ਸੂਬੇ ਦੀ ਮੰਦੀ ਆਰਥਿਕਤਾ ਲਈ ਮਾਨ ਸਰਕਾਰ ਜ਼ਿੰਮੇਵਾਰ: ਕਰੀਮਪੁਰੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਨਵੰਬਰ
ਬਹੁਜਨ ਸਮਾਜ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਤ-ਪਾਤ ਤੋੜਨ ਦਾ ਸੰਕਲਪ ਲੈ ਕੇ ਚੱਲਣ ਵਾਲੀ ਬਹੁਜਨ ਸਮਾਜ ਪਾਰਟੀ ’ਤੇ ਵਿਸ਼ਵਾਸ ਕਰਕੇ ਇਸ ਦੀ ਤਾਕਤ ਬਣਨ ਕਿਉਂਕਿ ਅੱਜ ਤੱਕ ਭਾਜਪਾ ਅਤੇ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਨੇ ਲੋਕਾਂ ਨੂੰ ਤੋੜ ਕੇ ਆਪਣਾ ਸਵਾਰਥ ਪੂਰਾ ਕਰਨ ਲਈ ਕੰਮ ਕੀਤਾ ਹੈ। ਉਹ ਅੱਜ ਸਰਕਟ ਹਾਊਸ ਵਿੱਚ ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਅਤੇ ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਸੂਬਾ ਸਕੱਤਰ ਬਲਵਿੰਦਰ ਬਿੱਟਾ ਤੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਵੀ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਤੇ ਆਰਥਿਕ ਸਥਿਤੀ ਲਗਾਤਾਰ ਮੰਦੀ ਹੋ ਰਹੀ ਹੈ ਜਿਸ ਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ। ਸ੍ਰੀ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਚੰਡੀਗੜ੍ਹ ਦਾ ਮੁੱਦਾ ਬਹੁਤ ਹੀ ਭਾਵਨਾਤਮਕ ਹੈ। ਉਨ੍ਹਾਂ ਚੰਡੀਗੜ੍ਹ ’ਚ ਹਰਿਆਣਾ ਦੀ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਸਖ਼ਤ ਵਿਰੋਧ ਕਰਦਿਆਂ ਕੀਤਾ।