ਯਾਦਾਂ ਦੇ ਝਰੋਖੇ ’ਚੋਂ
ਡਾ. ਇਕਬਾਲ ਸਿੰਘ ਸਕਰੌਦੀ
ਕਹਾਵਤ ਹੈ ਕਿ ਦੁੱਧ ਦਾ ਫੂਕਿਆ, ਲੱਸੀ ਵੀ ਫੂਕਾਂ ਮਾਰ ਮਾਰ ਪੀਂਦਾ ਹੈ। ਪੰਜ ਸਾਲ ਪਹਿਲਾਂ ਦੀ ਘਟਨਾ ਹੈ। ਉਦੋਂ ਮੈਂ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਿਹਾ ਸਾਂ। ਅੱਧੀ ਛੁੱਟੀ ਵੇਲੇ ਮੈਂ ਸਕੂਲ ਕੰਪਲੈਕਸ ਵਿੱਚ ਲੱਗੇ ਫੁੱਲਾਂ, ਵੇਲ ਬੂਟਿਆਂ ਨੂੰ ਬਹੁਤ ਹੀ ਪਿਆਰ ਅਤੇ ਨੀਝ ਨਾਲ ਵੇਖਦਾ ਸਾਂ। ਕਿਹੜੇ ਬੂਟੇ ਨੂੰ ਪਾਣੀ ਦੀ ਲੋੜ ਹੈ? ਕਿਹੜਿਆਂ ਦੀ ਛੰਗਾਈ ਹੋਣ ਵਾਲੀ ਹੈ? ਕਿਨ੍ਹਾਂ ਦੀ ਗੋਡੀ ਹੋਣ ਵਾਲੀ ਹੈ? ਸਕੂਲ ਵਿੱਚ ਪੂਰੀ ਛੁੱਟੀ ਹੋਣ ਉਪਰੰਤ ਇੱਕ ਘੰਟਾ ਲਾ ਕੇ ਮੈਂ ਇਨ੍ਹਾਂ ਫੁੱਲ ਬੂਟਿਆਂ ਦੀ ਪੂਰੇ ਸ਼ੌਕ ਨਾਲ ਸੇਵਾ ਕਰਦਾ ਸਾਂ। ਇਹੋ ਮੇਰੀ ਰੂਹ ਦੀ ਖ਼ੁਰਾਕ ਸੀ।
ਇੱਕ ਦਿਨ ਅੱਧੀ ਛੁੱਟੀ ਵੇਲੇ ਕਿਸੇ ਅਣਜਾਣ ਨੰਬਰ ਤੋਂ ਮੈਨੂੰ ਫੋਨ ਆਇਆ। ਮੈਂ ਕਾਲ ਅਟੈਂਡ ਨਹੀਂ ਕੀਤੀ। ਅਗਲੇ ਦਿਨ ਫਿਰ ਉਸੇ ਸਮੇਂ ਕਾਲ ਆਈ। ਮੇਰਾ ਟਰੂਕਾਲਰ ਚੱਲਦਾ ਹੋਣ ਕਾਰਨ ਉਸ ਉੱਤੇ ਕਿਸੇ ਬੰਦੇ ਦਾ ਨਾਂ ਦਿਸ ਰਿਹਾ ਸੀ। ਅਣਮੰਨੇ ਜਿਹੇ ਮਨ ਨਾਲ ਮੈਂ ਕਾਲ ਅਟੈਂਡ ਕੀਤੀ। ਕਾਲ ਕਰਨ ਵਾਲੀ ਇੱਕ ਲੜਕੀ ਸੀ ਜੋ ਆਪਣੇ ਆਪ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਰਹਿਣ ਵਾਲੀ ਦੱਸ ਰਹੀ ਸੀ। ਉਸ ਨੇ ਮੈਨੂੰ ਦੱਸਿਆ, ‘‘ਮੈਂ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਹਾਂ। ਮੇਰੇ ਪਿਤਾ ਜੀ ਲੰਮੇ ਸਮੇਂ ਤੋਂ ਬਿਮਾਰ ਹੋਣ ਕਾਰਨ ਬਿਸਤਰ ’ਤੇ ਪਏ ਹਨ। ਮੈਂ ਆਪਣੀ ਮਾਂ, ਬਿਮਾਰ ਪਿਉ ਨਾਲ ਆਪਣੇ ਵਿਆਹੇ ਵਰੇ ਵੱਡੇ ਵੀਰ ਅਤੇ ਭਾਬੀ ਨਾਲ ਰਹਿ ਰਹੀ ਹਾਂ।’’
ਫਿਰ ਉਸ ਮੈਨੂੰ ਕਿਹਾ, ‘‘ਮੈਂ ਅੰਗਰੇਜ਼ੀ ਵਿਸ਼ੇ ਦਾ ਟੈੱਟ ਦਾ ਟੈਸਟ ਕਲੀਅਰ ਕਰਨਾ ਚਾਹੁੰਦੀ ਹਾਂ। ਮੇਰੇ ਕੋਲ ਪੁਸਤਕਾਂ ਖ਼ਰੀਦਣ ਅਤੇ ਕੋਚਿੰਗ ਲੈਣ ਲਈ ਪੈਸੇ ਨਹੀਂ ਹਨ।’’
ਮੈਂ ਉਸ ਨੂੰ ਦੱਸਿਆ, ‘‘ਮੈਂ ਪੰਜਾਬੀ ਵਿਸ਼ੇ ਦਾ ਲੈਕਚਰਾਰ ਰਿਹਾ ਹਾਂ। ਇਸ ਸਬੰਧੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ।’’ ਉਸ ਨੇ ਮੈਨੂੰ ਮੁੜ ਕਿਹਾ, ‘‘ਸਰ ਪਲੀਜ਼, ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਰਾਹੀਂ ਮੇਰੀ ਮਦਦ ਜ਼ਰੂਰ ਕਰੋ ਜੀ। ਮੈਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਹੈ ਸਰ।’’
ਪਤਾ ਨਹੀਂ ਕਿਉਂ, ਅਚਾਨਕ ਮੇਰੇ ਮੂੰਹ ਵਿੱਚੋਂ ਨਿੱਕਲਿਆ, ‘‘ਕੁੜੀਏ! ਸਾਰੀ ਉਮਰ ਤਾਂ ਢਿੱਡੋਂ ਜੰਮੇ ਧੀ-ਪੁੱਤ ਨੀਂ ਯਾਦ ਰੱਖਦੇ। ਫਿਰ ਤੈਨੂੰ ਤਾਂ ਮੈਂ ਨਾ ਜਾਣਾਂ ਨਾ ਬੁੱਝਾਂ।’’
ਖ਼ੈਰ! ਮੈਂ ਉਸ ਨੂੰ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਪੱਕਾ ਵਾਅਦਾ ਤਾਂ ਨਹੀਂ ਕਰਦਾ, ਪਰ ਜੋ ਵੀ ਮੇਰੇ ਕੋਲੋਂ ਹੋ ਸਕਿਆ, ਮੈਂ ਕੋਸ਼ਿਸ਼ ਕਰਾਂਗਾ।
ਸ਼ਾਮ ਨੂੰ ਮੈਂ ਆਪਣੇ ਸ੍ਰੀਮਤੀ ਜੀ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਤੁਰਤ ਫੁਰਤ ਮਸਲੇ ਦਾ ਹੱਲ ਕੱਢਦਿਆਂ ਮੈਨੂੰ ਕਿਹਾ, ‘‘ਤੁਹਾਡਾ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਲੱਗਾ ਹੈ। ਉਸ ਰਾਹੀਂ ਇਸ ਕੁੜੀ ਦੀ ਮਦਦ ਜ਼ਰੂਰ ਕਰੋ। ਨਾਲੇ ਰੱਬ ਨੇ ਤੁਹਾਨੂੰ ਬਥੇਰਾ ਦਿੱਤਾ ਹੈ। ਕੱਲ੍ਹ ਨੂੰ ਬੈਂਕ ਜਾ ਕੇ ਉਸ ਕੁੜੀ ਦੇ ਖ਼ਾਤੇ ਵਿੱਚ ਪੰਦਰਾਂ ਹਜ਼ਾਰ ਰੁਪਏ ਪਵਾ ਦਿਉ। ਵਿਚਾਰੀ ਕੰਨਿਆ ਦੇਵੀ ਹੈ। ਸਾਰੀ ਉਮਰ ਤੁਹਾਨੂੰ ਅਸੀਸਾਂ ਦੇਵੇਗੀ।’’
ਮੈਂ ਉਸੇ ਵੇਲੇ ਯੂਨੀਵਰਸਿਟੀ ਪੜ੍ਹਾਉਂਦੇ ਆਪਣੇ ਦੋਸਤ ਨੂੰ ਫੋਨ ਕੀਤਾ। ਦੋਸਤ ਵੱਲੋਂ ਹਾਮੀ ਭਰੇ ਜਾਣ ’ਤੇ ਮੈਂ ਉਸ ਕੁੜੀ ਨੂੰ ਵੱਟਸਐਪ ’ਤੇ ਮੈਸੇਜ ਲਿਖ ਦਿੱਤਾ ਕਿ ਉਹ ਮੇਰੇ ਦੋਸਤ ਨੂੰ ਫੋਨ ਕਰਕੇ ਯੂਨੀਵਰਸਿਟੀ ਚਲੀ ਜਾਵੇ। ਅਗਲੇ ਦਿਨ ਮੈਂ ਬੈਂਕ ਵਿੱਚ ਜਾ ਕੇ ਕੁੜੀ ਦੇ ਖ਼ਾਤੇ ਵਿੱਚ ਪੰਦਰਾਂ ਹਜ਼ਾਰ ਰੁਪਏ ਪਵਾ ਦਿੱਤੇ।
ਮੁੜ ਮੈਂ ਇਸ ਗੱਲ ਨੂੰ ਭੁੱਲ ਭੁਲਾ ਗਿਆ। ਲਗਪਗ ਇੱਕ ਸਾਲ ਬਾਅਦ ਇੱਕ ਵਿਭਾਗੀ ਮੀਟਿੰਗ ਅਟੈਂਡ ਕਰਨ ਉਪਰੰਤ ਮੈਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸਾਂ। ਆਪਣੇ ਦੋਸਤ ਨੂੰ ਮਿਲਣ ਲਈ ਮੈਂ ਯੂਨੀਵਰਸਿਟੀ ਰੁਕ ਗਿਆ। ਚਾਹ ਪਾਣੀ ਪੀਂਦਿਆਂ ਦੋਸਤ ਨੇ ਮੈਨੂੰ ਦੱਸਿਆ, ‘‘ਤੁਹਾਡੀ ਉਹ ਹੁਸ਼ਿਆਰਪੁਰ ਵਾਲੀ ਕੁੜੀ ਦੀ ਮੈਂ ਪੂਰੀ ਮਦਦ ਕਰ ਦਿੱਤੀ ਸੀ। ਇੱਥੇ ਅੰਗਰੇਜ਼ੀ ਵਿਭਾਗ ਦੇ ਹੈੱਡ ਮੇਰੇ ਜਾਣਕਾਰ ਹਨ। ਉਨ੍ਹਾਂ ਕੋਲ ਹੀ ਉਹ ਕੁੜੀ ਪੜ੍ਹਦੀ ਰਹੀ ਹੈ। ਉਸ ਦਾ ਪੰਦਰਾਂ ਦਿਨਾਂ ਲਈ ਲੜਕੀਆਂ ਦੇ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿੱਤਾ ਸੀ। ਉਸ ਦਾ ਅੰਗਰੇਜ਼ੀ ਦਾ ਟੈੱਟ ਦਾ ਟੈਸਟ ਕਲੀਅਰ ਹੋ ਗਿਆ ਸੀ। ਉਹ ਅੰਗਰੇਜ਼ੀ ਦੀ ਟੀਚਰ ਲੱਗ ਗਈ ਹੈ ਅਤੇ ਕਾਲਜ ਵਿੱਚ ਪ੍ਰੋਫੈਸਰ ਲੱਗੇ ਇੱਕ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ ਹੈ।’’
‘‘ਵਾਹ! ...ਬਹੁਤ ਖ਼ੂਬ। ਪਿਆਰੇ ਦੋਸਤ, ਤੁਹਾਡਾ ਬਹੁਤ-ਬਹੁਤ ਧੰਨਵਾਦ।’’ ਮੈਂ ਖ਼ੁਸ਼ੀ ਵਿੱਚ ਉੱਠ ਕੇ ਆਪਣੇ ਦੋਸਤ ਨੂੰ ਗਲਵੱਕੜੀ ਵਿੱਚ ਘੁੱਟ ਲਿਆ।
ਸ਼ਾਮੀਂ ਛੇ ਵਜੇ ਮੈਂ ਸੰਗਰੂਰ ਆਪਣੇ ਘਰ ਪੁੱਜਾ। ਸ੍ਰੀਮਤੀ ਜੀ ਨੂੰ ਦੱਸਿਆ ਕਿ ਤੁਸੀਂ ਜਿਸ ਹੁਸ਼ਿਆਰਪੁਰ ਵਾਲੀ ਕੁੜੀ ਦੀ ਮਦਦ ਕਰਨ ਲਈ ਮੈਨੂੰ ਕਿਹਾ ਸੀ, ਉਹ ਅੰਗਰੇਜ਼ੀ ਅਧਿਆਪਕ ਲੱਗ ਗਈ ਹੈ ਅਤੇ ਕਾਲਜ ਵਿੱਚ ਪੜ੍ਹਾਉਂਦੇ ਪ੍ਰੋਫੈਸਰ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ ਹੈ। ‘‘ਵਾਹ... ਬਹੁਤ ਖ਼ੁਸ਼ੀ ਵਾਲੀ ਗੱਲ ਹੈ ਇਹ ਤਾਂ। ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਪ੍ਰਿੰਸੀਪਲ ਸਾਹਿਬ। ਪਰ ਕੀ ਅੱਜ ਤੁਹਾਨੂੰ ਉਸ ਕੁੜੀ ਦਾ ਫੋਨ ਆਇਆ ਸੀ?’’
‘‘ਨਹੀਂ... ਨਹੀਂ। ਫੋਨ ਕੋਈ ਨਹੀਂ ਆਇਆ। ਮੈਂ ਤਾਂ ਅੱਜ ਚੰਡੀਗੜ੍ਹ ਤੋਂ ਮੁੜਦਾ ਹੋਇਆ ਪਟਿਆਲੇ ਆਪਣੇ ਮਿੱਤਰ ਪ੍ਰੋਫੈਸਰ ਕੋਲ ਰੁਕ ਗਿਆ ਸੀ। ਉੁਸ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਹਨ।’’ ਮੈਂ ਕਿਹਾ।
‘‘ਚਲੋ ਕੋਈ ਗੱਲ ਨਹੀਂ ਜੀ। ਮੇਰੇ ਫੋਨ ਵਿੱਚ ਉਸ ਕੁੜੀ ਦਾ ਨੰਬਰ ਸੇਵ ਕੀਤਾ ਹੋਇਆ ਹੈ। ਆਪਾਂ ਉਸ ਨੂੰ ਫੋਨ ਉੱਤੇ ਵਧਾਈ ਦਿੰਦੇ ਆਂ। ਨਾਲੇ ਉਹਦੇ ਲਈ ਕੋਈ ਤੋਹਫ਼ਾ ਭੇਜ ਦਿਆਂਗੇ।’’ ਸ੍ਰੀਮਤੀ ਜੀ ਨੇ ਆਖਿਆ। ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਤੋਂ ਉਸ ਕੁੜੀ ਦਾ ਨੰਬਰ ਮਿਲਾਇਆ। ਕੰਪਿਊਟਰ ਤੋਂ ਆਵਾਜ਼ ਆ ਰਹੀ ਸੀ, ‘‘ਇਸ ਨੰਬਰ ਤੋਂ ਤੁਹਾਡਾ ਨੰਬਰ ਬਲਾਕ ਹੈ।’’
ਸ੍ਰੀਮਤੀ ਜੀ ਦੇ ਕਹਿਣ ’ਤੇ ਮੈਂ ਆਪਣੇ ਫ਼ੋਨ ਤੋਂ ਉਸ ਕੁੜੀ ਦਾ ਨੰਬਰ ਮਿਲਾਇਆ। ਤਦ ਵੀ ਕੰਪਿਊਟਰ ਤੋਂ ਉਹੀ ਆਵਾਜ਼ ਆਈ। ਮੈਂ ਤੇ ਸ੍ਰੀਮਤੀ ਜੀ ਇੱਕ ਦੂਜੇ ਵੱਲ ਵੇਖ ਕੇ ਮੁਸਕਰਾ ਪਏ।
ਸੰਪਰਕ: 84276-85020