੌਜਵਾਨ ਜ਼ੋਰਾਵਰ ਸਿੰਘ ਗਰੇਵਾਲ ਪੁੱਤਰ ਪ੍ਰਦੀਪ ਸਿੰਘ ਗਰੇਵਾਲ ਨੇ ਰੈਗੂਲਰ ਕਮਿਸ਼ਨ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਜ਼ੋਰਾਵਰ ਸਿੰਘ ਦੇ ਪਿਤਾ ਪ੍ਰਦੀਪ ਸਿੰਘ ਗਰੇਵਾਲ ਸੇਵਾਮੁਕਤ ਬਾਇਓ ਲੈਕਚਰਾਰ ਹਨ ਅਤੇ ਮਾਤਾ ਸੁਮਨਦੀਪ ਕੌਰ ਬਤੌਰ ਲੈਕਚਰਾਰ ਸੇਵਾ ਨਿਭਾ ਰਹੇ ਹਨ। ਜ਼ਿਕਰਯੋਗ ਹੈ ਜ਼ੋਰਾਵਰ ਦੇ ਦਾਦਾ ਜਗਜੀਤ ਸਿੰਘ ਗਰੇਵਾਲ ਭਾਰਤੀ ਫ਼ੌਜ ਦੀ ਈਐੱਮਈ ਵਿਚ ਸੇਵਾ ਨਿਭਾ ਚੁੱਕੇ ਹਨ ਅਤੇ ਅੱਗੋਂ ਉਨ੍ਹਾਂ ਦੇ ਦਾਦਾ ਕਾਹਲ਼ਾ ਸਿੰਘ ਗਰੇਵਾਲ ਲਲਤੋਂ ਇੰਡੀਅਨ ਬ੍ਰਿਟਿਸ਼ ਆਰਮੀ ਵਿੱਚ ਘੋੜ ਸਵਾਰ ਰਹੇ ਤੇ ਜਿਨ੍ਹਾਂ ਨੇ ਬਹਾਦਰੀ ਪੁਰਸਕਾਰ ਹਾਸਲ ਕੀਤੇ। ਜ਼ੋਰਾਵਰ ਸਿੰਘ ਨੇ ਪਹਿਲੀ ਵਾਰ ਐੱਨਡੀਏ ਦਾ ਦਾਖ਼ਲਾ ਟੈਸਟ ਪਾਸ ਕਰ ਲਿਆ। ਜੂਨ 2019 ਤੋਂ ਜੂਨ 2022 ਤੱਕ ਤਿੰਨ ਸਾਲ ਦੀ ਸਖ਼ਤ ਸਿਖਲਾਈ ਲਈ ਪੂਨਾ ਮਹਾਂਰਾਸ਼ਟਰ ਤੋਂ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੀ ਕਰਨ ਉਪਰੰਤ ਇੱਕ ਸਾਲ ਅਫ਼ਸਰ ਸਿਖਲਾਈ ਆਈਐੱਮਏ ਦੇਹਰਾਦੂਨ ਤੋਂ ਪੂਰੀ ਕੀਤੀ। ਲੈਫਟੀਨੈਂਟ ਜ਼ੋਰਾਵਰ ਸਿੰਘ ਗਰੇਵਾਲ ਨੂੰ ਪਹਿਲੀ ਪੋਸਟਿੰਗ 86 ਆਰਮਡ ਰਜਮੈਂਟ ਰਾਜਸਥਾਨ ਵਿੱਚ ਮਿਲੀ ਹੈ। ਜਿੱਥੋਂ ਉਹ ਭਾਰਤੀ ਫੌਜ ਵਿੱਚ ਆਪਣੀ ਪਹਿਲੀ ਮਾਣ-ਮੱਤੀ ਸਰਵਿਸ ਸ਼ੁਰੂ ਕਰੇਗਾ। ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਉਸ ਦੇ ਆਉਣ ਦਾ ਪਤਾ ਲੱਗਿਆ ਪਿੰਡ ਖ਼ਾਨਪੁਰ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਵੱਲੋਂ ਫੁੱਲਾਂ ਅਤੇ ਹਾਰਾਂ ਨਾਲ ਉਸ ਦਾ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ।