ਹਾਕੀ: ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਮਸਕਟ ਪਹੁੰਚੀ
ਬੰਗਲੂਰੂ:
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਏਸ਼ੀਆ ਕੱਪ ’ਚ ਆਪਣਾ ਖਿਤਾਬ ਕਾਇਮ ਰੱਖਣ ਲਈ ਅੱਜ ਮਸਕਟ ਪਹੁੰਚ ਗਈ ਹੈ। ਜੂਨੀਅਰ ਏਸ਼ੀਆ ਕੱਪ 7 ਤੋਂ 15 ਦਸੰਬਰ ਤੱਕ ਖੇਡਿਆ ਜਾਵੇਗਾ। ਭਾਰਤ ਐਤਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਇਸ ਟੂਰਨਾਮੈਂਟ ਵਿੱਚ ਸਿਖਰਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਭਾਰਤ ਨੂੰ ਚੀਨ, ਮਲੇਸ਼ੀਆ, ਥਾਈਲੈਂਡ ਅਤੇ ਬੰਗਲਾਦੇਸ਼ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ, ਜਦਕਿ ਪੂਲ ‘ਬੀ’ ਵਿੱਚ ਦੱਖਣੀ ਕੋਰੀਆ, ਜਪਾਨ, ਚੀਨੀ ਤਾਇਪੇ, ਹਾਂਗਕਾਂਗ ਅਤੇ ਸ੍ਰੀਲੰਕਾ ਸ਼ਾਮਲ ਹਨ। ਭਾਰਤੀ ਟੀਮ ਦੀ ਕਪਤਾਨ ਜਯੋਤੀ ਸਿੰਘ ਅਤੇ ਉਪ ਕਪਤਾਨ ਸਾਕਸ਼ੀ ਰਾਣਾ ਹੈ। ਟੀਮ ਵਿੱਚ ਨੌਜਵਾਨ ਖਿਡਾਰਨਾਂ ਦੇ ਨਾਲ ਸੀਨੀਅਰ ਟੀਮ ਦਾ ਹਿੱਸਾ ਰਹਿ ਚੁੱਕੀਆਂ ਖਿਡਾਰਨਾਂ ਵੀ ਸ਼ਾਮਲ ਹਨ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਜਯੋਤੀ ਨੇ ਕਿਹਾ, ‘ਅਸੀਂ ਇਸ ਟੂਰਨਾਮੈਂਟ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰੇ ਅਤੇ ਉਤਸ਼ਾਹਿਤ ਹਾਂ। ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਟੀਮ ਮਸਕਟ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ।’ -ਪੀਟੀਆਈ