For the best experience, open
https://m.punjabitribuneonline.com
on your mobile browser.
Advertisement

ਬੀਬੀ ਕੋਲ ਬਿਤਾਈਆਂ ਛੁੱਟੀਆਂ

06:12 AM Aug 23, 2024 IST
ਬੀਬੀ ਕੋਲ ਬਿਤਾਈਆਂ ਛੁੱਟੀਆਂ
Advertisement

ਹਰਜੋਤ ਸਿੰਘ ਸਿੱਧੂ

Advertisement

ਸਾਡੇ ਬਚਪਨ ਦੇ ਸਮੇਂ ਦੌਰਾਨ ਗਰਮੀਆਂ ਦੀਆਂ ਛੁੱਟੀਆਂ ਸਭ ਤੋਂ ਵੱਧ ਉਡੀਕੇ ਜਾਣ ਅਤੇ ਖ਼ੁਸ਼ੀਆਂ ਵਾਲੇ ਦਿਨ ਹੁੰਦੇ ਸਨ। ਸਕੂਲ ਦੇ ਦਿਨਾਂ ਦੌਰਾਨ ਜਦੋਂ ਇਹ ਛੁੱਟੀਆਂ ਹੁੰਦੀਆਂ ਸਨ ਤਾਂ ਸਭ ਤੋਂ ਪਹਿਲਾਂ ਜਿਸ ਥਾਂ ’ਤੇ ਮੈਂ ਲੰਬਾ ਸਮਾਂ ਰਹਿਣ ਲਈ ਜਾਂਦਾ, ਉਹ ਮੇਰਾ ਨਾਨਕਾ ਪਿੰਡ ਸੀ। ਉਦੋਂ ਬੱਸ ਦੇ ਸਫ਼ਰ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਸੰਗਤ ‘ਕੈਂਚੀਆਂ’ (ਉਹ ਜਗ੍ਹਾ ਜਿੱਥੇ ਚਾਰੇ ਸੜਕਾਂ ਇੱਕ ਦੂਜੇ ਨੂੰ ਕੱਟਦੀਆਂ ਹੋਣ) ਤੋਂ ਮੈਂ ਲੋਕਲ ਬੱਸ ਵਿੱਚ ਚੜ੍ਹਦਾ ਸੀ ਜੋ ਅੱਗੇ ਮੈਨੂੰ ਮੁੱਖ ਸੜਕ ’ਤੇ ਉੱਥੇ ਉਤਾਰ ਦਿੰਦੀ ਜਿੱਥੇ ਮੇਰਾ ਨਾਨਕਾ ਪਿੰਡ ਸੀ। ਸੰਗਤ ਤੋਂ ਜੋਧਪੁਰ ਰੋਮਾਣਾ ਤੱਕ ਬੱਸ ਦੀ ਟਿਕਟ ਉਸ ਸਮੇਂ ਚਾਰ ਰੁਪਏ ਸੀ। ਮੈਨੂੰ ਲੈਣ ਵਾਸਤੇ ਮੇਰੀ ਨਾਨੀ ਜੀ ਜਿਨ੍ਹਾਂ ਨੂੰ ਸਾਰਾ ਪਿੰਡ ਅਤੇ ਸਾਰੇ ਰਿਸ਼ਤੇਦਾਰ ਪਿਆਰ ਨਾਲ ‘ਬੀਬੀ’ ਕਹਿ ਕੇ ਬੁਲਾਉਂਦੇ ਸਨ, ਬੱਸ ਦੇ ਆਉਣ ਤੋਂ ਪਹਿਲਾਂ ਹੀ ਮੁੱਖ ਸੜਕ ’ਤੇ ਪਹੁੰਚ ਜਾਂਦੇ ਸਨ ਜਿੱਥੇ ਬੱਸ ਰੁਕਦੀ ਸੀ। ਬੀਬੀ ਦੇ ਮਿੱਠੇ ਅਤੇ ਪਿਆਰ ਭਰੇ ਬੋਲ ਹੁਣ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ, ‘‘ਮਾਂ ਸਦਕੇ ਮੇਰਾ ਦੋਹਤਾ ਆਇਆ, ਮੇਰਾ ਜਿਓਣ ਜੋਗਾ, ਲੈ ਮਿੱਠਿਆ ਤੁਸੀ ਤਾਂ ਮਸਾਂ ਆਉਣੇ ਓਂ, ਮੇਰਾ ਸੋਹਣਾ ਪੁੱਤ’’ ਅਤੇ ਹੋਰ ਬਹੁਤ ਕੁਝ।
ਗਰਮੀਆਂ ਦੀਆਂ ਛੁੱਟੀਆਂ ਦੀਆਂ ਦੁਪਹਿਰਾਂ ਵਿੱਚ ਭੋਂਪੂ ਦੀ ਇੱਕ ਅਜਿਹੀ ਆਵਾਜ਼ ਗੂੰਜਣੀ ਜੋ ਸਾਨੂੰ ਗੇਟ ਤੱਕ ਪਹੁੰਚਣ ਲਈ ਮਜਬੂਰ ਕਰ ਦਿੰਦੀ ਸੀ। ਇਹ ਆਵਾਜ਼ ਦੱਸਦੀ ਸੀ ਕਿ ਪਿੰਡ ਵਿੱਚ ਕੁਲਫ਼ੀ ਵਾਲੀ ਰੇਹੜੀ ਆ ਗਈ ਹੈ। ਉਸ ਵਕਤ ਸਭ ਤੋਂ ਵੱਧ ਮਹਿੰਗੀ ਪੰਜ ਰੁਪਏ ਵਾਲੀ ਚੌਕੋ ਬਾਰ ਕੁਲਫ਼ੀ ਸੀ। ਸਭ ਤੋਂ ਸਸਤੀ ਸੰਤਰੇ ਵਾਲੀ ਕੁਲਫ਼ੀ ਇੱਕ ਰੁਪਏ ਦੀ ਅਤੇ ਦੁੱਧ ਵਾਲੀ ਦੋ ਰੁਪਏ ਦੀ ਹੁੰਦੀ ਸੀ ਜੋ ਕਿ ਕਾਗਜ਼ ਵਿੱਚ ਲਪੇਟੀ ਹੁੰਦੀ ਸੀ। ਉਸ ਸਮੇਂ ਇੱਕ ਚੌਕੋ ਬਾਰ ਖਰੀਦਣਾ ਜਾਂ ਖਾਣਾ ਬਹੁਤ ਦੂਰ ਦੀ ਗੱਲ ਸੀ, ਇਸ ਲਈ ਅਸੀਂ ‘ਸੰਤਰੇ ਵਾਲੀ ਕੁਲਫ਼ੀ’ ਨਾਲ ਖ਼ੁਸ਼ ਹੋ ਜਾਂਦੇ ਸੀ। ਮੈਂ ਆਪਣੇ ਭੈਣ ਭਰਾਵਾਂ ਨਾਲ ਕਣਕ ਦੀ ਬਾਲਟੀ ਭਰ ਲੈਣੀ ਕਦੇ ਬੀਬੀ ਦੀ ਇਜਾਜ਼ਤ ਨਾਲ ਅਤੇ ਕਦੇ-ਕਦਾਈਂ ਉਸ ਨੂੰ ਬਿਨਾਂ ਦੱਸੇ, ਦੁੱਧ ਵਾਲੀ ਜਾਂ ਸੰਤਰੇ ਵਾਲੀ ਕੁਲਫ਼ੀ ਖਰੀਦਣ ਲਈ। ਕਦੇ ਕਦੇ ਅਸੀਂ ਬੀਬੀ ਤੋਂ ਪੈਸੇ ਮੰਗਦੇ ਜੋ ਉਹ ਆਪਣੇ ਦੁਪੱਟੇ ਦੇ ਕੋਨੇ ’ਚ ਮਾਰੀਆਂ ਗੰਢਾਂ ਹੌਲੀ ਹੌਲੀ ਖੋਲ੍ਹਦਿਆਂ ਕੱਢਦੀ। ਫੇਰ ਅਸੀਂ ਪਿੰਡ ਦੀ ਦੁਕਾਨ ’ਤੇ ਗੋਲੀ ਵਾਲਾ ਬੱਤਾ, ਇਮਲੀ ਦੇ ਪੈਕੇਟ ਜਾਂ ਗੁਰੂ-ਚੇਲਾ ਨਾਮ ਦੇ ਚਟਪਟੀਆਂ ਗੋਲੀਆਂ ਦੇ ਛੋਟੇ ਪੈਕੇਟ ਖਰੀਦਣ ਲਈ ਜਾਂਦੇ ਸਾਂ।
ਸ਼ਾਮ ਨੂੰ ਬੀਬੀ ਸਾਨੂੰ ਮੱਝਾਂ ਛੱਪੜ ਵਿੱਚ ਲਿਜਾਣ ਦਾ ਹੁਕਮ ਦਿੰਦੀ। ਉਹ ਮਨਮੋਹਕ ਪਲ ਮੈਨੂੰ ਅੱਜ ਵੀ ਯਾਦ ਹਨ ਤੇ ਦਿਲ ਨੂੰ ਸੰਤੁਸ਼ਟੀ ਦਿੰਦੇ ਹਨ। ਨਹਾਉਣ ਤੋਂ ਬਾਅਦ ਇੱਕ ਮੱਝ ਹਮੇਸ਼ਾ ਛੱਪੜ ’ਚੋਂ ਬਾਹਰ ਨਹੀਂ ਆਉਂਦੀ ਸੀ। ਉਹ ਸਾਨੂੰ ਬਹੁਤ ਕਲਪਾਉਂਦੀ। ਛੱਪੜ ਵਿੱਚੋਂ ਬਾਹਰ ਕੱਢਣ ਲਈ ਉਸ ਉੱਤੇ ਢੀਮਾਂ ਮਾਰਦੇ ਪਰ ਉਹ ਛੇਤੀ ਕੀਤੇ ਨਾ ਮੰਨਦੀ। ਫੇਰ ਆਖ਼ਰ ਉਹ ਬਾਹਰ ਨਿਕਲਦੀ ਤੇ ਭੱਜ ਕੇ ਘਰ ਵੱਲ ਚਲੀ ਜਾਂਦੀ। ਸਾਨੂੰ ਇਉਂ ਲੱਗਦਾ ਜਿਵੇਂ ਅਸੀਂ ਕੋਈ ਜੰਗ ਜਿੱਤ ਲਈ ਹੋਵੇ।
ਮੈਂ ਬਚਪਨ ਦੀਆਂ ਇਨ੍ਹਾਂ ਗੱਲਾਂ ਨੂੰ ਬਹੁਤ ਯਾਦ ਕਰਦਾ ਹਾਂ। ਸਵੇਰੇ ਵੇਲੇ ਬੀਬੀ ਨੇ ਕੂੰਡੇ ’ਚ ਘੋਟਣੇ ਨਾਲ ਲਾਲ ਮਿਰਚਾਂ ਵਾਲੀ ਚਟਣੀ ਰਗੜਨੀ, ਜੋ ਕਿ ਦਾਲ ਸਬਜ਼ੀ ਨਾਲ ਖੇਤ ਵਾਲੀ ਰੋਟੀ ਨਾਲ ਭੇਜਣੀ ਹੁੰਦੀ ਸੀ। ਫੇਰ ਅਸੀਂ ਚੁੱਲ੍ਹੇ ਦੇ ਆਲੇ-ਦੁਆਲੇ ਬੈਠ ਕੇ ਆਪਣੀ ਪਸੰਦ ਅਨੁਸਾਰ ਤਿੰਨ ਕੋਨਿਆਂ ਵਾਲੇ ਪਰੌਂਠੇ (ਜਿਨ੍ਹਾਂ ਨੂੰ ਅਸੀਂ ਲੜਾਕੂ ਜਹਾਜ਼ ਕਹਿੰਦੇ ਸਾਂ, ਫ਼ੌਜੀ ਜਹਾਜ਼ ਵਰਗਾ) ਚਟਣੀ, ਲੱਸੀ ਅੱਤੇ ਮੱਖਣ ਨਾਲ ਛਕਦੇ ਜੋ ਮੇਰੀ ਪਿਆਰੀ ਬੀਬੀ ਆਪਣੇ ਥਪਣੇ ’ਤੇ ਥੱਪ ਕੇ ਬਣਾਉਂਦੀ ਸੀ। ਉਨ੍ਹਾਂ ਪਰੌਂਠਿਆਂ ਦਾ ਆਨੰਦ ਵੱਖਰਾ ਹੀ ਸੀ।
ਸਾਡਾ ਪਿੰਡ ਲਗਪਗ ਟਿੱਬਿਆਂ ਵਾਲੇ ਖੇਤਰ ਵਿੱਚ ਸੀ। ਬਚਪਨ ਦੇ ਦਿਨਾਂ ਵਿੱਚ ਮੀਂਹ ਦੀ ਬਹੁਤ ਉਡੀਕ ਹੁੰਦੀ ਸੀ। ਜਿਸ ਦਿਨ ਮੀਂਹ ਪੈਂਦਾ, ਮੈਂ ਭੈਣ ਭਰਾਵਾਂ ਨਾਲ ਮੀਂਹ ਵਿੱਚ ਨਹਾਉਣ ਲੱਗ ਜਾਣਾ। ਉਸੇ ਦਿਨ ਬੀਬੀ ਨੇ ਖੀਰ ਦੇ ਨਾਲ ਪੂੜੇ ਤਿਆਰ ਕਰਨੇ ਜੋ ਅਸੀਂ ਸਾਰੇ ਮੰਜਿਆਂ ’ਤੇ ਬੈਠ ਕੇ ਸੁਆਦ ਨਾਲ ਖਾਂਦੇ। ਉਦੋਂ ਜੇ ਕੋਈ ਸਵੇਰ ਵੇਲੇ ਘਰ ਆਉਂਦਾ ਤਾਂ ਬੀਬੀ ਨੇ ਲੱਸੀ ਪਿਆਉਣੀ। ਜੇ ਕੋਈ ਆਥਣੇ ਆਉਂਦਾ ਤਾਂ ਉਹ ‘ਕਾੜ੍ਹਨੀ’ ਤੋਂ ਦੁੱਧ ਦਾ ਗਿਲਾਸ ਪਿਆਉਂਦੀ, ਜਾਂ ਘਰ ਦੀਆਂ ਬਣੀਆਂ ਪਿੰਨੀਆਂ ਤੇ ਪੰਜੀਰੀ ਤੋਂ ਬਿਨਾਂ ਕਿਸੇ ਨੂੰ ਵਾਪਸ ਨਹੀਂ ਜਾਣ ਦਿੰਦੀ ਸੀ। ਸਾਡੀ ਬੀਬੀ ਬਹੁਤ ਮਿਲਣਸਾਰ ਸੀ। ਮਹਿਮਾਨ ਦੀ ਆਓ ਭਗਤ ਕਰਨਾ ਅਤੇ ਘਰ ਦਾ ਕੰਮ ਹੀ ਉਸ ਲਈ ਨਿੱਤਨੇਮ ਸੀ। ਉਹ ਹਰੇਕ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੀ।
ਬਚਪਨ ਤੇ ਚਾਅ ਭਾਵੇਂ ਕਹਿਣ ਨੂੰ ਦੋ ਸ਼ਬਦ ਨੇ ਪਰ ਬਚਪਨ ਵਿੱਚ ਹਰ ਗੱਲ ਦਾ ਚਾਅ ਹੁੰਦਾ ਸੀ ਅਤੇ ਚਾਅ ਨਾਲ ਹੀ ਬਚਪਨ ਸੀ। ਹੁਣ ਦਾ ਇਹ ਮੋਬਾਈਲ ਯੁੱਗ ਬੱਚਿਆਂ ਤੋਂ ਬਚਪਨ ਖੋਹ ਰਿਹਾ ਹੈ ਅਤੇ ਉਨ੍ਹਾਂ ਦੇ ਹਿੱਸੇ ਸਾਡੇ ਵਾਲੇ ਚਾਅ ਨਹੀਂ ਆਏ। ਗੱਲ ਵੇਲੇ ਵੇਲੇ ਦੀ ਹੁੰਦੀ ਹੈ ਪਰ ਉਸ ਵੇਲੇ ਬੀਬੀ ਕੋਲ ਬਿਤਾਈਆਂ ਗਰਮੀਆਂ ਦੀਆਂ ਛੁੱਟੀਆਂ ਦੀ ਯਾਦ ਹੁਣ ਵੀ ਦਿਲ ਨੂੰ ਠੰਢ ਪਾਉਂਦੀ ਹੈ।
ਸੰਪਰਕ: 98548-00075

Advertisement

Advertisement
Author Image

joginder kumar

View all posts

Advertisement