For the best experience, open
https://m.punjabitribuneonline.com
on your mobile browser.
Advertisement

ਮੈਤੇਈ ਤੇ ਕੁੱਕੀ ਭਾਈਚਾਰਿਆਂ ਨਾਲ ਵਾਰਤਾ ਕਰੇਗਾ ਗ੍ਰਹਿ ਮੰਤਰਾਲਾ: ਸ਼ਾਹ

07:26 AM Jun 18, 2024 IST
ਮੈਤੇਈ ਤੇ ਕੁੱਕੀ ਭਾਈਚਾਰਿਆਂ ਨਾਲ ਵਾਰਤਾ ਕਰੇਗਾ ਗ੍ਰਹਿ ਮੰਤਰਾਲਾ  ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਨੀਪੁਰ ’ਚ ਸੁਰੱਖਿਆ ਹਾਲਾਤ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕੇਂਦਰੀ ਗ੍ਰਹਿ ਮੰਤਰਾਲਾ ਜਲਦੀ ਤੋਂ ਜਲਦੀ ਮੈਤੇਈ ਤੇ ਕੁੱਕੀ ਦੋਵਾਂ ਭਾਈਚਾਰਿਆਂ ਨਾਲ ਗੱਲਬਾਤ ਕਰੇਗਾ ਤਾਂ ਜੋ ਮਨੀਪੁਰ ’ਚ ਇਸ ਫਿਰਕੂ ਪਾੜੇ ਨੂੰ ਪੂਰਿਆ ਜਾ ਸਕੇ। ਉਨ੍ਹਾਂ ਮਨੀਪੁਰ ’ਚ ਸੁਰੱਖਿਆ ਹਾਲਾਤ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਉੱਤਰ-ਪੂਰਬੀ ਸੂਬੇ ’ਚ ਹਿੰਸਾ ਭੜਕਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇੱਕ ਅਧਿਕਾਰਤ ਬਿਆਨ ਅਨੁਸਾਰ ਗ੍ਰਹਿ ਮੰਤਰੀ ਨੇ ਕਿਹਾ ਕਿ ਲੋੜ ਪੈਣ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਵਧਾਈ ਜਾਵੇਗੀ ਅਤੇ ਉਨ੍ਹਾਂ ਨੂੰ ਸੂਬੇ ’ਚ ਸ਼ਾਂਤੀ ਬਹਾਲ ਕਰਨ ਲਈ ਰਣਨੀਤਕ ਤੌਰ ’ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਸ਼ਾਹ ਨੇ ਇਹ ਵੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਸੂਬੇ ’ਚ ਹਿੰਸਾ ਦੀ ਕੋਈ ਹੋਰ ਘਟਨਾ ਨਾ ਵਾਪਰੇ ਜਿੱਥੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਫਿਰਕੂ ਹਿੰਸਾ ਵਾਪਰ ਰਹੀ ਹੈ। ਬਿਆਨ ਵਿੱਚ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਕਿ ਗ੍ਰਹਿ ਮੰਤਰਾਲਾ ਦੋਵਾਂ ਸਮੂਹਾਂ ਮੈਤੇਈ ਤੇ ਕੁੱਕੀ ਨਾਲ ਗੱਲਬਾਤ ਕਰੇਗਾ ਤਾਂ ਜੋ ਜਲਦੀ ਤੋਂ ਜਲਦੀ ਫਿਰਕੂ ਪਾੜੇ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਮਨੀਪੁਰ ਦੇ ਮੁੱਖ ਸਕੱਤਰ ਨੂੰ ਬੇਘਰੇ ਲੋਕਾਂ ਲਈ ਢੁੱਕਵੀਂ ਸਿਹਤ ਤੇ ਸਿੱਖਿਆ ਸਹੂਲਤ ਅਤੇ ਉਨ੍ਹਾਂ ਦਾ ਮੁੜ ਵਸੇਬਾ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਉੱਤਰ-ਪੂਰਬੀ ਸੂਬੇ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸ਼ਾਹ ਨੇ ਰਾਹਤ ਕੈਂਪਾਂ ਵਿਚਲੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਖਾਸ ਕਰਕੇ ਭੋਜਨ, ਪਾਣੀ, ਦਵਾਈਆਂ ਤੇ ਹੋਰ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਫਿਰਕੂ ਵਿਵਾਦ ਹੱਲ ਕਰਨ ਲਈ ਆਪਸੀ ਤਾਲਮੇਲ ਵਾਲੀ ਪਹੁੰਚ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕੇਂਦਰ ਸਰਕਾਰ ਸੂਬੇ ’ਚ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਕਰਨ ’ਚ ਮਨੀਪੁਰ ਸਰਕਾਰ ਨੂੰ ਸਰਗਰਮੀ ਨਾਲ ਹਮਾਇਤ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੀ ਰਾਜਪਾਲ ਅਨੁਸੂਈਆ ਉਈਕੇ ਵੱਲੋਂ ਇੱਥੇ ਮੁਲਾਕਾਤ ਤੋਂ ਇੱਕ ਦਿਨ ਬਾਅਦ ਗ੍ਰਹਿ ਮੰਤਰੀ ਨੇ ਮਨੀਪੁਰ ਦੇ ਹਾਲਾਤ ਦਾ ਜਾਇਜ਼ਾ ਲਿਆ ਹੈ। ਰਾਜਧਾਨੀ ਇੰਫਾਲ ਤੇ ਜਿਰੀਬਾਮ ’ਚ ਹਿੰਸਾ ਦੀਆਂ ਹੋਰ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਸੂਤਰਾਂ ਨੇ ਦੱਸਿਆ ਕਿ ਸੂਬੇ ਵਿੱਚ ਪਿਛਲੇ ਇਕ ਸਾਲ ਤੋਂ ਹੋ ਰਹੀ ਹਿੰਸਾ ’ਤੇ ਕੇਂਦਰ ਨੇ ਚਿੰਤਾ ਜ਼ਾਹਿਰ ਕੀਤੀ ਹੈ। -ਪੀਟੀਆਈ

Advertisement

ਹਿੰਸਾ ਦੀਆਂ ਨਵੀਆਂ ਘਟਨਾਵਾਂ ਵਾਲੀਆਂ ਥਾਵਾਂ ’ਤੇ ਸੁਰੱਖਿਆ ਦਸਤੇ ਭੇਜੇ

ਮੀਟਿੰਗ ਦੌਰਾਨ ਮਨੀਪੁਰ ਸਰਕਾਰ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿੱਥੇ ਹਿੰਸਾ ਦੀਆਂ ਨਵੀਆਂ ਘਟਨਾਵਾਂ ਵਾਪਰੀਆਂ ਹਨ, ਉੱਥੇ ਵਾਧੂ ਸੁਰੱਖਿਆ ਦਸਤੇ ਭੇਜੇ ਗਏ ਹਨ। ਸੂਬਾ ਸਰਕਾਰ ਵੱਲੋਂ ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ, ਡੀਜੀਪੀ ਰਾਜੀਵ ਸਿੰਘ ਤੇ ਮੁੱਖ ਸਕੱਤਰ ਵਿਨੀਤ ਜੋਸ਼ੀ ਮੀਟਿੰਗ ’ਚ ਹਾਜ਼ਰ ਹੋਏ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਥਲ ਸੈਨਾ ਮੁਖੀ (ਨਾਮਜ਼ਦ) ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ’ਚ ਹਾਜ਼ਰ ਸਨ। ਕੇਂਦਰੀ ਗ੍ਰਹਿ ਮੰਤਰੀ ਅੱਜ ਇਹ ਮੀਟਿੰਗ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਬਾਰੇ ਮੀਟਿੰਗ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ।

Advertisement

Advertisement
Tags :
Author Image

Advertisement