For the best experience, open
https://m.punjabitribuneonline.com
on your mobile browser.
Advertisement

ਲੜਾਈ ਜਿੱਤਣ ਲਈ ਸਿੱਧਾ ਹੁਕਮਰਾਨਾਂ ਨਾਲ ਲੜਨ ਦਾ ਹੋਕਾ

07:35 AM Apr 09, 2024 IST
ਲੜਾਈ ਜਿੱਤਣ ਲਈ ਸਿੱਧਾ ਹੁਕਮਰਾਨਾਂ ਨਾਲ ਲੜਨ ਦਾ ਹੋਕਾ
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਪਿਆਰਾ ਲਾਲ ਗਰਗ । -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਪਰੈਲ
‘‘ਇਹ ਇਕ ਅਟੱਲ ਸੱਚਾਈ ਹੈ ਜਿਸ ਦਾ ਇਤਿਹਾਸ ਗਵਾਹ ਹੈ ਕਿ ਕੋਈ ਵੀ ਲੜਾਈ ਪਿਆਦਿਆਂ ਨਾਲ ਲੜ ਕੇ ਨਹੀਂ ਜਿੱਤੀ ਜਾਂਦੀ। ਜਿੱਤਣ ਲਈ ਹਮੇਸ਼ਾ ਮੱਥਾ ਹੁਕਮਰਾਨਾਂ ਨਾਲ ਲਾਉਣਾ ਪੈਂਦਾ ਹੈ। ਇਹ ਲੜਾਈ ਚੁਣੌਤੀ ਭਰੀ ਹੁੰਦੀ ਹੈ ਜਿਸ ’ਚ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਹਨ ਪਰ ਅਖੀਰ ਜਿੱਤ ਲੋਕਾਂ ਦੀ ਅਤੇ ਸੱਚਾਈ ਦੀ ਹੁੰਦੀ ਹੈ।’’ ਇਹ ਪ੍ਰਗਟਾਵਾ ਇਥੇ ਰੋਟਰੀ ਭਵਨ ਵਿੱਚ ਵੱਖ-ਵੱਖ ਜਥੇਬੰਦੀਆਂ ਵਲੋਂ ‘ਅਜੋਕੀ ਸਿਆਸਤ ਤੇ ਲੋਕਤੰਤਰ ਨੂੰ ਖ਼ਤਰਾ’ ਵਿਸ਼ੇ ’ਤੇ ਕਰਵਾਏ ਜਾਗਰੂਕਤਾ ਭਾਸ਼ਣ ’ਚ ਡਾ. ਪਿਆਰਾ ਲਾਲ ਗਰਗ ਨੇ ਕੀਤਾ। ਉਨ੍ਹਾਂ ਕਿਸਾਨ ਅੰਦੋਲਨ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਇਸ ਲਾਮਿਸਾਲ ਅੰਦੋਲਨ ਨੇ ਸਾਬਤ ਕੀਤਾ ਹੈ ਕਿ ਹੁਕਮਰਾਨਾਂ ਨਾਲ ਸਿੱਧੀ ਟੱਕਰ ਲੈ ਕੇ ਹੀ ਜਿੱਤ ਹਾਸਲ ਹੁੰਦੀ ਹੈ। ਜੇਕਰ ਕਿਸਾਨ ਪਿਆਦਿਆਂ ਨਾਲ ਹੀ ਗੱਲਬਾਤ ਕਰਦੇ ਰਹਿੰਦੇ ਤਾਂ ਇਹ ਕਿਸੇ ਤਣ-ਪੱਤਣ ਨਹੀਂ ਸੀ ਲੱਗਣੀ। ਪਰ ਕਿਸਾਨ ਆਗੂਆਂ ਨੇ ਬੜੀ ਸੂਝਬੂਝ ਨਾਲ ਕੇਂਦਰੀ ਹਕੂਮਤ ਨਾਲ ਸਿੱਧੀ ਗੱਲਬਾਤ ਦੇ ਨਾਲ-ਨਾਲ ਜਨਤਕ ਦਬਾਅ ਬਣਾਈ ਰੱਖਿਆ, ਜਿਸ ਕਰ ਕੇ ਇਕ ਸਾਲ ਬਾਅਦ ਜਾ ਕੇ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਡਾ. ਗਰਗ ਨੇ ਕਿਹਾ ਕਿ ਹੁਣ ਵੀ ਕੁਝ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢਿਆ ਜਿਸ ਨੂੰ ਓਨੀ ਸਫ਼ਲਤਾ ਨਹੀਂ ਮਿਲੀ ਕਿਉਂਕਿ ਸਾਰੀਆਂ ਧਿਰਾਂ ਇਕਜੁੱਟ ਨਹੀਂ ਸਨ। ਲੋਕਤੰਤਰ ਨੂੰ ਬਚਾਉਣ ਲਈ ਉਨ੍ਹਾਂ ਸਾਰੀਆਂ ਧਿਰਾਂ ਅਤੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਅੱਜ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ। ਸਮਾਜ ’ਚ ਵੱਧ ਰਹੀ ਨਾਬਰਾਬਰੀ ਅਤੇ ਫਿਰਕਾਪ੍ਰਸਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣਾ ਹੋਵੇਗਾ ਨਹੀਂ ਤਾਂ ਜਲਦ ਹੀ ਭਿਆਨਕ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਕੁਝ ਤਾਕਤਾਂ ਸਿਰਫ ਵੋਟਾਂ ਲਈ ਫਿਰਕਾਪ੍ਰਸਤੀ ਦਾ ਜ਼ਹਿਰ ਘੋਲ ਰਹੀਆਂ ਹਨ। ਉਨ੍ਹਾਂ ਸਿਆਸੀ ਧਿਰਾਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਸੂਬਾਈ ਆਗੂ ਗੁਰਦੀਪ ਸਿੰਘ ਮੋਤੀ, ਗੁਰਮੇਲ ਸਿੰਘ ਰੂਮੀ ਤੇ ਅਵਤਾਰ ਸਿੰਘ ਆਦਿ ਦੇ ਯਤਨਾਂ ਸਦਕਾਂ ਕਰਵਾਏ ਸਮਾਗਮ ’ਚ ਕਾਮਰੇਡ ਜਗਰੂਪ ਨੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇਸ਼ ਦੀ ਪੂੰਜੀ ਦੋ ਫ਼ੀਸਦੀ ਲੋਕਾਂ ਦੇ ਹੱਥ ’ਚ ਜਾਣ ਨੂੰ ਦੇਸ਼ ਲਈ ਘਾਤਕ ਦੱਸਿਆ। ਇਸ ਮੌਕੇ ਕਾਮਰੇਡ ਰਾਮਜੀ ਦਾਸ, ਪ੍ਰਸ਼ੋਤਮ ਲਾਲ ਖਲੀਫਾ, ਐਡਵੋਕੇਟ ਸੰਤੋਖ ਦਿਓਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ, ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਕੈਪਟਨ ਪੂਰਨ ਗਗੜਾ, ਭੁਪਿੰਦਰ ਬਰਾੜ, ਸੰਤੋਖ ਗਿੱਲ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

Advertisement

Advertisement
Author Image

Advertisement
Advertisement
×