ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੋਲਾ ਮਹੱਲਾ : ਅਤੀਤ ਤੇ ਵਰਤਮਾਨ

09:11 AM Mar 24, 2024 IST

ਸੁਰਿੰਦਰ ਸਿੰਘ ਤੇਜ

ਬਚਪਨ ਵਿੱਚ ਹੋਲੀ ਕਦੇ ਨਹੀਂ ਸੀ ਖੇਡੀ, ਇਸ ਨਾਲ ਜੁੜੀ ਹੁੱਲੜਬਾਜ਼ੀ ਕਰਕੇ। ਸਾਨੂੰ ਘਰੋਂ ਬਾਹਰ ਹੀ ਨਹੀਂ ਸੀ ਜਾਣ ਦਿੱਤਾ ਜਾਂਦਾ ਇਸ ਦਿਨ। ਅਗਲੇ ਦਿਨ ਹੋਲੇ ਦਾ ਚਾਅ ਵੱਖਰਾ ਹੁੰਦਾ ਸੀ। ਘਰ ਵਿੱਚ ਕੇਸਰੀ ਰੰਗ ਦਾ ਹਲਵਾ ਬਣਦਾ ਸੀ ਅਤੇ ਮਟਰਾਂ ਵਾਲੇ ਚੌਲ ਵੀ। ਦੁਪਹਿਰ ਹੁੰਦਿਆਂ ਹੀ ਪਹਿਲਾਂ ਗੁਰਦੁਆਰੇ ਦੇ ਭਾਈ ਜੀ ਨੂੰ ਸੱਦ ਕੇ ਰੋਟੀ ਖੁਆਈ ਜਾਂਦੀ ਸੀ, ਫਿਰ ਸਾਡਾ ਨੰਬਰ ਲੱਗਦਾ ਸੀ। ਇਸ ਰੀਤ ਨੂੰ ਪਹਿਲੀ ਵਾਰ ਪਿਤਾ ਜੀ ਨੇ ਤੋੜਿਆ। ਉਨ੍ਹਾਂ ਨੇ ਹੋਲੇ ਮੌਕੇ ਪੂਰੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਲਿਜਾਣ ਦਾ ਫ਼ੈਸਲਾ ਲਿਆ। ਇਹ ਸੱਠ ਸਾਲ ਪਹਿਲਾਂ ਦੀ ਗੱਲ ਹੈ। ਬਸ ਰਾਹੀਂ ਲੁਧਿਆਣਿਓਂ, ਆਨੰਦਪੁਰ ਸਾਹਿਬ ਪੁੱਜਦਿਆਂ ਸਾਢੇ ਛੇ ਘੰਟੇ ਲੱਗ ਗਏ। ਉਦੋਂ ਰੋਪੜ ਅਜੇ ਜ਼ਿਲ੍ਹਾ ਨਹੀਂ ਸੀ ਬਣਿਆ। ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੋਇਆ ਕਰਦਾ ਸੀ। ਆਨੰਦਪੁਰ ਸਾਹਿਬ ਤਹਿਸੀਲ ਤੇ ਸਬ ਡਿਵੀਜ਼ਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਸੀ।
ਬੜੀ ਹਰਿਆਲੀ ਸੀ ਇਹ ਗੁਰੂ ਕੀ ਨਗਰੀ। ਬਸ ਤਿੰਨ-ਚਾਰ ਵਾਰ ਨਦੀਆਂ ਵਿੱਚੋਂ ਲੰਘ ਕੇ ਗਈ। ਉਦੋਂ ਪੁਲ ਨਹੀਂ ਸੀ ਬਣੇ ਬਹੁਤੇ। ਗੁਰਧਾਮਾਂ ਦੀਆਂ ਇਮਾਰਤਾਂ ਵੀ ਛੋਟੀਆਂ ਸਨ, ਉਨ੍ਹਾਂ ਦੇ ਵਿਹੜੇ ਵੀ ਬਹੁਤੇ ਵੱਡੇ ਨਹੀਂ ਸਨ। ਸੰਗਮਰਮਰ ਵਿਰਲਾ ਟਾਂਵਾ ਸੀ। ਬਰੋਟੇ ਹਰ ਗੁਰੂ-ਘਰ ਦੇ ਵਿਹੜੇ ਵਿੱਚ ਸਨ। ਬਾਹਰ ਦੂਰ-ਦੂਰ ਤਕ ਕਿੱਕਰ ਤੇ ਕਰੀਰ ਅਤੇ ਸੜਕਾਂ ਦੇ ਦੋਹੀਂ ਪਾਸੇ ਟਾਹਲੀਆਂ ਦੀਆਂ ਕਤਾਰਾਂ ਸਨ। ਹੁਨਾਲ ਦੀ ਸ਼ੁਰੂਆਤ ਹੋਣ ਕਰਕੇ ਹਰ ਪੇੜ-ਪੌਦੇ ’ਤੇ ਨਵੀਆਂ ਕਰੂੰਬਲਾਂ ਫੁੱਟੀਆਂ ਹੋਈਆਂ ਸਨ। ਕਾਦਿਰ ਤੇ ਕੁਦਰਤ ਇਕ-ਮਿੱਕ ਸਨ ਅਤੇ ਰੂਹਾਨੀਅਤ ਦਾ ਪਸਾਰਾ ਸਭ ਪਾਸੇ ਸੀ। ਤਖਤ ਕੇਸਗੜ੍ਹ ਸਾਹਿਬ ਦੇ ਆਸ-ਪਾਸ ਮਾਹੌਲ ਮੇਲੇ ਵਾਲਾ ਹੀ ਸੀ। ਕੇਸਰੀ ਵਾਲਾ ਦਸਤੂਰ ਨਿਸ਼ਾਨ ਸਾਹਿਬਾਂ ਤਕ ਹੀ ਸੀਮਤ ਸੀ, ਖ਼ਾਲਸਈ ਰੰਗ ਅਜੇ ਨੀਲਾ ਹੀ ਸੀ। ਨੀਲੀਆਂ ਪੱਗਾਂ ਤੇ ਨੀਲੀਆਂ ਚੁੰਨੀਆਂ ਹਰ ਪਾਸੇ ਦਿਸਦੀਆਂ ਸਨ। ਨੌਂ ਵਰ੍ਹਿਆਂ ਦਾ ਸੀ ਉਦੋਂ ਮੈਂ; ਇਸੇ ਕਰਕੇ ਸਾਰੀ ਦ੍ਰਿਸ਼ਾਵਲੀ ਅਜੇ ਵੀ ਜ਼ਿਹਨ ਵਿੱਚ ਉੱਕਰੀ ਹੋਈ ਹੈ। ਇਹ ਵੀ ਯਾਦ ਹੈ ਕਿ ਸਰਾਂ ਵਿੱਚ ਕਮਰਾ ਨਹੀਂ ਸੀ ਮਿਲਿਆ ਸਾਨੂੰ, ਪਰ ਪਿਤਾ ਜੀ ਨੇ ਕਿਸੇ ਪੁਰਾਣੀ ਵਾਕਫ਼ੀਅਤ ਦੇ ਜ਼ਰੀਏ ਰੇਲਵੇ ਸਟੇਸ਼ਨ ਦੇ ਇੱਕ ਏਐੱਸਐੱਮ (ਅਸਿਸਟੈਂਟ ਸਟੇਸ਼ਨ ਮਾਸਟਰ) ਦੇ ਘਰ ਵਿੱਚ ਸਾਨੂੰ ਠਹਿਰਾਉਣ ਦਾ ਇੰਤਜ਼ਾਮ ਕਰ ਲਿਆ ਸੀ। ਛੇ ਜਣਿਆਂ ਦੇ ਮਹਿਮਾਨ ਟੱਬਰ ਦੀ ਦੋ ਦਿਨਾਂ ਲਈ ਚਾਕਰੀ ਵੀ ਖ਼ੂਬ ਕੀਤੀ ਸੀ ਉਸ ਮਿਹਰਬਾਨ ਏਐੱਸਐੱਮ ਪਰਿਵਾਰ ਨੇ। ਮੈਨੂੰ ਕਈ ਵਰ੍ਹਿਆਂ ਬਾਅਦ ਇਹ ਪਤਾ ਲੱਗਿਆ ਕਿ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਕੋਈ ਹੀ ਘਰ ਅਜਿਹਾ ਬਚਦਾ ਸੀ ਜਿੱਥੇ ਮਹਿਮਾਨ ਨਾ ਆ ਧਮਕਦੇ ਹੋਣ।
ਹੋਲੇ ਮਹੱਲੇ ਵੇਲੇ ਆਨੰਦਪੁਰ ਸਾਹਿਬ ਦੀ ਅਗਲੀ ਫੇਰੀ 1973 ਵਿੱਚ ਸੰਭਵ ਹੋਈ। ਉਦੋਂ ਤਕ ਇਸ ਗੁਰੂ ਨਗਰੀ ਦਾ ਰੂਪ-ਸਰੂਪ ਬਦਲ ਚੁੱਕਾ ਸੀ। ਹਰਿਆਣਾ ਤੇ ਹਿਮਾਚਲ ਪੰਜਾਬ ਨਾਲੋਂ ਅਲਹਿਦਾ ਹੋ ਕੇ ਨਵੇਂ ਰਾਜਾਂ ਦਾ ਜਾਮਾ ਧਾਰ ਚੁੱਕੇ ਸਨ। ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ। ਆਨੰਦਪੁਰ ਸਾਹਿਬ ਉਨ੍ਹਾਂ ਦਾ ਵਿਧਾਨ ਸਭਾ ਹਲਕਾ ਸੀ, ਹੁਸ਼ਿਆਰਪੁਰ ਪਾਰਲੀਮਾਨੀ ਹਲਕੇ ਦਾ ਹਿੱਸਾ ਪਰ ਹੁਣ ਰੋਪੜ ਜ਼ਿਲ੍ਹੇ ਦਾ ਅੰਗ। ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਵਾਲੀ ਛੱਬ ਹਰ ਪਾਸੇ ਦਿੱਸਣੀ ਸ਼ੁਰੂ ਹੋ ਗਈ ਸੀ। ਗੁਰਧਾਮ ਸੰਗਮਰਮਰੀ ਬਾਣੇ ਨਾਲ ਜਾਂ ਤਾਂ ਲੈਸ ਹੋ ਚੁੱਕੇ ਸਨ ਜਾਂ ਲੈਸ ਹੋ ਰਹੇ ਸਨ। ਪੇੜ-ਪੌਦਿਆਂ ਦਾ ਘਾਣ ਕਰਕੇ ਪਾਰਕਿੰਗਜ਼ ਸਥਾਪਿਤ ਹੋ ਚੁੱਕੀਆਂ ਸਨ। ਗੁਰੂ-ਘਰਾਂ ਦੇ ਵਿਹੜਿਆਂ ਤੋਂ ਬਾਹਰ ਆਧੁਨਿਕ ਗੁਸਲ ਤੇ ਪਖ਼ਾਨੇ ਉਸਰ ਚੁੱਕੇ ਸਨ, ਸ਼ਰਧਾਵਾਨਾਂ ਦੀ ਸੌਖ ਲਈ। ਸਾਡੀ ਬਸ ਲੁਧਿਆਣਿਉਂ ਮਹਿਜ਼ ਸਾਢੇ ਤਿੰਨ ਘੰਟਿਆਂ ਵਿੱਚ ਆਨੰਦਪੁਰ ਸਾਹਿਬ ਪਹੁੰਚ ਗਈ। ਰਾਹ ਵਿੱਚ ਸਿਰਫ਼ ਇੱਕ ਨਦੀ ਵਿੱਚ ਬਣੇ ਨੀਵੇਂ ਜਿਹੇ ਕਾਜ਼ਵੇਅ ਵਿੱਚੋਂ ਇਸ ਨੂੰ ਗੁਜ਼ਰਨਾ ਪਿਆ। ਬਾਕੀ ਸਾਰੀਆਂ ਨਦੀਆਂ-ਨਾਲਿਆਂ ’ਤੇ ਪੁਲ ਉਸਰ ਚੁੱਕੇ ਸਨ। ਆਨੰਦਪੁਰ, ਸ਼ਹਿਰ ਵਾਲੀ ਛੱਬ ਗ੍ਰਹਿਣ ਕਰ ਚੁੱਕਾ ਸੀ ਪਰ ਇਸ ਦੀ ਹਰਿਆਵਲ ਤੇ ਇਮਾਰਤੀ ਨੁਹਾਰ ਉੱਤੇ ਆਧੁਨਿਕਤਾ ਦੀ ਗ਼ਰਦ ਦੀ ਪਹਿਲੀ ਪਰਤ ਹਰ ਪਾਸੇ ਦਿੱਸਣੀ ਸ਼ੁਰੂ ਹੋ ਗਈ ਸੀ। ਦਸਮ ਪਿਤਾ ਨੇ ਜਿਸ ਨਗਰੀ ਵਿੱਚ ਇੱਕ ਚੌਥਾਈ ਸਦੀ ਗੁਜ਼ਾਰੀ ਸੀ, ਉੱਥੇ ਕੁਦਰਤ ਤੇ ਕਾਦਿਰ ਦੀ ਅਲਹਿਦਗੀ ਦੀਆਂ ਨਿਸ਼ਾਨੀਆਂ ਉੱਭਰਨੀਆਂ ਸ਼ੁਰੂ ਹੋ ਗਈਆਂ ਸਨ। ਢੱਕੀਆਂ ਤੇ ਘਾਟੀਆਂ ਵਿੱਚੋਂ ਹਰਿਆਲੀ ਛਾਂਗੀ ਜਾ ਰਹੀ ਸੀ, ਟਿੱਲੇ ਰੇਤੀਲੇ ਨਜ਼ਰ ਆਉਣ ਲੱਗੇ ਸਨ। ਲੜਕਪਨ ਦੇ ਦਿਨ ਸਨ ਉਹ ਮੇਰੇ, ਪਰ ਆਨੰਦਪੁਰ ਸਾਹਿਬ ਦੇ ਮੇਰੇ ਬਚਪਨ ਵਾਲੇ ਹਰੇ-ਭਰੇ ਅਕਸ ਵਿੱਚ ਪਏ ਚਿੱਬਾਂ ਤੋਂ ਮੈਨੂੰ ਮਾਯੂਸੀ ਹੋਈ ਸੀ। ਮਾਯੂਸੀ ਦੀ ਇੱਕ ਹੋਰ ਵਜ੍ਹਾ ਵੀ ਸੀ: ਸਿਆਸੀ ਕਾਨਫਰੰਸਾਂ ਦੇ ਲਾਊਡ ਸਪੀਕਰਾਂ ਤੋਂ ਫ਼ਿਜ਼ਾ ਵਿੱਚ ਫੈਲਾਈ ਜਾ ਰਹੀ ਸਮਾਜਿਕ ਕੁੜੱਤਣ। ਇਸੇ ਕੁਸੈਲੇਪਣ ਨੇ ਇੱਕ ਦਹਾਈ ਤੋਂ ਵੀ ਘੱਟ ਸਮੇਂ ਦੇ ਅੰਦਰ ਪੰਜਾਬ ਵਿੱਚ ਸਿਆਹ ਦਿਨਾਂ ਦੀ ਆਮਦ ਦਾ ਰਾਹ ਪੱਧਰਾ ਕੀਤਾ। ਕਲਗੀਧਰ ਨੇ ਹੋਲਾ ਮਹੱਲਾ ਉਤਸਵ ਜਿਸ ਆਸ਼ੇ ਨਾਲ ਸ਼ੁਰੂ ਕੀਤਾ ਸੀ, ਉਸ ਦਾ ਉਲਟ-ਫੇਰ ਸਨ ਉਹ ਸਿਆਹ ਦਿਨ।
* * *

Advertisement

ਕਿਲ੍ਹਾ ਹੋਲਗੜ੍ਹ ਦਾ ਬਾਹਰੀ ਝਲਕ।

ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਹੋਲਾ ਮਹੱਲਾ ਉਤਸਵ ਦੀ ਆਰੰਭਤਾ ਖਾਲਸਈ ਬੀਰ-ਰਸ ਨੂੰ ਆਨੰਦਮਈ ਰੂਪ ਪ੍ਰਦਾਨ ਕਰਨ ਲਈ ਕੀਤੀ। ਇਸ ਉਤਸਵ ਦੇ ਉਦਗ਼ਮ ਬਾਰੇ ਇਤਿਹਾਸਕ ਸਿੱਖ ਸਰੋਤ ਬਹੁਤੀ ਜਾਣਕਾਰੀ ਨਹੀਂ ਦਿੰਦੇ, ਨਾ ਹੀ ਗੁਰੂ ਸਾਹਿਬ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਵਿੱਚੋਂ ਸਿੱਧੇ ਤੌਰ ’ਤੇ ਕੋਈ ਪ੍ਰਮਾਣ ਮਿਲਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਵਿੱਚ ਦਰਜ ਸੰਖੇਪ ਜਿਹੇ ਇੰਦਰਾਜਾਂ ਮੁਤਾਬਿਕ ਗੁਰੂ ਗੋਬਿੰਦ ਨੇ ਖ਼ਾਲਸੇ ਨੂੰ ਸ਼ਸਤਰ ਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਹੋਲਾ ਮਹੱਲਾ ਮਨਾਉਣ ਦੀ ਰੀਤ ਚਲਾਈ ਸੀ। ‘‘ਸਿੰਘਾਂ ਦੇ ਦਲ ਬਣਾ ਕੇ ਪ੍ਰਧਾਨ ਸਿੰਘ ਦੇ ਅਧੀਨ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ (ਗੁਰੂ ਸਾਹਿਬ) ਇਸ ਮਸਨੂਈ ਜੰਗ ਦੇ ਕਰਤਬਾਂ ਨੂੰ ਆਪ ਦੇਖਦੇ ਅਤੇ ਦੋਵਾਂ ਦਲਾਂ ਨੂੰ ਸ਼ੁਭ ਸਿੱਖਿਆ ਦਿੰਦੇ। ਜੋ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ।’’ ਹੋਲਗੜ੍ਹ ਕਿਲ੍ਹੇ ਵਾਲੀ ਥਾਂ ਸੰਮਤ 1757 ਚੇਤ ਵਦੀ ਪਹਿਲੀ (1701 ਈਸਵੀ) ਨੂੰ ਹੋਲਾ ਖੇਡਣ ਦੀ ਰੀਤ ਦਸਮੇਸ਼ ਪਿਤਾ ਨੇ ਚਲਾਈ ਸੀ।
ਮਹਾਨ ਕੋਸ਼ ਵਿੱਚ ਹੀ ‘ਮਹੱਲਾ’ ਵਾਲੇ ਇੰਦਰਾਜ ਮੁਤਾਬਿਕ ਮਹੱਲਾ ਕੱਢਣਾ ਜਾਂ ਮਹੱਲਾ ਚੜ੍ਹਨਾ ਤੋਂ ਭਾਵ ਹੈ ‘‘ਨਗਾਰੇ ਨਿਸ਼ਾਨ ਸਹਿਤ ਖ਼ਾਲਸਾ ਦਲ ਨੂੰ ਸੱਜ-ਧੱਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਦੁਆਰੇ ਤੱਕ ਫ਼ੌਜੀ ਢੰਗ ਨਾਲ ਲਿਜਾਣਾ।’’ ਇਸ ਅਮਲ ਨੂੰ ਕਾਵਿਕ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:
ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗ਼ਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰ ਅਰੁ ਕਰ ਦੋਨਾ ਟੋਲਾ ਹੈ,
ਸੁਭਟ ਸੁਚਾਲਾ ਅਰੁ ਲਖ ਬਾਹਾਂ ਕਲਗਾ ਸਿੰਘ ਸੁਚੇਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।
(ਕਾਵਿ ਨਿਹਾਲ ਸਿੰਘ)
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ (ਭਾਗ ਪਹਿਲਾ) ਵਿੱਚ ਪ੍ਰੋ. ਕਰਤਾਰ ਸਿੰਘ ਦੀ ਲਿਖਤ ਅਨੁਸਾਰ, ‘‘ਸ੍ਰੀ ਦਸਮੇਸ਼ ਜੀ ਨੇ ਇਹ (ਹੋਲਾ ਮਹੱਲਾ) ਤਿਉਹਾਰ ਮਨਾਉਣ ਦਾ ਨਵਾਂ ਤਰੀਕਾ ਆਰੰਭ ਕੀਤਾ ਜੋ ਉੱਚੀ, ਸੁੱਚੀ, ਆਜ਼ਾਦ ਤੇ ਸੂਰਬੀਰ ਕੌਮ ਲਈ ਢੁਕਵਾਂ ਤੇ ਸ਼ੋਭਨੀਕ ਸੀ। ਹੋਲੀਆਂ ਦੇ ਦਿਨ ਸਵੇਰ ਦੇ ਦੀਵਾਨ ਮਗਰੋਂ ਕਵੀ ਦਰਬਾਰ ਲੱਗਦੇ ਤੇ ਰਾਗ ਸਭਾਵਾਂ ਹੁੰਦੀਆਂ ਸਨ। ਚੋਣਵੇਂ ਕਵੀ, ਢਾਡੀ, ਕੀਰਤਨੀਏ ਤੇ ਰਾਗੀ ਆਪੋ-ਆਪਣੇ ਜੌਹਰ ਵਿਖਾਉਂਦੇ ਸਨ। ਲੌਢੇ ਪਹਿਰ ਤਾਕਤ ਤੇ ਬਹਾਦਰੀ ਦੇ ਕਰਤਬ, ਫ਼ੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ ਸਨ। ਗੁਲਾਬ ਦੇ ਪ੍ਰੇਮਮਈ ਛੋਟੇ ਤੇ ਖੁਸ਼ਬੂਦਾਰ ਬਸੰਤੀ ਤੇ ਗੁਲਾਬੀ ਅਲਤੇ ਦੀ ਵਰਖਾ ਕੀਤੀ ਜਾਂਦੀ ਸੀ। ਸਾਰਾ ਦਿਨ ਖ਼ੁਸ਼ੀਆਂ ਤੇ ਉਤਸ਼ਾਹ ਵਿੱਚ ਲੰਘ ਜਾਂਦਾ ਸੀ, ਦਿਲਾਂ ਵਿੱਚ ਉਕਰ ਰਹੀਆਂ ਨਵੀਆਂ ਤਾਂਘਾਂ ਤੇ ਨਵੀਂ ਜਿੰਦ-ਜਾਨ ਦੀ ਰੌ ਠਾਠਾਂ ਮਾਰਦੀ ਉੱਠਦੀ ਸੀ, ਜੀਕੁਰ ਕੁਦਰਤ ਵਿੱਚ ਹਰੇਕ ਰੁੱਖ-ਬੂਟੇ ਦੇ ਅੰਗ-ਅੰਗ ਵਿੱਚ ਪੁੰਗਰਦਾ ਖਿੜਾਓ ਜਾਰੀ ਹੋ ਜਾਂਦਾ ਹੈ।’’
ਉਹ ਇਹ ਵੀ ਲਿਖਦੇ ਹਨ ਕਿ ‘‘ਹੋਲੀ ਤੋਂ ਅਗਲਾ ਦਿਨ ਖ਼ਾਸ ਉਤਸ਼ਾਹ, ਸ਼ਾਨ, ਸੱਜ-ਧੱਜ ਤੇ ਤਿਆਰੀ ਨਾਲ ਮਨਾਇਆ ਜਾਂਦਾ ਸੀ। ਇਸ ਦਾ ਨਾਂ ਗੁਰੂ ਜੀ ਨੇ ‘ਹੋਲਾ ਮਹੱਲਾ’ ਰੱਖਿਆ। ਗੁਰੂ ਜੀ ਆਪਣੀ ਫ਼ੌਜ ਨੂੰ ਦੋਂਹ ਹਿੱਸਿਆਂ ਜਾਂ ਜਥਿਆਂ ਵਿੱਚ ਵੰਡ ਲੈਂਦੇ ਸਨ। ਦੋਹਾਂ ਦੀ ਵਰਦੀ ਵੱਖਰੀ ਵੱਖਰੀ ਹੁੰਦੀ ਸੀ। ਇੱਕ ਜਥਾ ਇੱਕ ਹਵੇਲੀ ਜਾਂ ਵਲਗਣ ਵਿੱਚ ਡੇਰਾ ਲਾ ਲੈਂਦਾ ਸੀ ਜਿਸ ਨੂੰ ਕਿਲ੍ਹਾ ਸਮਝਿਆ ਜਾਂਦਾ ਸੀ। ਦੂਜਾ ਜਥਾ ਗੁਰੂ ਜੀ ਦੀ ਕਮਾਨ ਹੇਠ ਉਸ ਕਿਲ੍ਹੇ ਨੂੰ ਸਰ ਕਰਨ ਲਈ ਪੂਰੀ ਸਜ-ਧਜ ਤੇ ਜੋਸ਼-ਉਤਸ਼ਾਹ ਨਾਲ ਚੜ੍ਹਾਈ ਕਰਕੇ ਆਉਂਦਾ ਸੀ। ਖ਼ੂਬ ਡਟਵੀਂ ਝੂਠੀ ਲੜਾਈ ਹੁੰਦੀ ਸੀ। ...ਦੋਹਾਂ ਪਾਸਿਆਂ ਦੇ ਨਿੱਕੇ ਵੱਡੇ ਮੁਖੀਏ ਆਪੋ ਆਪਣੀ ਯੋਗਤਾ ਵਰਤਦੇ ਵਿਖਾਉਂਦੇ ਸਨ। ਅੰਤ ਨੂੰ ਕਿਲ੍ਹਾ ਸਰ ਹੋ ਜਾਂਦਾ ਸੀ। ਇਸ ਜਿੱਤ ਨੂੰ ਮਨਾਉਣ ਦਾ ਅਨੋਖਾ ਢੰਗ ਗੁਰੂ ਜੀ ਨੇ ਤੋਰਿਆ ਸੀ। ਬਹੁਤ ਸਾਰਾ ਕੜਾਹ ਪ੍ਰਸ਼ਾਦ ਸਾਫ਼-ਸੁਥਰੀ ਥਾਂ ’ਤੇ ਸਾਫ਼-ਸੁਥਰੀਆਂ ਚਾਦਰਾਂ ਉੱਪਰ ਰੱਖਿਆ ਜਾਂਦਾ ਸੀ। ਸਿੱਖਾਂ ਨੂੰ ਹੁਕਮ ਹੁੰਦਾ ਸੀ ਕਿ ਸਾਰੇ ਹੱਲਾ ਕਰ ਕੇ, ਜਿੰਨਾ ਕਿਸੇ ਦੀ ਹਿੰਮਤ ਹੋਵੇ ਜਾਂ ਜਿੰਨਾ ਕਿਸੇ ਦਾ ਦਾਓ ਲੱਗੇ, ਖਾ ਲਵੇ। ਨਾਲ ਹੀ ਕਰੜੀ ਤਾੜਨਾ ਹੁੰਦੀ ਸੀ ਕਿ ਪ੍ਰਸ਼ਾਦ ਦੀ ਬੇਅਦਬੀ ਨਾ ਹੋਵੇ ਤੇ ਲੁੱਟ-ਖਸੁੱਟ ਜਾਂ ਖੋਹਾ-ਖਾਹੀ ਨਾ ਹੋਵੇ...। ਇਸ ਤਰ੍ਹਾਂ ਬੜਾ ਮੌਜ ਮੇਲਾ ਬਣਦਾ ਸੀ।’’ (ਪੰਨਾ 413)
ਗੁਰੂ ਸਾਹਿਬ ਦੇ ਜੀਵਨ ਕਾਲ ਦੌਰਾਨ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਤਿੰਨ ਵਰ੍ਹੇ 1701 ਤੋਂ 1703 ਈਸਵੀ ਤਕ ਹੀ ਮਨਾਇਆ ਜਾ ਸਕਿਆ। 1704 ਵਿੱਚ ਮੁਗ਼ਲ ਹਕੂਮਤ ਤੇ ਪਹਾੜੀ ਰਾਜਿਆਂ ਨਾਲ ਖ਼ਾਲਸਈ ਫ਼ੌਜਾਂ ਦੇ ਯੁੱਧਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਮਗਰੋਂ ਸਿੱਖਾਂ ਦੇ ਦਮਨ ਦਾ ਸਿਲਸਿਲਾ ਅੱਧੀ ਸਦੀ ਚੱਲਦਾ ਰਿਹਾ। ਆਨੰਦਪੁਰ ਸਾਹਿਬ ਖਾਲਸਈ ਜਸ਼ਨਾਂ ਤੋਂ ਮਹਿਰੂਮ ਹੋ ਗਿਆ। ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਮੁਤਾਬਿਕ ‘ਭੂਰਿਆਂ ਵਾਲਿਆਂ’ ਦੇ ਰਾਜੇ ਬਣਨ ਤੇ ਮੁਗ਼ਲਾਂ ਦੇ ‘ਜ਼ਹਿਰ ਪਿਆਲੇ ਪੀਣ’ ਦੇ ਦਿਨ 1740ਵਿਆਂ ਵਿੱਚ ਦਿੱਸਣੇ ਸ਼ੁਰੂ ਹੋ ਗਏ ਸਨ। ਦਲ ਖਾਲਸਾ ਦੀਆਂ ਸਫ਼ਾਂ ਦਿਨੋ ਦਿਨ ਮਜ਼ਬੂਤ ਹੋਣ ਲੱਗੀਆਂ ਸਨ। ਅਫ਼ਗਾਨ ਹੁਕਮਰਾਨ ਅਹਿਮਦ ਸ਼ਾਹ ਅਬਦਾਲੀ ਵਾਰ ਵਾਰ ਦਿੱਲੀ ਜਾਂ ਲਾਹੌਰ ਆ ਕੇ ਆਪਣੀ ਪੈਂਠ ਬਰਕਰਾਰ ਰੱਖਣ ਦੇ ਯਤਨ ਕਰਦਾ ਰਿਹਾ, ਪਰ ਹਰ ਵਾਰ ਉਸ ਦੇ ਕਾਬੁਲ ਪਰਤਦਿਆਂ ਹੀ ਸਿੱਖ ਜਥੇ, ਮੁਕਾਮੀ ਫ਼ੌਜਦਾਰਾਂ ਨੂੰ ਗੋਡੇ ਟੇਕਣ ਵਾਸਤੇ ਮਜਬੂਰ ਕਰਦੇ ਰਹੇ। 1757 ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠਲੇ ਦਲ ਖਾਲਸਾ ਨੇ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਪਰੰਪਰਾ ਸੁਰਜੀਤ ਕੀਤੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਦਾ ਜਲੌਅ ਬਰਕਰਾਰ ਚਲਿਆ ਆ ਰਿਹਾ ਹੈ।
* * *
ਹੋਲਾ ਮਹੱਲਾ ਹੁਣ ਕੇਂਦਰੀ ਟੂਰਿਜ਼ਮ ਮੰਤਰਾਲੇ ਵੱਲੋਂ ਰਾਸ਼ਟਰੀ ਉਤਸਵਾਂ ਜਾਂ ਰਾਸ਼ਟਰੀ ਮੇਲਿਆਂ ਦੇ ਵਰਗ ਵਿੱਚ ਸ਼ੁਮਾਰ ਹੈ। ਆਨੰਦਪੁਰ ਸਾਹਿਬ ਵੀ ਭਾਰਤ ਦੇ ਪ੍ਰਮੁੱਖ ਟੂਰਿਸਟ ਕੇਂਦਰਾਂ ਵਾਲਾ ਦਰਜਾ ਗ੍ਰਹਿਣ ਕਰ ਚੁੱਕਾ ਹੈ। ਕੁਝ ਸਾਲ ਪਹਿਲਾਂ ਤਕ ਰਾਜਸੀ ਕਾਨਫਰੰਸਾਂ, ਸਸਤੀ ਕਿਸਮ ਦੀ ਤੋਹਮਤਬਾਜ਼ੀ ਦਾ ਅਖਾੜਾ ਬਣੀਆਂ ਰਹਿੰਦੀਆਂ ਸਨ। ਕੁਝ ਸੁਹਿਰਦ ਯਤਨਾਂ ਸਦਕਾ ਇਹ ਰੁਝਾਨ ਹੁਣ ਨਾਂ-ਮਾਤਰ ਹੋ ਕੇ ਰਹਿ ਗਿਆ ਹੈ ਪਰ ਰਾਜਸੀ ਵਰਕਰਾਂ ਦੀਆਂ ਹੇੜਾਂ ਘੱਟ ਜਾਣ ਦਾ ਅਸਰ ਹੋਲੇ ਮਹੱਲੇ ਲਈ ਜੁੜਦੀ ਹਾਜ਼ਰੀ ਉੱਤੇ ਨਹੀਂ ਪਿਆ। 1999 ਵਿੱਚ ਖਾਲਸਾ ਸਾਜਨਾ ਤ੍ਰੈਸ਼ਤਾਬਦੀ ਦੌਰਾਨ ਸ਼ਹਿਰ ਦੀ ਜੋ ਕਾਇਆ ਕਲਪ ਹੋਈ, ਉਸ ਨੇ ਸੈਲਾਨੀਆਂ ਤੇ ਸ਼ਰਧਾਵਾਨਾਂ ਲਈ ਸੁਖ-ਸਹੂਲਤਾਂ ਵਧਾਈਆਂ ਵੀ ਖ਼ੂਬ ਹਨ। ਖਾਲਸਾ ਵਿਰਾਸਤ ਕੰਪਲੈਕਸ ਸੱਚਮੁੱਚ ਅਜੂਬੇ ਵਾਲਾ ਪ੍ਰਭਾਵ ਦਿੰਦਾ ਹੈ। ਸੁਖ-ਸਹੂਲਤਾਂ ਹੋਰ ਸੁਧਾਰਨ ਤੇ ਇਨ੍ਹਾਂ ਨੂੰ ਭਵਿੱਖਮੁਖੀ ਬਣਾਉਣ ਦੇ ਯਤਨ ਨਿਰੰਤਰ ਜਾਰੀ ਹਨ। ਪਰ ਕੀ ਏਨਾ ਕਰਨਾ ਹੀ ਕਾਫ਼ੀ ਹੈ?
ਖ਼ਾਲਸਾ ਸਾਜਨਾ ਤ੍ਰੈਸ਼ਤਾਬਦੀ ਤੋਂ ਚੰਦ ਦਿਨ ਬਾਅਦ ਇਸੇ ਅਖ਼ਬਾਰ ਵਿੱਚ ਛਪੇ ਇੱਕ ਮਜ਼ਮੂਨ ਵਿੱਚ ਇਸ ਕਲਮ-ਝਰੀਟ ਨੇ ਲਿਖਿਆ ਸੀ ਕਿ ਸਮੁੱਚੇ ਆਨੰਦਪੁਰ ਸਾਹਿਬ ਨੂੰ ਜਿਹੜਾ ਸਫ਼ੇਦ ਬਾਣਾ ਪਹਿਨਾਇਆ ਗਿਆ ਹੈ, ਉਸ ਦੇ ਪਿਛੋਕੜ ਵਿੱਚ ਚੜ੍ਹਦਾ ਸੂਰਜ ਬਹੁਤ ਰੂਪਹਿਲਾ ਲੱਗਦਾ ਚਾਹੀਦਾ ਹੈ, ਗ਼ਰਦੀਲਾ ਨਹੀਂ। ਵਿਕਾਸ ਦੇ ਨਾਂ ’ਤੇ ਨਿੱਕੀਆਂ ਪਹਾੜੀਆਂ, ਟਿੱਲਿਆਂ ਤੇ ਜੰਗਲ-ਬੇਲਿਆਂ ਦੀ ਜੋ ਦੁਰਦਸ਼ਾ ਕੀਤੀ ਗਈ ਹੈ, ਉਸ ਨੇ ਹਵਾ ਤੇ ਫ਼ਿਜ਼ਾ ਨੂੰ ਪਲੀਤ ਕਰਕੇ ਸੂਰਜ ਦੀ ਚਮਕ ਵੀ ਖੋਹ ਲਈ ਹੈ ਅਤੇ ਗੁਰੂ ਘਰਾਂ ਦੇ ਗੁੰਬਦਾਂ ਦਾ ਸੁਨਹਿਰਾਪਣ ਵੀ ਮਟਮੈਲਾ ਬਣਾ ਦਿੱਤਾ ਹੈ। ਕੀ ਅਖੌਤੀ ਵਿਕਾਸ ਅਥਾਰਟੀਆਂ ਵੱਲੋਂ ਇਸ ਪਾਸੇ ਧਿਆਨ ਦਿੱਤਾ ਜਾਵੇਗਾ?
ਧਿਆਨ ਅਜੇ ਤਕ ਨਹੀਂ ਦਿੱਤਾ ਗਿਆ ਬਲਕਿ ਹਰ ਹੋਲੇ ਮਹੱਲੇ ’ਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਕੀਰਤਪੁਰ ਸਾਹਿਬ (ਜਿੱਥੇ ਹੋਲਾ ਮਹੱਲਾ ਆਨੰਦਪੁਰ ਸਾਹਿਬ ਤੋਂ ਤਿੰਨ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ) ਵਿਖੇ ਵੀ ਨਵੀਆਂ ਆਰਜ਼ੀ ਪਾਰਕਿੰਗਜ਼ ਸਥਾਪਤ ਕਰਨ ਵਾਸਤੇ ਦਰਖ਼ਤਾਂ ਤੇ ਵੇਲ-ਬੂਟਿਆਂ ਦੀ ਕਟਾਈ-ਛੰਗਾਈ ਬੇਕਿਰਕੀ ਨਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ। ‘ਬਲਿਹਾਰੀ ਕੁਦਰਤਿ ਵਸਿਆ’ ਦਾ ਸੰਕਲਪ, ਸਿੱਖੀ ਜ਼ਮੀਰ ਤੇ ਸੁਹਜ ਦਾ ਹਿੱਸਾ ਮੰਨਿਆ ਜਾਂਦਾ ਹੈ ਪਰ ਇਸ ਨੂੰ ਮੂਰਤੀਮਾਨ ਕਰਨ ਦਾ ਹਰ ਅਵਸਰ ਜਾਂ ਹਰ ਵੰਗਾਰ ਸਾਡੇ ਰਾਜਸੀ, ਪ੍ਰਸ਼ਾਸਕੀ ਤੇ ਧਾਰਮਿਕ ਸਰਬਰਾਹਾਂ ਵੱਲੋਂ ਨਜ਼ਰਅੰਦਾਜ਼ ਕੀਤੀ ਜਾਂਦੀ ਰਹੀ ਹੈ। ਕੀ ਇਹ ਕੁਝ ਅਫ਼ਸੋਸਨਾਕ ਨਹੀਂ?
ਕਲਗੀਧਰ ਨੇ ਹੋਲਾ ਮਹੱਲਾ ਮਨਾਉਣ ਲਈ ਹੋਲਗੜ੍ਹ ਕਿਲ੍ਹੇ ਵਾਲੀ ਥਾਂ ਦੀ ਚੋਣ ਇਸ ਕਰਕੇ ਕੀਤੀ ਸੀ ਕਿ ਉੱਥੇ ਤਿੰਨ ਦਿਨਾਂ ਦੇ ਹੋ-ਹੱਲੇ ਨਾਲ ਆਨੰਦਪੁਰ ਸਾਹਿਬ ਦੀ ਵਾਤਾਵਰਣਕ ਸ਼ੁੱਧਤਾ ਤੇ ਫ਼ਿਜ਼ਾਈ ਤਵਾਜ਼ਨ ’ਤੇ ਬਹੁਤ ਬੁਰਾ ਅਸਰ ਨਹੀਂ ਸੀ ਪੈਂਦਾ। ਉਸ ਥਾਂ ’ਤੇ ਜੰਗਲ-ਬੇਲੇ ਨਹੀਂ ਸਨ, ਝਾੜ-ਝੱਖੜ ਹੀ ਸਨ। ਉਨ੍ਹਾਂ ਨੂੰ ਸਾਫ਼ ਕਰਨਾ ਔਖਾ ਵੀ ਨਹੀਂ ਸੀ ਅਤੇ ਇੱਕ ਮੀਂਹ ਮਗਰੋਂ ਉਨ੍ਹਾਂ ਦੀ ਵਾਪਸੀ ਵੀ ਸਹਿਜੇ ਹੀ ਹੋ ਜਾਂਦੀ ਸੀ। ਅਜਿਹੀ ਵਾਤਾਵਰਣਕ ਵਿਉਂਤਬੰਦੀ ਅਗਲੇ ਸਮਿਆਂ ਦੌਰਾਨ ਨਦਾਰਦ ਹੁੰਦੀ ਗਈ। ਹੁਣ ਤਾਂ ਅਜਿਹੀ ਵਿਉਂਤਬੰਦੀ ਬਾਰੇ ਸੋਚਿਆ ਤਕ ਨਹੀਂ ਜਾਂਦਾ। ਇਹੋ ਸਾਡੇ ਸਮਿਆਂ ਦਾ ਕੁਸੈਲਾ ਸੱਚ ਹੈ।

Advertisement
Advertisement