ਖੇਡਾਂ ਵਤਨ ਪੰਜਾਬ ਦੀਆਂ-2: ਜਲੰਧਰ ਵਿੱਚ ਹੋਏ ਬਲਾਕ ਪੱਧਰੀ ਖੇਡ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਸੂਬੇ ਵਿੱਚ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਅੱਜ ਜ਼ਿਲ੍ਹਾ ਜਲੰਧਰ ਵਿੱਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਖਿਡਾਰੀਆਂ ਵਲੋਂ ਆਪਣੀ ਖੇਡ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ, ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਲੋਹੀਆਂ ਬਲਾਕ ਵਿਖੇ ਖੇਡ ਮੁਕਾਬਲਿਆਂ ਦਾ ਉਦਘਾਟਨ ਬਾਬਾ ਸੁਖਜੀਤ ਸਿੰਘ ਸੀਚੇਵਾਲ ਵਲੋਂ ਕੀਤਾ ਗਿਆ। ਇਸੇ ਤਰ੍ਹਾਂ ਬਲਾਕ ਰੁੜਕਾ ਕਲਾਂ ਵਿਖੇ ਖੇਡ ਮੁਕਾਬਲਿਆਂ ਦਾ ਉਦਘਾਟਨ ਪ੍ਰਿੰਸੀਪਲ ਸੁਰਿੰਦਰ ਪਾਲ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਵਲੋਂ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੋਹੀਆਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਖੋ-ਖੋ ਅੰਡਰ-14 ਲੜਕੇ ਵਿਚ ਸੰਤ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਨੇ ਪਹਿਲਾ ਤੇ ਸੀਨੀਅਰ ਸੈਕੰਡਰੀ ਸਕੂਲ ਗਿੱਦੜ ਪਿੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਕਬੱਡੀ ਅੰਡਰ-14 ਸ.ਸੀ.ਸੈਕੰਡਰੀ ਸਕੂਲ ਕਾਹਨਾ ਢੇਸੀਆਂ ਦੀ ਟੀਮ ਨੇ ਪਹਿਲਾ ਅਤੇ ਸ.ਸ.ਸ.ਸਕੂਲ ਸਮਰਾਏ ਜੰਡਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਸਰਕਾਰੀ ਹਾਈ ਸਕੂਲ ਘੁੜਕਾ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਪਠਾਨਕੋਟ ’ਚ ਖੇਡਾਂ ਅੱਜ ਤੋਂ
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰਕਲਾਂ ਅਤੇ ਬਲਾਕ ਘਰੋਟਾ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਭਲਕੇ 1 ਸਤੰਬਰ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰਕੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਸ਼ੁਰੂ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।