For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤ ਤੇ ਜਰਮਨੀ ਵਿਚਾਲੇ ਮੁਕਾਬਲਾ ਅੱਜ

07:45 AM Aug 06, 2024 IST
ਹਾਕੀ  ਭਾਰਤ ਤੇ ਜਰਮਨੀ ਵਿਚਾਲੇ ਮੁਕਾਬਲਾ ਅੱਜ
Advertisement

ਪੈਰਿਸ, 5 ਅਗਸਤ
ਓਲੰਪਿਕ ਵਿੱਚ 44 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਦੇ ਰਾਹ ’ਤੇ ਭਾਰਤੀ ਹਾਕੀ ਟੀਮ ਮੰਗਲਵਾਰ ਨੂੰ ਸੈਮੀ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਦਾ ਸਾਹਮਣਾ ਕਰੇਗੀ। ਬਰਤਾਨੀਆ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਦਸ ਖਿਡਾਰੀਆਂ ਤੱਕ ਸੀਮਤ ਹੋਣ ਦੇ ਬਾਵਜੂਦ ਭਾਰਤੀ ਟੀਮ ਨੇ ਜਿਸ ਤਰ੍ਹਾਂ ਹਿੰਮਤ ਅਤੇ ਹੁਨਰ ਦਾ ਪ੍ਰਦਰਸ਼ਨ ਕਰਕੇ ਮੁਕਾਬਲਾ ਪੈਨਲਟੀ ਸ਼ੂਟਆਊਟ ਤੱਕ ਖਿੱਚਿਆ, ਉਹ ਕਾਬਲ-ਏ-ਤਾਰੀਫ਼ ਹੈ। ਟੋਕੀਓ ਓਲੰਪਿਕ ਵਿੱਚ ਕਾਂਸੇ ਦੇ ਤਗ਼ਮੇ ਲਈ ਮੈਚ ਵਿੱਚ ਜਰਮਨੀ ਦੀ ਪੈਨਲਟੀ ਬਚਾ ਕੇ ਭਾਰਤ ਨੂੰ 41 ਸਾਲ ਮਗਰੋਂ ਤਗ਼ਮਾ ਦਿਵਾਉਣ ਵਾਲਾ ਨਾਇਕ ਸ੍ਰੀਜੇਸ਼ ਇੱਕ ਵਾਰ ਫਿਰ ਜਿੱਤ ਦਾ ਸੂਤਰਧਾਰ ਬਣਿਆ। ਸ੍ਰੀਜੇਸ਼ ਦਾ ਇਹ ਆਖ਼ਰੀ ਟੂਰਨਾਮੈਂਟ ਹੈ ਅਤੇ ਉਸ ਨੂੰ ਸੋਨ ਤਗ਼ਮੇ ਨਾਲ ਵਿਦਾਇਗੀ ਦੇਣ ਦਾ ਮਿਸ਼ਨ ਭਾਰਤੀ ਟੀਮ ਲਈ ਵੱਧ ਪ੍ਰੇਰਨਾਦਾਇਕ ਬਣਿਆ ਹੈ। ਭਾਰਤ ਨੇ ਅੱਠ ਓਲੰਪਿਕ ਸੋਨ ਤਗ਼ਮਿਆਂ ਵਿੱਚੋਂ ਆਖ਼ਰੀ 1980 ਮਾਸਕੋ ’ਚ ਜਿੱਤਿਆ ਸੀ ਤੇ ਹੁਣ ਪੈਰਿਸ ਵਿੱਚ ਟੀਮ ਕੋਲ 44 ਸਾਲ ਬਾਅਦ ਇਤਿਹਾਸ ਸਿਰਜਣ ਦਾ ਮੌਕਾ ਹੈ। ਸੈਮੀ ਫਾਈਨਲ ਜਿੱਤਣ ’ਤੇ ਭਾਰਤ ਦਾ ਚਾਂਦੀ ਦਾ ਤਗ਼ਮਾ ਪੱਕਾ ਹੋ ਜਾਵੇਗਾ, ਜੋ ਆਖ਼ਰੀ ਵਾਰ ਉਸ ਨੇ 1960 ਵਿੱਚ ਰੋਮ ’ਚ ਜਿੱਤਿਆ ਸੀ। ਮੌਜੂਦਾ ਵਿਸ਼ਵ ਚੈਂਪੀਅਨ ਅਤੇ ਚਾਰ ਵਾਰ ਦੇ ਓਲੰਪਿਕ ਚੈਂਪੀਅਨ ਜਰਮਨੀ ਅਤੇ ਭਾਰਤ ਵਿੱਚ ਜ਼ਿਆਦਾ ਫਰਕ ਨਹੀਂ ਹੈ। ਜਰਮਨੀ ਵਿਸ਼ਵ ਰੈਂਕਿੰਗ ਵਿੱਚ ਚੌਥੇ ਅਤੇ ਭਾਰਤ ਪੰਜਵੇਂ ਸਥਾਨ ’ਤੇ ਹੈ। ਕੁਆਰਟਰ ਫਾਈਨਲ ਵਿੱਚ ਅਰਜਨਟੀਨਾ ਨੂੰ ਹਰਾਉਣ ਵਾਲੇ ਜਰਮਨੀ ਦਾ ਸਾਹਮਣਾ ਭਾਰਤ ਨਾਲ ਟੋਕੀਓ ਓਲੰਪਿਕ ਦੇ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਹੋਇਆ ਸੀ, ਜਿਸ ਵਿੱਚ ਭਾਰਤ ਨੇ 5-4 ਨਾਲ ਜਿੱਤ ਦਰਜ ਕੀਤੀ ਸੀ। ਸ੍ਰੀਜੇਸ਼ ਨੇ ਆਖਰੀ ਸੈਕਿੰਡ ਵਿੱਚ ਪੈਨਲਟੀ ਕਾਰਨਰ ਬਚਾਇਆ ਸੀ। ਦੂਜੇ ਸੈਮੀ ਫਾਈਨਲ ਵਿੱਚ ਨੈਦਰਲੈਂਡਜ਼ ਦਾ ਸਾਹਮਣਾ ਸਪੇਨ ਨਾਲ ਹੋਵੇਗਾ। -ਪੀਟੀਆਈ

ਸੈਮੀ ਫਾਈਨਲ ’ਚ ਨਹੀਂ ਖੇਡ ਸਕੇਗਾ ਅਮਿਤ ਰੋਹੀਦਾਸ

ਭਾਰਤੀ ਹਾਕੀ ਟੀਮ ਦਾ ਪ੍ਰਮੁੱਖ ਡਿਫੈਂਡਰ ਅਮਿਤ ਰੋਹੀਦਾਸ ਜਰਮਨੀ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੈਚ ਵਿੱਚ ਨਹੀਂ ਖੇਡ ਸਕੇਗਾ ਕਿਉਂਕਿ ਉਸ ’ਤੇ ਲਗਾਈ ਗਈ ਇੱਕ ਮੈਚ ਦੀ ਮੁਅੱਤਲੀ ਖ਼ਿਲਾਫ਼ ਦਾਇਰ ਕੀਤੀ ਗਈ ਹਾਕੀ ਇੰਡੀਆ ਦੀ ਅਪੀਲ ਨੂੰ ਇਸ ਖੇਡ ਦੀ ਵਿਸ਼ਵ ਸੰਸਥਾ ਐੱਫਆਈਐੱਚ ਨੇ ਖਾਰਜ ਕਰ ਦਿੱਤਾ ਹੈ। ਅਮਿਤ ਨੂੰ ਬਰਤਾਨੀਆ ਖ਼ਿਲਾਫ਼ ਐਤਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ ਮੈਚ ਦੌਰਾਨ ਰੈੱਡ ਕਾਰਡ ਮਿਲਿਆ ਸੀ। ਨਿਯਮਾਂ ਮੁਤਾਬਕ ਕਿਸੇ ਮੈਚ ਵਿਚ ਰੈੱਡ ਕਾਰਡ ਹਾਸਲ ਕਰਨ ਵਾਲਾ ਖਿਡਾਰੀ ਅਗਲੇ ਮੈਚ ਤੋਂ ਮੁਅੱਤਲ ਹੋ ਜਾਂਦਾ ਹੈ। ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਭਾਰਤ ਜਰਮਨੀ ਖ਼ਿਲਾਫ਼ ਸਿਰਫ਼ 15 ਖਿਡਾਰੀਆਂ ਦੀ ਟੀਮ ਨਾਲ ਖੇਡੇਗਾ। ਅਮਿਤ ਦੀ ਗ਼ੈਰਹਾਜ਼ਰੀ ਭਾਰਤ ਨੂੰ ਪੈਨਲਟੀ ਕਾਰਨਰ ਵਿੱਚ ਵੀ ਮਹਿਸੂਸ ਹੋਵੇਗੀ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਮਗਰੋਂ ਉਹ ਭਾਰਤ ਦਾ ਡਰੈਗ ਫਲਿੱਕ ਮਾਹਿਰ ਹੈ।

Advertisement

Advertisement
Tags :
Author Image

joginder kumar

View all posts

Advertisement