ਹਾਕੀ: ਲੁਧਿਆਣਾ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 13 ਨਵੰਬਰ
ਇੱਥੋਂ ਦੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ-78 ਵਿੱਚ ਚੱਲ ਰਹੀਆਂ 44ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਮੁਕਾਬਲੇ ਹੋਏ। ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ ਨੇ ਦੱਸਿਆ ਕਿ ਨੈਸ਼ਨਲ ਸਟਾਈਲ ਕਬੱਡੀ ਕੁੜੀਆਂ ਵਿੱਚ ਪਟਿਆਲਾ ਨੇ ਤੀਜਾ ਸਥਾਨ ਕੀਤਾ। ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਵਿਚਕਾਰ ਫ਼ਾਈਨਲ ਭਲਕੇ ਖੇਡਿਆ ਜਾਵੇਗਾ। ਮੁੰਡਿਆਂ ਦਾ ਫਾਈਨਲ ਬਠਿੰਡਾ ਅਤੇ ਸੰਗਰੂਰ ਵਿਚਕਾਰ ਹੋਵੇਗਾ। ਲੜਕੀਆਂ ਦੀ ਹਾਕੀ ਦਾ ਫਾਈਨਲ ਮੁਕਾਬਲਾ ਲੁਧਿਆਣਾ ਨੇ ਬਠਿੰਡਾ ਨੂੰ ਹਰਾ ਕੇ ਜਿੱਤਿਆ ਜਦੋਂਕਿ ਤੀਜੇ ਸਥਾਨ ’ਤੇ ਰੂਪਨਗਰ ਜ਼ਿਲ੍ਹਾ ਰਿਹਾ। ਹਾਕੀ ਮੁੰਡਿਆਂ ਵਿੱਚ ਤੀਜਾ ਸਥਾਨ ਜਲੰਧਰ ਨੇ ਪ੍ਰਾਪਤ ਕੀਤਾ ਜਦੋਂਕਿ ਫਾਈਨਲ ਮੁਕਾਬਲਾ ਗੁਰਦਾਸਪੁਰ ਅਤੇ ਲੁਧਿਆਣਾ ਵਿਚਕਾਰ ਹੋਵੇਗਾ। ਜਿਮਨਾਸਟਿਕ ਮੁੰਡਿਆਂ ਦੀਆਂ ਵੱਖ ਵੱਖ ਵਰਗਾਂ ਵਿੱਚ ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਨੇ ਅਧਿਆਪਕਾਂ, ਡਿਊਟੀ ਸਟਾਫ਼ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡੀਈਓ ਐਲੀਮੈਂਟਰੀ ਪ੍ਰੇਮ ਕੁਮਾਰ ਮਿੱਤਲ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।