For the best experience, open
https://m.punjabitribuneonline.com
on your mobile browser.
Advertisement

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ

09:19 PM Mar 26, 2024 IST
ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ
Advertisement

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 26 ਮਾਰਚ
ਇੱਥੇ ਅੱਜ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇੱਕ ਅਨੁਮਾਨ ਮੁਤਾਬਕ ਹੁਣ ਤੱਕ 20 ਲੱਖ ਤੋਂ ਵੱਧ ਸੰਗਤ ਨੇ ਇੱਥੇ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰ ਘਰਾਂ ਵਿੱਚ ਹਾਜ਼ਰੀ ਲਗਵਾਈ।

Advertisement

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਦਬਾਉਣ ਲਈ ਮੁੱਢ ਤੋਂ ਹੀ ਯਤਨ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਧਰਮ ਪ੍ਰਚਾਰ ਕਰਨ ਵਾਲੇ ਸਿੰਘਾਂ ’ਤੇ ਐੱਨਐੱਸਏ ਲਗਾ ਕੇ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਹਰ ਸਿੱਖ ਗੁਨਾਹ ਕਰੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹੁਣ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਓ ਕਿ ਜੁਝਾਰੂ ਬੰਦੀ ਸਿੰਘ, ਡਬਿਰੂਗੜ੍ਹ ਜੇਲ੍ਹ ਵਿੱਚ ਬੰਦ ਸਿੰਘਾਂ ਅਤੇ ਪੰਜਾਬ ਦੀ ਕਿਸਾਨੀ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਕਰਨ ਵਾਲਿਓ ਇਹ ਤਾਂ ਦੱਸੋ ਕਿ ਉਨ੍ਹਾਂ ਦਾ ਤੇ ਕੌਮ ਦਾ ਕਸੂਰ ਕੀ ਹੈ।

ਹੋਲਾ ਮਹੱਲਾ ਮੌਕੇ ਨਿਹੰਗ ਸਿੰਘ ਫੌਜਾਂ ਦੇ ਜੰਗਜੂ ਕਰਤਬਾਂ ਦੌਰਾਨ ਘੋੜਿਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਅੱਧੀ ਦਰਜਨ ਤੋਂ ਵਧ ਸ਼ਰਧਾਲੂ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਤੀਰ ਵੱਜਣ ਕਾਰਨ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਜ਼ਖਮੀਆਂ ਵਿਚੋਂ ਸੱਤ ਨੂੰ ਮੁਢਲੀ ਡਾਕਟਰੀ ਸਹਾਇਤਾ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਅਮਨਦੀਪ ਸਿੰਘ ਪੁੱਤਰ ਏਕਮ ਸਿੰਘ (35) ਵਾਸੀ ਪਿੰਡ ਗੋਬਿੰਦਪੁਰ ਜੋ ਤੀਰ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ, ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

Advertisement
Author Image

Advertisement
Advertisement
×