ਹਾਕੀ: ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਸਲੀਮਾ ਕਰੇਗੀ ਭਾਰਤ ਦੀ ਅਗਵਾਈ
ਨਵੀਂ ਦਿੱਲੀ, 28 ਅਕਤੂਬਰ
ਬਿਹਾਰ ਵਿੱਚ ਨਵੇਂ ਬਣੇ ਰਾਜਗੀਰ ਹਾਕੀ ਸਟੇਡੀਅਮ ’ਚ 11 ਤੋਂ 20 ਨਵੰਬਰ ਤੱਕ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਅੱਜ ਸਲੀਮਾ ਟੇਟੇ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵਨੀਤ ਕੌਰ ਨੂੰ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੇ ਪਿਛਲੇ ਸਾਲ ਰਾਂਚੀ ਵਿੱਚ ਖੇਡੇ ਗਏ ਟੂਰਨਾਮੈਂਟ ’ਚ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਵਿੱਚ ਟੀਮ ਨੂੰ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੀਨ, ਜਪਾਨ, ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਸਮੇਤ ਪੰਜ ਹੋਰ ਦੇਸ਼ਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਭਾਰਤ 11 ਨਵੰਬਰ ਨੂੰ ਮਲੇਸ਼ੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਟੀਮ ਦੀ ਚੋਣ ਅਤੇ ਟੂਰਨਾਮੈਂਟ ਲਈ ਉਨ੍ਹਾਂ ਦੀ ਤਿਆਰੀ ਬਾਰੇ ਸਲੀਮਾ ਨੇ ਕਿਹਾ, ‘ਇੱਕ ਹੋਰ ਵੱਡੇ ਟੂਰਨਾਮੈਂਟ ਵਿੱਚ ਟੀਮ ਦੀ ਅਗਵਾਈ ਕਰਨਾ ਸ਼ਾਨਦਾਰ ਅਹਿਸਾਸ ਹੈ। ਅਸੀਂ ਸਖ਼ਤ ਮਿਹਨਤ ਕੀਤੀ ਹੈ। ਸਾਡਾ ਉਦੇਸ਼ ਆਪਣੇ ਖਿਤਾਬ ਬਚਾਉਣਾ ਹੈ।’
ਟੀਮ ਵਿੱਚ ਗੋਲਕੀਪਰ ਦੀ ਭੂਮਿਕਾ ਤਜਰਬੇਕਾਰ ਸਵਿਤਾ ਅਤੇ ਬਿਚੂ ਦੇਵੀ ਖਰੀਬਾਮ ਨਿਭਾਉਣਗੀਆਂ। ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਉਦਿਤਾ, ਜੋਤੀ, ਇਸ਼ਿਕਾ ਚੌਧਰੀ, ਸੁਸ਼ੀਲਾ ਚਾਨੂ ਪੁਖਰਮਬਮ ਅਤੇ ਵੈਸ਼ਨਵੀ ਵਿੱਠਲ ਫਾਲਕੇ ਨੂੰ ਸੌਂਪੀ ਗਈ ਹੈ। ਮਿਡਲ ਲਾਈਨ ਵਿਚ ਟੇਟੇ ਦੇ ਨਾਲ, ਨੇਹਾ, ਸ਼ਰਮੀਲਾ ਦੇਵੀ, ਮਨੀਸ਼ਾ ਚੌਹਾਨ, ਸੁਨੇਲਿਤਾ ਟੋਪੋ ਅਤੇ ਲਾਲਰੇਮਸਿਆਮੀ ਟੀਮ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ। ਫਾਰਵਰਡ ਲਾਈਨ ਵਿੱਚ ਨਵਨੀਤ ਕੌਰ, ਸੰਗੀਤਾ ਕੁਮਾਰੀ, ਦੀਪਿਕਾ, ਪ੍ਰੀਤੀ ਦੂਬੇ ਅਤੇ ਬਿਊਟੀ ਡੁੰਗਡੁੰਗ ਸ਼ਾਮਲ ਹਨ। ਸੁਸ਼ੀਲਾ ਅਤੇ ਬਿਊਟੀ ਸੱਟਾਂ ਤੋਂ ਉਭਰ ਕੇ ਟੀਮ ’ਚ ਵਾਪਸੀ ਕਰ ਰਹੀਆਂ ਹਨ। -ਪੀਟੀਆਈ