ਹਾਕੀ: ਕੋਰੀਆ ਨੂੰ 3-1 ਨਾਲ ਹਰਾ ਕੇ ਭਾਰਤ ਦੀ ਲਗਾਤਾਰ ਚੌਥੀ ਜਿੱਤ
ਹੁਲੁਨਬੂਈਰ (ਚੀਨ), 12 ਸਤੰਬਰ
ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਅੱਜ ਕੋਰੀਆ ਨੂੰ 3-1 ਨਾਲ ਹਰਾ ਕੇ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤ ਨੇ ਚੀਨ ਨੂੰ 3-0, ਜਾਪਾਨ ਤੋਂ 5-0 ਅਤੇ ਮਲੇਸ਼ੀਆ ਨੂੰ 8-1 ਨਾਲ ਹਰਾਇਆ ਸੀ। ਸੈਮੀਫਾਈਨਲ ’ਚ ਜਗ੍ਹਾ ਬਣਾ ਚੁੱਕੀ ਭਾਰਤੀ ਟੀਮ ਹੁਣ ਸ਼ਨਿਚਰਵਾਰ ਨੂੰ ਆਖਰੀ ਲੀਗ ਮੈਚ ’ਚ ਪਾਕਿਸਤਾਨ ਨਾਲ ਭਿੜੇਗੀ। ਛੇ ਟੀਮਾਂ ਵਾਲੇ ਟੂਰਨਾਮੈਂਟ ਵਿੱਚ ਸਿਖਰਲੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।
ਭਾਰਤ ਨੇ ਅੱਜ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖੀ ਅਤੇ ਪਹਿਲੇ ਕੁਆਰਟਰ ਵਿੱਚ ਦੋ ਗੋਲਾਂ ਦੀ ਲੀਡ ਲੈ ਲਈ। ਮਲੇਸ਼ੀਆ ਖ਼ਿਲਾਫ਼ ਦੋ ਗੋਲ ਕਰਨ ਵਾਲੇ ਅਰਿਜੀਤ ਸਿੰਘ ਹੁੰਦਲ ਨੇ ਅੱਠਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਦੁਨੀਆ ਦੇ ਸਭ ਤੋਂ ਵਧੀਆ ਡਰੈਗ ਫਲਿੱਕਰਾਂ ’ਚੋਂ ਇੱਕ ਹਰਮਨਪ੍ਰੀਤ ਨੇ ਨੌਵੇਂ ਅਤੇ 43ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ’ਤੇ ਗੋਲ ਕੀਤੇ। ਕੋਰੀਆ ਲਈ ਇਕੋ-ਇਕ ਗੋਲ ਜਿਹੂਨ ਯਾਂਗ ਨੇ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ।
ਭਾਰਤ ਨੇ ਇਕ ਵਾਰ ਫਿਰ ਹਮਲਾਵਰ ਸ਼ੁਰੂਆਤ ਕੀਤੀ ਅਤੇ ਸੁਖਜੀਤ ਸਿੰਘ ਦੇ ਪਾਸ ’ਤੇ ਅਰਿਜੀਤ ਨੇ ਪਹਿਲਾ ਗੋਲ ਕਰ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਹੀ ਮਲੇਸ਼ੀਆ ਖ਼ਿਲਾਫ਼ ਹੈਟ੍ਰਿਕ ਬਣਾਉਣ ਵਾਲੇ ਰਾਜਕੁਮਾਰ ਪਾਲ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ, ਜਿਸ ’ਤੇ ਹਰਮਨਪ੍ਰੀਤ ਨੇ ਗੋਲ ਕੀਤਾ। ਭਾਰਤ ਦੇ ਰਿਜ਼ਰਵ ਗੋਲਕੀਪਰ ਸੂਰਜ ਕਰਕੇਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੂਜੇ ਕੁਆਰਟਰ ’ਚ ਕੋਰੀਆ ਨੇ ਭਾਰਤੀ ਗੋਲ ’ਤੇ ਕਈ ਹਮਲੇ ਕੀਤੇ ਅਤੇ ਆਖਰੀ ਮਿੰਟ ’ਚ ਯਾਂਗ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਕੋਰੀਆ ਨੂੰ 35ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਤਿਆਰ ਸੀ। ਭਾਰਤ ਨੂੰ ਦੋ ਮਿੰਟ ਬਾਅਦ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਉਹ ਗੋਲ ਨਹੀਂ ਕਰ ਸਕਿਆ। ਹਰਮਨਪ੍ਰੀਤ ਨੇ 43ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਦੀ ਲੀਡ 3-1 ਕਰ ਦਿੱਤੀ ਜੋ ਫੈਸਲਾਕੁਨ ਸਾਬਤ ਹੋਈ। -ਪੀਟੀਆਈ