For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤ ਦਾ ਬਰਤਾਨੀਆ ਨਾਲ ਕੁਆਰਟਰ ਫਾਈਨਲ ਅੱਜ

08:09 AM Aug 04, 2024 IST
ਹਾਕੀ  ਭਾਰਤ ਦਾ ਬਰਤਾਨੀਆ ਨਾਲ ਕੁਆਰਟਰ ਫਾਈਨਲ ਅੱਜ
Advertisement

ਪ੍ਰਿੰ. ਸਰਵਣ ਸਿੰਘ

ਅੱਜ ਤੋਂ ਹਾਕੀ ਦੇ ਨਾਕ ਆਊਟ ਮੁਕਾਬਲੇ ਸ਼ੁਰੂ ਹੋਣਗੇ। ਫਿਰ ਸੈਮੀ ਫਾਈਨਲ ਤੇ 8 ਅਗਸਤ ਨੂੰ ਫਾਈਨਲ ਮੁਕਾਬਲਾ ਹੋਵੇਗਾ। ਤਿੰਨੇ ਸਟੇਜਾਂ ਸੂਈ ਦੇ ਨੱਕੇ ਵਿੱਚੋਂ ਲੰਘਣ ਵਾਂਗ ਹਨ। 41 ਸਾਲਾਂ ਦੇ ਸੋਕੇ ਬਾਅਦ ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਮਸੀਂ ਕਾਂਸੀ ਦਾ ਤਗ਼ਮਾ ਮਿਲਿਆ ਸੀ। ਜਿਵੇਂ ਭਾਰਤੀ ਟੀਮ ਨੇ ਹੁਣ ਤੱਕ ਦੀ ਖੇਡ ਖੇਡੀ ਹੈ, ਖ਼ਾਸ ਕਰ ਕੇ ਜਿਵੇਂ 52 ਸਾਲ ਬਾਅਦ ਆਸਟਰੇਲੀਆ ਦੀ ਟੀਮ ਨੂੰ ਹਰਾਇਆ ਹੈ ਉਸ ਤੋਂ ਜਾਪਦਾ ਹੈ ਸਾਡੇ ਖਿਡਾਰੀ ਪਹਿਲਾਂ ਨਾਲੋਂ ਬਿਹਤਰ ਨਤੀਜੇ ਦੇ ਸਕਦੇ ਹਨ। ਹੁਣ ਤਾਂ ਕਰੋੜਾਂ ਰੁਪਏ ਦੇ ਇਨਾਮ, ਮਾਣ ਸਨਮਾਨ ਤੇ ਨੌਕਰੀਆਂ ਵਿੱਚ ਤਰੱਕੀਆਂ ਵੀ ਉਨ੍ਹਾਂ ਦੀ ਉਡੀਕ ਵਿੱਚ ਹਨ।
1928 ਤੋਂ 1980 ਤੱਕ ਭਾਰਤੀ ਹਾਕੀ ਟੀਮਾਂ ਨੇ 8 ਸੋਨ ਤਗ਼ਮੇ, 1 ਚਾਂਦੀ ਤੇ 2 ਕਾਂਸੀ ਦੇ ਤਗ਼ਮੇ ਜਿੱਤੇ ਸਨ। ਕੇਵਲ 1976 ਦੀ ਓਲੰਪਿਕ ਵਿੱਚੋਂ ਹੀ ਕੋਈ ਤਗ਼ਮਾ ਨਹੀਂ ਸੀ ਜਿੱਤਿਆ ਕਿਉਂਕਿ ਯੂਰਪ ਦੇ ਹਾਕੀ ਅਧਿਕਾਰੀ ਘਾਹ ਵਾਲੇ ਖੇਡ ਮੈਦਾਨ ਦੀ ਥਾਂ ਆਸਟਰੋ ਟਰਫ਼ ਲੈ ਆਏ ਸਨ। ਜਦੋਂ ਤੱਕ ਭਾਰਤ, ਹਾਕੀ ਦੀ ਖੇਡ ਵਿੱਚ ਦੁਨੀਆ ’ਤੇ ਲੱਤ ਫੇਰਦਾ ਰਿਹਾ ਉਦੋਂ ਤੱਕ ਭਾਰਤ ਹਾਕੀ ਨੂੰ ਆਪਣੀ ਕੌਮੀ ਖੇਡ ਮੰਨਦਾ ਰਿਹਾ। ਫਿਰ ਨਫ਼ੇ ਦੇ ਕਾਰਪੋਰੇਟੀ ਸਿਸਟਮ ਨੇ ਭਾਰਤ ਵਾਸੀਆਂ ਦਾ ਧਿਆਨ ਕ੍ਰਿਕਟ ਵੱਲ ਮੋੜ ਦਿੱਤਾ। ਕ੍ਰਿਕਟ ਵਿੱਚ ਅਰਬਾਂ ਖਰਬਾਂ ਰੁਪਏ ਆਏ। ਲੱਖਾਂ ਕਰੋੜਾਂ ਰੁਪਈਆਂ ਨਾਲ ਖਿਡਾਰੀ ਖਰੀਦੇ/ਵੇਚੇ ਜਾਣ ਲੱਗੇ। ‘ਭਾਰਤ ਰਤਨ’ ਓਲੰਪਿਕ ਖੇਡਾਂ ਵਿੱਚ ਹਾਕੀ ਦਾ ‘ਗੋਲਡਨ ਹੈਟ੍ਰਿਕ’ ਮਾਰਨ ਵਾਲੇ ਨੂੰ ਬਲਬੀਰ ਸਿੰਘ ਸੀਨੀਅਰ ਨੂੰ ਨਹੀਂ, ਕ੍ਰਿਕਟ ਦੇ ਚੌਕੇ ਛਿੱਕੇ ਮਾਰਨ ਵਾਲੇ ਨੂੰ ਮਿਲਿਆ।
ਕ੍ਰਿਕਟ ਦੇ ਹਾਵੀ ਹੋ ਜਾਣ ਨਾਲ ਭਾਰਤੀ ਹਾਕੀ ਦਾ ਅੱਧੀ ਸਦੀ ਤੋਂ ਚੜ੍ਹਿਆ ਸੂਰਜ ਐਸਾ ਅਸਤ ਹੋਇਆ ਕਿ ਲਗਾਤਾਰ ਨੌਂ ਓਲੰਪਿਕ ਖੇਡਾਂ ਵਿੱਚ ਨਾ ਤਿਰੰਗਾ ਲਹਿਰਾਇਆ ਜਾ ਸਕਿਆ ਤੇ ਨਾ ਜਨ ਗਨ ਮਨ ਗੂੰਜ ਸਕਿਆ। 41 ਸਾਲ ਭਾਰਤੀ ਹਾਕੀ ਟੀਮ ਕਿਸੇ ਵੀ ਤਗ਼ਮੇ ਲਈ ਵਿਕਟਰੀ ਸਟੈਂਡ ’ਤੇ ਚੜ੍ਹਨ ਜੋਗੀ ਨਾ ਹੋਈ। ਇੱਥੋਂ ਤੱਕ ਕਿ ਫਾਡੀ ਵੀ ਰਹਿੰਦੀ ਰਹੀ ਤੇ ਪੇਈਚਿੰਗ-2008 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਕੁਆਲੀਫਾਈ ਵੀ ਨਾ ਕਰ ਸਕੀ। 41 ਸਾਲ ਨਾ ਸਿਰਫ਼ ਓਲੰਪਿਕ ਖੇਡਾਂ ਬਲਕਿ ਵਰਲਡ ਹਾਕੀ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ-ਮੰਚ ’ਤੇ ਵੀ ਨਾ ਚੜ੍ਹ ਸਕੀ। ਅੱਧੀ ਸਦੀ ਹਾਕੀ ਦੀਆਂ ਸ਼ਾਨਦਾਰ ਜਿੱਤਾਂ ਤੇ ਅੱਧੀ ਸਦੀ ਦੇ ਨੇੜ ਦੀਆਂ ਨਮੋਸ਼ੀ ਭਰੀਆਂ ਹਾਰਾਂ ਪਿੱਛੋਂ ਟੋਕੀਓ ਵਿਖੇ ਹਾਕੀ ਦੇ ਵਿਕਟਰੀ ਸਟੈਂਡ ’ਤੇ ਚੜ੍ਹਨ ਨਾਲ ਹਾਕੀ ਮੁੜ ਕੌਮੀ ਖੇਡ ਮੰਨੀ ਜਾਣ ਦੇ ਰਾਹ ਪਈ ਹੈ।
1908 ਵਿੱਚ ਲੰਡਨ ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਪਹਿਲੀ ਵਾਰ ਖੇਡੀ ਗਈ ਸੀ ਜਿਸ ਦਾ ਗੋਲਡ ਮੈਡਲ ਬਰਤਾਨੀਆ ਦੀ ਟੀਮ ਨੇ ਜਿੱਤਿਆ ਸੀ। 1920 ਵਿੱਚ ਐਂਟਵਰਪ ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਬਰਤਾਨੀਆਂ ਫਿਰ ਜੇਤੂ ਰਿਹਾ। ਤਦ ਤੱੱਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿੱਚ ਵੀ ਪੁਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿੱਚ ਹਾਕੀ ਦੇ ਮੈਚ ਹੋਣ ਲੱਗ ਪਏ ਸਨ। ਭਾਰਤ ਵਿੱਚ ਹਾਕੀ ਵਰਗੀ ਦੇਸੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ। ਜਲੰਧਰ ਛਾਉਣੀ ਲਾਗਲੇ ਨਿੱਕੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤੀ ਹਾਕੀ ਟੀਮਾਂ ਨੂੰ 15 ਓਲੰਪੀਅਨ ਦਿੱਤੇ। ਓਲੰਪਿਕ ਖੇਡਾਂ ਦੇ ਸੋਨ ਤਗ਼ਮੇ ਇੰਡੀਆ ਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਜਦੋਂ ਮੁਲਕ ਅੰਗਰੇਜ਼ਾਂ ਦਾ ਗ਼ੁਲਾਮ ਸੀ। ਉਸ ਵਿੱਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ ਜਦ ਕਿ ਬਰਤਾਨੀਆ ਆਪਣੇ ਨਾਂ ’ਤੇ ਟੀਮ ਨਹੀਂ ਸੀ ਭੇਜਦਾ ਕਿ ਉਨ੍ਹਾਂ ਨੂੰ ਗ਼ੁਲਾਮ ਇੰਡੀਆ ਕਿਤੇ ਹਰਾ ਨਾ ਦੇਵੇ। ਭਾਰਤ ਆਜ਼ਾਦ ਹੋਇਆ ਤਾਂ ਐਂਗਲੋ ਇੰਡੀਅਨ ਵਾਪਸ ਚਲੇ ਗਏ ਤੇ ਪੰਜਾਬ ਦਾ ਹਾਕੀ ਖੇਡਣ ਵਾਲਾ ਕਾਫੀ ਸਾਰਾ ਇਲਾਕਾ ਪਾਕਿਸਤਾਨ ’ਚ ਚਲਾ ਗਿਆ ਪਰ ਭਾਰਤ ਫਿਰ ਵੀ ਜਿੱਤਦਾ ਰਿਹਾ। ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਇੰਡੀਆ ਹੀ ਹੁੰਦਾ ਸੀ ਪਰ ਪਿਛਲੇ ਕਾਫੀ ਸਾਲਾਂ ਤੋਂ ਨਾ ਪਾਕਿਸਤਾਨ ਜਿੱਤ ਰਿਹਾ ਹੈ ਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿੱਚ ਬਹੁਤ ਪਿੱਛੇ ਸਨ। ਜਿਵੇਂ ਪੇਈਚਿੰਗ ਓਲੰਪਿਕ-2008 ਖੇਡਣ ਲਈ ਭਾਰਤੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ ਉਵੇਂ ਟੋਕੀਓ ਓਲੰਪਿਕ ਤੇ ਪੈਰਿਸ ਓਲੰਪਿਕ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਵੀ ਕੁਆਲੀਫਾਈ ਨਹੀਂ ਕਰ ਸਕੀ।
ਪੈਰਿਸ ਵਿਖੇ ਨਾਕ ਆਊਟ ਸਟੇਜ ’ਤੇ ਬੈਲਜੀਅਮ, ਜਰਮਨੀ, ਭਾਰਤ, ਆਸਟਰੇਲੀਆ, ਨੈਦਰਲੈਂਡਜ਼ ਤੇ ਬਰਤਾਨੀਆ ਦੀਆਂ ਟੀਮਾਂ ਵਿਕਟਰੀ ਸਟੈਂਡ ’ਤੇ ਚੜ੍ਹਨ ਦੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਨਿਤਾਰਾ 8 ਅਗਸਤ ਤੱਕ ਹੋ ਜਾਵੇਗਾ। ਸਾਡੀਆਂ ਸ਼ੁਭ ਦੁਆਵਾਂ ਭਾਰਤੀ ਹਾਕੀ ਟੀਮ ਨਾਲ ਹਨ।

Advertisement

Advertisement
Author Image

sukhwinder singh

View all posts

Advertisement
Advertisement
×