ਹਾਕੀ: ਸੈਮੀਫਾਈਨਲ ਵਿੱਚ ਅੱਜ ਭਾਰਤ ਦੀ ਟੱਕਰ ਕੋਰੀਆ ਨਾਲ
ਹੁਲੁਨਬੂਈਰ (ਚੀਨ): ਸ਼ਾਨਦਾਰ ਲੈਅ ’ਚ ਚੱਲ ਰਹੀ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਸੋਮਵਾਰ ਨੂੰ ਇੱਥੇ ਹੋਣ ਵਾਲੇ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਕੋਰੀਆ ਖ਼ਿਲਾਫ਼ ਮਜ਼ਬੂਤ ਦਾਅਵੇਦਾਰ ਹੋਵੇਗੀ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ। ਪੈਰਿਸ ਵਿੱਚ ਮੈਦਾਨੀ ਗੋਲ ਕਰਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਸੀ ਪਰ ਇੱਥੇ ਸੁਖਜੀਤ ਸਿੰਘ, ਅਭਿਸ਼ੇਕ, ਉੱਤਮ ਸਿੰਘ, ਗੁਰਜੋਤ ਸਿੰਘ, ਅਰਿਜੀਤ ਸਿੰਘ ਹੁੰਦਲ ਅਤੇ ਹੋਰਾਂ ਨੇ ਉਮੀਦਾਂ ਨਾਲੋਂ ਵੱਧ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਮਿਡਫੀਲਡਰ ਰਾਜ ਕੁਮਾਰ ਪਾਲ ਨੇ ਵੀ ਕੁਝ ਚੰਗੇ ਮੈਦਾਨੀ ਗੋਲ ਕੀਤੇ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ, ਉਪ ਕਪਤਾਨ ਵਿਵੇਕ ਸਾਗਰ ਪ੍ਰਸਾਦ ਤੇ ਨੀਲਕਾਂਤ ਸ਼ਰਮਾ ਨੇ ਮਿਡਫੀਲਡ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤੀ ਡਿਫੈਂਸ ਵੀ ਮਜ਼ਬੂਤ ਰਿਹਾ ਹੈ। ਇਸ ਦੇ ਨਾਲ ਹੀ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਤੇ ਸੂਰਜ ਕਰਕੇਰਾ ਨੇ ਪੀਆਰ ਸ੍ਰੀਜੇਸ਼ ਮਗਰੋਂ ਪੈਦਾ ਹੋਇਆ ਖਲਾਅ ਮਹਿਸੂਸ ਨਹੀਂ ਹੋਣ ਦਿੱਤਾ। -ਪੀਟੀਆਈ