ਹਾਕੀ: ਭਾਰਤ ਨੂੰ ਸੈਮੀ ਫਾਈਨਲ ’ਚ ਜਰਮਨੀ ਤੋਂ ਹਾਰ
ਪੈਰਿਸ, 6 ਅਗਸਤ
ਭਾਰਤੀ ਪੁਰਸ਼ ਹਾਕੀ ਟੀਮ ਅੱਜ ਪੈਰਿਸ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਜਰਮਨੀ ਤੋਂ 2-3 ਨਾਲ ਹਾਰ ਗਈ। ਭਾਰਤੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ 8 ਅਗਸਤ ਨੂੰ ਸਪੇਨ ਖ਼ਿਲਾਫ਼ ਖੇਡੇਗੀ ਜਦੋਂਕਿ ਖ਼ਿਤਾਬੀ ਮੁਕਾਬਲਾ ਜਰਮਨੀ ਤੇ ਨੈਦਰਲੈਂਡਜ਼ ਵਿਚਾਲੇ ਖੇਡਿਆ ਜਾਵੇਗਾ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂਕਿ ਜਰਮਨੀ ਦੇ ਪੀ ਗੁੰਜ਼ਾਲੋ ਨੇ 18ਵੇਂ, ਆਰ ਕ੍ਰਿਸਟੋਫਰ ਨੇੇ 27ਵੇਂ ਅਤੇ ਐੱਮ. ਮਾਰਕੋ ਨੇ 54ਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਤੋਂ ਪਹਿਲਾਂ ਨੈਦਰਲੈਂਡਜ਼ ਸੈਮੀ ਫਾਈਨਲ ਵਿੱਚ ਸਪੇਨ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ।
ਭਾਰਤੀ ਟੀਮ ਤੋਂ ਓਲੰਪਿਕ ਵਿੱਚ 44 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਸੀ। ਹਾਲਾਂਕਿ, ਅੱਜ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਹਮਲਾਵਰ ਖੇਡ ਦੀ ਸ਼ੁਰੂਆਤ ਕਰਦਿਆਂ ਭਾਰਤ ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਬਣਾਇਆ ਜਿਸ ਨੂੰ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਦਿੱਤਾ। ਭਾਰਤੀ ਟੀਮ ਪਹਿਲੇ ਕੁਆਰਟਰ ਵਿੱਚ ਮਿਲੀ ਲੀਡ ਨੂੰ ਬਰਕਰਾਰ ਨਹੀਂ ਰੱਖ ਸਕੀ। ਟੀਮ ਦੀ ਫਾਰਵਰਡ ਲਾਈਨ ਦਬਾਅ ਵਿੱਚ ਨਜ਼ਰ ਆਈ, ਜਦੋਂਕਿ ਮਿੱਡਫੀਲਡ ਵਿੱਚ ਵੀ ਕਈ ਗ਼ਲਤੀਆਂ ਹੋਈਆਂ। ਭਾਰਤ ਨੂੰ ਪੈਨਲਟੀ ਕਾਰਨਰ ਦੌਰਾਨ ਆਪਣੇ ਡਿਫੈਂਡਰ ਤੇ ਫਸਟ ਰਸ਼ਰ ਅਮਿਤ ਰੋਹੀਦਾਸ ਦੀ ਘਾਟ ਰੜਕਦੀ ਰਹੀ ਜੋ ਰੈੱਡ ਕਾਰਡ ਕਰ ਕੇ ਅੱਜ ਦਾ ਮੈਚ ਨਹੀਂ ਖੇਡ ਸਕਿਆ। ਭਾਰਤ ਨੂੰ ਕੁੱਲ ਮਿਲਾ ਕੇ 12 ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਵਿੱਚੋਂ ਦੋ ਨੂੰ ਹੀ ਗੋਲ ਵਿੱਚ ਬਦਲ ਸਕੀ। ਮੈਚ ਦੇ ਆਖ਼ਰੀ ਪਲਾਂ ਵਿੱਚ ਗੋਲਕੀਪਰ ਸ੍ਰੀਜੇਸ਼ ਮੈਦਾਨ ਵਿੱਚੋਂ ਬਾਹਰ ਚਲਾ ਗਿਆ ਤਾਂ ਕਿ ਇੱਕ ਹੋਰ ਹਮਲਾਵਰ ਖਿਡਾਰੀ ਮੈਦਾਨ ਵਿੱਚ ਉਤਰ ਸਕੇ। ਉਸ ਦੀ ਥਾਂ ਸਮਸ਼ੇਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ, ਪਰ ਭਾਰਤੀ ਟੀਮ ਕੋਈ ਕ੍ਰਿਸ਼ਮਾ ਕਰਨ ਵਿੱਚ ਨਾਕਾਮ ਰਹੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸ੍ਰੀਜੇਸ਼ ਦੀ ਗ਼ੈਰਮੌਜੂਦਗੀ ਵਿੱਚ ਟੀਮ ਨੇ ਜਰਮਨੀ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਨਾਕਾਮ ਕੀਤਾ। -ਪੀਟੀਆਈ